ਇਕ ਮੁਸਲਮਾਨ ਥਾਣੇਦਾਰ ਦੀ ਆਪ-ਬੀਤੀ
ਇੱਕ ਵਾਰ ਰਮਣੀਕ ਪਹਾੜੀਆਂ ਵਿੱਚ ਵਸੇ ਰੰਗਰੋਟੇ ਵਿੱਚ ਪੂਰਨਮਾਸ਼ੀ ਦਾ ਦੀਵਾਨ ਸਜਿਆ ਹੋਇਆ ਸੀ। ਸਾਰਾ ਵਾਤਾਵਰਣ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਨਾਲ ਗੂੰਜ ਰਿਹਾ ਸੀ। ਸੰਗਤਾਂ ਮਿਲ ਕੇ ਸ਼ਬਦ ਪੜ੍ਹ ਰਹੀਆਂ ਸਨ। ਸਾਰੀ ਸੰਗਤ ਸ਼ਬਦ ਕੀਰਤਨ ਦੇ ਰਸ ਵਿੱਚ ਝੂਮ ਰਹੀ ਸੀ। ਜਦੋਂ ਕਰੀਤਨੀਏ ਅਤੇ ਸੰਗਤ ਮਿਲ ਕੇ ਸ਼ਬਦ ਕੀਰਤਨ ਕਰ ਰਹੇ ਸਨ ਤਾਂ ਸਾਰੀ ਸੰਗਤ ਨੂੰ ਇੱਕ ਅਨੋਖੀ ਸੁਰੀਲੀ ਅਵਾਜ਼ ਦੀ ਧੁਨੀਂ ਵੱਖਰੀ ਸੁਣਾਈ ਦੇ ਰਹੀ ਸੀ। ਇਹ ਅਵਾਜ਼ ਜਾਦੂ ਵਾਂਗ ਅਸਰ ਕਰਦੀ ਸੀ। ਜਦੋਂ ਬਾਅਦ ਵਿੱਚ ਸੰਗਤ ਨੇ ਇਸ ਰਹੱਸਮਈ, ਸੁਰੀਲੀ ਇਲਾਹੀ ਅਵਾਜ਼ ਬਾਰੇ ਬਾਬਾ ਜੀ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਫੁਰਮਾਇਆ ਸੀ, “ਇੰਨੀ ਮਿੱਠੀ ਤੇ ਸੁਰੀਲੀ ਆਵਾਜ਼ ਮੇਰੇ ਸਤਿਗੁਰੂ ਨਾਨਕ ਸਾਹਿਬ ਤੋਂ ਬਿਨ੍ਹਾਂ ਹੋਰ ਕਿਸੇ ਦੀ ਹੋ ਸਕਦੀ ਹੈ !”
ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ॥
ਵਾਹਿਗੁਰੂ ਸਤਿ ਸੰਗਤ ਵਿੱਚ ਵਸਦਾ ਹੈ ਅਤੇ ਨਿਰਾਲੇ ਢੰਗ ਨਾਲ ਆਪਣੀ ਹੋਂਦ ਦਾ ਅਹਿਸਾਸ ਕਰਾਉਂਦਾ ਹੈ। ਉਹ ਸੱਚੇ ਸੰਤਾਂ ਦੇ ਸਤਿ-ਸੰਗ ਵਿੱਚ ਵਸਦਾ ਹੈ। ਦਇਆ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਅੰਮ੍ਰਿਤ ਕੀਰਤਨ ਸਮੇਂ ਹਾਜ਼ਰ ਨਾਜ਼ਰ ਹੁੰਦੇ ਹਨ। ਆਪਣੀ ਇਲਾਹੀ ਕੀਰਤਨ ਦੀ ਧੁਨੀਂ ਨਾਲ ਆਪਣੇ ਸੇਵਕਾਂ ਤੇ ਰੂਹਾਨੀ ਖੁਸ਼ੀ ਤੇ ਖੇੜੇ ਦੀ ਕਿਰਪਾ ਕਰਦੇ ਹਨ।
ਜਦੋਂ ਅਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦਾਂ ਰਾਹੀਂ ਪ੍ਰਭੂ ਦਾ ਜਸ ਗਾਇਨ ਕਰਦੇ ਹਾਂ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ, ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਹਜ਼ੂਰ ਬੈਠੀ ਸੰਗਤ ਦੀਆਂ ਤ੍ਰਿਪਤ ਰੂਹਾਂ ਨੂੰ ਜੀਅ-ਦਾਨ ਦੇ ਕੇ ਤ੍ਰਿਪਤ ਕਰਦੇ ਹਨ। ਜਿੱਥੇ ਪ੍ਰੇਮ ਨਾਲ ਸਤਿ ਸੰਗਤ ਵਿੱਚ ਸਤਿਗੁਰੂ ਨਾਨਕ ਦੇਵ ਜੀ ਦਾ ਕੀਰਤਨ ਹੋ ਰਿਹਾ ਹੋਵੇ, ਉੱਥੇ ਉਹ ਹਾਜ਼ਰ ਹੁੰਦੇ ਹਨ।