ਰੱਬ ਦਾ ਪਿਆਰ ਅਤੇ ਨਿਮਰਤਾ ਦੇ ਸਰੂਪ ਵਿੱਚ ਪੁਨਰ ਜਨਮ
ਬਾਬਾ ਨਰਿੰਦਰ ਸਿੰਘ ਜੀ ਨੇ ਇਕ ਵਾਰ ਫੁਰਮਾਇਆ:
ਪਾਰਬ੍ਰਹਮ ਪਿਆਰ ਹੀ ਪਿਆਰ ਹੈ।
God is Love and Love is God
ਸ੍ਰੀ ਗੁਰੂ ਗ੍ਰੰਥ ਸਾਹਿਬ (ਨਿਰੰਕਾਰ) ਪ੍ਰੇਮ ਹਨ ਅਤੇ ਪ੍ਰੇਮ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ।
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ॥
ਹੁਣ ਪ੍ਰੇਮ ਕਿਸ ਨਾਲ ਕਰਨਾ ਹੈ। ਜਦੋਂ ਨਿਰੰਕਾਰ ਆਪ ਹੀ ਧਰਤੀ ਤੇ ਉਤਰ ਆਇਆ ਤਾਂ ਫਿਰ ਪ੍ਰੇਮ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਿਸ ਤਰ੍ਹਾਂ ਕਰਨਾ ਹੈ। ਜਿਸ ਤਰ੍ਹਾਂ ਉੱਪਰ ਦਸਿਆ ਜਾ ਚੁੱਕਿਆ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ (ਨਿਰੰਕਾਰ) ਨਾਲ ਪਿਆਰ ਕੀਤਾ। ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ (ਨਿਰੰਕਾਰ) ਨਾਲ ਪਿਆਰ ਕੀਤਾ। ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ (ਨਿਰੰਕਾਰ) 'ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ' ਨਾਲ ਸਿਖ਼ਰ ਦਾ ਪਿਆਰ ਕੀਤਾ। ਗੁਰੂ ਅਰਜਨ ਪਾਤਸ਼ਾਹ ਨੇ ਆਪ ਭਗਵੰਤ ਰੂਪ ਗੁਰੂ ਰਾਮਦਾਸ ਜੀ ਨਾਲ ਪਿਆਰ ਕੀਤਾ। ਹੁਣ ਤਾਂ ਉਹੀ 'ਪ੍ਰਗਟ ਗੁਰਾਂ ਕੀ ਦੇਹ' ਸ੍ਰੀ ਗੁਰੂ ਗ੍ਰੰਥ ਸਾਹਿਬ (ਗੁਰੂ ਨਾਨਕ ਨਿਰੰਕਾਰ) ਆਪ ਇਸ ਸੰਸਾਰ ਦੇ ਵਿੱਚ ਉਤਰ ਆਇਆ ਹੈ, ਉਸ ਨਾਲ ਕਿਸ ਤਰ੍ਹਾ ਦਾ ਪ੍ਰੇਮ ਕਰਨਾ ਹੈ।
ਇਕ ਸਾਧਾਰਨ ਮਿਸਾਲ ਦਿੰਦੇ ਹੋਏ ਬਾਬਾ ਨਰਿੰਦਰ ਸਿੰਘ ਜੀ ਪਾਸ ਸਾਰੀ ਸੰਗਤ ਬੈਠੀ ਸੀ। ਸਾਵਨ ਦਾ ਮਹੀਨਾ ਸੀ ਅਤੇ ਝੜੀ ਲੱਗੀ ਹੋਈ ਸੀ। ਸਾਰੀ ਸੰਗਤ ਮਾਲ੍ਹ ਪੂੜਿਆਂ ਦਾ ਪ੍ਰਸ਼ਾਦ ਛਕ ਰਹੀ ਸੀ। ਬਾਬਾ ਜੀ ਨੇ ਪੁੱਛਿਆ ਕੀ ਮਾਲ੍ਹ ਪੂੜੇ ਸਵਾਦ ਹਨ ? ਤਾਂ ਸੰਗਤ ਨੇ ਜਵਾਬ ਦਿਤਾ “ਜੀ ਬਹੁਤ ਸਵਾਦ ਆ ਰਿਹਾ ਹੈ। ਅੱਗੋਂ ਬਾਬਾ ਜੀ ਨੇ ਫੁਰਮਾਇਆ ਕੀ ਤੁਸੀਂ ਸਾਰੇ ਸਵਾਦ ਲੈ ਰਹੇ ਹੋ ਜਾਂ ਮਾਲ੍ਹ ਪੂੜਾ ਵੀ ਆਪਣਾ ਸਵਾਦ ਲੈ ਰਿਹਾ ਹੈ ? ਅੱਗੋਂ ਸੰਗਤ ਨੇ ਬੇਨਤੀ ਕੀਤੀ ਕਿ ਮਾਲ੍ਹ ਪੂੜੇ ਨੂੰ ਆਪਣੇ ਸਵਾਦ ਦਾ ਕਿਵੇਂ ਪਤਾ ਲਗ ਸਕਦਾ ਹੈ।
ਫਿਰ ਬਾਬਾ ਨਰਿੰਦਰ ਸਿੰਘ ਜੀ ਨੇ ਸਰਬੱਤ ਸੰਗਤ ਨੂੰ ਸਮਝਾਉਂਦੇ ਹੋਏ ਇਸ ਤਰ੍ਹਾਂ ਫੁਰਮਾਇਆ ਕਿ ਜਿਹੜਾ ਵੀ ਗੁਰੂ ਨਾਨਕ ਨਿਰੰਕਾਰ ਨਾਲ ਪਿਆਰ ਕੀਤਾ ਗਿਆ ਹੈ ਉਹ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਪ੍ਰੇਮ ਦੇ ਸਮੂੰਦਰ) ਵਿੱਚ ਭਰਿਆ ਪਿਆ ਹੈ।
ਪ੍ਰੇਮ ਤਾਂ ਸਾਰੇ ਨਿਰੰਕਾਰ ਨੂੰ ਹੀ ਕਰਦੇ ਹਨ ਪਰ ਨਿਰੰਕਾਰ ਦੇ ਦਿਲ ਵਿੱਚ ਵੀ ਇਹ ਚਾਹ ਅਤੇ ਇੱਛਾ ਹੋਈ ਕਿ ਮੈਂ ਵੀ ਇਸ ਪ੍ਰੇਮ ਨੂੰ ਚੱਖ ਕੇ ਦੇਖ ਲਵਾਂ ਅਤੇ ਇਸਦਾ ਸਵਾਦ ਆਪ ਵੀ ਲੈ ਲਵਾਂ। ਆਪਣੀ ਇੱਛਾ ਸ਼ਕਤੀ ਨਾਲ, ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਸਰੂਪ ਵਿੱਚ ਧਰਤੀ ਮਾਤਾ ਨੂੰ ਆ ਭਾਗ ਲਾਏ ਤੇ ਬਚਪਨ ਤੋਂ ਹੀ ਪ੍ਰੇਮ ਦੇ ਮਹਾਨ ਪੂਰਨੇ ਪਾਉਣੇ ਸ਼ੁਰੂ ਕਰ ਦਿੱਤੇ। ਕਿਹਦੇ ਨਾਲ ? ਗੁਰੂ ਨਾਨਕ ਨਿਰੰਕਾਰ ਨਾਲ (ਖੂਹ ਦੀ ਮੰਡੇਰ ਉੱਪਰ ਰਾਤ ਦੇ ਸਾਢੇ ਬਾਰ੍ਹਾਂ ਵਜੇ ਇਸ਼ਨਾਨ ਕਰਕੇ ਮੌਤ ਦੀ ਪ੍ਰਵਾਹ ਨਾ ਕਰਦਾ ਹੋਇਆ ਇਕ ਮਹਾਂ ਰਿਸ਼ੀ ਪੰਜ ਸਾਲ ਦਾ ਬਾਲਕ ਸ਼ੇਰ ਵਾਂਗ ਮੌਤ ਤੇ ਨੀਂਦ ਨੂੰ ਲਲਕਾਰਦਾ ਹੋਇਆ ਸਮਾਧੀ ਲਾਈ ਬੈਠਾ ਹੈ), ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਇਕ ਬ੍ਰਹਮ ਸਰੂਪ, ਬ੍ਰਹਮ ਰਿਸ਼ੀ ਇਕ ਛੇ ਸਾਲ ਦਾ ਬਾਲਕ ਇਹ ਐਲਾਨ ਕਰ ਦਿੰਦਾ ਹੈ ਕਿ ਮੈਂ ਨਿਰੰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਨਹੀਂ ਕਰ ਸਕਦਾ ਅਤੇ ਨਾ ਹੀ ਸਾਰੀ ਉਮਰ ਕਰਾਂਗਾ। ਇਹ ਕਿਸ ਪ੍ਰਕਾਰ ਦੇ ਪੂਰਨੇ ਸਨ ਜਿਹੜੇ ਰੱਬ ਨੇ ਬਾਲ ਅਵਸਥਾ ਵਿੱਚ ਹੀ ਪਾਉਣੇ ਸ਼ੁਰੂ ਕਰ ਦਿੱਤੇ ਸਨ। ਫਿਰ ਕਿਸ ਤਰ੍ਹਾਂ ਦਾ ਪ੍ਰੇਮ ਕੀਤਾ, ਕਿਸ ਤਰ੍ਹਾਂ ਦਾ ਸਵਾਦ ਚਖਿਆ। ਕਿਸ ਤਰ੍ਹਾਂ ਦਾ ਆਨੰਦ ਮਾਣਿਆ, ਕਿਸ ਤਰ੍ਹਾਂ ਦੀ ਪ੍ਰੇਮ ਦੀ ਜੋਤ ਜਗਾਈ ਅਤੇ ਉਜਾਗਰ ਕੀਤੀ, ਉਹ ਕਮਾਲ ਹੀ ਕਮਾਲ ਹੈ (ਇਸ ਕਿਤਾਬ ਦਾ ਪਹਿਲਾ ਤੇ ਦੂਜਾ ਭਾਗ ਉਸ ਪ੍ਰੇਮ ਦੀਆਂ ਕੁਝ ਝਲਕੀਆਂ ਨਾਲ ਭਰਿਆ ਪਿਆ ਹੈ) ਪਰ ਕਮਾਲ ਤੇ ਹੈਰਾਨੀ ਇਸ ਪ੍ਰੇਮ ਦਾ ਦੂਜਾ ਪੱਖ ਹੈ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰੇਮ ਦਾ ਸਮੁੰਦਰ ਹਨ ਉੱਥੇ ਨਿਮਰਤਾ ਅਤੇ ਗਰੀਬੀ ਦਾ ਵੀ ਸਾਗਰ ਹਨ ਜਿਸ ਦੀ ਕੋਈ ਤਹਿ ਹੀ ਨਹੀਂ ਅਤੇ ਜਿਸ ਦੀ ਤਹਿ ਤਕ ਕੋਈ ਪਹੁੰਚ ਹੀ ਨਹੀਂ ਸਕਦਾ। ਜਿਹੜੀ ਅਸਚਰਜਮਈ ਗੱਲ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨੇ ਸਪਸ਼ਟ ਕੀਤੀ ਉਹ ਇਸ ਪ੍ਰਕਾਰ ਹੈ:
ਬਾਬਾ ਨੰਦ ਸਿੰਘ ਜੀ ਮਹਾਰਾਜ ਸਭ ਦਰਗਾਹੀ ਮਿਹਰਾਂ, ਬਖਸ਼ਿਸ਼ਾਂ ਤੇ ਤਾਕਤਾਂ ਉੱਪਰੋਂ ਆਪ ਹੀ ਲੈ ਕੇ ਆਏ ਸਨ ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਮਰਤਾ ਦੇ ਸਾਂਚੇ ਵਿੱਚ ਪੂਰੇ ਤੌਰ ਤੇ ਢਲੇ ਹੋਏ ਸਨ। ਉਨ੍ਹਾਂ ਦੇ ਸਰਵੋਤਮ ਪ੍ਰੇਮ ਦੇ ਵਿੱਚ ਆਪ ਹੀ ਸੱਭ ਤੋਂ ਮਹਾਨ ਸੱਚੇ ਇਸ਼ਕ ਦੀ ਰੂਪ ਰੇਖਾ ਸਨ। ਉਨ੍ਹਾਂ ਨੇ ਸਾਰੀ ਉਮਰ ਆਪਣਾ ਇਕ ਵੀ ਨਿਰੰਕਾਰੀ ਪੱਖ ਤੇ ਸ਼ਕਤੀ ਜ਼ਾਹਿਰ ਨਹੀਂ ਹੋਣ ਦਿੱਤੀ। ਆਪ ਰੱਬ ਹੁੰਦੇ ਹੋਏ ਸਾਰੀ ਉਮਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਸ਼ਿਸ਼ ਦੇ ਤੌਰ ਤੇ ਐਸੀ ਨਿਮਰਤਾ ਅਤੇ ਗਰੀਬੀ ਵਿੱਚ ਗੁਜ਼ਾਰੀ ਜਿਸਦੀ ਇਸ ਧਰਤੀ ਮਾਤਾ ਤੇ ਨਾ ਪਹਿਲਾਂ ਕੋਈ ਮਿਸਾਲ ਹੈ ਨਾ ਅੱਗੇ ਕੋਈ ਹੋਵੇਗੀ।
ਇੱਥੋਂ ਤਕ ਬਚਨ ਕਰਦੇ ਕਰਦੇ ਬਾਬਾ ਨਰਿੰਦਰ ਸਿੰਘ ਜੀ ਦੀ ਵੈਰਾਗ ਦੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਸੀ ਕਿ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਅਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪ੍ਰੇਮ ਵਿੱਚ, ਉਨ੍ਹਾਂ ਦੇ ਨੂਰੀ ਨੇਤਰਾਂ ਵਿੱਚੋਂ ਪ੍ਰੇਮ ਦੀਆਂ ਦੋ ਨਦੀਆਂ ਫੁੱਟ ਪਈਆਂ ਤੇ ਵਹਿ ਤੁਰੀਆਂ। ਸਾਰੀ ਉਪਸਥਿੱਤ ਸੰਗਤ ਉਨ੍ਹਾਂ ਦੀ ਪ੍ਰੇਮ ਅਵਸਥਾ ਤੇ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਾਵਨ ਬਚਨ ਸੁਣ ਕੇ ਜ਼ਾਰੋ-ਜ਼ਾਰ ਰੋਣ ਲਗ ਪਈ। ਬਾਬਾ ਨਰਿੰਦਰ ਸਿੰਘ ਜੀ ਉੱਠ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿੱਚ ਚਲੇ ਗਏ ਤੇ ਕਈ ਘੰਟੇ ਬਾਹਰ ਨਹੀਂ ਆਏ।
ਇਸ ਤਰ੍ਹਾਂ ਪਰਮਾਤਮਾ ਨੇ ਆਪ ਪ੍ਰਗਟ ਹੋ ਕੇ, ਇਸ ਪ੍ਰੇਮ ਦੇ ਸਮੁੰਦਰ (ਸ੍ਰੀ ਗੁਰੂ ਗ੍ਰੰਥ ਸਾਹਿਬ) ਵਿੱਚ ਤਰ ਕੇ ਆਪ ਇਸ ਵਿਲਖੱਣ ਅੰਮ੍ਰਿਤ ਦਾ ਪਾਨ ਕੀਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਸੇਵਾ, ਪੂਜਾ, ਭਗਤੀ ਅਤੇ ਪਿਆਰ ਦਾ ਆਪ ਆਨੰਦ ਮਾਣਨ ਲਈ ਪਰਮਾਤਮਾ ਨੇ ਇਕ ਭਗਤ ਦੇ ਰੂਪ ਵਿੱਚ ਅਵਤਾਰ ਧਾਰਿਆ ਸੀ।
ਗੁਰੂ ਅਤੇ ਇਕ ਸੱਚੇ ਸਿੱਖ ਵਿੱਚ ਪ੍ਰ੍ਰੇਮ ਦੇ ਸਬੰਧ ਬਹੁਤ ਹੀ ਵਚਿੱਤਰ ਅਤੇ ਮਹਾਨ ਹਨ। ਜਦੋਂ ਇਕ ਸ਼ਰਧਾਲੂ ਆਪਣੇ ਪਿਆਰੇ ਗੁਰੂ ਦੇ ਚਰਨ ਕਮਲਾਂ ਵਿੱਚ ਆਪਣੇ ਆਪ ਨੂੰ ਪੂਰਨ ਰੂਪ ਵਿੱਚ ਸਮਰਪਿਤ ਕਰ ਦਿੰਦਾ ਹੈ। ਆਪਣੀ ਜ਼ਿੰਦਗੀ ਦਾ ਹਰ ਸਵਾਸ ਆਪਣੇ ਗੁਰੂ ਦੇ ਲੇਖੇ ਲਾ ਦਿੰਦਾ ਹੈ ਫਿਰ ਆਪਣੇ ਪਿਆਰੇ ਗੁਰੂ ਦੀਆਂ ਪਿਆਰੀਆਂ ਪਵਿੱਤਰ ਯਾਦਾਂ ਵਿੱਚ ਹਰ ਪਲ ਤੜਪਦਾ ਹੈ ਤਾਂ ਉਸ ਘੜੀ ਗੁਰੂ ਦੇ ਪ੍ਰੇਮੀ ਦਾ ਆਪਣੇ ਗੁਰੂ ਨਾਲ ਮਿਲਾਪ ਨਿਸ਼ਚਿਤ ਹੋ ਜਾਂਦਾ ਹੈ ਕਿਉਂਕਿ ਗੁਰੂ ਵੀ ਆਪਣੇ ਸੇਵਕ ਲਈ ਤੜਪਦਾ ਹੈ। ਗੁਰੂ ਅਤੇ ਇਕ ਪ੍ਰੇਮੀ ਸਿੱਖ ਦੇ ਵਿੱਚ ਇਹ ਪਿਆਰ ਵਿਸ਼ੇਸ਼ ਅਤੇ ਰਹੱਸਮਈ ਹੁੰਦਾ ਹੈ।
ਇਕ ਸ਼ਰਧਾਲੂ ਆਪਣੇ ਗੁਰੂ ਦੀ ਸੇਵਾ ਦਿਲ ਅਤੇ ਆਤਮਾ ਨਾਲ ਕਰਦਾ ਹੈ। ਇਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਗੁਰੂ ਆਪਣੇ ਭਗਤ ਦੀ ਸੇਵਾ ਕਰਨੀ ਆਰੰਭ ਕਰ ਦਿੰਦਾ ਹੈ। ਇਕ ਸੇਵਕ ਆਪਣੇ ਗੁਰੂ ਦੇ ਪਵਿੱਤਰ ਚਰਨਾਂ ਵਿੱਚ ਸਿੱਧਾ ਲੇਟ ਜਾਂਦਾ ਹੈ ਅਤੇ ਆਪਣੇ ਗੁਰੂ ਦੀ ਪਵਿੱਤਰ ਚਰਨ ਧੂੜੀ ਪ੍ਰਾਪਤ ਕਰਨੀ ਲੋਚਦਾ ਹੈ। ਇਕ ਸਮਾਂ ਅਜਿਹਾ ਵੀ ਆਉਂਦਾ ਹੈ ਜਦੋਂ ਗੁਰੂ ਆਪਣੇ ਸੇਵਕ ਦੇ ਪਵਿੱਤਰ ਚਰਨਾਂ ਵਿੱਚ ਸ਼ਰਧਾਂਜਲੀ ਅਰਪਿਤ ਕਰਦਾ ਹੈ। ਇਕ ਸ਼ਰਧਾਲੂ ਸੇਵਕ ਆਪਣੇ ਪ੍ਰੇਮੀ ਗੁਰੂ ਦੇ ਪਵਿੱਤਰ ਚਰਨਾਂ ਤੇ ਆਪਣਾ ਮੱਥਾ ਰਖ ਕੇ ਸ਼ਰਧਾਂਜਲੀ ਅਰਪਿਤ ਕਰਦਾ ਹੈ। ਇਕ ਸਮਾਂ ਆਉਂਦਾ ਹੈ ਜਦੋਂ ਗੁਰੂ ਆਪਣੇ ਪ੍ਰੇਮੀ ਸਿੱਖ ਦੇ ਪਵਿੱਤਰ ਚਰਨਾਂ ਤੇ ਆਪਣਾ ਮੱਥਾ ਰੱਖਦਾ ਹੈ। ਇਕ ਪ੍ਰੇਮੀ ਆਪਣੇ ਪਿਆਰੇ ਲਈ ਆਪਣਾ ਸਭ ਕੁਝ ਸਮਰਪਿਤ ਕਰ ਦਿੰਦਾ ਹੈ ਪੰ੍ਰਤੂ ਫਿਰ ਸਮਾਂ ਅਜਿਹਾ ਵੀ ਆਉਂਦਾ ਹੈ ਜਦੋਂ ਪਿਆਰਾ ਆਪਣੇ ਪਿਆਰੇ ਸੇਵਕ ਨੂੰ ਆਪਣਾ ਸੱਭ ਕੁਝ ਅਰਪਿਤ ਕਰ ਦਿੰਦਾ ਹੈ।
ਠਾਕੁਰ ਅਤੇ ਸੇਵਕ, ਗੁਰੂ ਅਤੇ ਸਿੱਖ, ਭਗਤ ਅਤੇ ਭਗਵਾਨ ਇਕ ਹੀ ਰੂਪ ਹਨ। ਜਦੋਂ ਵੀ ਪਰਮਾਤਮਾ ਇਸ ਧਰਤੀ ਤੇ ਸੁਭਾਏਮਾਨ ਹੁੰਦਾ ਹੈ ਉਹ ਦੋ ਵੱਖ ਵੱਖ ਮਨੁੱਖੀ ਸਰੂਪ ਧਾਰਨ ਕਰਕੇ ਆਉਂਦਾ ਹੈ। ਭਗਵਾਨ ਕ੍ਰਿਸ਼ਨ ਜੀ ਨੇ 'ਨਰ' ਅਤੇ 'ਨਾਰਾਇਣ' ਦੋ ਰੂਪਾਂ ਵਿੱਚ ਅਵਤਾਰ ਧਾਰਿਆ। ਉਹ ਨਾਰਾਇਣ ਆਪ ਸਨ ਅਤੇ ਨਰ ਆਪਣੇ ਪਿਆਰੇ ਅਰਜਨ ਦੇ ਰੂਪ ਵਿੱਚ। ਅਰਜਨ ਦੇ ਰਥਵਾਨ ਦੇ ਰੂਪ ਵਿੱਚ ਸੇਵਾ ਕਰਕੇ ਨਾਰਾਇਣ ਆਨੰਦਿਤ ਹੁੰਦੇ ਹਨ।
ਪਰਮਾਤਮਾ ਆਪ ਠਾਕੁਰ ਅਤੇ ਸੇਵਕ ਦੀ ਆਤਮਾ ਵਿੱਚ ਵਿੱਚਰਦਾ ਹੈ। ਅਸਲ ਵਿੱਚ ਦੋਨੋਂ ਹੀ ਇਕ ਹਨ। ਠਾਕੁਰ ਸੇਵਕ ਦੀ ਅਤੇ ਸੇਵਕ ਠਾਕੁਰ ਦੀ ਪਹਿਚਾਣ ਹੈ।
ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦਾ ਇਸ ਧਰਤੀ ਉੱਤੇ ਰੱਬੀ ਪ੍ਰਕਾਸ਼ ਧਾਰਨ ਕਰਨਾ, ਬਾਬਾ ਨੰਦ ਸਿੰਘ ਜੀ ਮਹਾਰਾਜ ਨੂੰ ਸੱਚੀ ਨਿਮਰਤਾ ਅਤੇ ਪਿਆਰ ਦੇ ਸਰੂਪ ਵਿੱਚ ਉਜਾਗਰ ਕਰਨਾ ਸੀ ਅਤੇ ਉਨ੍ਹਾਂ ਦੁਆਰਾ ਅਤਿ-ਉੱਤਮ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਪ੍ਰਗਟ ਗੁਰਾਂ ਕੀ ਦੇਹ ਦੀ ਸੱਚੀ ਸੇਵਾ, ਪਿਆਰ, ਪੂਜਾ ਅਤੇ ਪ੍ਰਸ਼ੰਸਾ ਦੀ ਸ਼ਾਨ ਨੂੰ ਸਥਾਪਿਤ ਕਰਨਾ ਸੀ।