ਵਿਚਿ ਅਖੀ ਗੁਰ ਪੈਰ ਧਰਾਈ
ਪਹਾੜੀ ਰਾਜਿਆਂ ਦਾ ਵਜ਼ੀਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਿੱਖ ਬਣ ਗਿਆ। ਵਜ਼ੀਰ ਨੂੰ ਤਸੀਹੇ ਦਿੱਤੇ ਗਏ ਕਿ ਇਸਨੂੰ ਅੰਨ੍ਹਾਂ ਕਰ ਦਿਉ। ਉਸਨੂੰ ਬਾਹਰ ਲੈ ਗਏ ਤੇ ਅੱਖਾਂ ਵਿੱਚ ਗਰਮ ਸਲਾਖਾਂ ਚੋਭੀਆਂ ਗਈਆਂ। ਆਪਣੇ ਭਾਣੇ ਮੂਰਖ ਲੋਕ ਉਸਨੂੰ ਅੰਨ੍ਹਾਂ ਕਰਕੇ ਸੁੱਟ ਕੇ ਚਲੇ ਗਏ। ਦਸ਼ਮੇਸ਼ ਪਿਤਾ ਜੀ ਦਰਬਾਰ ਵਿੱਚ ਸੁਸ਼ੋਭਿਤ ਸਨ। ਜਦੋਂ ਹੀ ਸਲਾਖਾਂ ਉਸਦੀਆਂ ਅੱਖਾਂ ਵਿੱਚ ਚੋਭੀਆਂ ਤਾਂ ਉਸੇ ਵਕਤ ਦਸ਼ਮੇਸ਼ ਪਿਤਾ ਜੀ ਦੇ ਦੋਵੇਂ ਚਰਨਾਂ ਵਿੱਚੋਂ ਖੂਨ ਦੇ ਫੁਹਾਰੇ ਫੁੱਟ ਪਏ। ਸਿੱਖ ਬਹੁਤ ਹੈਰਾਨ ਹੋਏ ਤੇ ਬੇਨਤੀ ਕੀਤੀ ਮਹਾਰਾਜ ਇਹ ਕੀ ਕੌਤਕ ਹੈ। ਉਧਰ ਸਿੱਖ (ਪਹਾੜੀ ਵਜ਼ੀਰ) ਉੱਠਿਆ ਨੇਤਰ ਨੌਂ-ਬਰ-ਨੌਂ ਹਨ ਅਤੇ ਗੁਰੂ ਦਰਬਾਰ ਵਿੱਚ ਪਹੁੰਚ ਗਿਆ। ਆ ਕੇ ਚਰਨਾਂ ਤੇ ਮੱਥਾ ਟੇਕਿਆ ਤੇ ਪੁੱਛਿਆ, “ਹੇ ਸੱਚੇ ਪਾਤਸ਼ਾਹ ! ਇਹ ਚਰਨ ਤਾਂ ਮੇਰੇ ਨੇਤਰਾਂ ਵਿੱਚ ਵਸੇ ਹੋਏ ਸਨ ਇਨ੍ਹਾਂ ਦੀ ਫੋਟੋ ਤਾਂ ਸੋ ਸੀ। ਇਹ ਪੱਟੀਆਂ ਤਾਂ ਨਹੀਂ ਬੰਨ੍ਹੀਆਂ ਹੋਈਆਂ ਸਨ।” ਅੱਗੋਂ ਸ੍ਰੀ ਗੁਰੂ ਗੋਬਿੰਦ ਸਾਹਿਬ ਨੇ ਫੁਰਮਾਇਆ ਕਿ, “ਸਿੱਖਾ ! ਇਹ ਸਭ ਤੇਰੀ ਹੀ ਮਿਹਰਬਾਨੀ ਹੈ, ਤੂੰ ਚਰਨਾਂ ਨੂੰ ਨੇਤਰਾਂ ਵਿੱਚ ਵਸਾਇਆ ਹੋਇਆ ਸੀ। ਮੂਰਖਾਂ ਨੇ ਤੇਰੇ ਨੇਤਰਾਂ ਵਿੱਚ ਤੋੜੇ ਚੋਭੇ ਤੇ ਨੇਤਰਾਂ ਵਿੱਚ ਸਾਡੇ ਚਰਨ ਵਸੇ ਹੋਏ ਸਨ। ਫਿਰ ਤੋੜੇ ਚੁੱਭੇ ਸਾਡੇ ਚਰਨਾਂ ਦੇ ਵਿੱਚ ਫਿਰ ਇੱਥੇ ਸਿੱਖਾਂ ਨੇ (ਸਾਡੇ ਚਰਨਾਂ ਤੇ) ਪੱਟੀਆਂ ਕਰ ਦਿੱਤੀਆਂ”।
ਵਿਚਿ ਅਖੀ ਗੁਰ ਪੈਰ ਧਰਾਈ॥
ਪਿਤਾ ਜੀ ਇਸ ਪ੍ਰਥਾਏ ਇਕ ਸਾਖੀ ਸੁਣਾਇਆ ਕਰਦੇ ਸਨ।
ਰਾਧਾ ਜੀ, ਤੀਰਥ ਯਾਤਰਾ ਕਰਦੇ ਹੋਏ ਦਵਾਰਕਾ ਪਹੁੰਚੇ। ਭਗਵਾਨ ਕ੍ਰਿਸ਼ਨ ਜੀ ਦੇ ਮਹਿਲਾਂ ਨੂੰ ਖਬਰ ਹੋਈ ਕਿ ਰਾਧਾ ਜੀ ਤੀਰਥ ਯਾਤਰਾ ਵਾਸਤੇ ਇੱਥੇ ਆਏ ਹੋਏ ਹਨ। ਉਨ੍ਹਾਂ ਦੇ ਰੱਬੀ ਪਿਆਰ ਦੀ ਪਰਖ ਲੈਣ ਵਾਸਤੇ ਇਕ ਤਰਤੀਬ ਸੋਚੀ। ਇਕ ਉਬਲਦਾ ਹੋਇਆ ਦੁੱਧ ਦਾ ਗਿਲਾਸ ਉਨ੍ਹਾਂ ਨੂੰ ਜਾ ਪੇਸ਼ ਕੀਤਾ। ਜਦੋਂ ਰਾਧਾ ਜੀ ਨੂੰ ਇਹ ਪਤਾ ਲੱਗਾ ਕਿ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦੇ ਮਹਿਲ ਹਨ ਤਾਂ ਉਨ੍ਹਾਂ ਨੇ ਪਿਆਰ ਤੇ ਸਤਿਕਾਰ ਵਿੱਚ ਪੂਰਾ ਦੁੱਧ ਦਾ ਗਿਲਾਸ ਉਸੇ ਤਰ੍ਹਾਂ ਹੀ ਛਕ ਲਿਆ। ਜਦੋਂ ਰਾਤ ਨੂੰ ਭਗਵਾਨ ਕ੍ਰਿਸ਼ਨ ਜੀ ਆਰਾਮ ਕਰਨ ਲੱਗੇ ਤਾਂ ਰਾਣੀਆਂ ਚਰਨ ਪਰਸਣ ਲਗੀਆਂ। ਜਦੋਂ ਚਰਨ ਛੂਹਣ ਲਗੀਆਂ ਤਾਂ ਕੀ ਦੇਖਿਆ ਕਿ ਭਗਵਾਨ ਕ੍ਰਿਸ਼ਨ ਜੀ ਦੇ ਚਰਨ ਤਾਂ ਛਾਲਿਆਂ ਨਾਲ ਭਰੇ ਹੋਏ ਸਨ। ਹੱਥ ਪਿੱਛੇ ਕਰਕੇ, ਹੱਥ ਜੋੜ ਕੇ ਬੇਨਤੀ ਕਰਦੀਆਂ ਹਨ ਕਿ ਮਹਾਰਾਜ, ਇਹ ਕੀ ਕੌਤਕ ਹੈ ? ਭਗਵਾਨ ਕ੍ਰਿਸ਼ਨ ਜੀ ਨੇ ਫੁਰਮਾਇਆ - ਤੁਹਾਨੂੰ ਪਤਾ ਹੈ ਕਿ ਸਾਡੇ ਚਰਨ ਸਦੀਵੀ ਤੌਰ ਤੇ ਕਿੱਥੇ ਵਸਦੇ ਹਨ। ਜਿਨ੍ਹਾਂ ਨੂੰ ਤੁਸੀਂ ਉਬਲਦਾ ਦੁੱਧ ਛਕਾਇਆ ਹੈ ਉਸ ਰਾਧਾ ਦੇ ਹਿਰਦੇ ਵਿੱਚ ਇਹ ਚਰਨ ਸਦੀਵੀ ਵਸਦੇ ਹਨ ਤੇ ਤੁਹਾਡਾ ਉਬਲਦਾ ਹੋਇਆ ਦੁੱਧ ਜਦੋਂ ਰਾਧਾ ਜੀ ਨੇ ਪੀਤਾ ਤਾਂ ਉਹ ਸਾਡੇ ਚਰਨਾਂ ਤੇ ਡਿਗਿਆ। ਸੋ ਇਹ ਸਾਰੀ ਮਿਹਰਬਾਨੀ ਤੁਹਾਡੀ ਹੀ ਹੈ।
ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ॥
ਜਿਸ ਸਿੱਖ ਨੇ ਆਪਣੇ ਨੇਤਰਾਂ ਨੂੰ ਗੁਰੂ ਦੇ ਚਰਨਾਂ ਦਾ ਘਰ ਬਣਾ ਲਿਆ ਹੋਵੇ, ਜਿਨ੍ਹਾਂ ਨੇਤਰਾਂ ਵਿੱਚ ਗੁਰੂ ਦੇ ਚਰਨ ਵਸੇ ਹੋਣ, ਉਹ ਨੇਤਰ ਪੂਜਣਯੋਗ ਹਨ। “ਜਿਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ”। ਐਸੇ ਨੇਤਰਾਂ ਵਾਲਾ ਇਨਸਾਨ, ਐਸੇ ਨੇਤਰਾਂ ਵਾਲਾ ਸਿੱਖ ਚਰਨਾਂ ਦੀ ਜੋਤ ਨਾਲ ਪ੍ਰਕਾਸ਼ਿਤ ਮੰਦਰ ਹੈ। ਜਿਸ ਚੀਜ਼ ਨੂੰ ਵੀ ਦੇਖਦਾ ਹੈ ਭਾਗ ਲਾ ਦਿੰਦਾ ਹੈ, ਉਸਦੀ ਤੱਕਣੀ ਵਿੱਚੋਂ ਵੀ ਗੁਰੂ ਦੇ ਚਰਨਾਂ ਦੇ ਪ੍ਰਕਾਸ਼ ਦਾ ਜਾਦੂਮਈ ਅਸਰ ਹੁੰਦਾ ਹੈ।
ਬਾਬਾ ਨਰਿੰਦਰ ਸਿੰਘ ਜੀ ਹੋਰਾਂ ਦਾ ਇਕ ਬਚਨ:
ਇਸ ਅੱਖਾਂ ਦੀ ਜੋਤ ਬੁਝਣ ਤੋਂ ਪਹਿਲਾਂ, ਹੇ ਮੇਰੇ ਪਿਆਰੇ ਗੁਰੂ ਨਾਨਕ ਤੇਰੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋ ਜਾਏ।
Before the light oozes out of my sight, Let me behold u, O my beloved Guru Nanak.
ਮੈਂ ਉਸ ਨੌਵੇਂ ਗੁਰੂ ਨਾਨਕ ਦੇ ਦਰਸ਼ਨਾਂ ਵਾਸਤੇ ਤਰਸਦਾ ਹਾਂ ਤੇ ਵਿਲਕਦਾਂ ਹਾਂ ਜਿਨ੍ਹਾਂ ਦੇ ਦਰਸ਼ਨ ਕਰਦਾ ਹੋਇਆ ਭਾਈ ਮਤੀਦਾਸ ਆਰੇ ਨਾਲ ਦੋ ਫਾੜ ਹੁੰਦਾ ਹੋਇਆ ਵੀ ਥੱਕਦਾ ਤੇ ਅੱਕਦਾ ਨਹੀਂ ਹੈ। ਅੱਖਾਂ ਨਹੀਂ ਫਰਕਦਾ ਤੇ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਿਰੰਕਾਰੀ ਸਰੂਪ ਦੇ ਪਰਮ ਆਨੰਦ ਵਿੱਚ ਲੀਨ ਹੋ ਜਾਂਦਾ ਹੈ। ਇਸ ਤਰ੍ਹਾਂ ਲੀਨ ਹੋ ਜਾਂਦਾ ਹੈ ਜਿਸ ਤਰ੍ਹਾਂ ਪਾਣੀ, ਪਾਣੀ ਵਿੱਚ।
ਜਿਉ ਪਾਨੀ ਸੰਗਿ ਪਾਨੀ॥