ਤਪੱਸਿਆ ਦੇ ਅਵਤਾਰ
ਇਕ ਵਾਰ ਹਜ਼ੂਰ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਊਨਾ ਸ਼ਹਿਰ ਆਏ ਹੋਏ ਸਨ । ਬੇਦੀ ਸਾਹਿਬ ਨੂੰ ਕਿਸੇ ਸੇਵਕ ਤੋਂ ਪਤਾ ਲਗਾ ਕਿ ਸ਼ਹਿਰੋਂ ਬਾਹਰ ਇਕ ਸੰਤ ਆਏ ਬੈਠੇ ਹਨ ਜਿਨ੍ਹਾਂ ਨੇ ਚਿਹਰਾ ਢੱਕਿਆ ਹੋਇਆ ਅਤੇ ਚਾਦਰ ਓੜ੍ਹੀ ਹੋਈ ਹੈ । ਬੇਦੀ ਸਾਹਿਬ ਇਸ ਦਾ ਰਾਜ਼ ਸਮਝਦਿਆਂ ਹੋਇਆਂ, ਆਪਣੇ ਸੇਵਕਾਂ ਨਾਲ ਭੋਜਨ ਪਦਾਰਥ ਲੈ ਕੇ ਗਏ ਤੇ ਇਕ ਕੁਟੀਆ ਬਣਾ ਕੇ ਦੇਣ ਅਤੇ ਕੁਝ ਚੇਲੇ ਵੀ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਕਰਨ ਦੀ ਇੱਛਾ ਪ੍ਰਗਟ ਕੀਤੀ । ਬਾਬਾ ਜੀ ਨੇ ਬੜੇ ਨਿਮਰ ਭਾਵ ਵਿੱਚ ਇਹ ਸਭ ਕੁਝ ਸਵੀਕਾਰ ਕਰਨ ਤੋਂ ਨਾਂਹ ਕਰ ਦਿੱਤੀ ਸੀ । ਬਾਬਾ ਜੀ ਨੇ ਭਗਤੀ ਕਰਨ ਲਈ ਵਸੋਂ ਤੋਂ ਦੂਰ ਕਿਸੇ ਇਕਾਂਤ ਅਸਥਾਨ ਬਾਰੇ ਪੁੱਛ ਪੜਤਾਲ ਕੀਤੀ । ਬੇਦੀ ਸਾਹਿਬ ਨੇ ਦੱਸਿਆ ਕਿ ਇਹੋ ਜਿਹੀ ਜਗ੍ਹਾ ਇੱਥੋਂ ਕਾਫੀ ਦੂਰੀ ਤੇ ਹੈ । ਉਨ੍ਹਾਂ ਨੇ ਇਸ ਥਾਂ ਪਹੁੰਚਣ ਦਾ ਸਾਰਾ ਰਸਤਾ ਵੀ ਬਿਆਨ ਕੀਤਾ । ਬਾਬਾ ਜੀ ਕਈ ਦਿਨਾਂ ਦਾ ਸਫਰ ਕਰਨ ਬਾਅਦ ਉਸ ਥਾਂ ਪਹੁੰਚ ਗਏ । ਇਸ ਅਸਥਾਨ ਦੇ ਆਸ ਪਾਸ ਪਹਾੜੀਆਂ ਸਨ ਅਤੇ ਨਾਲ ਹੀ ਪਾਣੀ ਦੀ ਇਕ ਨਦੀ ਵਗਦੀ ਸੀ । ਬਾਬਾ ਜੀ ਨੇ ਇਸ ਨਦੀ ਦੇ ਕਿਨਾਰੇ ਤੇ ਸੰਘਣੀ ਛਾਂ ਵਾਲੇ ਬ੍ਰਿਛ ਹੇਠ ਆਸਣ ਲਾ ਲਿਆ ।
ਇੱਥੇ ਹੀ ਤਪੱਸਿਆ ਦੇ ਸੁਆਮੀ ਸਾਲ ਭਰ ਸਮਾਧੀ ਵਿੱਚ ਲੀਨ ਰਹੇ ਸਨ । ਇਕ ਵਾਰ ਸਮਾਧੀ ਤੋਂ ਉੱਠੇ ਤੇ ਫਿਰ ਹੋਰ ਦੋ ਸਾਲ ਸਮਾਧੀ ਵਿੱਚ ਲੀਨ ਹੋ ਗਏ । ਹਜ਼ੂਰ ਨੇ ਫਿਰ ਆਪਣੀ ਮੁਬਾਰਕ ਸਮਾਧੀ ਖੋਲ੍ਹੀ ਅਤੇ ਫਿਰ ਹੋਰ ਦੋ ਸਾਲ ਸਮਾਧੀ ਇਸਥਿਤ ਰਹੇ । ਬਾਬਾ ਨੰਦ ਸਿੰਘ ਜੀ ਦੇ ਮਾਲਕ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨੇ ਇਸ ਅਸਥਾਨ ਦੀ ਇਕਾਂਤ ਵਿੱਚ ਲਗਾਤਾਰ ਪੰਜ ਸਾਲ ਨਿਰਵਿਘਨ ਸਮਾਧੀ ਵਿੱਚ ਰਹਿਣ ਬਾਅਦ ਇਸ ਥਾਂ ਤੋਂ ਚਾਲੇ ਪਾ ਦਿੱਤੇ ਸਨ ।
ਬਾਬਾ ਹਰਨਾਮ ਸਿੰਘ ਜੀ ਮਹਾਰਾਜ “ਤਪ” ਦੀ ਮੂਰਤ ਸਨ । ਉਨ੍ਹਾਂ ਦੇ ਚਿਹਰੇ ਤੇ ਝਲਕਦੇ ਤਪ ਅਤੇ ਨੂਰ ਦਾ ਪ੍ਰਤਾਪ ਝੱਲਿਆ ਨਹੀਂ ਜਾਂਦਾ ਸੀ। ਵੱਡੇ ਵੱਡੇ ਸਾਧੂ ਫ਼ਕੀਰ ਵੀ ਇਸ ਤਪ-ਤੇਜ਼ ਨੂੰ ਸਹਾਰ ਨਹੀਂ ਸਕਦੇ ਸਨ।
ਬਾਬਾ ਹਰਨਾਮ ਸਿੰਘ ਜੀ ਮਹਾਰਾਜ ਜਮਾਂਦਰੂ ਅਧਿਆਤਮਕ ਸਮਰਾਟ ਸਨ । ਆਪ ਬਚਪਨ ਤੋਂ ਹੀ ਸਮਾਧੀ ਵਿੱਚ ਲੀਨ ਰਹਿੰਦੇ ਸਨ । ਉਨ੍ਹਾਂ ਦੀ ਰੂਹਾਨੀ ਆਨੰਦ ਦੀ ਇਸ ਨਿਰੰਤਰ ਸਮਾਧੀ ਵਿੱਚ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪਿਆ ਸੀ। ਇਸ ਅਵਸਥਾ ਵਿੱਚ ਗਰਮੀ-ਸਰਦੀ, ਭੋਜਨ, ਸੁੱਖ-ਆਰਾਮ ਅਤੇ ਤਕਲੀਫ਼ਾਂ ਮਹਿਸੂਸ ਹੀ ਨਹੀਂ ਹੁੰਦੀਆਂ ਸਨ। ਉਹ ਪਦਾਰਥਕ ਜਗਤ ਦੇ ਦੂਜੇ ਭਾਓ ਤੋਂ ਨਿਰਲੇਪ ਸਨ । ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਨ੍ਹਾਂ ਦੇ ਨੇੜੇ ਨਹੀਂ ਆਉਂਦੇ ਸਨ ।