ਦਰਸ਼ਨ ਅਤੇ ਮਰਯਾਦਾ
ਬਾਬਾ ਜੀ ਨੇ ਇਕ ਵੱਖਰੀ ਮਰਯਾਦਾ, ਇਕ ਨਵੇਂ ਮਾਰਗ, ਇਕ ਵੱਖਰੀ ਸਾਧਨਾ ਅਤੇ ਪਰੰਪਰਾ ਨੂੰ ਕਾਇਮ ਕੀਤਾ। ਅਕਾਲ ਪੁਰਖ ਵੱਲੋਂ ਭੇਜੇ ਗਏ ਮਹਾਂਪੁਰਖ ਇਕ ਨਿਰਾਲਾ ਮਾਰਗ ਸਥਾਪਤ ਕਰਦੇ ਹਨ।
ਬਾਬਾ ਨੰਦ ਸਿੰਘ ਜੀ ਦੀ ਅਥਾਹ ਅਤੇ ਬੇਮਿਸਾਲ ਸ਼ਰਧਾ ਭਗਤੀ, ਜਿਸ ਨਾਲ ਉਨ੍ਹਾਂ ਦਾ ਸਮੁੱਚਾ ਜੀਵਨ ਭਰਿਆ ਪਿਆ ਹੈ, ਵਿੱਚੋਂਂ ਪ੍ਰਾਚੀਨ ਸ਼ੁੱਧ ਮਰਯਾਦਾ ਦਾ ਆਰੰਭ ਹੋਇਆ ਹੈ। ਉਨ੍ਹਾਂ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤੱਖ ਗੁਰੂ ਨਾਨਕ ਸਾਹਿਬ ਦੀ ਦੇਹ ਜਾਣ ਕੇ ਪੂਜਾ ਕਰਨ ਦੀ ਮਰਯਾਦਾ ਸ਼ੁਰੂ ਕੀਤੀ।
ਸ੍ਰੀ ਗੁਰੂ ਨਾਨਕ ਸਾਹਿਬ ਪ੍ਰਤੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਅਪਾਰ ਸ਼ਰਧਾ ਤੇ ਸਿੱਖ ਜੀਵਨ-ਜਾਚ ਵਿੱਚੋਂ ਅਤੇ ਰੂਹਾਨੀ ਆਨੰਦ ਪੈਦਾ ਕਰਨ ਵਾਲੀ ਮਰਯਾਦਾ ਵਿੱਚੋਂ ਰੂਹਾਨੀ ਪ੍ਰੇਮ ਝਲਕਾਰੇ ਮਾਰਦਾ ਹੈ। ਇਹ ਮਰਯਾਦਾ ਜਾਂ ਪੂਜਾ ਦਾ ਵਿਧਾਨ, ਇਸ ਮਹਾਨ ਰੱਬੀ ਸਰੂਪ ਦੀ ਇਲਾਹੀ-ਯੋਜਨਾ, ਮਹਾਂ ਵਿਵੇਕੀ ਯੋਜਨਾ ਨੂੰ ਸਪੱਸ਼ਟ ਕਰਦਾ ਹੈ। ਉਨ੍ਹਾਂ ਦਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੂਹਾਨੀ ਅਜ਼ਮਤ ਦਾ ਨਿਰਾਲਾ ਪ੍ਰਗਟਾਵਾ ਹੈ।
ਬਾਬਾ ਨੰਦ ਸਿੰਘ ਜੀ ਦੇ ਗੁਰੂ ਨਾਨਕ ਸਦੀਵੀ ਤੌਰ ਤੇ ਜਿਉਂਦੇ ਜਾਗਦੇ ਹਨ, ਉਹ ਅਮਰ ਹਨ, ਉਹ ਆਪਣੇ ਸ਼ਰਧਾਲੂਆਂ, ਸੇਵਕਾਂ, ਸੱਚੇ ਭਗਤਾਂ ਅਤੇ ਸਿਦਕਵਾਨਾਂ ਦੀ ਸ਼ਰਧਾ-ਪੂਜਾ ਨੂੰ ਪ੍ਰਤੱਖ ਪ੍ਰਵਾਨ ਕਰਦੇ ਹਨ।
ਬਾਰਾਂ ਸਾਲ ਦੀ ਨਿਰੰਤਰ ਘੋਰ ਤਪੱਸਿਆ ਤੇ ਆਤਮ-ਰਸ ਵਿੱਚ ਲੀਨ ਤਪੱਸਿਆ ਦਾ ਸਦਕਾ ਉਨ੍ਹਾਂ ਦੇ ਰੂਹਾਨੀ ਰਹਿਬਰ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਤੱਖ ਦਰਸ਼ਨਾ ਦੀ ਕਿਰਪਾ ਕੀਤੀ। ਜਦੋਂ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਆਪਣੇ ਪਵਿੱਤਰ ਹਿਰਦੇ ਦੀ ਇਬਾਦਤਗਾਹ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਕਰ ਲਿਆ ਤਾਂ ਫਿਰ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨੇ ਬਾਬਾ ਨੰਦ ਸਿੰਘ ਜੀ ਨੂੰ ਆਪਣੀ ਉੱਚੀ ਰੂਹਾਨੀ ਅਵਸਥਾ, ਮਿਹਰ, ਇਲਾਹੀ ਸ਼ਾਨ ਅਤੇ ਸਮਰਥਾ ਨਾਲ ਭਰਪੂਰ ਕਰ ਦਿੱਤਾ।
ਬਾਬਾ ਹਰਨਾਮ ਸਿੰਘ ਜੀ ਮਹਾਰਾਜ ਆਪ ਮਹਾਂ-ਪ੍ਰਕਾਸ਼ ਪਰਮ ਜੋਤ, ਅਮਰਪਦ ਨੂੰ ਪ੍ਰਾਪਤ ਸਨ ਅਤੇ ਉਹ ਮਹਾਂਪ੍ਰਕਾਸ਼ ਸਭ ਤੋਂ ਵੱਡੇ ਸਤਿਗੁਰੂ, ਗੁਰੂ ਨਾਨਕ ਸਾਹਿਬ ਵਿੱਚ ਲੀਨ ਸਨ। ਇਸ ਪ੍ਰਕਾਸ਼ ਦੇ ਸਾਹਮਣੇ ਹਜ਼ਾਰਾਂ ਸੂਰਜਾਂ ਦੀ ਰੋਸ਼ਨੀ ਮਧਮ ਪੈ ਜਾਂਦੀ ਹੈ। ਤਦ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨੇ ਬਾਬਾ ਨੰਦ ਸਿੰਘ ਜੀ ਨੂੰ ਆਪਣੇ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਜਾਗਤ ਜੋਤ ਸਰੂਪ ਦਾ ਧਿਆਨ ਧਰਨ ਲਈ ਕਿਹਾ। ਇਨ੍ਹਾਂ ਅਤਿ ਪਵਿੱਤਰ ਪਲਾਂ ਵਿੱਚ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨੇ ਸਾਰਾ ਰੱਬੀ ਨੂਰ ਤੇ ਤਾਣ ਬਾਬਾ ਨੰਦ ਸਿੰਘ ਜੀ ਮਹਾਰਾਜ ਨੂੰ ਬਖਸ਼ ਦਿੱਤਾ। ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਤਨ ਮਨ ਰੂਹਾਨੀਅਤ ਨਾਲ ਜਗ ਮਗਾ ਉੱਠਿਆ ਅਤੇ ਉਨ੍ਹਾਂ ਦਾ ਰੋਮ ਰੋਮ ਪ੍ਰਭੂ ਜੱਸ ਗਾਇਨ ਕਰ ਰਿਹਾ ਸੀ।
ਇਸ ਸੰਸਾਰ ਵਿੱਚ ਅੰਮ੍ਰਿਤ-ਨਾਮ ਦੀ ਛਹਿਬਰ ਲਾਉਂਣ ਅਤੇ ਇਲਾਹੀ ਬਖਸ਼ਿਸ਼ਾਂ ਅਤੇ ਸ਼ਕਤੀਆਂ ਲੈ ਕੇ ਆਉਣ ਵਾਲੇ ਮਹਾਂਪੁਰਖ ਵਿਰਲੇ ਹਨ। ਸ੍ਰੀ ਗੁਰੂ ਨਾਨਕ ਸਾਹਿਬ ਦੇ ਰੱਬੀ ਪ੍ਰਕਾਸ਼ ਨੂੰ ਪ੍ਰਾਪਤ ਬਾਬਾ ਨੰਦ ਸਿੰਘ ਜੀ ਮਹਾਰਾਜ ਸ਼ੁਕਰਾਨੇ ਵਿੱਚ ਆਪਣੇ ਰੂਹਾਨੀ ਰਹਿਬਰ ਦੇ ਚਰਨਾਂ ਤੇ ਢਹਿ ਪਏ। ਬਾਬਾ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਛੁਪੀ ਹੋਈ ਇਲਾਹੀ ਸ਼ਾਨ ਨੂੰ ਜਗਤ ਸਾਹਮਣੇ ਰੱਖਿਆ ਹੈ। ਅੱਜ ਦੁਨੀਆਂ ਦੇ ਲੱਖਾਂ ਲੋਕ, ਚਾਨਣ ਮੁਨਾਰੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੁਆਰਾ ਸ਼ੁਰੂ (ਚਲਾਈ) ਕੀਤੀ ਮਰਯਾਦਾ -ਰੋਸ਼ਨੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਮਤ ਦਰਿਆ ਵਾਂਙ ਵਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਮਤ ਮਾਨਣ ਲਈ ਲੱਖਾਂ ਲੋਕ ਉੱਮਡ ਉੱਮਡ ਆਏ। ਇਹ ਸਾਰੇ ਲੋਕ ਰੱਬੀ ਜਾਹੁ-ਜਲਾਲ ਵੱਲ ਖਿੱਚੇ ਚਲੇ ਆਉਂਦੇ ਸਨ। ਇਹ ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਰੂਹਾਨੀ ਪ੍ਰਤਾਪ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਰਤੀ ਨੂੰ ਨਿਤਨੇਮ ਦਾ ਹਿੱਸਾ ਬਣਾਇਆ ਗਿਆ। ਆਪਣੀ ਰੂਹਾਨੀ ਪਿਆਸ ਬੁਝਾਉਂਣ ਵਾਲੇ ਜਗਿਆਸੂਆਂ ਦੇ ਜੀਵਨ ਵਿੱਚ ਇਹ ਮਰਯਾਦਾ ਇਕ ਪਵਿੱਤਰ ਨਿਯਮ ਬਣ ਗਿਆ।
ਬਾਬਾ ਜੀ ਦਾ ਰੂਹਾਨੀ ਮਨੋਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਦੀ ਦੇਹ ਹੋਣ ਦਾ ਪ੍ਰਚਾਰ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦ੍ਰਿਸ਼ਟੀ ਅਤੇ ਗੁਰੂ ਭਾਵਨਾ ਨਾਲ ਵੇਖਣਾ ਤੇ ਇਸ ਦੀ ਪਹਿਲ ਤਾਜ਼ਗੀ ਦਾ ਜੱਸ ਗਾਉਂਣਾ ਸੀ। ਉਨ੍ਹਾਂ ਦਾ ਉਦੇਸ਼ ਉਸੇ ਵਿਸ਼ਵਾਸ ਵਿੱਚ ਵਾਧਾ ਕਰਨਾ ਸੀ ਜਿਸ ਨਾਲ ਸਾਡੇ ਵੱਡੇ-ਵਡੇਰਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਬਾਕੀ ਨੌ ਜੋਤਾਂ ਦੀ ਸੇਵਾ ਅਤੇ ਪੂਜਾ ਦੀ ਬੜੀ ਸ਼ਰਧਾ ਅਤੇ ਅਕੀਦਤ ਨਾਲ ਕਮਾਈ ਕੀਤੀ ਸੀ। ਉਨ੍ਹਾਂ ਨੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਅੰਮ੍ਰਿਤ ਬਾਣੀ ਦੀ ਉਪਯੋਗਤਾ ਅਤੇ ਪ੍ਰਮਾਣੀਕਤਾ ਦੇ ਵਿਸ਼ਵਾਸ ਵਿੱਚ ਵਾਧਾ ਕੀਤਾ। ਸ੍ਰੀ ਗੁਰੂ ਨਾਨਕ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੂਹਾਨੀ ਇਕ ਸੁਰਤਾ ਦੀ ਪੂਰਨ ਪਛਾਣ ਦੇ ਮਾਰਗ ਨੂੰ ਹੋਰ ਵਧੇਰੇ ਪਰਪੱਕ ਕੀਤਾ।
ਉਨ੍ਹਾਂ ਨੇ ਲੱਖਾਂ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰਨ ਸਤਿਕਾਰ, ਅਦਬ, ਭਰੋਸੇ ਅਤੇ ਸ਼ਰਧਾ ਵਿੱਚ ਵਾਧਾ ਕੀਤਾ। ਉਨ੍ਹਾਂ ਨੇ ਲੱਖਾਂ ਭੁੱਲੀਆਂ ਭਟਕਦੀਆਂ ਰੂਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਅਤੇ ਉਨ੍ਹਾਂ ਨੂੰ ਇਸ ਭਵਜਲ ਸੰਸਾਰ ਵਿੱਚ ਡੁੱਬਣ ਤੋਂ ਬਚਾਇਆ।