ਦਰਗਾਹੀ ਟਿਕਟ
ਆਪਣੇ ਮਹਾਨ ਰੂਹਾਨੀ ਰਹਿਬਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਨੂੰ ਪ੍ਰਚਾਰ ਕਰਨ ਦੇ ਮਿਲੇ ਰੂਹਾਨੀਆਂ ਆਦੇਸ਼ ਅਨੁਸਾਰ ਉਨ੍ਹਾਂ ਨੇ ਦੂਰ-ਦਰਾਜ਼ ਦੇ ਇਲਾਕਿਆਂ ਵਿੱਚ ਗੁਰੂ ਘਰ ਦੀ ਇਸ ਨਿਰਾਲੀ ਸ਼ਾਨ ਦਾ ਪ੍ਰਚਾਰ ਕੀਤਾ। ਉਨ੍ਹਾਂ ਨੇ ਮਨੁੱਖੀ ਸਮਰੱਥਾ ਦੀਆਂ ਹੱਦਾਂ ਲੰਘ ਕੇ ਇਸ ਇਲਾਹੀ ਸੰਦੇਸ਼ ਨੂੰ ਥਾਂ-ਥਾਂ ਪਹੁੰਚਾਇਆ।
ਉਨ੍ਹਾਂ ਨੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਨ ਵਡਿਆਈ ਦਾ ਪ੍ਰਚਾਰ ਕੀਤਾ ਅਤੇ ਬੜੇ ਆਲੀਸ਼ਾਨ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਸਲੀ ਸ਼ਾਨ ਨੂੰ ਪ੍ਰਤੱਖ ਗੁਰੂ ਨਾਨਕ ਸਾਹਿਬ ਦੀ ਦੇਹ ਹੋਣ ਦਾ ਜੱਸ ਗਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਪਾਰ ਬਖਸ਼ਿਸ਼ਾ ਹਨ। ਬਾਬਾ ਜੀ ਹੇਠ ਲਿਖੀ ਵਿਧੀ ਅਨੁਸਾਰ ਮਹੀਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਕੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਦਾ ਉਪਦੇਸ਼ ਦਿੰਦੇ ਸਨ:-
-
ਇਕ ਮਹੀਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਪੂਰਾ ਪਾਠ ਕਰਨਾ।
ਜਾਂ - ਇਕ ਮਹੀਨੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ 50 ਪਾਠ ਕਰਨੇ। ਦਿਨ ਵਿੱਚ ਦੋ ਵਾਰ ਸੁਖਮਨੀ ਸਾਹਿਬ ਦਾ ਪਾਠ ਕਰਨਾ।
ਜਾਂ - ਇਕ ਮਹੀਨੇ ਵਿੱਚ ਜਪੁਜੀ ਸਾਹਿਬ ਦੇ 250 ਪਾਠ ਕਰਨੇ। ਦਿਨ ਵਿੱਚ ਜਪੁਜੀ ਸਾਹਿਬ ਦੇ 10 ਪਾਠ ਕਰਨੇ।
ਜਾਂ - ਇਕ ਮਹੀਨੇ ਵਿੱਚ ਮੂਲ ਮੰਤਰ ੴ ਤੋਂ ਹੋਸੀ ਭੀ ਸਚੁ-ਤੱਕ) ਦੀਆਂ 180 ਮਾਲਾ (108 ਮਣਕਿਆਂ ਵਾਲੀ ਮਾਲਾ)। ਛੇ ਮਾਲਾ ਰੋਜ਼ ਕਰਨੀਆਂ।
ਜਾਂ - ਹਰ ਰੋਜ਼ ਗੁਰੁ ਮੰਤਰ “ਵਾਹਿਗੁਰੂ” ਦੀਆਂ 80 ਮਾਲਾ ਕਰਨੀਆਂ, ਇਕ ਮਣਕੇ ਨਾਲ 4 ਵਾਰ ਵਾਹਿਗੁਰੂ ਨਾਲ ਜਪਿਆ ਜਾਵੇ ਤਾਂ 20 ਮਾਲਾ ਕਰਨੀਆਂ।
ਜਾਂ - ਰੋਜ਼ਾਨਾ ਰਾਮ (ਨਾਮ) ਦੀਆਂ 160 ਮਾਲਾ ਕਰਨੀਆਂ, ਜੇ ਇਕ ਮਣਕੇ ਨਾਲ 4 ਵਾਰ ਰਾਮ ਕਿਹਾ ਜਾਵੇ ਤਾਂ 40 ਮਾਲਾ ਕਰਨੀਆਂ।
ਇਕ ਵਾਰ ਬਾਬਾ ਜੀ ਨੇ ਇਕ ਮੁਸਲਮਾਨ ਨੂੰ ਇਸੇ ਵਿਧੀ ਅਨੁਸਾਰ “ਅੱਲਾ”, ਸ਼ਬਦ ਦਾ ਅਭਿਆਸ ਕਰਨ ਦੀ ਪ੍ਰੇਰਨਾ ਦਿੱਤੀ ਸੀ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ, ਲੱਖਾਂ ਸ਼ਰਧਾਲੂਆਂ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ਾਰਾਂ ਲੱਖਾਂ ਪਾਠਾਂ ਦਾ ਪ੍ਰਸ਼ਾਦ ਵਰਤਾਇਆ, ਜੋ ਹੁਣ ਵੀ ਉਸੇ ਤਰ੍ਹਾਂ ਨਿਰਵਿਘਨ ਹੋ ਰਹੇ ਹਨ।
ਇੰਜ ਉਨ੍ਹਾਂ ਨੇ ਪੜ੍ਹੇ ਲਿਖੇ ਤੇ ਅਨਪੜ੍ਹਾਂ, ਵਿਦਵਾਨਾ ਤੇ ਮੂਰਖਾਂ, ਗਿਆਨੀਆਂ ਤੇ ਅਗਿਆਨੀਆਂ ਅਤੇ ਸਾਧਾਰਨ ਪੇਂਡੂ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਤੱਖ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਮਹਾਨ ਬਖਸ਼ਿਸ਼ਾਂ ਤੋਂ ਜਾਣੂ ਕਰਵਾ ਕੇ ਨਾਮ ਮਹਾਂ ਰਸ ਨਾਲ ਨਿਹਾਲ ਕੀਤਾ। ਸ਼ਰਧਾਲੂ ਜਨ ਇਸ ਸਰਲ ਵਿਧੀ ਰਾਹੀਂ ਅੰਮ੍ਰਿਤ ਨਾਮ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਦਾ ਜਸ ਗਾਉਂਣ ਲਗ ਪਏ।
ਉਨ੍ਹਾਂ ਦੇ ਪਵਿੱਤਰ ਜੀਵਨ ਦਾ ਇਹੀ ਪਰਮ ਉਦੇਸ਼ ਸੀ। ਉਨ੍ਹਾਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਨ ਵਡਿਆਈ ਅਤੇ ਅਲੌਕਿਕਤਾ ਤੋਂ ਪੂਰਨ ਰੂਪ ਵਿੱਚ ਜਾਗ੍ਰਤ ਕੀਤਾ। ਬਾਬਾ ਜੀ ਨੇ ਨਾਮ ਮਹਾਂ ਰਸ ਦੇ ਦੁਰਲੱਭ ਖ਼ਜ਼ਾਨੇ ਦੇ ਦਰਵਾਜ਼ੇ ਖੋਲ੍ਹ ਦਿੱਤੇ। ਇਹ ਵਿਧੀ ਬਹੁਤ ਸਰਲ ਸੀ ਅਤੇ ਸਾਧਾਰਨ ਪੇਂਡੂ ਲੋਕਾਂ ਨੇ ਵੀ ਇਸ ਨੂੰ ਆਸਾਨੀ ਨਾਲ ਸਮਝ ਕੇ ਨਾਮ ਦੀ ਕਮਾਈ ਕੀਤੀ। ਉਨ੍ਹਾਂ ਨੇ ਸੱਚ ਖੰਡ ਲਈ ਇਸ ਦਰਗਾਹੀ ਟਿਕਟ ਨੂੰ ਖੁਲ੍ਹੇਆਮ ਵੰਡਿਆ।
ਬਾਬਾ ਜੀ ਅਗਸਤ 1943 ਵਿੱਚ ਇਸ ਸੰਸਾਰ ਤੋਂ ਸਰੀਰਕ ਰੂਪ ਵਿੱਚ ਅਲੋਪ ਹੋ ਗਏ ਪਰ ਉਨ੍ਹਾਂ ਵਲੋਂ ਵੰਡੇ ਗਏ ਦਰਗਾਹੀ ਟਿਕਟ ਦੇ ਪ੍ਰਸ਼ਾਦ ਦਾ ਸਦਕਾ ਉਹ ਅਜੇ ਵੀ ਹਾਜ਼ਰ ਵਿੱਚਰ ਰਹੇ ਹਨ। 1947 ਦੀ ਵੰਡ ਸਮੇਂ ਲੱਖਾਂ ਸ਼ਰਨਾਰਥੀਆਂ ਨੂੰ ਆਪਣੇ ਰਖਵਾਲੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਸਦੀਵੀ ਹੋਂਦ ਦੇ ਨਾਲ ਇਸ ਦਰਗਾਹੀ ਟਿਕਟ-ਦਰਗਾਹੀ ਨਾਮ ਦੀਆਂ ਚਮਤਕਾਰੀ ਸ਼ਕਤੀਆਂ ਦਾ ਅਨੁਭਵ ਹੋਇਆ ਸੀ ਅਤੇ ਉਹ ਉਨ੍ਹਾਂ ਦੀ ਕਿਰਪਾ ਨਾਲ ਬਚੇ ਰਹੇ ਸਨ। ਉਨ੍ਹਾਂ ਵੱਲੋਂ ਵੰਡੇ ਗਏ ਨਾਮ ਦੀ ਇਹ ਅਨੋਖੀ ਸ਼ਕਤੀ ਸੀ।
ਜਿਨ੍ਹਾਂ ਦੇ ਪਾਸ ਇਹ ਅਨੋਖਾ ਪ੍ਰਸ਼ਾਦ-ਦਰਗਾਹੀ ਟਿਕਟ ਸੀ, ਉਹ ਮੌਤ ਦੇ ਅਤਿ ਭਿਆਨਕ, ਨੰਗੇ ਨਾਚ ਵਿੱਚੋਂ ਵੀ ਲੰਘ ਆਏ ਸਨ। ਉਨ੍ਹਾਂ ਵਿੱਚੋਂ ਕੋਈ ਵੀ ਵਿਅਕਤੀ ਜਖ਼ਮੀ ਨਹੀਂ ਸੀ ਹੋਇਆ ਅਤੇ ਨਾ ਹੀ ਕਿਸੇ ਦਾ ਨੁਕਸਾਨ ਹੋਇਆ। ਇਸ ਇਲਾਹੀ ਟਿਕਟ ਦੀ ਦਾਤ ਪ੍ਰਾਪਤ ਕਰਨ ਵਾਲਾ ਗ਼ੈਰਕੁਦਰਤੀ ਮੌਤ ਨਹੀਂ ਮਰਿਆ ਸੀ।
ਇਹ ਸਭ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਸੀ। ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਪ੍ਰਭੂ ਦਾ ਇਹ ਅਨੋਖਾ ਪ੍ਰਸ਼ਾਦ ਲੱਖਾਂ ਪ੍ਰਾਣੀਆਂ ਨੂੰ ਵਰਤਾਇਆ ਸੀ। ਗੁਰੁਮੰਤ੍ਰ ਮੂਲਮੰਤ੍ਰ, ਜਪੁਜੀ ਸਾਹਿਬ, ਸੁਖਮਨੀ ਸਾਹਿਬ ਅਤੇ ਰਾਮ ਨਾਮ ਦਾ ਅਨੋਖਾ ਪ੍ਰਸ਼ਾਦ ਵੰਡਣ ਦੇ ਨਾਲ ਨਾਲ, ਉਹ ਹਿੰਦੂਆਂ ਮੁਸਲਮਾਨਾਂ ਨੂੰ ਕ੍ਰਮਵਾਰ “ਸ੍ਰੀ ਮੱਦ ਭਾਗਵਤ ਗੀਤਾ” ਅਤੇ ਪਾਕ ਕੁਰਾਨ ਸ਼ਰੀਫ ਦੇ ਪਾਠ ਕਰਨ ਦਾ ਪ੍ਰਸ਼ਾਦ ਵੀ ਵੰਡਦੇ ਸਨ।
ਨਾਮ ਦੀ ਦਾਤ ਚੋਣਵੇਂ ਵਿਅਕਤੀਆਂ ਲਈ ਨਹੀਂ ਸੀ। ਇਹ ਦਾਤ ਗੁਰੂ ਘਰ ਦੀ ਮਰਯਾਦਾ ਅਨੁਸਾਰ ਜਾਤ-ਪਾਤ, ਧਰਮ ਅਤੇ ਰੰਗ-ਭੇਦ ਦੀ ਪਰਵਾਹ ਕੀਤੇ ਬਗ਼ੈਰ ਸਭ ਨੂੰ ਖੁੱਲ੍ਹੀ ਵੰਡੀ ਜਾਂਦੀ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾ ਦੇ ਪ੍ਰਚਾਰ ਸਦਕਾ ਸਾਧਾਰਨ ਸਿੱਧੇ ਸਾਧੇ ਪੇਂਡੂ ਲੋਕ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਮਤ ਪ੍ਰਾਪਤ ਕਰਨ ਅਤੇ ਰੂਹਾਨੀ ਸੰਤੋਖ ਦਾ ਰਹੱਸ ਅਨੁਭਵ ਕਰਨ ਲਗ ਪਏ। ਇਸ ਤਰ੍ਹਾਂ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਅਤੇ ਨਿੱਜੀ ਸੇਵਾ ਦੇ ਮਹਾਨ ਆਦਰਸ਼ਾਂ ਨੂੰ ਕਾਇਮ ਕੀਤਾ। ਬਾਬਾ ਜੀ ਨੇ ਲੱਖਾਂ ਹੀ ਅਨਪੜ੍ਹ ਲੋਕਾਂ ਨੂੰ ਸਰਲ ਵਿਧੀ ਰਾਹੀਂ ਆਤਮਕ ਪ੍ਰਾਪਤੀ ਕਰਨ ਦਾ ਮਾਰਗ ਦਰਸਾਇਆ। ਕਮਾਈ ਕਰਨ ਵਾਲੇ ਹੀ ਜਾਣਦੇ ਹਨ ਕਿ ਇਹ ਆਤਮਕ ਸਾਧਨਾ ਕਿੰਨੀ ਮਹਾਨ ਅਤੇ ਫ਼ਲਦਾਇਕ ਹੈ।