ਰੂਹਾਨੀ ਗਿਆਨ (continued)

Humbly request you to share with all you know on the planet!

... Continued From

ਆਪਣੀ ਗ਼ਲਤੀ ਦਾ ਅਹਿਸਾਸ ਕਰਦਿਆਂ ਉਸ ਨੇ ਹੱਥ ਜੋੜ ਕੇ ਬੇਨਤੀ ਕੀਤੀ:
“ਸੱਚੇ ਪਾਤਸ਼ਾਹ ਜੇ ਇਹ ਸਰੀਰ ਵੀ ਮੇਰਾ ਨਹੀ, ਇਹ ਰਾਜ ਅਤੇ ਹੋਰ ਧਨ-ਦੌਲਤ ਵੀ ਮੇਰੀ ਨਹੀਂ, ਇਹ ਮਨ ਵੀ ਮੇਰਾ ਨਹੀਂ ਤਾਂ ਮੈਂ ਆਪਦੇ ਚਰਨ-ਕਮਲਾਂ ਵਿੱਚ ਕੀ ਭੇਟ ਕਰਾਂ?”
ਮੁੱਕਤੀ ਦੇ ਦਾਤੇ ਤੇ ਦਇਆ ਦੇ ਸਾਗਰ ਗੁਰੂ ਜੀ ਨੇ ਰਾਜੇ ਵੱਲ ਤੱਕਿਆ ਅਤੇ ਕਿਹਾ:
“ਇਹ ਆਪਣੀ “ਮੈਂ” ਭੇਟਾ ਕਰ ਦੇ।”

ਗੁਰੂ ਜੀ ਦੀ ਮਿਹਰ ਦਾ ਪਾਤਰ ਰਾਜਾ “ਇਕ ਉੱਤਮ ਅਧਿਕਾਰੀ” ਸੀ ਇਕ ਦਮ ਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ, ਉਸ ਨੂੰ ਆਪਣੀ ਸੁੱਧ ਬੁੱਧ ਹੀ ਨਾ ਰਹੀ, ਉਸ ਦੇ ਅੰਦਰ ਰੂਹਾਨੀ ਪ੍ਰਕਾਸ਼ ਹੋ ਗਿਆ।

ਕੁਝ ਦੇਰ ਬਾਅਦ ਗੁਰੂ ਜੀ ਨੇ ਉਸ ਨੂੰ ਉਠਾਇਆ ਅਤੇ ਕਿਹਾ: “ਜਾਓ ਜਾ ਕੇ ਰਾਜ ਕਰੋ।”

ਰਾਜੇ ਨੂੰ ਹੁਣ ਲੋਕ-ਪ੍ਰਲੋਕ ਦਾ ਗਿਆਨ ਹੋ ਗਿਆ ਸੀ। ਉਸ ਨੇ ਉਹ ਰਾਜ-ਸੰਭਾਲਣ ਤੋਂ ਵੀ ਅਸਮਰਥਾ ਜ਼ਾਹਰ ਕੀਤੀ ਜੋ ਅਸਲ ਵਿੱਚ ਉਸ ਦਾ ਆਪਣਾ ਨਹੀ ਸੀ, ਉਸਨੇ ਬਹੁਤ ਅਧੀਨਗੀ ਨਾਲ ਰਾਜ ਨਾ ਸੰਭਾਲਣ ਦੀ ਬੇਨਤੀ ਕੀਤੀ।
“ਹੇ ਅਗਿਆਨਤਾ ਅਤੇ ਅੰਧਕਾਰ ਨੂੰ ਦੂਰ ਕਰਨ ਵਾਲੇ ਪ੍ਰਕਾਸ਼ ਦੀ ਪਰਮ ਜੋਤ ! ਗੁਰੂ ਜੀ, “ਮੈਂ ਹੁਣ ਰਾਜ ਨਹੀਂ ਕਰ ਸਕਦਾ, ਹੇ ਪ੍ਰਕਾਸ਼ ਦੇ ਮਾਲਕ ਹੋਰ ਵਧੇਰੇ ਆਤਮ ਪ੍ਰਕਾਸ਼ ਦੀ ਦਾਤ ਬਖਸ਼ੋ ਜੀ।”
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਰੱਬੀ ਉਪਦੇਸ਼ ਅਤੇ ਨਾਮ ਮਹਾਂਰਸ ਦੀ ਹੋਰ ਵਰਖਾ ਹੋਈ।

“ਪਹਿਲਾਂ ਤੂੰ “ਮੇਰਾ ਰਾਜ, ਮੇਰਾ ਮਹੱਲ, ਮੇਰੀ ਫ਼ੌਜ, ਮੇਰੇ ਖ਼ਜਾਨੇ ਦੀ ਭਾਵਨਾ ਨਾਲ ਰਾਜ ਕਰਦਾ ਸੀ। ਹੁਣ ਤੂੰ ਆਪਣੀ “ਮੈਂ” ਨੂੰ ਅਰਪਨ ਕਰ ਚੁੱਕਾ ਹੈ, “ਮੈਂ ਮੇਰੀ” ਦੇ ਬੰਧਨ ਕੱਟੇ ਗਏ ਹਨ, ਹੁਣ ਕੋਈ ਚੀਜ਼ ਤੇਰੀ ਆਪਣੀ ਨਹੀਂ ਹੈ, ਹੁਣ ਗੁਰੂ ਅਤੇ ਰੱਬ ਦੀ ਅਮਾਨਤ ਸਮਝ ਕੇ ਰਾਜ ਕਰੋ। ਸਭ ਕੁਝ ਉਸ ਮਾਲਕ ਪ੍ਰਭੂ ਦਾ ਹੈ, ਪ੍ਰਭੂ ਦੀ ਪਵਿੱਤਰ ਭਾਵਨਾ ਨਾਲ ਰਾਜ ਭਾਗ ਦੀ ਦੇਖ ਭਾਲ ਕਰੋ। “ਮੈਂ - ਮੇਰੀ” ਕੇਵਲ ਆਤਮਕ ਤਰੱਕੀ ਵਿੱਚ ਰੁਕਾਵਟ ਪਾਉਂਦੀ ਹੈ।

ਇਸ ਝੂਠੀ “ਮੈਂ” - ਹਉਂਮੈ ਨਾਲ ਜੁੜੇ ਸਾਰੇ ਸੰਸਾਰੀ ਰਿਸ਼ਤੇ ਬੰਧਨਕਾਰੀ ਹਨ, ਹੁਣ ਤੁਸੀਂ ਇਸ “ਮੈਂ - ਮੇਰੀ” ਤੋਂ ਮੁੱਕਤ ਹੋ ਗਏ ਹੋ।”

ਆਪਣੇ ਸੁਭਾਅ ਕੀ ਸਰਲਤਾ ਅਨੁਸਾਰ ਗੁਰੂ ਨਾਨਕ ਪਾਤਸ਼ਾਹ ਨੇ ਰਾਜੇ ਨੂੰ ਸੰਸਾਰਕ ਕਾਰ-ਵਿਹਾਰ ਕਰਦਿਆਂ ਨਿਰਲੇਪ ਰਹਿਣ, ਸੰਸਾਰ ਵਿੱਚ ਨਿਰਮੋਹ ਰਹਿਣ ਅਤੇ ਸਾਰੇ ਸੰਸਾਰਕ ਬੰਧਨਾਂ ਤੋਂ ਨਿਰਲੇਪ ਰਹਿਣ ਬਾਰੇ ਉਪਦੇਸ਼ ਦਿੱਤਾ। ਗੁਰੂ ਜੀ ਦੀ ਸ਼ਰਨ ਵਿੱਚ “ਮੈ” ਨਾਲ ਪੈਦਾ ਹੋਣ ਵਾਲੇ ਸਾਰੇ ਝਗੜੇ-ਝੇੜੇ ਖ਼ਤਮ ਹੋ ਜਾਂਦੇ ਹਨ। ਮਨੁੱਖ ਨੂੰ ਆਪਣਾ ਜੀਵਨ-ਮਾਰਗ ਇਸ ਤੋਂ ਰਹਿਤ-ਸਾਵਾਂ, ਪੱਧਰਾ ਅਤੇ ਸਰਲ ਲੱਗਣ ਲਗ ਪੈਂਦਾ ਹੈ। ਮਨੁੱਖ ਉਸ ਪਰਵਰਦਿਗਾਰ ਦਾ ਹੋ ਜਾਂਦਾ ਹੈ। ਆਤਮਕ ਤੌਰ ਤੇ ਜਾਗ੍ਰਤ ਵਿਅਕਤੀ ਦਾ ਜੀਵਨ ਸੁੱਖਦਾਇਕ ਹੁੰਦਾ ਹੈ।

ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ॥
ਧਰਮਰਾਜ ਉਨ੍ਹਾਂ ਜੀਵਾਂ ਦਾ ਸਾਰਾ ਹਿਸਾਬ-ਕਿਤਾਬ ਫਾੜ ਦਿੰਦਾ ਹੈ ਜਿਹੜੇ ਗੁਰੂ ਪਰਮੇਸ਼ਰ ਤੇ ਸਭ ਕੁਝ ਛੱਡ ਦਿੰਦੇ ਹਨ।
ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ॥
ਧਰਮਰਾਜ ਹੁਣ ਕੀ ਕਰ ਸਕਦਾ ਹੈ। (ਸਤਿ ਪੁਰਖਾਂ ਦੀ ਸੇਵਾ ਅਤੇ ਪਵਿੱਤਰ ਸੰਗਤ ਵਿੱਚ ਆਉਂਣ ਕਰਕੇ) ਮੇਰਾ ਸਾਰਾ ਲੇਖਾ ਹੀ ਫਾੜ ਦਿੱਤਾ ਗਿਆ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਇਸ ਭਿਆਨਕ ਕਲਯੁਗ ਵਿੱਚ ਮੈਂ - ਮੇਰੀ ਦੇ ਸਭ ਤੋਂ ਵੱਡੇ ਵੈਦ, ਡਾਕਟਰ ਬਣ ਕੇ ਆਏ ਹਨ।

ਰਾਜੇ ਨੂੰ ਇਸ “ਮੈਂ” ਤੋਂ ਛੁਟਕਾਰਾ ਕਰਾਉਂਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਦੇ ਸਾਰੇ ਬੰਧਨ ਕੱਟ ਦਿੱਤੇ ਜਿਨ੍ਹਾਂ ਨਾਲ ਮਨੁੱਖ ਆਵਾਗੌਣ ਦੇ ਚੱਕਰ ਵਿੱਚ ਪੈਂਦਾ ਹੈ।

ਸਾਡੇ ਢਹਿਣ ਵਿੱਚ ਦੇਰੀ ਹੈ, ਗੁਰੂ ਨਾਨਕ ਦੇ ਬਖਸ਼ਣ ਵਿੱਚ ਕੋਈ ਦੇਰੀ ਨਹੀਂ। ਇਹ ਕੰਮ ਸਕਿੰਟਾਂ ਦਾ ਹੈ।

ਜਦੋਂ ਅਸੀਂ ਆਪਣੀ ਹਉਂਮੈ ਤਿਆਗ ਕੇ ਸਤਿਗੁਰੂ ਜੀ ਦੀ ਪਵਿੱਤਰ ਸਰਨ ਵਿੱਚ ਜਾਂਦੇ ਹਾਂ ਤਾ ਧਰਮਰਾਜ ਦੁਆਰਾ ਲਿਖਿਆ ਸਾਡਾ ਲੇਖਾ ਪਾੜ ਦਿੱਤਾ ਜਾਂਦਾ ਹੈ। ਸਾਡੇ ਪੂਰਬਲੇ ਪਾਪਾਂ ਦੀ ਮੈਲ ਲਹਿ ਜਾਂਦੀ ਹੈ। ਸਤਿਗੁਰਾਂ ਦੀ ਮਿਹਰ ਨਾਲ ਸਾਡੀ ਅੰਤਰ-ਆਤਮਾ ਵਿੱਚ ਪ੍ਰਕਾਸ਼ ਹੋ ਜਾਂਦਾ ਹੈ। ਅਸੀ ਨਵੇਂ ਨਰੋਏ ਬਣ ਜਾਂਦੇ ਹਾਂ, ਨਵੇਂ ਜੀਵਨ ਦਾ ਆਰੰਭ ਹੁੰਦਾ ਹੈ। ਗੁਰੂ ਰੂਪੀ ਮਹਾਨ ਜੋਤ ਪ੍ਰਕਾਸ਼ ਵੱਲ ਮੁੱਖ ਰੱਖਣ ਨਾਲ ਪਿਛਲੇ ਜਨਮਾਂ ਦਾ ਹਨੇਰਾ ਆਪ ਦੀ ਹੋਂਦ ਪਰਛਾਵੇਂ ਵਾਂਗ ਅਲੋਪ ਹੋ ਜਾਂਦਾ ਹੈ।

ਗੁਰੂ ਜੀ ਦੀ ਮਿਹਰ ਦੇ ਪਾਤਰ ਬਣੇ ਰਾਜੇ ਨੂੰ ਨਾਮ, ਰੂਪ, ਦੌਲਤ “ਮੈਂ” ਦੇ ਝੂੱਠੇ ਰੂਪ ਅਤੇ ਆਪਣੇ ਆਪ ਦੀ ਹੋਂਦ ਬਾਰੇ ਗਿਆਨ ਹੋ ਗਿਆ।

ਹਉਮੈ ਬੂਝੈ ਤਾ ਦਰੁ ਸੂਝੈ॥
ਸਵੈ -ਪੜਚੋਲ ਅਤੇ ਨਿਰੀਖਣ ਦੀ ਅਨੁਭਵੀ ਕ੍ਰਿਆ ਨਾਲ ਇਸ ਡਰਾਉਣੀ “ਮੈਂ” ਦੀ ਮਕਾਨਕੀ ਨੂੰ ਸਮਝਣਾ ਚਾਹੀਦਾ ਹੈ ਅਤੇ ਦੁਬਿਧਾ ਦੀ ਜਿੱਲਣ੍ਹ ਨੂੰ ਪਾਰ ਕਰਕੇ ਰੱਬ ਦੇ ਘਰ ਵਿੱਚ ਸਹਿਜ ਪਰਵੇਸ਼ ਕਰਨਾ ਚਾਹੀਦਾ ਹੈ।

ਸਾਰੇ ਕਰਮਾਂ ਦੇ ਕਰਤਾ “ਮੈਂ” ਦਾ ਸਤਿਗੁਰੂ ਦੇ ਪਵਿੱਤਰ ਚਰਨਾ ਵਿੱਚ ਤਿਆਗ ਕਰਨ ਨਾਲ ਇਸਦੀ ਹੋਂਦ ਖ਼ਤਮ ਹੋ ਜਾਂਦੀ ਹੈ। ਫਿਰ ਇਹ ਬੰਧਨਕਾਰੀ ਨਹੀਂ ਰਹਿੰਦੀ। ਜੀਵ “ਮੈਂ” ਤੋਂ ਮੁਕਤ ਹੋ ਜਾਂਦਾ ਹੈ। ਇਹ “ਮੈਂ” ਹੀ ਹੈ ਜੋ ਸਾਨੂੰ ਕਈ ਤਰ੍ਹਾਂ ਦੇ ਬੰਧਨਾ ਵਿੱਚ ਬੰਨਦੀ ਹੈ। ਜਦੋਂ “ਮੈਂ” ਖਤਮ ਹੋ ਜਾਂਦੀ ਹੈ ਤਾਂ ਪੂਰਬਲੇ ਕਰਮਾਂ ਦਾ ਫਲ ਨਹੀ ਭੋਗਣਾ ਪੈਂਦਾ, ਜੀਵ ਮੁਕਤ ਹੋ ਜਾਂਦਾ ਹੈ।

ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ॥ ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ॥

ਨੌਵੇਂ ਗੁਰੂ ਨਾਨਕ ਜੀ ਦਾ ਫੁਰਮਾਨ ਹੈ :-

ਜਿਨ੍ਹਾਂ ਪ੍ਰਾਣੀਆਂ ਨੇ “ਹਉਮੈ” ਦਾ ਤਿਆਗ ਕਰ ਲਿਆ ਹੈ ਤੇ ਪ੍ਰਭੂ ਨੂੰ ਹੀ ਕਰਨ ਕਰਾਵਨਹਾਰ ਜਾਣਿਆ ਹੈ, ਉਨ੍ਹਾਂ ਨੇ ਜੀਵਨ-ਮੁੱਕਤੀ (ਜਿਉਂਦੇ ਜੀਅ ਮੁਕਤ) ਪ੍ਰਾਪਤ ਕਰ ਲਈ ਹੈ। ਗੁਰੂ ਨਾਨਕ ਪਾਤਸ਼ਾਹ ਜੀ ਫੁਰਮਾਉਂਦੇ ਹਨ ਕਿ ਇਸਨੂੰ ਸਤਿ ਗਿਆਨ ਮੰਨਣਾ ਚਾਹੀਦਾ ਹੈ।

ਜੀਵਨ-ਮੁਕਤ ਆਪਣੇ ਆਪ ਨੂੰ ਤੁੱਛ ਜਾਣਦਾ ਹੈ। ਉਹ “˝ ਸਤਿਨਾਮ ਕਰਤਾ ਪੁਰਖੁ” ਨੂੰ ਹੀ ਨਿਰੋਲ ਕਰਤਾ ਅਰਥਾਤ ਸਿਰਜਣਹਾਰ ਸਮਝਦਾ ਹੈ ਤੇ ਹਉਮੈਂ ਤੋਂ ਰਹਿਤ ਹੁੰਦਾ ਹੈ। ਇਸ ਲਈ ਉਹ ਕਰਮਾਂ ਦੇ ਚੱਕਰ ਵਿੱਚ ਨਹੀਂ ਪੈਂਦਾ। ਉਹ ਪੂਰਨ ਮੁਕਤ ਹੈ, ਜਿਸਨੇ ਆਪਣੇ ਜੀਵਨ ਵਿੱਚ ਮੁਕਤੀ ਪ੍ਰਾਪਤ ਕਰ ਲਈ ਹੈ, ਉਹ ਜੀਵਨ ਮੁਕਤ ਹੈ।

ਜੀਵਨ ਮੁੱਕਤੀ ਦੀ ਅਵਸਥਾ ਵਿੱਚ ਮਨੁੱਖ ਆਪਣੇ ਹੱਥ ਵੱਸ ਕੁਝ ਨਹੀਂ ਸਮਝਦਾ। ਉਹ ਕੇਵਲ ਰਬ ਨੂੰ ਹੀ ਕਰਤਾ ਮੰਨਦਾ ਹੈ। ਉਸ ਵਿੱਚ ਕੋਈ “ਮੈਂ” ਨਹੀਂ, ਕੋਈ ਮੇਰੀ ਨਹੀਂ। ਉਸ ਦੇ ਹਿਰਦੇ ਵਿੱਚ “ਤੂੰ” ਹੀ “ਤੂੰ” ਅਤੇ ਸਭ ਕੁਝ ਤੇਰਾ, “ਤੂੰ” ਹੀ ਕਰਨ ਕਰਾਵਨਹਾਰ ਦੀ ਭਾਵਨਾ ਬਣੀ ਰਹਿੰਦੀ ਹੈ।

ਜੀਵਨ ਮੁਕਤ ਮੌਤ ਤੋਂ ਪਹਿਲਾ ਹੀ ਮਰ ਚੁੱਕਾ ਹੁੰਦਾ ਹੈ ਕਿਉਂ ਜੋ ਉਸ ਨੇ “ਮੈਂ” ਅਰਥਾਤ “ਖੁਦੀ” ਨੂੰ ਮਾਰ ਲਿਆ ਹੁੰਦਾ ਹੈ। ਉਸ ਦੀ ਵੱਖਰੀ ਹੋਂਦ ਤੇ ਪਛਾਣ ਮਰ ਚੁੱਕੀ ਹੁੰੰਦੀ ਹੈ। ਉਸ ਨੇ ਆਪਣੀ ਸੋਚ ਤੇ ਕਾਬੂ ਪਾ ਲਿਆ ਹੁੰਦਾ ਹੈ। ਇਹ “ਮੈਂ-ਮੇਰੀ” ਦੀ ਮੌਤ ਹੈ।

ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ।।
ਸ੍ਰੀ ਗੁਰੂ ਰਾਮਦਾਸ ਜੀ

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਹਰੇਕ ਸ਼ਬਦ ਦਾ ਪ੍ਰਭਾਵ ਬਹੁਤ ਸਰਲ, ਸਿੱਧਾ ਅਤੇ ਸੀਨੇ ਖੁੱਭਣ ਵਾਲਾ ਹੁੰਦਾ ਹੈ।

ਨਿਮਰਤਾ ਦੇ ਪੁੰਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਹਰ ਬੋਲ ਹਰ ਸ਼ਬਦ ਦਾ ਅਸਚਰਜ ਪ੍ਰਭਾਵ ਪੈਂਦਾ ਸੀ। ਉਨ੍ਹਾਂ ਦੇ ਸ਼ਬਦਾਂ ਦਾ, ਹਉਂਮੈ-ਵੱਡੀ ਦੁਸ਼ਮਣ ਅਤੇ ਕੁੱਲ ਮਨੁੱਖਤਾ ਦੇ ਦੀਰਘ ਰੋਗ ਉਪਰ ਅਸਰ ਪੈਂਦਾ ਸੀ। ਉਨ੍ਹਾਂ ਦੀ ਹਜ਼ੂਰੀ ਵਿੱਚ ਵੱਡੇ ਵੱਡੇ ਸਿੱਧਾਂ, ਪੀਰਾਂ ਅਤੇ ਫ਼ਕੀਰਾਂ ਦੀ ਹਉਂਮੈ ਦਾ ਬੀਜ਼ ਨਾਸ ਹੋ ਜਾਂਦਾ ਸੀ ਅਤੇ ਉਹ ਪਰਮ ਸਤਿ ਦੇ ਡੂੰਘੇ ਅਰਥਾਂ ਨੂੰ ਸਮਝਣ ਦੇ ਯੋਗ ਹੋ ਜਾਂਦੇ ਸਨ।

... Continued From