ਗੁਰੂ ਨੂੰ ਆਪਾ ਸਮਰਪਨ ਕਰਨਾ

Humbly request you to share with all you know on the planet!

ਸਿੱਖ ਨੇ ਆਪਣਾ ਆਪਾ ਆਪਣੇ ਇਸ਼ਟ ਅੱਗੇ ਵਾਰ ਦਿੱਤਾ ਹੈ, ਬੈ ਕਰ ਦਿੱਤਾ ਹੈ, ਮੈਂ ਮੇਰੀ ਗੁਰੂ ਅੱਗੇ ਰੱਖ ਦਿੱਤੀ ਹੈ । ਗੁਰੂ ਦੀ ਗੋਦ ਮੇਂ ਬੈਠਾ ਹੈ । ਜ਼ਮੀਨ ਬੈ ਕਰ ਦਿੱਤੀ ਆਮਦਨੀਆਂ ਕਾਹਦੀਆਂ ਭਾਲਦਾ ਹੇਂ, ਭਲਾ ਜੇ ਜ਼ਮੀਨ ਬੈ ਕਰ ਦੇਈਏ ਤਾਂ ਉਸ ਦੀ ਫਸਲ ਹੋਵੇ ਨਾ ਹੋਵੇ ਤੈਨੂੰ ਕੀ, ਮਾਲਕ ਜਾਣੇ । ਜ਼ਮੀਨ ਬੈ ਕਰ ਦਿੱਤੀ । ਮਾਲਕ ਨੇ ਤੈਨੂੰ ਦੇਖ ਭਾਲ ਵਾਸਤੇ ਰੱਖਿਆ ਹੈ । ਤੇਰਾ ਕੰਮ ਦੇਖ ਭਾਲ ਦਾ ਹੈ। ਆਮਦਨ ਨਾਲ ਜਾਂ ਨੁਕਸਾਨ ਨਾਲ ਤੇਰਾ ਕੰਮ ਨਹੀਂ । ਹੁਣ ਨਫਾ ਨੁਕਸਾਨ ਕਾਹਦਾ, ਨਫੇ ਨੁਕਸਾਨ ਦਾ ਮਾਲਕ ਇਸ਼ਟ, ਗੁਰੂ ਜੋ ਬੈਠਾ ਹੈ।

ਸਿੱਖ ਗੁਰੂ ਦੀ ਗੋਦ ਮੇਂ ਬੈਠਾ ਹੈ, ਹੁਣ ਉਸ ਦਾ ਦੇਸ ਪ੍ਰਦੇਸ ਸਭ ਥਾਂ ਮਾਲਕ ਰਾਖਾ ਹੈ । ਜਦ ਸਿੱਖ ਨੇ ਮੈਂ, ਮੇਰੀ ਗੁਰੂ ਅੱਗੇ ਰੱਖ ਦਿੱਤੀ ਮੈਂ ਆਖਦਾ ਹਾਂ ਕੰਮ ਸਕਿੰਟਾਂ ਦਾ ਹੈ, ਕੱਖ ਦੇ ਉਹਲੇ ਲੱਖ ਪਿਆ ਹੈ, ਨਿਮਾਣਾ ਹੋ ਕੇ ਢਹਿ ਪਉ, ਬਸ ਬੇੜਾ ਪਾਰ ਹੈ, ਤੇਰੇ ਢਹਿਣ ਵਿੱਚ ਦੇਰੀ ਹੈ, ਉਸ ਦੇ ਬਖਸ਼ਣ ਵਿੱਚ ਕੋਈ ਦੇਰੀ ਨਹੀਂ । ਮਸੂਲੀਆਂ ਮਸੂਲ ਉਦੋਂ ਤਕ ਮੰਗਦਾ ਹੈ ਜਦੋਂ ਤਕ ਤੇਰੇ ਸਿਰ ਉਪਰ ਗੰਢ ਹੈ, ਇਹ ਗੰਢ ਸੁੱਟ ਦਿੱਤੀ ਹੁਣ ਮਸੂਲ ਕਾਹਦਾ ਤੇ ਰੋਕ ਕਾਹਦੀ। ਜਬ ਤਕ ਸਿਰ ਤੇ ਗੰਢ ਹੈ ਦਾਮ ਭਰਨੇ ਪੈਣਗੇ ।

ਜਉ ਲਉ ਪੋਟ ਉਠਾਈ ਚਲਿਅਉ ਤਉ ਲਉ ਡਾਨ ਭਰੇ ।। ਪੋਟ ਡਾਰਿ ਗੁਰ ਪੂਰਾ ਮਿਲਿਆ ਤਉ ਨਾਨਕ ਨਿਰਭਏ।।