ਖ਼ੁਦਾਈ ਤੇ ਸਫ਼ਾਈ ਦਾ ਮੇਲ (-ਬਾਬਾ ਨੰਦ ਸਿੰਘ ਜੀ ਮਹਾਰਾਜ)
ਸਾਡੇ ਘਰ ਵਿੱਚ ਇਕ ਮਹਿਮਾਨ ਦਾ ਸੁਆਗਤ ਅਤੇ ਆਉਭਗਤ ਉਸਦੇ ਸੰਬੰਧਾਂ ਅਤੇ ਰੁਤਬੇ ਦੇ ਅਨੁਰੂਪ ਹੁੰਦਾ ਹੈ। ਕਿਸੇ ਅਤਿ ਪਿਆਰੇ ਅਤੇ ਸਤਿਕਾਰਯੋਗ ਮਹਿਮਾਨ ਲਈ ਅਸੀਂ ਹਰ ਸੰਭਵ ਅਤੇ ਚੰਗਾ ਪ੍ਰਬੰਧ ਕਰਦੇ ਹਾਂ ਅਤੇ ਪੂਜਨੀਕ ਅਤਿਥੀ ਆਪਣੀ ਸ਼ਾਨ ਅਤੇ ਜ਼ਰੂਰਤ ਅਨੁਸਾਰ ਲੋੜੀਂ ਦੀਆਂ ਚੀਜਾਂ ਪ੍ਰਾਪਤ ਕਰਦੇ ਹਨ। ਉਸਦੀ ਰਿਹਾਇਸ਼ ਅਤੇ ਖਾਣ ਪੀਣ ਦਾ ਪ੍ਰਬੰਧ ਉਤੱਮ ਹੁੰਦਾ ਹੈ।
ਸਮਾਨਤਾ ਦੇ ਆਧਾਰ ਤੇ ਬਰਾਬਰ ਵਾਲਿਆਂ ਲਈ ਆਉਭਗਤ ਸਾਡੇ ਆਪਣੇ ਵਰਗੀ ਹੁੰਦੀ ਹੈ।
ਸੰਦੇਸ਼ਵਾਹਕਾਂ, ਨੌਕਰਾਂ ਅਤੇ ਬਾਕੀ ਕੰਮ ਕਰਨ ਵਾਲਿਆਂ ਲਈ ਇਹ ਵਰਤਾਉ ਤੁੱਛ ਪ੍ਰਕਾਰ ਦਾ ਹੁੰਦਾ ਹੈ, ਜਿਸ ਤਰ੍ਹਾਂ ਦੇ ਸਾਡੇ ਘਰ ਦੇ ਆਪਣੇ ਨੌਕਰਾਂ ਲਈ।
ਸਦੀਵੀ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਉਪਰੋਕਤ ਤਰੀਕਿਆਂ ਵਿੱਚੋਂ ਇਕ ਵਰਗਾ ਵਿਵਹਾਰ ਹੁੰਦਾ ਹੈ। ਅਧਿਕਤਰ ਘਰਾਂ ਵਿੱਚ ਅਤਿ ਪਿਆਰੇ ਅਤੇ ਸਨਮਾਨ ਯੋਗ ਸਤਿਗੁਰੂ ਜੀ ਨੂੰ ਨੌਕਰਾਂ ਦੇ ਕਮਰਿਆਂ, ਗੈਰਾਜਾਂ ਅਤੇ ਸਟੋਰਾਂ ਵਿੱਚ ਅਤੇ ਇਸੇ ਤਰ੍ਹਾਂ ਹੀ ਅਯੋਗ ਅਸਥਾਨਾਂ ਤੇ ਸ਼ਾਇਦ ਅਗਿਆਨਤਾ ਕਰਕੇ ਬਿਰਾਜਿਆ ਜਾਂਦਾ ਹੈ। ਬਹੁਤ ਸਾਰੇ ਘਰਾਂ ਵਿੱਚ ਗੁਰੂ ਨਾਲ ਸਮਾਨਤਾ ਦੇ ਆਧਾਰ ਤੇ ਵਰਤਾਉ ਕੀਤਾ ਜਾਂਦਾ ਹੈ। ਵਿਸ਼ੇਸ਼ ਅਵਸਥਾਵਾਂ ਵਿੱਚ ਗੁਰੂ ਦੀ ਸੇਵਾ, ਪੂਜਾ ਅਰਚਨਾ ਅਤਿ ਪਿਆਰੇ ਅਤੇ ਪੂਜਨੀਕ ਸਤਿਗੁਰੂ ਦੀ ਤਰ੍ਹਾਂ ਹੁੰਦੀ ਹੈ।
ਸਿੱਖ ਸੰਗਤ ਨੂੰ ਆਪਣੀ ਜੀਵ ਸ਼ਕਤੀ ਅਤੇ ਪ੍ਰਾਣ-ਸ਼ਕਤੀ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਗੁਰੂ ਦੀ ਪ੍ਰਤੱਖ ਹਾਜ਼ਰੀ ਸਿੱਖਾਂ ਦੇ ਮਨਾਂ ਵਿੱਚ ਅਥਾਹ ਆਦਰ ਪ੍ਰਦਾਨ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਗ੍ਰੰਥ ਨਹੀਂ ਬਲਕਿ ਇਕ ਜਿਉਂਦੇ ਜਾਗਦੇ ਬੋਲਦੇ ਗੁਰੂ ਹਨ। ਵੱਧ ਤੋਂ ਵੱਧ ਅਧਿਆਤਮਕ ਲਾਭ ਪ੍ਰਾਪਤ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਉੱਚ ਦਰਜੇ ਦਾ ਪਿਆਰ ਅਤੇ ਪ੍ਰਸ਼ੰਸਾ ਹਰ ਹਿਰਦੇ ਵਿੱਚ ਉਪਜਣੀ ਚਾਹੀਦੀ ਹੈ।
ਇਕ ਵਾਰ ਦੀਵਾਨ ਵਿੱਚ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਜਦੋਂ ਬੈਰਾਗਨ ਤੋਂ ਆਪਣਾ ਪਾਵਨ ਸੀਸ ਚੁੱਕਿਆ ਤੇ ਮੁਬਾਰਿਕ ਨੇਤਰ ਖੋਲ੍ਹੇ, ਸੰਗਤ ਵੱਲ ਮਿਹਰ ਦੀ ਨਜ਼ਰ ਨਾਲ ਤੱਕਿਆ। ਕੁਝ ਨਵੇਂ ਸਰਦਾਰ ਸੰਗਤ ਦੇ ਵਿੱਚ ਰਾਗੀਆਂ ਦੇ ਪਿੱਛੇ ਬੈਠੇ ਸਨ। ਇਕ ਸਵਾਲ ਉਨ੍ਹਾਂ ਨੂੰ ਪਾ ਦਿੱਤਾ। ਤੁਸੀਂ ਕਿੱਥੇ ਜਾਣਾ ਪਸੰਦ ਕਰੋਗੇ ਤੁਸੀਂ ਕਿੱਥੇ ਰਹਿਣਾ ਪਸੰਦ ਕਰੋਗੇ ? ਉਨ੍ਹਾਂ ਨੂੰ ਸਮਝ ਨਾ ਆਈ। ਬਾਬਾ ਜੀ ਨੇ ਫਿਰ ਅਪਣਾ ਸਵਾਲ ਦੁਹਰਾਇਆ ਤੁਸੀਂ ਕਿੱਥੇ ਰਹਿਣਾ ਪਸੰਦ ਕਰੋਗੇ, ਕਿੱਥੇ ਜਾਣਾ ਪਸੰਦ ਕਰੋਗੇ? ਉਹ ਫਿਰ ਵੀ ਨਾ ਸਮਝ ਸਕੇ ਤੇ ਚੁੱਪ ਦੇ ਚੁੱਪ ਹੀ ਰਹੇ। ਭਾਈ ਰਤਨ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਗਰੀਬ ਨਿਵਾਜ ਆਪ ਹੀ ਮਿਹਰ ਕਰੋ।
ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਸਰਦਾਰਾਂ ਵੱਲ ਤੱਕਦੇ ਹੋਏ ਫੁਰਮਾਇਆ ਕੇ ਤੁਸੀਂ ਉੱਥੇ ਹੀ ਜਾਉਗੇ ਜਿੱਥੇ ਕੋਈ ਤੁਹਾਨੂੰ ਸਤਿਕਾਰ ਨਾਲ ਲੈ ਕੇ ਜਾਏਗਾ। ਅੱਗੋਂ ਇਕ ਦੋ ਨੇ ਸਿਰ ਹਿਲਾਉਂਦੇ ਹੋਏ ਕਿਹਾ ਜੀ ਮਹਾਰਾਜ, ਤੇ ਉੱਥੇ ਹੀ ਰਹਿਣਾ ਪਸੰਦ ਕਰੋਗੇ ਜਿੱਥੇ ਕੋਈ ਪ੍ਰੇਮ ਤੇ ਸਤਿਕਾਰ ਨਾਲ ਰਖੇਗਾ। ਅੱਗੋਂ ਸਾਰਿਆਂ ਨੇ ਕਿਹਾ “ਜੀ” ਗਰੀਬ ਨਿਵਾਜ। ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਇਸ਼ਾਰਾ ਕਰਦੇ ਹੋਏ ਫੁਰਮਾਇਆ ਕਿ ਇਹੀ ਸੁਭਾਓ ਮੇਰੇ ਗੁਰੂ ਨਾਨਕ ਪਾਤਸ਼ਾਹ ਦਾ ਹੈ। ਉੱਥੇ ਹੀ ਜਾਂਦੇ ਹਨ ਜਿੱਥੇ ਕੋਈ ਸਤਿਕਾਰ ਨਾਲ ਲੈ ਜਾਵੇ ਉੱਥੇ ਹੀ ਰਹਿੰਦੇ ਹਨ, ਜਿੱਥੇ ਕੋਈ ਉਨ੍ਹਾਂ ਨੂੰ ਪੂਰੇ ਸਤਿਕਾਰ ਤੇ ਪ੍ਰੇਮ ਨਾਲ ਰੱਖੇ।