ਨਿਸ਼ਕਾਮ ਭਾਵਨਾ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਨ ਭਰੋਸਾ ਅਤੇ ਭੈ-ਭਾਓ ਵਾਲੀ ਸੇਵਾ, ਪ੍ਰੇਮ, ਸਤਿਕਾਰ ਅਤੇ ਪੂਜਾ ਇਸ ਪਵਿੱਤਰ ਮਰਯਾਦਾ, ਪਰੰਪਰਾ ਅਤੇ ਸਾਧਨਾ ਦੀ ਜਿੰਦ ਜਾਨ ਹੈ।
ਬਾਲ ਅਵਸਥਾ ਤੋਂ ਉਨ੍ਹਾਂ ਦੀ ਟੇਕ ਸ੍ਰੀ ਗੁਰੂ ਨਾਨਕ ਸਾਹਿਬ ਉਪਰ ਸੀ। ਉਨ੍ਹਾਂ ਦੇ ਜੀਵਨ ਦਾ ਹਰ ਪਲ ਤੇ ਹਰ ਸਵਾਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਮਰਨ ਵਿੱਚ ਬੀਤਦਾ ਸੀ। ਬਾਬਾ ਜੀ ਸਦਾ ਹੀ ਨਿਰਲੇਪ ਅਵਸਥਾ ਵਿੱਚ ਰਹਿੰਦੇ ਸਨ।
ਬਾਬਾ ਜੀ ਵਰਗੇ ਮਹਾਂਪੁਰਖ ਸੰਸਾਰ ਵਿੱਚ ਵਿਰਲੇ ਹੀ ਹੋਏ ਹਨ ਜਿਹੜੇ ਪੂਰਨ ਤੌਰ ਤੇ ਨਿਸ਼ਕਾਮ ਸਨ। ਉਨ੍ਹਾਂ ਨੂੰ ਕਿਸੇ ਵੀ ਸੰਸਾਰੀ ਚੀਜ਼ ਨਾਲ ਮੋਹ ਨਹੀਂ ਸੀ। ਬਾਬਾ ਜੀ ਦੁਆਰਾ ਸ਼ੁੱਧ ਮਰਯਾਦਾ ਦੀ ਸਥਾਪਨਾ ਸਭ ਤੋਂ ਸ਼੍ਰੋਮਣੀ ਹੈ। ਉਨ੍ਹਾਂ ਦੀ ਕਾਇਮ ਕੀਤੀ ਧਾਰਮਕ ਮਰਯਾਦਾ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਪ੍ਰੇਮ ਦਾ ਇਕ ਵਿਸ਼ੇਸ਼ ਅਨੂਠਾਪਣ ਹੈ। ਉਹ ਮਰਯਾਦਾ ਸਾਨੂੰ ਸੱਚੀ ਭਗਤੀ ਅਤੇ ਸ਼ਰਧਾ ਵਾਲੀ ਪ੍ਰੇਮਾ-ਭਗਤੀ ਦੀਆਂ ਉੱਚੀਆਂ ਅਵਸਥਾਵਾਂ ਵਿੱਚ ਲੈ ਜਾਂਦੀ ਹੈ। ਪ੍ਰੇਮਾ ਭਗਤੀ ਦੀ ਇਹ ਸ਼ੁੱਧ ਮਰਯਾਦਾ ਸੱਚੇ ਸ਼ੰਕਾਂ ਰਹਿਤ ਭਰੋਸੇ, ਸੱਚੇ ਪ੍ਰੇਮ ਅਤੇ ਨਿਸ਼ਕਾਮ ਭਾਵਨਾਵਾਂ ਨਾਲ ਭਰਪੂਰ ਹੈ।