ਪ੍ਰੇਮਾ ਭਗਤੀ
ਭਗਤੀ ਦੋ ਪ੍ਰਕਾਰ ਦੀ ਹੁੰਦੀ ਹੈ।
ਇਕ ਮਰਯਾਦਾ ਭਗਤੀ ਅਤੇ ਦੂਜੀ ਪ੍ਰੇਮਾ ਭਗਤੀ। ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ (ਪ੍ਰਤੱਖ ਗੁਰੂ ਨਾਨਕ ਪਾਤਸ਼ਾਹ) ਨਾਲ ਸਿਖਰ ਦਾ ਪ੍ਰੇਮ ਕੀਤਾ ਹੈ। ਉਨ੍ਹਾਂ ਦਾ ਇਹ ਪ੍ਰੇਮ ਹੀ ਸੂਰਜ ਵਾਂਗ ਇਕ ਮਰਯਾਦਾ ਬਣ ਕੇ ਚਮਕ ਰਿਹਾ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਦੀ ਮਰਯਾਦਾ ਵਿੱਚ ਰੰਗੇ ਹੋਏ ਪ੍ਰੇਮੀ ਮਰਯਾਦਾ ਦੀ ਹਰੇਕ ਲਹਿਰ ਤੋਂ ਅਲੌਕਿਕ ਪ੍ਰੇਮ ਦੇ ਹੁਲਾਰੇ ਮਾਣਦੇ ਹਨ।ਜਿਸ ਵਕਤ ਦਾਸ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਮਰਯਾਦਾ ਬਾਰੇ ਲਿਖਣਾ ਸ਼ੁਰੂ ਕੀਤਾ, ਉਸ ਵਕਤ ਦਇਆ ਦੇ ਦਾਤੇ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨੇ ਦ੍ਰਿਸ਼ਟੀ ਦੇ ਕੇ ਇਹ ਰੋਸ਼ਨੀ ਪਾਈ।
ਬਾਬਾ ਨੰਦ ਸਿੰਘ ਜੀ ਮਹਾਰਾਜ ਆਪਣੀ ਬਾਲ ਅਵਸਥਾ ਤੋਂ ਹੀ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਥਾਹ ਨਿਸ਼ਚਾ ਅਤੇ ਸ਼ਰਧਾ ਰੱਖਦੇ ਸਨ। ਇਸ ਸਾਧਨਾ ਸਦਕਾ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨ-ਕਮਲਾਂ ਦੀ ਪੂਜਾ, ਸ਼ਰਧਾ, ਸਤਿਕਾਰ ਅਤੇ ਤਨ-ਮਨ ਅਰਪਣ ਦੀ ਵਿਲੱਖਣ ਮਰਯਾਦਾ ਦੇ ਸਦੀਵੀ ਚਾਨਣ ਦੇ ਪਦ ਨੂੰ ਪ੍ਰਾਪਤ ਕੀਤਾ ਹੋਇਆ ਸੀ। ਇਸ ਵਿਲੱਖਣ ਮਰਯਾਦਾ ਤੋਂ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਪ੍ਰੇਮਾ ਭਗਤੀ ਦੀ ਖ਼ੁਸ਼ਬੋ ਫੈਲਦੀ ਹੈ। ਜਗਿਆਸੂ ਜਨ ਬਾਬਾ ਜੀ ਅਤੇ ਉਨ੍ਹਾਂ ਦੇ ਪ੍ਰਭੂ-ਪ੍ਰੀਤਮ ਗੁਰੂ ਨਾਨਕ ਸਾਹਿਬ ਦੀਆਂ ਮਿਹਰਾਂ ਦਾ ਆਨੰਦ ਮਾਣਦੇ ਹਨ।
ਬਾਬਾ ਨੰਦ ਸਿੰਘ ਜੀ ਮਹਾਰਾਜ ਦੁਆਰਾ ਚਲਾਈ ਸ਼ੁਧ ਮਰਯਾਦਾ ਕੋਈ ਕੋਰਾ ਕਰਮ-ਕਾਂਡ ਨਹੀਂ ਹੈ। ਇਸ ਮਰਯਾਦਾ ਵਿੱਚ ਸਿੱਖ, ਜਗਿਆਸੂ ਸ੍ਰੀ ਗੁਰੂ ਨਾਨਕ ਸਾਹਿਬ ਦੀ ਪ੍ਰਤੱਖ ਹਜ਼ੂਰੀ ਵਿੱਚ ਬੈਠਾ ਅਨੁਭਵ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਪੂਜਾ ਤੇ ਸ਼ਰਧਾ ਵਿੱਚ ਗੁਜ਼ਾਰੀ ਕਿਸੇ ਘੜੀ ਦਾ ਬੇਅੰਤ ਫ਼ਲ ਮਿਲਦਾ ਹੈ। ਮੇਰਾ ਇਹ ਤੁੱਛ ਨਿੱਜੀ ਤਜਰਬਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਜ਼ਾਰੀਆਂ ਕੁਝ ਘੜੀਆਂ ਕਦੇ ਅਜਾਈ ਨਹੀਂ ਜਾਂਦੀਆਂ ਅਤੇ ਸਾਡੇ ਪਿਆਰੇ ਗੁਰੂ ਨਾਨਕ ਸਾਹਿਬ ਸਾਨੂੰ ਅਣਡਿੱਠ ਨਹੀਂ ਕਰਦੇ, ਉਹ ਜ਼ਰੂਰ ਬਹੁੜੀ ਕਰਦੇ ਹਨ।
ਪ੍ਰੇਮ ਦੇ ਨਾਲ ਸੱਚੀ ਭਗਤੀ ਸ਼ੁਰੂ ਹੁੰਦੀ ਹੈ।
ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਵਾਰ ਸਮਝਾਇਆ ਸੀ ਕਿ ਭਗਤੀ ਨੌ ਕਿਸਮ ਦੀ ਹੈ। ਰੂਹਾਨੀ ਮਹਾਨਤਾ ਦੇ ਬਚਨ ਸੁਣਨੇ, ਕੀਰਤਨ ਕਰਨਾ, ਸੇਵਾ, ਨਾਮ ਸਿਮਰਨ ਆਦਿ ਆਦਿ। ਪਰ ਪੂਰੇ ਪ੍ਰੇਮ ਤੇ ਸ਼ਰਧਾ ਨਾਲ ਕੀਤੀ ਗਈ ਭਗਤੀ ਹੀ ਪਰਵਾਨ ਹੁੰਦੀ ਹੈ। ਸੱਚੀ ਪ੍ਰੇਮਾ ਭਗਤੀ ਡੂੰਘਾ ਨਿਸ਼ਚਾ ਅਤੇ ਪ੍ਰਬਲ ਇੱਛਾ ਤੋਂ ਬਗ਼ੈਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ।