ਰੂਹਾਨੀ ਵਡਿਆਈਆਂ
ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਸਤਿ ਪੁਰਖ ਬਾਬਾ ਜੀ ਨੂੰ ਦੁਨਿਆਵੀ ਲੋੜਾਂ ਅਤੇ ਸੁੱਖ ਸਹੂਲਤਾਂ ਦੀ ਕੋਈ ਪਰਵਾਹ ਨਹੀਂ ਸੀ । ਇਹ ਬੜੀ ਅਜੀਬ ਗੱਲ ਹੈ ਕਿ ਉਹ ਹਫ਼ਤੇ ਵਿੱਚ ਇਕ ਵਾਰ ਦੁੱਧ ਅਤੇ ਸਾਲ ਵਿੱਚ ਇਕ-ਅੱਧ ਪਰਸ਼ਾਦਾ ਹੀ ਛਕਦੇ ਸਨ । ਮਹਾਰਾਜਾ ਪਟਿਆਲਾ ਬਾਬਾ ਜੀ ਦੇ ਦਰਸ਼ਨਾਂ ਲਈ ਭੁੱਚੋਂ ਕਲਾਂ ਆਇਆ ਕਰਦਾ ਸੀ। ਉਸ ਨੇ ਬਾਬਾ ਜੀ ਦੇ ਰਹਿਣ ਲਈ ਇਕ ਆਲੀਸ਼ਾਨ ਬੰਗਲਾ ਬਣਾਇਆ ਅਤੇ ਹੋਰ ਕੀਮਤੀ ਪੁਸ਼ਾਕਾਂ ਅਤੇ ਸੁੱਖ-ਆਰਾਮ ਦੀਆਂ ਵਸਤਾਂ ਭੇਟਾ ਕੀਤੀਆਂ। ਪਰੰਤੂ ਬਾਬਾ ਜੀ ਨਾ ਤਾਂ ਉਸ ਬੰਗਲੇ ਦੇ ਅੰਦਰ ਹੀ ਗਏ ਤੇ ਨਾ ਹੀ ਉਨ੍ਹਾਂ ਨੇ ਪੁਸ਼ਾਕਾਂ ਅਤੇ ਹੋਰ ਚੀਜ਼ਾਂ ਦੀ ਵਰਤੋਂ ਕੀਤੀ। ਬਾਬਾ ਜੀ ਤਾਂ ਜਨਮ ਤੋਂ ਹੀ ਮਹਾਂਪੁਰਖ ਸਨ । ਉਨ੍ਹਾਂ ਦੀ ਕੋਈ ਸੰਸਾਰੀ ਇੱਛਾ ਨਹੀਂ ਸੀ ਤੇ ਉਹ ਆਪਣਾ ਸਾਰਾ ਜੀਵਨ ਇਸ ਸੰਸਾਰ ਤੋਂ ਨਿਰਲੇਪ ਹੀ ਰਹੇ ਸਨ ।
ਜਨਮ ਸਿੱਧ ਮਹਾਂਪੁਰਖ ਹੋਣ ਕਰਕੇ ਆਪ ਸਭ ਮਹਾਨ ਅਤੇ ਅਲੌਕਿਕ ਰੱਬੀ ਸ਼ਕਤੀਆਂ ਦਾ ਖਜ਼ਾਨਾ ਸਨ । ਨੌ ਨਿਧਾਂ ਅਤੇ ਰਿੱਧੀਆਂ-ਸਿੱਧੀਆਂ ਉਨ੍ਹਾਂ ਦੀ ਪਵਿੱਤਰ ਹਜ਼ੂਰੀ ਵਿੱਚ ਦਾਸੀਆਂ ਬਣ ਕੇ ਸੇਵਾ ਕਰਨ ਲਈ ਤੱਤਪਰ ਰਹਿੰਦੀਆਂ ਸਨ । ਆਪ ਰੂਹਾਨੀਅਤ ਦੇ ਮੀਨਾਰ ਸਨ, ਲੋਕ ਭਲਾਈ ਹਿੱਤ ਜੋ ਵੀ ਸੰਕਲਪ ਉਨ੍ਹਾਂ ਦੇ ਅੰਦਰ ਪੈਦਾ ਹੁੰਦਾ ਸੀ, ਉਹ ਤਤਕਾਲ ਹੀ ਪੂਰਾ ਹੋ ਜਾਂਦਾ ਸੀ । ਬਾਬਾ ਜੀ ਨੇ ਪਿੰਡ ਵਾਸੀਆਂ ਅਤੇ ਉਨ੍ਹਾਂ ਦੀਆਂ ਫਸਲਾਂ ਨੂੰ ਭਿਆਨਕ ਅਗਨੀ ਤੋਂ ਬਚਾਉਂਣ ਲਈ ਆਕਾਸ਼ ਵੱਲ ਨਜ਼ਰਾਂ ਘੁਮਾਈਆਂ ਤਾਂ ਇੰਦਰ ਦੇਵਤੇ ਨੇ ਉਸੇ ਵੇਲੇ ਛਮ ਛਮ ਮੀਂਹ ਵਰਸਾ ਦਿੱਤਾ ਸੀ । ਇਕ ਮਰੀ ਹੋਈ ਔਰਤ, ਜਿਸਦਾ ਸਰੀਰ ਅੱਗ ਦੀ ਭੇਟਾ ਕਰ ਦਿੱਤਾ ਗਿਆ ਸੀ, ਆਪਣੇ ਪਤੀ ਨੂੰ ਘਰ ਵਿੱਚ ਦੱਬੇ ਹੋਏ ਸੋਨੇ ਅਤੇ ਧਨ ਦਾ ਗੁਪਤ ਥਾਂ ਦੱਸਣ ਲਈ ਸਥੂਲ ਰੂਪ ਵਿੱਚ ਹਾਜ਼ਰ ਹੋ ਗਈ ਸੀ ।
ਬਾਬਾ ਹਰਨਾਮ ਸਿੰਘ ਜੀ ਮਹਾਰਾਜ ਹਮੇਸ਼ਾ ਆਪਣਾ ਚਿਹਰਾ ਕਪੜੇ ਨਾਲ ਢੱਕ ਕੇ ਰੱਖਿਆ ਕਰਦੇ ਸਨ। ਬਚਪਨ ਤੋਂ ਹੀ ਉਨ੍ਹਾਂ ਦੇ ਚਿਹਰੇ ਤੇ ਚੜ੍ਹਦੇ ਸੂਰਜ ਵਰਗੀ ਲਾਲੀ ਰਹਿੰਦੀ ਸੀ। ਉਨ੍ਹਾਂ ਨੇ ਕਦੇ ਵੀ ਆਪਣੇ ਆਪ ਬਾਰੇ ਜਤਾਇਆ ਨਹੀਂ ਸੀ । ਆਪ ਸਦਾ ਗੁਪਤ ਰਹਿਣ ਦੀ ਕੋਸ਼ਿਸ਼ ਕਰਦੇ ਸਨ। ਪਰੰਤੂ ਕੋਈ ਵੀ ਸਧਾਰਨ ਜਨ ਉਨ੍ਹਾਂ ਦੇ ਮਹਾਨ ਕਰਨੀ ਵਾਲੇ ਜੀਵਨ ਦੀ ਥਾਹ ਨਹੀਂ ਪਾ ਸਕਦਾ ਸੀ ।
ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਇਸ ਮਹਾਨ ਰੂਹਾਨੀ ਰਹਿਬਰ ਦੀਆਂ ਇਨ੍ਹਾਂ ਸ਼ਕਤੀਆਂ ਅਤੇ ਦਿੱਬ-ਗੁਣਾਂ ਨੂੰ ਵੇਖ ਕੇ ਲੋਕ ਅਚੰਭਿਤ ਰਹਿ ਜਾਂਦੇ ਤੇ ਸਤਿਕਾਰ ਵਿੱਚ ਉਨ੍ਹਾਂ ਦੇ ਚਰਨਾਂ ਵਿੱਚ ਡੰਡੌਤ ਬੰਦਨਾ ਕਰਦੇ ਸਨ। ਉਹ ਲੋਕ ਭਾਗਾਂ ਵਾਲੇ ਸਨ ਜਿਨ੍ਹਾਂ ਨੇ ਮਹਾਂਪੁਰਖਾਂ ਦੀ ਰੂਹਾਨੀ ਅਜ਼ਮਤ ਅਤੇ ਤਪਤੇਜ਼ ਦੇ ਦਰਸ਼ਨ ਦੀਦਾਰੇ ਕੀਤੇ ਹੋਣਗੇ । ਪਿਤਾ ਜੀ ਬੜੇ ਮਾਣ ਨਾਲ ਕਿਹਾ ਕਰਦੇ ਸਨ ਕਿ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਵਰਗੀ ਰੂਹਾਨੀ ਤੇ ਅਲੌਕਿਕ ਜੋਤ ਕਦੇ ਕਦੇ ਹੀ ਸੰਸਾਰ ਤੇ ਆਉਂਦੀ ਹੈ, ਉਹ ਸਾਧੂ ਦੇ ਰੂਪ ਵਿੱਚ ਰੱਬ ਸਨ । ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਰੂਹਾਨੀ ਰਹਿਬਰ ਹੋਰ ਹੋ ਵੀ ਕੌਣ ਸਕਦਾ ਸੀ ? ਬਾਬਾ ਨਰਿੰਦਰ ਸਿੰਘ ਜੀ ਨੇ ਇਕ ਵਾਰ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਅਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨ-ਕਮਲਾਂ ਵਿੱਚ ਧਿਆਨ ਧਰੀਆਂ ਸੋਜ਼ਨ ਅੱਖਾਂ ਨਾਲ ਆਪਣੇ ਮਹਾਨ ਮੁਰਸ਼ਦਾਂ ਬਾਰੇ ਫੁਰਮਾਇਆ ਸੀ :
ਬਾਬਾ ਜੀ ਪਵਿੱਤਰਤਾ ਦੇ ਸਾਗਰ ਸਨ । ਉਨ੍ਹਾਂ ਦੇ ਦਰਸ਼ਨ ਕਰਨ ਨਾਲ ਹਿਰਦਾ ਪਵਿੱਤਰ ਹੋ ਜਾਂਦਾ ਹੈ । ਉਨ੍ਹਾਂ ਦਾ ਇਕ ਬਚਨ ਜਾਂ ਉਨ੍ਹਾਂ ਦੀ ਇਕ ਛੁਹ ਨਾਲ ਹੀ ਜਗਿਆਸੂ ਦੀ ਸਰੀਰਕ ਚੇਤਨਾ, ਰੂਹਾਨੀ ਚੇਤਨਾ ਵਿੱਚ ਬਦਲ ਜਾਂਦੀ ਸੀ । ਪੂਜਯ ਬਾਬਾ ਜੀ ਦੀ ਮਿਹਰ ਦੇ ਪਾਤਰ ਬਣੇ ਸ਼ਰਧਾਲੂਆਂ ਨੂੰ ਪਲਾਂ ਵਿੱਚ ਹੀ ਅੰਮ੍ਰਿਤ ਨਾਮ ਦਾ ਰਸ ਆਉਣ ਲਗ ਪੈਂਦਾ ਸੀ ।
ਉਹ ਭੂਤ, ਭਵਿੱਖ ਤੇ ਭਵਾਨ ਦੇ ਸਿਰਜਣਹਾਰ ਸੁਆਮੀ ਸਨ । ਉਹ ਮੋਇਆਂ ਨੂੰ ਵੀ ਸਰੀਰਕ ਜਾਮੇ ਵਿੱਚ ਲਿਆ ਸਕਦੇ ਸਨ । ਉਹ ਆਪਣੇ ਅਤੀ ਪਿਆਰੇ ਪੁੱਤਰ (ਬਾਬਾ ਨਰਿੰਦਰ ਸਿੰਘ ਜੀ) ਦੀ ਸਲਾਮੀ ਲੈਣ ਲਈ 50 ਸਾਲ ਤੋਂ ਇੰਤਜ਼ਾਰ ਵਿੱਚ ਸਨ, ਉਹ ਕਾਲ ਦੇ ਸੁਆਮੀ ਸਨ ।
ਬਾਬਾ ਨਾਨਕ ਬਖਸ਼ ਲੈ ।।