ਦੁਖੁ ਦਾਰੂ ਸੁਖੁ ਰੋਗੁ ਭਇਆ
In Suffering,
The Ego Melts Away
ਦੁੱਖ, ਨਾ ਦਿਖਾਈ ਦੇਣ ਵਾਲਾ ਵਰਦਾਨ ਹੈ ਕਿਉਂਕਿ ਦੁੱਖ ਵਿੱਚ ਇਨਸਾਨ ਦਾ ਮਨ ਇਕ ਦਮ ਪਰਮਾਤਮਾ ਵੱਲ ਲੱਗ ਜਾਂਦਾ ਹੈ ਅਤੇ ਉਸ ਦੀ ਦਇਆ ਦੀ ਕਾਮਨਾ ਕਰਦਾ ਹੈ । ਮੁਸੀਬਤ ਹਰੇਕ ਉੱਤੇ ਆਉਂਦੀ ਹੈ, ਮੁਸੀਬਤ ਵਿੱਚ ਪਰਮਾਤਮਾ ਨੂੰ ਸਭ ਤੋਂ ਵਧ ਯਾਦ ਕੀਤਾ ਜਾਂਦਾ ਹੈ । ਦੁੱਖ ਸਾਨੂੰ ਸਹਿਨਸ਼ੀਲਤਾ, ਤਪੱਸਿਆ ਅਤੇ ਨਿਮਰਤਾ ਸਿਖਾਉਂਦਾ ਹੈ । ਇਹ ਸਾਨੂੰ ਪਰਮਾਤਮਾ ਦੇ ਭਾਣੇ ਨੂੰ ਸਬਰ ਸੰਤੋਖ ਨਾਲ ਮੰਨਣਾ ਸਿਖਾਉਂਦਾ ਹੈ । ਦੁੱਖ ਵਿੱਚ ਇਨਸਾਨ ਕਈ ਤਰ੍ਹਾਂ ਦੇ ਰੱਬੀ ਗੁਣਾਂ ਦਾ ਵਿਕਾਸ ਕਰ ਸਕਦਾ ਹੈ।
ਅਸੀਂ ਪਰਮਾਤਮਾ ਨੂੰ ਦੁੱਖ, ਤਕਲੀਫ ਅਤੇ ਮੁਸੀਬਤ ਦੇ ਸੰਜੀਦਾ ਪਲਾਂ ਵਿੱਚ ਸਭ ਤੋਂ ਵਧ ਯਾਦ ਕਰਦੇ ਹਾਂ । ਜਲਦੀਆਂ ਹੋਈਆਂ ਚਿਤਾਵਾਂ ਦੇ ਕੋਲ ਅਸੀਂ ਪਰਮਾਤਮਾ ਅਤੇ ਮੌਤ ਦੀ ਸਚਾਈ ਨੂੰ ਅਤਿ ਨੇੜਿਉਂ ਅਤੇ ਸਹੀ ਤਰੀਕੇ ਨਾਲ ਜਾਣਨ ਦਾ ਯਤਨ ਕਰਦੇ ਹਾਂ ।
ਦੁੱਖ ਇਨਸਾਨ ਨੂੰ ਕੀਤੇ ਹੋਏ ਪਾਪਾਂ ਤੇ ਗੁਨਾਹਾਂ ਦਾ ਭੁਗਤਾਨ ਕਰਾ ਦਿੰਦੇ ਹਨ ।
ਕੋਈ ਵੀ ਇਨਸਾਨ ਆਪਣੀ ਮਰਜ਼ੀ ਨਾਲ ਇਸ ਦੁਨੀਆਂ ਤੇ ਨਹੀਂ ਆਇਆ । ਜਿੰਨੀ ਜਲਦੀ ਇਨਸਾਨ ਇਸ ਰਹੱਸ ਨੂੰ ਸਮਝ ਜਾਵੇ ਕਿ ਸਾਰੇ ਬ੍ਰਹਿਮੰਡ ਨੂੰ ਚਲਾਉਣ ਵਾਲਾ ਨਿਯੰਤ੍ਰਕ (ਸੰਚਾਲਕ) ਉਹ ਸਰਬ ਸ਼ਕਤੀਮਾਨ ਹੈ, ਇਹ ਇਨਸਾਨ ਲਈ ਉਨ੍ਹਾਂ ਹੀ ਚੰਗਾ ਹੈ । ਪਰਮਾਤਮਾ ਦੀ ਰਜ਼ਾ ਵਿੱਚ ਦੁਖੀ ਵਿਅਕਤੀ ਨੂੰ 'ਮਾਇਆ' ਦਾ ਅਸਲੀ ਰੂਪ ਨਜ਼ਰ ਆ ਜਾਂਦਾ ਹੈ । ਇਸ ਤਰ੍ਹਾਂ ਉਸ ਨੂੰ ਨਾਸ਼ਵਾਨ ਸਰੀਰ ਅਤੇ ਜੀਵਨ ਦੀ ਸੱਚੀ ਪ੍ਰਕ੍ਰਿਤੀ ਦ੍ਰਿਸ਼ਟੀਗੋਚਰ ਹੋ ਜਾਂਦੀ ਹੈ ਅਤੇ ਉਸ ਦਾ ਮਨ ਪਰਮਾਤਮਾ ਵੱਲ ਮੁੜ ਜਾਂਦਾ ਹੈ । ਇਹ ਦੁੱਖੀ ਜੀਵਾਂ ਲਈ ਦਇਆ ਦੀ ਭਾਵਨਾ ਪੈਦਾ ਕਰਦਾ ਹੈ ।