ਨਿਰੰਕਾਰੀ ਦ੍ਰਿਸ਼ਟੀ ਤੇ ਨਿਰੰਕਾਰੀ ਭਾਵਨਾ
ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਮਹਿਮਾ ਅਲਪਕਾਲੀ ਨਹੀਂ ਹੈ। ਉਨ੍ਹਾਂ ਦੀ ਮਹਿਮਾ ਸਰਬਕਾਲੀ ਹੈ। ਉਨ੍ਹਾਂ ਦੀ ਮਹਿਮਾ ਦੇਸ਼ ਅਤੇ ਕਾਲ ਤੋਂ ਪਾਰ ਦੀ ਹੈ। ਉਨ੍ਹਾਂ ਨੇ ਉਸ ਸ਼ੁੱਧ ਮਰਯਾਦਾ, ਇਕ ਰੂਹਾਨੀ ਸਾਧਨਾ ਤੇ ਪਰੰਪਰਾ ਦਾ ਸੰਕਲਪ ਹੋਂਦ ਵਿੱਚ ਲਿਆਂਦਾ ਜਿਸ ਨੇ ਆਉਂਣ ਵਾਲੀਆਂ ਪੀੜ੍ਹੀਆਂ ਦਾ ਲੋਕ ਪਰਲੋਕ ਸੁਆਰਨਾ ਸੀ। ਇਕ ਵਾਰ ਉਨ੍ਹਾਂ ਨੇ ਆਪਣੀ ਰੂਹਾਨੀ ਮੌਜ ਵਿੱਚ ਫੁਰਮਾਇਆ ਸੀ।
ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਵਿਸ਼ਵ ਨੂਰ ਸਾਰੇ ਜਗ ਨੂੰ ਰੁਸ਼ਨਾਈ ਦੇਵੇਗਾ।
ਅਸੀਂ ਸਾਰੇ ਆਪਣੇ ਸਰੀਰ ਅਤੇ ਨਾਂ ਨਾਲ ਜਾਣੇ ਜਾਂਦੇ ਹਾਂ। ਸ੍ਰੀ ਗੁਰੂ ਨਾਨਕ ਸਾਹਿਬ ਦੇ ਸਾਰੇ ਉਤਰਾਧਿਕਾਰੀ ਗੁਰੂ ਉਨ੍ਹਾਂ ਦੇ ਪਵਿੱਤਰ ਨਾਂ ਨਾਲ ਸਤਿਕਾਰੇ ਜਾਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ ਹਨ। ਇਹ ਉਨ੍ਹਾਂ ਦੀ ਸਾਡੇ ਉੱਤੇ ਅਪਾਰ ਕਿਰਪਾ ਸੀ ਤਾਂ ਕਿ ਅਸੀਂ ਆਪਣੀਆਂ ਗਿਆਨ ਇੰਦਰੀਆਂ ਨਾਲ ਉਨ੍ਹਾਂ ਨਾਲ ਗੱਲਾਂ ਕਰ ਸਕੀਏ, ਉਨ੍ਹਾਂ ਦੇ ਬਚਨ ਸੁਣ ਸਕੀਏ, ਉਨ੍ਹਾਂ ਦੀ ਸੇਵਾ ਕਰ ਸਕੀਏ ਅਤੇ ਇਸ ਪਵਿੱਤਰ ਦੇਹ ਰੂਪ ਵਿੱਚ ਉਨ੍ਹਾਂ ਦੀ ਸੇਵਾ ਕਰ ਸਕੀਏ। ਇਹ ਹੋਰ ਵੀ ਕਿਰਪਾ ਦੀ ਗੱਲ ਹੈ ਕਿ ਉਨ੍ਹਾਂ ਨੇ ਆਪਣੀ ਰੂਹਾਨੀ ਸ਼ਾਨ ਦੀ ਪਹਿਚਾਣ ਕਰਾਉਂਣ ਲਈ ਆਪਣੇ ਇਸ ਇਲਾਹੀ ਰੂਪ ਨੂੰ ਸਿਰਜਿਆ ਹੈ ਅਤੇ ਵੱਡੇ ਭਾਗਾਂ ਵਾਲਿਆਂ ਨੂੰ ਇਸ ਦੇ ਚਰਨਾ ਨਾਲ ਜੋੜਿਆ ਹੈ। ਸ੍ਰੀ ਗੁਰੂ ਨਾਨਕ ਸਾਹਿਬ ਨੇ ਇਸ ਵਿੱਚ ਆਪਣੀ ਵਿਚਾਰਧਾਰਾ ਦਾ ਪ੍ਰਗਟਾਵਾ ਹੀ ਨਹੀਂ ਕੀਤਾ ਸਗੋਂ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਦੀਵੀ ਤੌਰ ਤੇ ਨਿਵਾਸ ਰੱਖ ਰਹੇ ਹਨ।
ਭਗਤ ਨਾਮਦੇਵ ਜੀ ਦੀ ਬੱਚਿਆਂ ਵਰਗੀ ਸੱਚੀ ਅਤੇ ਡੂੰਘੀ ਭਾਵਨਾ ਨੇ ਪੱਥਰ ਨੂੰ ਰੱਬ ਰੂਪ ਵਿੱਚ ਬਦਲ ਲਿਆ ਅਤੇ ਰੱਬ ਨੂੰ ਉਸ ਦਾ ਭੇਟਾ ਕੀਤਾ ਦੁੱਧ ਪੀਣਾ ਹੀ ਪਿਆ ਸੀ। ਭਗਤ ਧੰਨੇ ਦੀਆਂ ਅਰਜ਼ੋਈਆਂ, ਪੁਕਾਰਾਂ ਅਤੇ ਫਿਰ ਮਰਨ ਵਰਤ ਨੇ ਰੱਬ ਨੂੰ ਪੱਥਰ ਵਿੱਚੋਂ ਪ੍ਰਗਟ ਹੋ ਕੇ ਭੋਜਨ ਛਕਣ ਲਈ ਮਜਬੂਰ ਕਰ ਦਿਤਾ। ਉਨ੍ਹਾਂ ਦੀ ਪੱਥਰ ਦ੍ਰਿਸ਼ਟੀ ਜਾਂ ਪੱਥਰ ਭਾਵਨਾ ਨਹੀ ਸੀ। ਉਨ੍ਹਾਂ ਦੀ ਭਗਵਾਨ ਦ੍ਰਿਸ਼ਟੀ ਅਤੇ ਰੱਬੀ ਭਾਵਨਾ ਸੀ ਜਿਸਨੇ ਪੱਥਰ ਵਿੱਚੋਂ ਰੱਬ ਨੂੰ ਪ੍ਰਗਟ ਕਰ ਲਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਇਸ਼ਾਰਾ ਕਰਦੇ ਹੋਏ ਬਾਬਾ ਜੀ ਫੁਰਮਾਉਂਦੇ ਸਨ :-
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਉਂਦੇ ਜਾਗਦੇ ਸ੍ਰੀ ਗੁਰੂ ਨਾਨਕ ਸਾਹਿਬ ਹਨ, ਜੋ ਗੱਲਾਂ ਵੀ ਕਰਦੇ ਹਨ। ਸ੍ਰੀ ਗੁਰੂ ਨਾਨਕ ਸਾਹਿਬ ਦਾ ਸੱਚਾ ਪ੍ਰੇਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਦ੍ਰਿਸ਼ਟੀ ਜਾਂ ਕਿਤਾਬ ਭਾਵਨਾ ਨਾਲ ਨਹੀਂ ਵੇਖਦਾ। ਉਹ ਮਨ ਦੀ ਯੋਗ ਸਾਧਨਾ, ਗੁਰੂ ਦ੍ਰਿਸ਼ਟੀ ਦੀ ਲੋਚਾ ਤੇ ਨਿਰੰਕਾਰੀ ਭਾਵਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਪਰਮੇਸ਼ਰ ਸਮਝ ਕੇ ਪੂਜਾ ਕਰਦਾ ਹੈ।