ਬਾਲ ਅਵਸਥਾ
ਬਾਲ ਅਵਸਥਾ ਵਿੱਚ ਇਸ ਪਵਿੱਤਰ ਬਾਲ ਨੂੰ ਕਦੇ ਵੀ ਰੋਂਦਿਆ ਜਾਂ ਹੱਸਦਿਆਂ ਨਹੀਂ ਵੇਖਿਆ ਗਿਆ ਸੀ । ਉਸਨੇ ਰੋ ਕੇ ਦੁੱਧ ਦੀ ਭੁੱਖ ਕਦੇ ਜ਼ਾਹਰ ਨਹੀਂ ਕੀਤੀ ਸੀ । ਕਦੀ ਵੀ ਕੋਈ ਚੀਜ਼ ਖਾਣ ਲਈ ਨਹੀਂ ਮੰਗੀ ਸੀ । ਉਹ ਭੁੱਖ ਅਤੇ ਤ੍ਰੇਹ ਦੀਆਂ ਮਨੁੱਖੀ ਕਮਜ਼ੋਰੀਆਂ ਤੋਂ ਪਹਿਲਾਂ ਹੀ ਉੱਪਰ ਸਨ। ਗਰਮੀ ਸਰਦੀ ਵਲੋਂ ਮੂਲੋਂ ਹੀ ਬੇਖ਼ਬਰ, ਖੁਸ਼ੀ ਜਾਂ ਗ਼ਮੀ ਤੋਂ ਪੂਰੀ ਤਰ੍ਹਾਂ ਨਿਰਲੇਪ ਸਨ । ਉਨ੍ਹਾਂ ਦੀ ਕੋਈ ਇੱਛਾ ਨਹੀਂ ਸੀ ਤੇ ਉਹ ਸੰਸਾਰੀ ਲੋੜਾਂ ਤੋਂ ਅਜ਼ਾਦ ਸਨ । ਉਹ ਸਮਾਧੀ ਵਿੱਚ ਲੀਨ ਰਹਿੰਦੇ ਤੇ ਉਨ੍ਹਾਂ ਦਾ ਚਿਹਰਾ ਸੂਰਜ ਦੀਆਂ ਕਿਰਨਾ ਨਿਆਈਂ ਚਮਕਦਾ ਰਹਿੰਦਾ ਸੀ । ਉਹ ਪ੍ਰਭੂ -ਪ੍ਰੀਤਮ ਦੇ ਰੰਗ ਵਿੱਚ ਰੱਤੇ ਰਹਿੰਦੇ ਸਨ । ਉਨ੍ਹਾਂ ਦੇ ਚਿਹਰੇ ਤੋਂ ਪ੍ਰਕਾਸ਼ ਦੇ ਨਿਰਾਲੇ ਹੜ੍ਹ ਦੀਆਂ ਕਿਰਨਾ ਪ੍ਰਗਟ ਹੁੰਦੀਆਂ ਸਨ । ਇਕ ਵਾਰ ਆਪ ਜਿਸ ਕਮਰੇ ਵਿੱਚ ਬਿਰਾਜਮਾਨ ਸਨ, ਉਸ ਕਮਰੇ ਵਿੱਚ ਉਨ੍ਹਾਂ ਦੇ ਚਿਹਰੇ ਤੋਂ ਨਿਕਲਦੇ ਨੂਰ ਨਾਲ ਪ੍ਰਕਾਸ਼ ਹੋ ਗਿਆ ਸੀ । ਜੁਆਨ ਅਵਸਥਾ ਵਿੱਚ ਉਨ੍ਹਾ ਕੁਝ ਦਿਨ ਇਸ ਕਮਰੇ ਵਿੱਚ ਭਗਤੀ ਕੀਤੀ ਸੀ । ਭੁੱਖ ਜਾਂ ਤ੍ਰੇਹ, ਦੁੱਖ ਜਾਂ ਸੁੱਖ, ਗਰਮੀ ਜਾਂ ਸਰਦੀ ਤੋਂ ਬੇਖ਼ਬਰ, ਉਹ ਬਾਲ ਅਵਸਥਾ ਵਿੱਚ ਹੀ ਸਾਰੀਆਂ ਇੱਛਾਵਾਂ ਤੇ ਫ਼ਤਹਿ ਪਾ ਚੁੱਕੇ ਸਨ । ਉਹ ਕਦੇ ਵੀ ਗੁੱਸੇ ਵਿੱਚ ਨਹੀਂ ਆਏ ਸਨ । ਬਿਖੜੇ ਹਾਲਾਤਾਂ ਵਿੱਚ ਵੀ ਉਨ੍ਹਾਂ ਦਾ ਹਿਰਦਾ ਸ਼ਾਂਤ ਰਹਿੰਦਾ ਸੀ । ਰੂਹਾਨੀਅਤ ਨਾਲ ਦਗ਼ ਦਗ਼ ਕਰਦੇ ਉਨ੍ਹਾਂ ਦੇ ਮੁਬਾਰਕ ਚਿਹਰੇ ਤੋਂ ਉਸ ਸਦੀਵੀ ਖੇੜੇ ਦੀ ਝਲਕ ਪੈਂਦੀ ਸੀ ਜਿਸ ਰੂਹਾਨੀ ਖੇੜੇ ਵਿੱਚ ਉਨ੍ਹਾਂ ਦੀ ਆਤਮਾ ਟਿਕੀ ਹੋਈ ਸੀ।
ਇਨ੍ਹਾਂ ਦੋ ਸਾਖੀਆਂ ਦਾ ਖ਼ਾਸ ਮਹੱਤਵ ਹੈ । ਇਨ੍ਹਾ ਤੋਂ ਮਹਾਨ ਬਾਲ ਵਿੱਚ ਰੱਬੀ ਸ਼ਕਤੀ ਦੇ ਤਪ-ਤੇਜ਼ ਦਾ ਪਤਾ ਲਗਦਾ ਹੈ । ਇਕ ਵਾਰ ਕੋਈ ਸੰਤ ਉਨ੍ਹਾਂ ਦੇ ਘਰ ਅੱਗੋਂ ਦੀ ਲੰਘ ਰਿਹਾ ਸੀ । ਉਸ ਨੇ ਇਸ ਬਾਲ ਨੂੰ ਮੰਜੇ ਉੱਤੇ ਸਮਾਧੀ ਦੀ ਅਵਸਥਾ ਵਿੱਚ ਵੇਖਿਆ । ਬਾਬਾ ਜੀ ਦੇ ਚਿਹਰੇ ਤੇ ਰੱਬੀ ਨੂਰ ਚਮਕਦਾ ਵੇਖ ਕੇ ਉਹ ਹੈਰਾਨ ਰਹਿ ਗਿਆ । ਉਹ ਸੰਤ ਅੰਦਰ ਲੰਘ ਆਇਆ ਅਤੇ ਇਸ ਮਹਾਨ ਬਾਲ ਦੇ ਚਰਨਾ ਵੱਲ ਹੇਠਾਂ ਬੈਠ ਗਿਆ ।
ਇਕ ਵਾਰ ਉਦਾਸੀ ਸੰਪਰਦਾ ਦੇ ਇਕ ਮਹਾਤਮਾ ਜੀ ਨੇ ਆਪਣੇ ਚੇਲਿਆਂ ਨਾਲ ਪਿੰਡ ਤੋਂ ਬਾਹਰ ਪੜਾਅ ਕੀਤਾ ਹੋਇਆ ਸੀ । ਸ਼ਾਮ ਵੇਲੇ ਪਿੰਡ ਦੇ ਸਾਰੇ ਲੋਕ ਉਨ੍ਹਾਂ ਦੀ ਸੰਗਤ ਵਿੱਚ ਮਹਾਤਮਾ ਜੀ ਦੇ ਪ੍ਰਵਚਨ ਸੁਣਨ ਜਾਇਆ ਕਰਦੇ ਸਨ । ਇਕ ਵਾਰ ਇਸ ਹੋਣਹਾਰ ਬਾਲ ਦੇ ਭਾਗਸ਼ੀਲ ਪਿਤਾ ਇਸ ਬਾਲ ਨੂੰ ਕੁੱਛੜ ਚੁੱਕ ਕੇ ਉਸ ਮਹਾਤਮਾ ਜੀ ਦੇ ਸਤਿਸੰਗ ਵਿੱਚ ਲੈ ਗਏ ਤੇ ਉਨ੍ਹਾਂ ਦੇ ਨਜ਼ਦੀਕ ਹੀ ਬੈਠ ਗਏ । ਜਿਉਂ ਹੀ ਉਸ ਮਹਾਤਮਾ ਜੀ ਦੀਆਂ ਨਜ਼ਰਾਂ ਉਸ ਬਾਲ ਤੇ ਪਈਆਂ ਤਾਂ ਉਹ ਹੈਰਾਨ ਰਹਿ ਗਏ । ਉਨ੍ਹਾਂ ਕਾਫ਼ੀ ਦੇਰ ਤੱਕ ਉਸ ਬਾਲ ਵੱਲ ਨਿਗਾਹ ਟਿਕਾਈ ਰੱਖੀ । ਇਨ੍ਹਾਂ ਸਾਖੀਆਂ ਵਿੱਚ ਦੋਵੇਂ ਸਾਧੂਆਂ ਨੇ ਪਵਿੱਤਰ ਬਾਲ ਦੇ ਰੂਹਾਨੀ ਚਿਹਰੇ ਦੇ ਰੱਜ ਕੇ ਦੀਦਾਰ ਕੀਤੇ ਸਨ । ਉਨ੍ਹਾਂ ਨੇ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਇਸ ਦੁਰਲੱਭ ਰੱਬੀ ਜੋਤ ਬਾਰੇ ਕੁਝ ਬਚਨ ਕੀਤੇ ਜਿਸ ਦੇ ਉਨ੍ਹਾਂ ਨੇ ਆਪਣੀ ਸਾਰੀ ਉਮਰ ਵਿੱਚ ਪਹਿਲੀ ਵਾਰ ਦਰਸ਼ਨ ਕੀਤੇ ਸਨ ।
"ਸਾਡੇ ਧੰਨ ਭਾਗ ਹਨ, ਜਿਨ੍ਹਾਂ ਨੇ ਇਸ ਬਾਲ ਦੇ ਰੂਪ ਵਿੱਚ ਰੱਬ ਦੇ ਦਰਸ਼ਨ ਕੀਤੇ ਹਨ । ਉਹ ਮਾਪੇ ਧੰਨ ਹਨ, ਜਿਨ੍ਹਾਂ ਦੇ ਘਰ ਇਸ ਪਵਿੱਤਰ ਬਾਲ ਨੇ ਜਨਮ ਲਿਆ ਹੈ । ਉਹ ਪਿੰਡ ਧੰਨ ਹੈ, ਉਹ ਸ਼ਹਿਰ ਧੰਨ ਹੈ ਤੇ ਇਸ ਸਾਰੀ ਧਰਤੀ ਦੇ ਵੱਡੇ ਭਾਗ ਹਨ ਜਿੱਥੇ ਇਹ ਰੱਬ ਦੀ ਸੂਰਤ ਜਾਵੇਗੀ ਅਤੇ ਠਹਿਰੇਗੀ ।"
ਦੋਵਾਂ ਸਾਧੂਆਂ ਨੇ ਇਸ ਬਾਲ ਦੇ ਚਿਹਰੇ ਤੇ ਰੱਬੀ ਨੂਰ ਅਤੇ ਰੂਹਾਨੀ ਜਲਾਲ ਨੂੰ ਵੇਖਿਆ ਸੀ । ਉਨ੍ਹਾਂ ਨੇ ਰੱਬੀ ਨੂਰ ਅਤੇ ਚਿਹਰੇ ਤੇ ਚੜ੍ਹਦੇ ਸੂਰਜ ਦੀ ਲਾਲੀ ਵਰਗਾ ਨੂਰ ਵੇਖ ਕੇ ਸਜਦਾ ਕੀਤਾ ਸੀ । ਦੋਨੋਂ ਮਹਾਂਪੁਰਸ਼ਾਂ ਨੇ ਮਾਂ-ਬਾਪ ਨੂੰ ਸੱਚੇ ਦਿਲੋਂ ਵਧਾਈਆਂ ਦਿੱਤੀਆਂ ।