ਨਿਰਾਲੇ ਚਮਤਕਾਰ

Humbly request you to share with all you know on the planet!

ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੀ ਮਰਯਾਦਾ ਦੀਆਂ ਕੁਝ ਪ੍ਰਮੁੱਖ ਵਿਸ਼ੇਸ਼ਤਾਵਾਂ ਜੋ ਦੂਸਰਿਆਂ ਤੋਂ ਭਿੰਨ ਹਨ; ਬ੍ਰਹਿਮੰਡ ਵਿੱਚ ਸਤਯੁਗ, ਤ੍ਰੇਤਾ, ਦੁਆਪਰ ਅਤੇ ਕਲਿਜੁਗ ਵਿੱਚ ਸਥਾਪਤ ਸੰਸਕ੍ਰਿਤੀਆਂ ਤੋਂ ਵਿਸ਼ੇਸ਼ ਹਨ।

ਮਹਾਨ ਬਾਬਾ ਜੀ ਨੇ ਆਪਣੇ ਪਵਿੱਤਰ ਅਸਥਾਨ ਤੇ ਮਾਇਆ ਨੂੰ ਕਿਸੇ ਵੀ ਰੂਪ ਵਿੱਚ ਪ੍ਰਵੇਸ਼ ਨਹੀਂ ਕਰਨ ਦਿੱਤਾ। ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਸਥਾਨ ਸੰਸਾਰ ਭਰ ਵਿੱਚ ਇਕ ਪਹਿਲਾ ਵਿਸ਼ੇਸ਼ ਨਿਰਾਲਾ ਅਸਥਾਨ ਸੀ ਜਿੱਥੇ ਕਿ ਪੈਸੇ ਦਾ ਚੜ੍ਹਾਵਾ ਪੂਰੀ ਤਰ੍ਹਾਂ ਬੰਦ ਅਤੇ ਮਨ੍ਹਾਂ ਸੀ। ਬਾਬਾ ਜੀ ਦੇ ਆਪਣੇ ਪਾਸ ਧਨ ਰੱਖਣ ਦੀ ਗੱਲ ਤਾਂ ਬਹੁਤ ਦੂਰ ਸੀ, ਉਨ੍ਹਾਂ ਨੇ ਤਾਂ ਇਸ ਉੱਤੇ ਭਾਵੇਂ ਉਹ ਨੋਟ, ਸਿਕੇ, ਜਾਂ ਕਿਸੇ ਵੀ ਹੋਰ ਰੂਪ ਵਿੱਚ ਸੀ, ਆਪਣੀ ਦ੍ਰਿਸ਼ਟੀ ਵੀ ਨਹੀਂ ਪਾਈ ਸੀ ਅਤੇ ਨਾ ਹੀ ਉਨ੍ਹਾਂ ਨੇ 'ਬਿਹੰਗਮਾਂ' (ਸੇਵਾਦਾਰਾਂ, ਕੀਰਤਨੀਆਂ ਅਤੇ ਪਾਠੀਆਂ) ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰ ਰਹੇ ਸਨ, ਨੂੰ ਇਹ ਸਭ ਰੱਖਣ ਅਤੇ ਵਰਤਣ ਦੀ ਆਗਿਆ ਦਿੱਤੀ।

ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਸਥਾਨ ਤੇ ਔਰਤ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਸੀ ਤੇ ਨਾ ਹੀ ਉਹ ਉੱਥੇ ਠਹਿਰ ਸਕਦੀ ਸੀ। ਉਹ ਆਪਣੇ ਪਤੀ ਜਾਂ ਪਰਿਵਾਰ ਦੇ ਕਿਸੇ ਬਜ਼ੁਰਗ ਨਾਲ ਹੀ ਸੰਗਤ ਵਿੱਚ ਹਾਜ਼ਰ ਹੋ ਸਕਦੀ ਸੀ ਅਤੇ ਫਿਰ ਇਕ ਦਮ ਉਸ ਨੂੰ ਵਾਪਸ ਪਰਤਣਾ ਪੈਂਦਾ ਸੀ। ਇਸ ਤਰਾਂ੍ਹ ਉਨ੍ਹਾਂ ਦਾ ਪਵਿੱਤਰ ਅਸਥਾਨ ਕਾਮਨੀ ਅਤੇ ਕੰਚਨ ਦੀ ਹਾਜ਼ਰੀ ਤੋਂ ਪੂਰਨ ਰੂਪ ਵਿੱਚ ਮੁਕਤ ਸੀ। ਬਾਬਾ ਜੀ ਨੇ ਕਦੇ ਵੀ ਕਿਸੇ ਇਕੱਲੀ ਔਰਤ ਨਾਲ ਗੱਲ ਨਹੀਂ ਸੀ ਕੀਤੀ।

ਬਾਬਾ ਜੀ ਦੇ ਇਸ ਪਵਿੱਤਰ ਅਸਥਾਨ ਤੇ ਕਦੇ ਵੀ ਭੋਜਨ ਨਹੀਂ ਪੱਕਿਆ ਸੀ ਅਤੇ ਖਾਣ ਵਾਲੇ ਪਦਾਰਥਾਂ ਨੂੰ ਇਕੱਤਰ ਕਰਨ ਦੀ ਕਦੇ ਵੀ ਲੋੜ ਨਹੀਂ ਸੀ ਪਈ। ਐਸੀਆਂ ਵਸਤੂਆਂ ਨੂੰ ਇਕੱਠੀਆਂ ਕਰਨ ਜਾਂ ਲਿਆਉਣ ਲਈ ਕਦੀ ਵੀ ਕੋਈ ਆਦੇਸ਼ ਨਹੀਂ ਸੀ ਦਿੱਤਾ ਗਿਆ ਅਤੇ ਨਾ ਹੀ ਕਿਸੇ ਵਿਅਕਤੀ ਨੂੰ ਕਦੇ ਕਿਹਾ ਗਿਆ ਸੀ ਨਾ ਹੀ ਕਦੇ ਅਜਿਹੇ ਪ੍ਰਬੰਧ ਕੀਤੇ ਗਏ ਸਨ

ਕਦੀ ਐਸਾ ਸਮਾਂ ਵੀ ਆਉਂਦਾ ਸੀ ਜਦ ਕੁਝ ਦਿਨਾਂ ਲਈ ਭੋਜਨ ਨਹੀਂ ਸੀ ਆਉਂਦਾ। ਅਜਿਹੇ ਅਚਨਚੇਤ ਆਏ ਸਮੇਂ ਵਿੱਚ ਬਿਹੰਗਮਾਂ (ਸੇਵਾਦਾਰਾਂ) ਨੂੰ ਦਰਖ਼ਤਾਂ ਦੇ ਪੱਤੇ ਆਦਿ ਖਾ ਕੇ ਨਿਰਬਾਹ ਕਰਨਾ ਪੈਂਦਾ ਸੀ ਪੰ੍ਰਤੂ ਕੋਈ ਵੀ ਭੋਜਨ ਮੰਗਣ ਨਹੀਂ ਗਿਆ।

ਸਾਚਾ ਨਾਮੁ ਮੇਰਾ ਆਧਾਰੋ ॥
ਸਾਚੁ ਨਾਮੁ ਅਧਾਰੁ ਮੇਰਾ
ਜਿਨਿ ਭੁਖਾ ਸਭਿ ਗਵਾਈਆ ॥

ਭੋਜਨ ਜੀਵਨ ਦਾ ਆਸਰਾ ਹੈ। ਮਨੁੱਖ ਭੋਜਨ ਤੋਂ ਬਿਨਾਂ ਨਹੀਂ ਰਹਿ ਸਕਦਾ। ਉਹ ਭੋਜਨ ਦੇ ਸਹਾਰੇ ਰਹਿੰਦਾ ਹੈ, ਇਹ ਉਸ ਦੇ ਜੀਵਨ ਦਾ ਆਸਰਾ ਅਤੇ ਅਧਾਰ ਹੈ। ਸ੍ਰੀ ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ ਕਿ ਸੱਚਾ 'ਨਾਮ' ਹੀ ਮੇਰਾ ਸੱਚਾ ਆਸਰਾ ਹੈ ਅਤੇ ਕੇਵਲ ਇਕ ਮਾਤਰ ਹੀ ਆਸਰਾ ਤੇ ਅਧਾਰ ਹੈ। ਇਸ ਰੂਹਾਨੀ ਸੱਚੇ ਨਾਮ ਨੇ ਮੇਰੀਆਂ ਸਾਰੀਆਂ ਤ੍ਰਿਸ਼ਨਾਵਾਂ ਨੂੰ ਤ੍ਰਿਪਤ ਕੀਤਾ ਹੈ ਅਤੇ ਇਹੀ ਮੇਰਾ ਸਹਾਰਾ ਬਣ ਗਿਆ ਹੈ। ਸਿਰਫ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਹੀ ਇਸ ਸੱਚ ਨੂੰ ਸਾਬਤ ਕੀਤਾ ਹੈ ਅਤੇ ਉਹ ਵੀ ਇਸ ਕਲਿਜੁਗ ਦੇ ਅੰਧਕਾਰ ਯੁਗ ਦੇ ਵਿੱਚ ਕਿ ਨਿਰਸੰਦੇਹ ਕੇਵਲ ਤੇ ਕੇਵਲ ਇਕ 'ਨਾਮ' ਦੇ ਸਹਾਰੇ ਹੀ ਕੋਈ ਵੀ ਸੰਸਥਾ ਸਥਿਰ ਰੂਪ ਵਿੱਚ ਬਣੀ ਰਹਿ ਸਕਦੀ ਹੈ।

ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦਾ ਪਵਿੱਤਰ ਨਿਵਾਸ ਅਸਥਾਨ ਹੀ ਸਿਰੋ ਐਸਾ ਅਸਥਾਨ ਸੀ ਜੋ “ਨਾਮ” ਕੇਵਲ ਨਾਮ ਤੇ ਹੀ ਆਸ਼ਰਿਤ ਅਤੇ ਨਿਰਭਰ ਸੀ।

ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਵਾਰ ਇਹ ਸਾਖੀ ਸੁਣਾਈ : ਇਕ ਵਾਰ ਗੁਰੂ ਨਾਨਕ ਪਾਤਸ਼ਾਹ ਬਾਹਰ ਨੂੰ ਚਲ ਪਏ ਅਤੇ ਬੜੀ ਸੰਗਤ ਨਾਲ ਚਲ ਪਈ। ਫਿਰ ਸੱਚੇ ਪਾਤਸ਼ਾਹ ਨੇ ਖੇਡ ਵਰਤਾਉਣੇ ਸ਼ੁਰੂ ਕੀਤੇ : ਨੇਮਤਾਂ ਤੇ ਦਾਤਾਂ ਦੀ ਵਰਖਾ ਹੀ ਸ਼ੁਰੂ ਕਰ ਦਿੱਤੀ। ਇਕ ਜਗ੍ਹਾ ਤੇ ਠਹਿਰ ਗਏ ਤੇ ਫੁਰਮਾਇਆ ਕਿ ਆਲੇ ਦੁਆਲੇ ਦੇਖੋ ਕੋਈ ਕੀਮਤੀ ਧਾਤ ਪਈ ਹੈ ਅਤੇ ਇਹ ਬੜੇ ਕੰਮ ਆਉਣ ਵਾਲੀ ਚੀਜ਼ ਹੈ। ਇਹ ਤੁਸੀਂ ਲੈ ਜਾਉ ਅਤੇ ਘਰਾਂ ਨੂੰ ਵਾਪਸ ਚਲੇ ਜਾਉ। ਕਈ ਜਣਿਆਂ ਨੇ ਹੱਥ ਜੋੜ ਕੇ ਸੀਸ ਨਿਵਾਕੇ ਜਿੰਨੀ ਚੁੱਕ ਸਕਦੇ ਸੀ ਚੁੱਕੀ ਅਤੇ ਘਰਾਂ ਨੂੰ ਮੁੜ ਗਏ, ਸੱਚੇ ਪਾਤਸ਼ਾਹ ਅਗੇ ਤੁਰ ਪਏ। ਕੁਝ ਫਾਸਲੇ ਬਾਅਦ ਦੇਖਿਆ ਤਾਂ ਕੁਝ ਆਦਮੀ ਪਿੱਛੇ ਆ ਰਹੇ ਸਨ। ਇਕ ਜਗ੍ਹਾ ਤੇ ਫਿਰ ਫੁਰਮਾਇਆ ਕਿ ਦੇਖੋ ਇਹ ਤਾਂ ਚਾਂਦੀ ਦੇ ਢੇਰ ਪਏ ਲਗਦੇ ਹਨ, ਜਿੰਨੀ ਚੁੱਕ ਸਕਦੇ ਹੋ ਚੁਕ ਲਉ ਤੇ ਪਰਤ ਜਾਉ। ਬਹੁਤ ਜਣੇ ਚਾਂਦੀ ਚੁੱਕ ਵਾਪਸ ਘਰਾਂ ਨੂੰ ਪਰਤ ਗਏ। ਅੱਗੇ ਤੁਰਦੇ ਜਾਂਦਿਆਂ ਨੇ ਫਿਰ ਪਰਤ ਕੇ ਦੇਖਿਆ ਤਾਂ ਫਿਰ ਵੀ ਕੁਝ ਜਣੇ ਨਾਲ ਹੀ ਤੁਰੇ ਆ ਰਹੇ ਸਨ। ਫਿਰ ਸੱਚੇ ਪਾਤਸ਼ਾਹ ਨੇ ਸੋਨੇ ਦੀ ਦਾਤ ਬਖਸ਼ੀ ਤੇ ਕਈ ਜਣੇ ਸੋਨਾ ਲੈ ਕੇ ਵਾਪਸ ਘਰਾਂ ਨੂੰ ਮੁੜ ਗਏ। ਇਸ ਤਰ੍ਹਾਂ ਦਾਤਾਂ ਲੁਟਾਉਂਦੇ ਹੋਏ ਦਾਤਾਰ ਪਿਤਾ ਬਹੁਤ ਅੱਗੇ ਨਿਕਲ ਗਏ। ਫਿਰ ਪਰਤ ਕੇ ਪਿੱਛੇ ਦੇਖਿਆ ਤਾਂ ਇਕੱਲੇ ਲਹਿਣਾ ਜੀ ਹੀ ਨਾਲ ਪਿੱਛੇ ਪਿੱਛੇ ਤੁਰੇ ਆ ਰਹੇ ਹਨ।

ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ “ਲਹਿਣਾ ਜੀ ਅਸੀਂ ਇੰਨੀਆਂ ਦਾਤਾਂ ਲੁਟਾਈਆਂ ਹਨ ਤੁਸੀਂ ਸਾਰੀਆਂ ਦਾਤਾ ਛੱਡ ਕੇ ਫਿਰ ਸਾਡੇ ਪਿੱਛੇ ਤੁਰੇ ਆ ਰਹੇ ਹੋ। ਕੀ ਸਾਡੀਆਂ ਉਹ ਦਾਤਾਂ ਤੁਹਾਨੂੰ ਚੰਗੀਆਂ ਨਹੀਂ ਲੱਗੀਆਂ ?” ਭਾਈ ਲਹਿਣਾ ਜੀ ਬੋਲੇ, “ਸੱਚੇ ਪਾਤਸ਼ਾਹ ਦਾਤਾਂ ਲੁਟਾਉਣ ਵਾਲਾ ਦਾਤਾ ਜੁ ਮੇਰੇ ਕੋਲ ਹੈ, ਫਿਰ ਮੈਨੂੰ ਕਿਸ ਗੱਲ ਦਾ ਘਾਟਾ ਰਹਿ ਗਿਆ।”

ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਸਾਰਾ ਜੀਵਨ ਹੀ ਦਾਤਾਰ ਪਿਤਾ ਤੇ ਨਿਰਭਰ ਸੀ। ਉਨ੍ਹਾਂ ਨੇ ਦਾਤਾਂ ਵੱਲ ਧਿਆਨ ਹੀ ਨਹੀਂ ਦਿੱਤਾ। ਉਨ੍ਹਾਂ ਦੀ ਸਾਰੀ ਉੱਚੀ ਤੇ ਸੁੱਚੀ ਮਰਯਾਦਾ ਸਿਰਫ ਦਾਤੇ ਤੇ ਖੜ੍ਹੀ ਸੀ। ਨਾਮ ਦੇ ਆਸਰੇ ਤੇ ਖੜ੍ਹੀ ਸੀ, ਕਿਸੇ ਹੋਰ ਆਸਰੇ ਤੇ ਨਹੀਂ ਖੜ੍ਹੀ ਸੀ।

ਪੈਸੇ ਨੂੰ ਕਦੀ ਹੱਥ ਨਹੀਂ ਲਾਇਆ। ਕਿਉਂ ? ਆਪ ਹੀ ਇਕ ਵਾਰ ਫੁਰਮਾਇਆ ਕਿ ਪੈਸੇ ਨੂੰ ਕੋਲ ਰੱਖਣਾ ਇਕ ੋਕੀਰ ਵਾਸਤੇ ਦਾਤਾਰ ਪਿਤਾ ਦੇ ਭਰੋਸੇ ਦੇ ਵਿੱਚ ਭਾਰੀ ਘਾਟ ਹੈ। ਇਹ ਉਸ ਦੇ ਸਿਦਕ ਵਿੱਚ ਇਕ ਭਾਰੀ ਕਮੀ ਹੈ। ਇਹ ਸੱਚੇ ਆਸ਼ਕ ਦੇ ਪ੍ਰੇਮ ਵਿੱਚ ਇਕ ਬੜੀ ਭਾਰੀ ਮਿਲਾਵਟ ਹੈ।

ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਬਿਨਾਂ ਕਿਸੇ ਸ਼ੱਕ ਦੇ ਸਾਬਤ ਕਰ ਦਿਖਾਇਆ ਹੈ ਕਿ ਕੇਵਲ ਨਾਮ ਹੀ ਸਭ ਤੋਂ ਉੱਤਮ ਸਹਾਰਾ ਹੈ ਅਤੇ ਨਾਮ ਦੇ ਇਸ ਸਰਬਉਚ ਸਹਾਰੇ ਨਾਲ ਸਭ ਤਰ੍ਹਾਂ ਦੀਆਂ ਇਛਾਵਾਂ ਦੀ ਸਮਾਪਤੀ ਹੋ ਜਾਂਦੀ ਹੈ।

“ਨਾਮ ਦੇ ਜਹਾਜ਼” ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੂਰਨ ਰੂਪ ਵਿੱਚ ਭਰੋਸਾ ਅਤੇ ਵਿਸ਼ਵਾਸ ਹੋਣ ਦੀ ਇਹੀ ਅਲੌਕਿਕ ਸ਼ਾਨ ਹੈ।

ਮਹਾਨ ਬਾਬਾ ਜੀ ਫੁਰਮਾਇਆ ਕਰਦੇ ਸਨ ਅਤੇ ਇਸ ਗੱਲ ਤੇ ਜ਼ੋਰ ਦਿੰਦੇ ਸਨ ਕਿ ਇਕ ਸੱਚਾ ਸਿੱਖ, ਸੱਚੇ ਦਾਤਾਰ ਨੂੰ ਛੱਡ ਕੇ ਦਾਤਾਂ ਦੇ ਪਿੱਛੇ ਨਹੀਂ ਭਜਦਾ।

ਜਿੱਥੇ ਕਲਿਜੁਗ ਦੇ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਲੀਸ਼ਾਨ ਦਰਬਾਰ ਪੂਰੇ ਜੋਬਨ ਤੇ ਹੋਵੇ ਅਤੇ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਨਿਰੰਤਰ ਵਹਿ ਰਿਹਾ ਹੋਵੇ ਉੱਥੇ ਮਾਇਆ ਦੇ ਪ੍ਰਤੀ ਕਿਸੇ ਵੀ ਪ੍ਰਕਾਰ ਦੀ ਭਟਕਣਾ ਪਰਮਾਤਮਾ ਦੇ ਸੱਚੇ ਪ੍ਰੇਮ ਸਬੰਧਾਂ ਵਿੱਚ ਅੜਚਨ ਪਾਉਂਦੀ ਹੈ। ਦਾਤਾਰ ਤੋਂ ਦਾਤ ਦੀ ਪ੍ਰਾਪਤੀ ਵੱਲ ਦਿਮਾਗ ਦੀ ਸੋਚ ਆਤਮਿਕ-ਹੱਤਿਆ ਕਰਨ ਦੇ ਬਰਾਬਰ ਹੈ।

ਅਧਿਆਤਮਕ ਇਤਿਹਾਸ ਤੇ ਨਜ਼ਰ ਮਾਰਦੇ ਹੋਏ ਮੈਨੂੰ ਕਿਸੇ ਵੀ ਯੁਗ ਵਿੱਚ ਅਜਿਹੇ ਇਕ ਵੀ ਅਸਥਾਨ ਦੀ ਉਦਾਹਰਣ ਨਹੀਂ ਮਿਲੀ ਜਿੱਥੇ ਕਿ ਸਾਧ, ਸਨਿਆਸੀ ਭੋਜਨ ਜਾਂ ਭੋਜਨ ਪਦਾਰਥ ਲੋਕਾਂ ਜਾਂ ਉਨ੍ਹਾਂ ਦੇ ਘਰਾਂ ਤੋਂ ਇਕੱਠੇ ਕਰਨ ਜਾਂ ਮੰਗਣ ਨਾ ਗਏ ਹੋਣ। ਹੈਰਾਨੀ ਦੀ ਗੱਲ ਇਹ ਹੈ ਕਿ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਕਲਿਜੁਗ ਵਿੱਚ ਵੀ ਇਕ ਐਸਾ ਪਵਿੱਤਰ ਅਸਥਾਨ ਸਥਾਪਤ ਕੀਤਾ ਜੋ ਮਾਇਆ ਦੇ ਸਾਰੇ ਰੂਪਾਂ ਤੋਂ ਨਿਰਲੇਪ ਸੀ।

ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਪਵਿੱਤਰ ਨਿਵਾਸ ਅਸਥਾਨ ਪ੍ਰਕ੍ਰਿਤੀ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਬਹੁਤ ਪਰ੍ਹੇ ਸੀ। ਸਮੁਚੇ ਸੰਸਾਰ ਵਿੱਚ ਹੋਰ ਕੋਈ ਵੀ ਐਸਾ ਅਸਥਾਨ ਨਹੀਂ ਹੈ ਜਿਸ ਵਿੱਚ ਪਰਮਾਤਮਾ ਵਿੱਚ ਪੂਰਨ ਆਸਥਾ ਅਤੇ ਵਿਸ਼ਵਾਸ ਪ੍ਰਗਟਾਇਆ ਗਿਆ ਹੋਵੇ।

ਪਰਮਾਤਮਾ ਦੇ ਪ੍ਰੇਮ ਭਾਵ ਦਰਸਾਉਣ ਸਮੇਂ ਕਿਸੇ ਵੀ ਪ੍ਰਕਾਰ ਦੀ ਮਨ ਦੀ ਭਟਕਣਾ ਕਿਸੇ ਵੀ ਪਦਾਰਥ ਨੂੰ ਪਾਉਣ ਦੀ ਲੋਚਾ ਦਾ ਖ਼ਿਆਲ ਆਉਣਾ, ਪਰਮਾਤਮਾ ਤੇ ਪੂਰਨ ਵਿਸ਼ਵਾਸ ਅਤੇ ਭਰੋਸੇ ਵਿੱਚ ਕਮੀ ਦਾ ਪ੍ਰਤੀਕ ਹੈ।

ਮਾਤ-ਭੂਮੀ ਦੀ ਸਤਹ ਤੇ ਸੱਚ-ਖੰਡ ਦੀ ਸਥਾਪਨਾ ਦਾ ਮਾਣ, ਵਿਸ਼ੇਸ਼ ਕਰਕੇ ਕਲਿਜੁਗ ਦੇ ਇਸ ਪਦਾਰਥਕ ਅੰਨ੍ਹੇ ਯੁਗ ਵਿੱਚ ਮਹਾਨ ਬਾਬਾ ਨੰਦ ਸਿੰਘ ਜੀ ਮਹਾਰਾਜ ਨੂੰ ਹੀ ਪ੍ਰਾਪਤ ਹੈ ਜਿਨ੍ਹਾਂ ਨੇ ਸੱਚ-ਖੰਡ ਦੀ ਸਥਾਪਨਾ ਪੂਰਨ ਪਵਿੱਤਰਤਾ ਅਤੇ ਸ਼ਾਨ ਵਿੱਚ ਕੀਤੀ ਹੈ ਜੋ ਸੰਸਾਰਕ ਪਦਾਰਥਾਂ ਦੀਆਂ ਅਸ਼ੁੱਧੀਆਂ ਤੋਂ ਮੁਕਤ ਹੈ।

ਮੇਰੇ ਸਤਿਕਾਰਯੋਗ ਪਿਤਾ ਜੀ, ਬਾਬਾ ਨਰਿੰਦਰ ਸਿੰਘ ਜੀ ਜਦੋਂ ਰੂਹਾਨੀ ਪ੍ਰਸੰਨਤਾ ਵਿੱਚ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਸ਼ਾਨ ਦੀ ਮਹਿਮਾਂ ਦਾ ਗੁਣਗਾਨ ਕਰਦੇ ਹੋਏ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਸਨ ਤਾਂ ਉਚੀ ਸੁਰ ਵਿੱਚ ਪੁਕਾਰਦੇ ਸਨ :
ਬਾਬਾ ਨੰਦ ਸਿੰਘ ਜੀ ਮਹਾਰਾਜ ਤੂੰ ਕਮਾਲ ਹੀ ਕਮਾਲ ਹੈਂ।
ਉਸੇ ਸਮੇਂ ਬੀਬੀ ਭੋਲਾਂ ਰਾਣੀ ਹਰਮੋਨੀਅਮ ਉਠਾ ਕੇ ਕੀਰਤਨ ਦੀ ਮਿੱਠੀ ਧੁਨੀਂ ਛੇੜ ਦਿੰਦੀ ਸੀ ਅਤੇ ਸਾਰੀ ਹਾਜ਼ਰ ਸੰਗਤ ਜ਼ੋਰ ਜ਼ੋਰ ਨਾਲ ਗਾਉਦੀ ਸੀ :
ਬਾਬਾ ਨੰਦ ਸਿੰਘ ਜੀ ਮਹਾਰਾਜ ਤੂੰ ਕਮਾਲ ਹੀ ਕਮਾਲ ਹੈਂ।

ਕਿਸੇ ਵੀ ਪ੍ਰਕਾਰ ਦਾ ਪ੍ਰਚਾਰ ਜਿਵੇਂ ਕਿ ਚਿੱਠੀ ਜਾਂ ਸੱਦਾ ਪੱਤਰ ਕਿਸੇ ਨੂੰ ਵੀ ਨਹੀਂ ਭੇਜੇ ਜਾਂਦੇ ਸਨ। ਪਵਿੱਤਰ ਦਰਬਾਰ ਦੂਰ ਦੁਰੇਡੀਆਂ ਥਾਵਾਂ ਤੇ ਲਗਾਇਆ ਜਾਂਦਾ ਸੀ ਜੋ ਕਿ ਕਸਬਿਆਂ ਤੋਂ ਦੂਰ ਰੇਲ ਜਾਂ ਸੜਕ ਨਾਲ ਨਾ ਜੁੜਿਆ ਹੋਵੇ। ਪ੍ਰੰਤੂ ਫਿਰ ਵੀ ਲੱਖਾਂ ਦੀ ਸੰਖਿਆ ਵਿੱਚ ਸ਼ਰਧਾਲੂ ਸ਼ਹਿਦ ਦੀਆਂ ਮੱਖੀਆਂ ਦੇ ਝੁੰਡਾਂ ਦੀ ਤਰ੍ਹਾਂ, ਚਾਤ੍ਰਿਕ ਪੰਛੀਆਂ ਦੀ ਤਰ੍ਹਾਂ, ਭੰਵਰਿਆਂ ਦੀ ਤਰ੍ਹਾਂ, ਪ੍ਰਭੂ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਸ਼ਹਿਦ ਰੂਪੀ ਅੰਮ੍ਰਿਤ ਦਾ ਪਾਨ ਕਰਨ ਲਈ ਆ ਬਿਰਾਜਦੇ ਸਨ ਅਤੇ ਇਸ ਅਲੌਕਿਕ ਦਰਬਾਰ ਵਿੱਚ ਜੋ ਮਾਤ-ਭੂਮੀ ਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਬਣਾਇਆ ਸੀ, ਦੇ ਸਵਾਂਤੀ ਬੂੰਦ ਦੇ ਅੰਮ੍ਰਿਤ ਵਿੱਚ ਆਪਣੇ ਆਪ ਨੂੰ ਡੁਬੋਂ ਲੈਂਦੇ ਸਨ।

ਸਮੁੱਚੇ ਵਿਸ਼ਵ ਵਿੱਚ ਇਹੀ ਇਕ ਪਵਿੱਤਰ ਦਰਬਾਰ ਸੀ, ਜਿੱਥੇ ਪਰਮਾਤਮਾ ਦੇ ਰੂਹਾਨੀ ਰੂਪ ਦੀ ਜੈ ਜੈਕਾਰ ਕਰਨ ਤੋਂ ਇਲਾਵਾ ਕੋਈ ਹੋਰ ਦੁਨਿਆਵੀ ਜਾ ਮਾਇਅਕ ਰੰਗ ਪ੍ਰਵੇਸ਼ ਨਹੀਂ ਕਰ ਸਕਦਾ ਸੀ। ਕਿਸੇ ਨੂੰ ਕੋਈ ਸਿਰੋਪਾ ਭੇਟ ਕਰਕੇ ਸਨਮਾਨਤ ਨਹੀਂ ਕੀਤਾ ਜਾਂਦਾ ਸੀ ਚਾਹੇ ਉਹ ਕਿੰਨਾਂ ਵੀ ਮਹਾਨ ਕਿਉਂ ਨਾ ਹੋਵੇ। ਇੱਥੇ ਨਾ ਹੀ ਕਿਸੇ ਦੇ ਨਾਮ ਦੀ ਕੋਈ ਅਰਦਾਸ ਕੀਤੀ ਜਾਂਦੀ ਸੀ ਅਤੇ ਨਾ ਹੀ ਕਿਸੇ ਦੀ ਪ੍ਰਸ਼ੰਸਾ ਕੀਤੀ ਜਾਂਦੀ ਸੀ।

ਮੇਰੇ ਪਰਮ ਪਿਆਰੇ ਬਾਬਾ ਨੰਦ ਸਿੰਘ ਜੀ ਮਹਾਰਾਜ ਜੋ ਸੰਸਾਰਕ ਖਾਹਿਸ਼ਾਂ ਤੋਂ ਮੁਕਤ ਅਤੇ ਨਿਰਲੇਪ ਹਨ, ਜੋ ਸਭ ਤੋਂ ਮਹਾਨ ਸਰਬ-ਸ੍ਰੇਸ਼ਟ ਹਨ, ਸਭ ਤੋਂ ਪਵਿੱਤਰ ਹਨ, ਦੀ ਸਦਾ ਹੀ ਜੈ ਜੈ ਕਾਰ ਹੈ।

ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਕੋਈ ਵੀ ਸਾਨੀ ਨਹੀਂ ਹੈ।

ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਉਸਤਤੀ ਪ੍ਰਗਟਾਉਂਦੀ ਇਹ ਧੁਨੀਂ ਕਿੰਨੀ ਸੱਚੀ ਅਤੇ ਸੰਤੁਸ਼ਟੀਜਨਕ ਹੈ :

ਬਾਬਾ ਨੰਦ ਸਿੰਘ ਜੀ ਮਹਾਰਾਜ ਤੂੰ ਕਮਾਲ ਹੀ ਕਮਾਲ ਹੈਂ।
ਤਾਨੀ ਕਲਿਜੁਗ ਦੇ ਇਸ ਤੀਬਰ ਵੇਗ ਵਿੱਚ ਕੋਈ ਵਿਰਲਾ ਰੱਬ ਦਾ ਪਿਆਰਾ ਹੀ ਪਰਮਾਤਮਾ ਦੇ ਨਾਮ ਦੀ ਜੋਤ ਨੂੰ ਜਗਾਏਗਾ ਅਤੇ ਜਗਦੀ ਰਖੇਗਾ।
ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਅਸਥਾਨ ਤੇ ਨਾਮ ਦੀ ਜੋਤ ਦਾ ਹੀ ਦੀਵਾ ਜਗਦਾ ਸੀ। ਨਾਮ ਦੀ ਜੋਤ ਦੇ ਪ੍ਰਕਾਸ਼ ਵਿੱਚ ਭਲਾ ਮਾਇਆ ਅਤੇ ਅੰਧਕਾਰ ਦਾ ਕੀ ਕੰਮ ? ਜਿੱਥੇ ਸੂਰਜ ਦਾ ਪ੍ਰਕਾਸ਼ ਹੋਵੇ ਉੱਥੇ ਹਨੇਰਾ ਕਿਸ ਤਰ੍ਹਾਂ ਠਹਿਰ ਸਕਦਾ ਹੈ। ਸਾਧ ਸੰਗਤ ਜੀ ਜਿੱਥੇ ਨਾਮ ਪ੍ਰਗਟ ਹੋ ਜਾਏ ਉੱਥੇ ਮਾਇਆ ਟਿਕ ਹੀ ਨਹੀਂ ਸਕਦੀ। ਜਿਸ ਆਸਰੇ ਤੇ ਸਭ ਕੁਝ ਖੜਾ ਹੈ :
ਨਾਮ ਕੇ ਧਾਰੇ ਸਗਲੇ ਜੰਤ ॥
ਨਾਮ ਕੇ ਧਾਰੇ ਖੰਡ ਬ੍ਰਹਮੰਡ ॥

ਉਸ ਆਸਰੇ ਨੂੰ ਭੁੱਲ ਕੇ ਹੀ ਤਾਂ ਸਾਰੀ ਦੁਨੀਆਂ ਭਟਕ ਰਹੀ ਹੈ। ਉਹ ਹੈ 'ਨਾਮ' ਦਾ ਆਸਰਾ। ਬਾਕੀ ਇਸ ਕਲਿਜੁਗ ਦੇ ਵਿੱਚ ਤਾਂ ਜਿੰਨੇ ਕਲਿਜੁਗ ਦੇ ਸਾਧਨ ਹਨ, ਉਹ ਅੱਗ ਰੂਪੀ ਹਨ।

ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥

ਇਸ ਕਲਿਜੁਗ ਨੇ ਤਾਂ ਵੱਡੇ ਵੱਡੇ ਸਾਧਾਂ ਸੰਤਾਂ, ਪੀਰਾਂ, ਫਕੀਰਾਂ ਦੀ ਬੁੱਧੀ ਨੂੰ ਭ੍ਰਿਸ਼ਟ ਕਰ ਦਿੱਤਾ ਹੈ। ਜਿੱਥੇ ਨਾਮ ਦਾ ਆਸਰਾ ਪ੍ਰਗਟ ਹੋ ਗਿਆ ਹੋਵੇ ਉੱਥੇ ਮਾਇਆ ਦਾ ਹਨੇਰਾ ਤਾਂ ਦਿਖਾਈ ਹੀ ਨਹੀਂ ਦਿੰਦਾ, ਮਾਇਆ ਤਾਂ ਉੱਥੇ ਲੇਸਮਾਤਰ ਵੀ ਨਹੀਂ ਰਹਿ ਸਕਦੀ।

ਇਸ ਨਾਮ ਦੀ ਜੋਤ ਦੇ ਆਸਰੇ, ਜਿਸ ਉਪਰ ਸਾਰੇ ਜਣੇ ਖੜ੍ਹੇ ਹਨ, ਤਕ ਪਹੁੰਚਣਾ ਹੀ ਸਭ ਤੋਂ ਕਠਿਨ ਹੈ। ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਸ ਨਾਮ ਦੀ ਜੋਤ ਨੂੰ ਐਸਾ ਪ੍ਰਗਟ ਕੀਤਾ ਕਿ ਸਾਰੀ ਦੁਨੀਆਂ ਦੀਆਂ ਅੱਖਾਂ ਨੂੰ ਚੁੰਧਿਆ ਦਿੱਤਾ ਤੇ ਉਸ ਨਾਮ ਦੇ ਆਸਰੇ (ਨਾਮ ਕੇ ਜਹਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਨਾਲ ਜੋੜ ਦਿੱਤਾ। ਇਹ ਸੀ ਉਸ ਨਾਮ ਦੇ ਆਸਰੇ ਦੀ ਜੋਤ ਦੇ ਪ੍ਰਕਾਸ਼ ਦਾ ਚਮਤਕਾਰ।

ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਅਸਥਾਨ ਤੇ ਉਨ੍ਹਾਂ ਦੇ ਨਾਮ ਦੀ ਤਪੱਸਿਆ ਅਤੇ ਘਾਲਣਾ ਦਾ ਸੂਰਜ ਇਸ ਤਰ੍ਹਾਂ ਚਮਕ ਰਿਹਾ ਸੀ ਜਿਸ ਤਰ੍ਹਾਂ ਸ਼ੀਸ਼ੇ ਦੀ ਬੱਤੀ ਦਾ ਪ੍ਰਕਾਸ਼ ਸ਼ੀਸ਼ੇ ਨੂੰ ਫੇਹ ਕੇ ਸ਼ੀਸ਼ੇ ਵਿੱਚੋਂ ਬਾਹਰ ਆ ਜਾਂਦਾ ਹੈ। ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਨਾਮ ਦੀ ਕਮਾਈ, ਨਾਮ ਦੀ ਪ੍ਰਾਪਤੀ ਦਾ ਪ੍ਰਕਾਸ਼ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਰੋਮ ਰੋਮ ਤੋਂ ਡੁਲ੍ਹ ਡੁਲ੍ਹ ਕੇ ਚਾਰੋਂ ਪਾਸੇ ਫੈਲ ਰਿਹਾ ਸੀ। ਇਸ ਨਾਮ ਦੀ ਜੋਤ ਦੇ ਪ੍ਰਕਾਸ਼ ਦੀ ਮੌਜੂਦਗੀ ਵਿੱਚ ਮਾਇਆ ਜਾਂ ਦਾਤਾਂ ਦਾ ਜ਼ਿਕਰ ਵੀ ਇਕ ਬਹੁਤ ਤੁੱਛ ਤੇ ਘਟੀਆ ਜਿਹੀ ਸੋਚ ਲਗਦੀ ਹੈ।

ਜਿੱਥੇ ਇਹ ਪ੍ਰਕਾਸ਼ ਜਗਮਗਾ ਰਿਹਾ ਹੋਵੇ ਉੱਥੇ ਮਾਇਆ ਦੀ ਮੌਜੂਦਗੀ ਜਾਂ ਪਸਾਰਾ ਅਸੰਭਵ ਹੈ। ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਇਲਾਹੀ ਨਾਮ ਦਾ ਪ੍ਰਕਾਸ਼ ਆਪਣੇ ਆਪ ਤੋਂ ਹੀ ਸੁਤੇ ਪ੍ਰਕਾਸ਼ ਹੈ। ਇਸ ਪ੍ਰਕਾਸ਼ ਦੀ ਕਿਸੇ ਦੁਨਿਆਵੀ ਚੀਜ਼ ਨਾਲ ਤੁਲਨਾ ਕਰਨਾ ਉਸ ਨਿਰੰਕਾਰ ਦੇ ਨਾਮ ਦੀ ਬੇਅਦਬੀ ਅਤੇ ਗ਼ੁਸਤਾਖ਼ੀ ਹੈ। ਨਾਮ ਦੇ ਆਸਰੇ ਤੇ ਜੀਅ ਜੰਤ ਖੜ੍ਹੇ ਹਨ, ਖੰਡ ਤੇ ਬ੍ਰਹਿਮੰਡ ਖੜ੍ਹੇ ਹਨ, ਪੁਰੀਆਂ ਤੇ ਭਵਨ ਖੜ੍ਹੇ ਹਨ, ਨਾਮ ਇਨ੍ਹਾਂ ਚੀਜ਼ਾਂ ਦੇ ਆਸਰੇ ਤੇ ਨਹੀਂ ਖੜ੍ਹਾ। ਜੇ ਖੰਡ ਬ੍ਰਹਿਮੰਡ ਨਾਮ ਦੇ, ਆਸਰੇ ਤੇ ਖੜ੍ਹੇ ਹਨ ਤੇ ਨਾਮ ਖੰਡਾਂ, ਬ੍ਰਹਿਮੰਡਾਂ ਦੇ ਆਸਰੇ ਤੇ ਨਹੀਂ ਖੜ੍ਹਾ ਤਾਂ ਕੀ ਨਾਮ ਲੰਗਰਾਂ ਦੇ ਆਸਰੇ ਤੇ ਖੜ੍ਹਾ ਹੈ ? ਡੇਰਿਆਂ ਦੇ ਆਸਰੇ ਤੇ ਖੜ੍ਹਾ ਹੈ ? ਬਿਲਡਿੰਗਾਂ ਤੇ ਹਸਪਤਾਲਾਂ ਦੇ ਆਸਰੇ ਤੇ ਖੜ੍ਹਾ ਹੈ ? ਨਾਮ ਇਨ੍ਹਾਂ ਦੇ ਆਸਰੇ ਤੇ ਨਹੀਂ ਖੜ੍ਹਾ। ਜਿਸ ਤਰ੍ਹਾਂ ਕਰਮ ਕਰਤੇ ਦੇ ਉੱਪਰ ਨੱਚਦਾ ਨਹੀਂ, ਤੁੱਛ ਦਾਤਾਂ ਵੀ ਦਾਤਾਰ ਦੇ ਉਪਰ ਨਹੀਂ ਨੱਚ ਸਕਦੀਆਂ।

ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਨਿਰੋਲ ਤਪੱਸਿਆ, ਨਿਰੋਲ ਮਰਯਾਦਾ ਤੇ ਪਾਵਨ ਨਾਮ ਦੀ ਜੋਤ ਇਨ੍ਹਾਂ ਸਭ ਮਿਲਾਵਟਾਂ ਤੋਂ ਅਜ਼ਾਦ ਤੇ ਮੁਕਤ ਹੈ ਤੇ ਇਹ ਝੂਠੇ ਆਸਰਿਆਂ ਤੇ ਨਹੀਂ ਖੜ੍ਹੀ।

ਗੁਰੂ ਨਾਨਕ ਦਾਤਾ ਬਖਸ਼ ਲੈ॥
ਬਾਬਾ ਨਾਨਕ ਬਖਸ਼ ਲੈ॥