ਮਰੇ ਹੋਏ ਨੂੰ ਕੁਝ ਮਹੀਨਿਆਂ ਬਾਅਦ ਬੁਲਾਉਂਣਾ
ਇਕ ਵਾਰ ਦਾ ਵਾਕਿਆ ਹੈ ਕਿ ਭੁੱਚੋਂ ਪਿੰਡ ਦਾ ਇਕ ਨਿਵਾਸੀ ਪਰਦੇਸ ਗਿਆ ਹੋਇਆ ਸੀ । ਜਦੋਂ ਉਹ ਵਾਪਸ ਪਿੰਡ ਆਇਆ ਤਾਂ ਉਸ ਨੂੰ ਪਤਾ ਲਗਾ ਕਿ ਉੇਸਦੀ ਪਤਨੀ ਸਵਰਗਵਾਸ ਹੋ ਚੁੱਕੀ ਹੈ । ਰਿਸ਼ਤੇਦਾਰਾਂ ਅਤੇ ਨਗਰ ਨਿਵਾਸੀਆਂ ਨੇ ਉਸ ਦੀ ਗੈਰਹਾਜ਼ਰੀ ਵਿੱਚ ਉਸ ਦਾ ਦਾਹ ਸੰਸਕਾਰ ਕਰ ਦਿੱਤਾ ਸੀ ।।ਉਸਨੇ ਬਾਬਾ ਜੀ ਦੇ ਅਸਥਾਨ ਤੇ ਝਾੜੂ ਦੀ ਸੇਵਾ ਅਤੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ । ਇਸ ਤਰ੍ਹਾਂ ਕੁਝ ਮਹੀਨੇ ਲੰਘ ਗਏ । ਇਕ ਦਿਨ ਬਾਬਾ ਜੀ ਨੇ ਉਸ ਨੂੰ ਕਿਹਾ ਕੁਝ ਮੰਗ ਲੈ ਜੋ ਮੰਗਣਾ ਹੈ। ਉਸ ਆਦਮੀ ਨੇ ਰੋਂਦਿਆਂ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਮੇਰੀ ਪਤਨੀ ਸਵਰਗਵਾਸ ਹੋ ਚੁੱਕੀ ਹੈ । ਮੈਨੂੰ ਘਰ ਵਿੱਚੋਂ ਉਹ ਸੋਨਾ ਅਤੇ ਧਨ ਨਹੀਂ ਲੱਭ ਰਿਹਾ ਜਿਹੜਾ ਉਸਦੇ ਕੋਲ ਹੁੰਦਾ ਸੀ ।
ਮਿਹਰਬਾਨ ਬਾਬਾ ਜੀ ਨੇ ਉਸ ਨੂੰ ਰਾਤ ਵੇਲੇ ਇਕ ਵਿਸ਼ੇਸ਼ ਥਾਂ ਤੇ ਜਾਣ ਲਈ ਕਿਹਾ ਕਿ ਜਾਹ ਉੱਥੇ ਤੇਰੀ ਪਤਨੀ ਤੇਰੀ ਉਡੀਕ ਕਰ ਰਹੀ ਹੋਵੇਗੀ, ਉਸ ਤੋਂ ਆਪ ਹੀ ਸਾਰਾ ਕੁਝ ਪੁੱਛ ਲਵੀਂ । ਉਸ ਆਦਮੀ ਨੇ ਇਸੇ ਤਰ੍ਹਾਂ ਹੀ ਕੀਤਾ । ਉਸ ਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਉੱਥੇ ਉਸਦੀ ਪਤਨੀ ਸਚਮੁੱਚ ਉਡੀਕ ਕਰ ਰਹੀ ਸੀ । ਪੁੱਛਣ ਤੇ ਉਸ ਨੇ ਘਰ ਵਿੱਚ ਉਹ ਥਾਂ ਦੱਸ ਦਿੱਤੀ ਜਿੱਥੇ ਕਿ ਬੀਮਾਰੀ ਦੌਰਾਨ ਉਸਨੇ ਧਨ ਅਤੇ ਸੋਨਾ ਦਬ ਦਿੱਤਾ ਸੀ ।
ਬਾਬਾ ਹਰਨਾਮ ਸਿੰਘ ਜੀ ਮਹਾਰਾਜ ਵਰਗੇ ਮਹਾਂਪੁਰਖ ਉੇਸ ਮਰੇ ਹੋਏ ਵਿਅਕਤੀ ਨੂੰ ਦੋਬਾਰਾ ਬੁਲਾਉਂਣ ਦੇ ਸਮਰਥ ਸਨ ਜਿਸ ਦਾ ਕਿ ਸੰਸਕਾਰ ਵੀ ਹੋ ਚੁੱਕਾ ਸੀ । ਕੁਝ ਅਣਜਾਣ ਅਤੇ ਸ਼ੱਕੀ ਬਿਰਤੀ ਵਾਲੇ ਲੋਕ ਉਸ ਮਹਾਂਪੁਰਖ ਦੀ ਸਮਰਥਾ ਬਾਰੇ ਕਿਉਂ ਸ਼ੰਕੇ ਕਰਦੇ ਹਨ ਜੋ ਕਿ ਸ੍ਰੀ ਗੁਰੂ ਨਾਨਕ ਸਾਹਿਬ ਦਾ ਜੋਤ-ਰੂਪ ਸਨ ? ਉਹ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ, ਸੱਚੇ ਸਾਧੂਆਂ ਨੂੰ ਉਸ ਪਰਮਾਤਮਾ ਦੀ ਪਵਿੱਤਰ ਹਜ਼ੂਰੀ ਅਤੇ ਦਰਸ਼ਨ ਦੀ ਦਾਤ ਬਖਸ਼ਣ ਤੇ ਸੇਵਕਾਂ ਦਾ ਤਿੱਲ-ਫੁੱਲ ਪਰਵਾਨ ਕਰਨ ਲਈ ਮਨੁੱਖੀ ਰੂਪ ਵਿੱਚ ਇਸ ਧਰਤੀ ਨੂੰ ਭਾਗ ਲਾਉਂਣ ਆਏ ਸਨ ।
ਮੂਰਖ, ਭਾਗਹੀਣ ਲੋਕ ਤਾਂ ਨਿਰੰਕਾਰ ਸਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸਮਰੱਥਾ ਤੇ ਵੀ ਸ਼ੰਕਾਂ ਕਰਦੇ ਹਨ ਕਿ ਉਹ ਪ੍ਰਤੱਖ ਪ੍ਰਗਟ ਹੋ ਕੇ ਆਪਣੇ ਅਤਿ ਪਿਆਰੇ ਸੇਵਕਾਂ ਦੀ ਪ੍ਰੇਮ ਭਾਵਨਾ ਦਾ ਪ੍ਰਸ਼ਾਦ ਵੀ ਛਕ ਸਕਦੇ ਹਨ ।
ਇਹ ਲੋਕ ਪਵਿੱਤਰ ਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਪੜ੍ਹਦੇ ਹਨ ਕਿ ਭਗਤ ਨਾਮ ਦੇਵ ਜੀ ਅਤੇ ਭਗਤ ਧੰਨਾ ਜੀ ਦੀਆਂ ਬੇਨਤੀਆਂ ਪਰਵਾਨ ਕਰਕੇ ਪਰਮਾਤਮਾ ਨੇ ਸਥੂਲ ਰੂਪ ਵਿੱਚ ਦਰਸ਼ਨ ਦਿੱਤੇ ਸਨ । ਪਰ ਇਹ ਮਾੜੇ ਭਾਗਾਂ ਦੀ ਗੱਲ ਹੈ ਕਿ ਉਹ ਆਪਣੇ ਸਭ ਤੋਂ ਵੱਡੇ ਸਤਿਗੁਰੂ ਨਾਨਕ ਦੇਵ ਜੀ ਦੇ ਇਸ ਤਰ੍ਹਾਂ ਰੂਪ ਧਾਰਨ ਕਰਨ ਦੀ ਸਮਰੱਥਾ ਤੇ ਸ਼ੰਕਾਂ ਕਰਦੇ ਹਨ । ਅਦਿੱਖ ਪਰਮਾਤਮਾ ਜਗਤ ਗੁਰੂ, ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਪ੍ਰਗਟ ਹੋਇਆ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਰੱਬੀ ਲੀਲ੍ਹਾ ਵਿਖਾਉਂਣ ਬਾਅਦ ਫਿਰ ਅਦਿੱਖ ਰੂਪ ਵਿੱਚ ਚਲੇ ਗਏ । ਇਸ ਦਾ ਭਾਵ ਇਹ ਨਹੀਂ ਕਿ ਅਦਿੱਖ ਪਰਮਾਤਮਾ ਦੀ ਆਪਣੇ ਸੱਚੇ ਪਿਆਰਿਆਂ, ਸ਼ਰਧਾਲੂਆਂ ਅਤੇ ਸੇਵਕਾਂ ਦੀ ਖਾਤਰ, ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਉਸੇ ਇਲਾਹੀ ਸਰੂਪ ਵਿੱਚ ਪ੍ਰਗਟ ਹੋਣ ਦੀ ਸ਼ਕਤੀ ਅਤੇ ਸਮਰੱਥਾ ਵਿੱਚ ਕੋਈ ਕਮੀ ਆ ਗਈ ਹੈ ।