ਸੇਵਕ ਦੀ ਚਰਨ ਧੂੜ ਮੱਥੇ ਤੇ ਲਾਉਂਣੀ
ਇਕ ਵਾਰ ਬਾਬਾ ਨੰਦ ਸਿੰਘ ਜੀ ਮਹਾਰਾਜ ਇਕ ਘਣੇ ਜੰਗਲ ਵਿੱਚੋਂ ਦੀ ਨੰਗੇ ਪੈਰੀ ਜਾ ਰਹੇ ਸਨ । ਉਨ੍ਹਾਂ ਦੇ ਪੈਰਾਂ ਵਿੱਚੋਂ ਕੰਡੇ ਚੁੱਬਣ ਕਾਰਨ ਲਹੂ ਵਗ ਰਿਹਾ ਸੀ । ਬਾਬਾ ਜੀ ਇਕ ਸਾਲ ਦੀ ਘੋਰ ਤਪੱਸਿਆ ਬਾਅਦ ਆਪਣੇ ਮੁਰਸ਼ਦ ਵੱਲ ਜਾ ਰਹੇ ਸਨ। ਰਸਤੇ ਵਿੱਚ ਉਨ੍ਹਾਂ ਨੂੰ ਇਕ ਊਠ ਵਾਲਾ ਮਿਲ ਗਿਆ । ਉਸ ਨੇ ਹੇਠਾਂ ਉਤਰ ਕੇ ਬਾਬਾ ਜੀ ਨੂੰ ਊਠ ਦੀ ਸਵਾਰੀ ਕਰਨ ਦੀ ਬੇਨਤੀ ਕੀਤੀ । ਉਸ ਨੇ ਬਾਬਾ ਜੀ ਨੂੰ ਬਹੁਤ ਸਤਿਕਾਰ ਨਾਲ ਊਠ ਉਪਰ ਬਿਠਾ ਕੇ ਰੇਲਵੇ ਸਟੇਸ਼ਨ ਵੱਲ ਚਾਲੇ ਪਾ ਦਿੱਤੇ । ਤੁਰਦੇ ਤੁਰਦੇ ਉਸਨੇ ਇਕ ਇਕ ਕਰਕੇ ਬਾਬਾ ਜੀ ਦੇ ਲਹੂ ਵਹਿੰਦੇ ਚਰਨਾਂ ਵਿੱਚੋਂ ਸਾਰੇ ਕੰਡੇ ਕੱਢ ਦਿੱਤੇ । ਸਟੇਸ਼ਨ ਤੇ ਪਹੁੰਚ ਕੇ ਉਸਨੇ ਟਿਕਟ ਲਈ ਤੇ ਬਾਬਾ ਜੀ ਨੂੰ ਆਰਾਮ ਨਾਲ ਗੱਡੀ ਵਿੱਚ ਬਿਠਾ ਕੇ ਵਿਦਾ ਹੋ ਗਿਆ । ਬਾਬਾ ਜੀ ਹੁਣ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦੇ ਦਰਬਾਰ ਵਿੱਚ ਪਹੁੰਚ ਗਏ । ਜਿਉਂ ਹੀ ਬਾਬਾ ਹਰਨਾਮ ਸਿੰਘ ਜੀ ਨੂੰ ਚਰਨ-ਬੰਦਨਾ ਕਰਨ ਲਗੇ ਤਾਂ ਬਾਬਾ ਹਰਨਾਮ ਸਿੰਘ ਜੀ ਨੇ ਉਨ੍ਹਾਂ ਦੇ ਪਵਿੱਤਰ ਚਰਨਾਂ ਦੀ ਧੂੜ ਨੂੰ ਆਪਣੇ ਮੱਥੇ ਉੱਤੇ ਲਾ ਲਿਆ । ਬਾਬਾ ਨੰਦ ਸਿੰਘ ਜੀ ਵਿਰਲਾਪ ਕਰਨ ਲਗ ਪਏ । ਉਨ੍ਹਾਂ ਦੇ ਵਿਰਲਾਪ ਕਰਨ ਤੇ ਬਾਬਾ ਹਰਨਾਮ ਸਿੰਘ ਜੀ ਮੁਸਕਰਾ ਕੇ ਫੁਰਮਾਉਂਣ ਲਗੇ,
“ਜਦੋਂ ਰੇਲਵੇ ਸਟੇਸ਼ਨ ਨੂੰ ਆਉਦਿਆਂ ਅਸੀਂ ਤੁਹਾਡੇ ਪਵਿੱਤਰ ਚਰਨਾ ਵਿੱਚੋਂ ਕੰਡੇ ਕੱਢ ਰਹੇ ਸੀ ਤਾਂ ਉਸ ਵੇਲੇ ਕਿਉਂ ਨਹੀਂ ਰੋਏ”।
ਪਵਿੱਤਰ ਸੇਵਕ ਤੇ ਰੂਹਾਨੀ ਰਹਿਬਰ ਦੇ ਆਪਸੀ ਸੰਬੰਧ ਏਨੇ ਨਿਰਾਲੇ, ਰਮਜ਼ ਭਰੇ ਅਤੇ ਚਮਤਕਾਰੀ ਸਨ । ਰੂਹਾਨੀ-ਪ੍ਰੇਮ ਦਾ ਰੂਹਾਨੀ ਆਦਾਨ-ਪ੍ਰਦਾਨ ਬਹੁਤ ਨਿਰਾਲਾ ਸੀ । ਉਸ ਵੇਲੇ ਇਹ ਕੌਣ ਜਾਣਦਾ ਸੀ ਕਿ ਘੋਰ ਇਕਾਂਤ ਵਿੱਚ ਲੰਮੀਆਂ ਸਮਾਧੀਆਂ ਲਾਉਂਣ ਵਾਲੀ ਇਹ ਰੱਬੀ ਜੋਤ ਪੂਜਯ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਮਹਾਨ ਰੂਹਾਨੀ ਰਹਿਬਰ ਵੱਜੋਂ ਸੰਸਾਰ ਵਿੱਚ ਪ੍ਰਸਿੱਧ ਹੋਵੇਗੀ ।