ਸੱਚੀ ਅਰਦਾਸ (ਸੱਚਾ ਸਿਮਰਨ)
there is only the worshipped.
ਸੱਚੀ ਅਰਦਾਸ ਇਕ ਅਜਿਹੀ ਇਲਾਹੀ ਨਦੀ ਹੈ ਜਿੱਥੋਂ ਸਿੱਖ ਦੇ ਨਿਮਰ ਅਤੇ ਬਿਹਬਲ ਹਿਰਦੇ ਵਿੱਚੋਂ ਪਿਆਰੇ ਸਤਿਗੁਰ ਜੀ ਦੇ ਚਰਨ-ਕਮਲਾਂ ਵਾਸਤੇ, ਪਿਆਰੇ ਬਾਬਾ ਜੀ ਵਾਸਤੇ ਪ੍ਰੇਮ ਦਾ ਇਕ ਸ਼ਕਤੀਸ਼ਾਲੀ ਪ੍ਰਵਾਹ ਚਲਦਾ ਹੈ। ਇਕ ਸੱਚੇ ਹਿਰਦੇ ਨਾਲ ਕੀਤੀ ਅਰਦਾਸ ਆਪਣੇ ਪਿਆਰੇ ਸਤਿਗੁਰ ਨਾਲ ਪਿਆਰ ਦੇ ਸੱਚੇ ਰਿਸ਼ਤੇ ਦੀ ਪੀਡੀਗੰਢ ਪਾਉਂਦੀ ਹੈ। ਸੱਚੇ ਦਿਲ ਨਾਲ ਕੀਤੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ। ਇਹ ਅਰਦਾਸ ਸਦਾ ਪੂਰੀ ਹੁੰਦੀ ਹੈ।
ਸੱਚੀ ਅਰਦਾਸ ਸਤਿਗੁਰੂ ਜੀ ਦੇ ਚਰਨਾਂ ਵਿੱਚ ਪੂਰਨ ਸਮਰਪਣ ਅਤੇ ਪੂਰਨ ਅਧੀਨਗੀ ਦੀ ਪ੍ਰਕ੍ਰਿਆ ਹੈ। ਇਹ ਹਿਰਦੇ ਦੀ ਪੂਰਨ ਹਲੀਮੀ ਵਿੱਚੋਂ ਨਿਕਲਦੀ ਹੈ। “ਮੈਂ” ਅਤੇ “ਹਉਮੈ” ਮਰ ਜਾਂਦੀ ਹੈ। ਆਪਣੀ “ਕੁਝ ਹੋਣ” ਦੀ ਹੋਂਦ ਭੁੱਲ ਜਾਂਦੀ। ਗਰੀਬੀ, ਆਜ਼ਜ਼ੀ ਅਤੇ ਮਸਕੀਨਤਾ ਭਾਰੂ ਹੋ ਜਾਂਦੀ ਹੈ। ਹਉਮੈ ਦੀ ਪੂਰਨ ਅਣਹੋਂਦ ਨਾਲ ਇਕ ਸਿੱਧਾ ਰੱਬੀ ਪ੍ਰਵਾਹ ਚਲ ਪੈਂਦਾ ਹੈ। ਇਸ ਪ੍ਰਵਾਹ ਵਿੱਚ ਤ੍ਰਿਖਾਵੰਤ ਆਤਮਾ ਨੂੰ ਰੂਹਾਨੀ ਮਿਹਰ, ਬਖਸ਼ਿਸ਼ ਅਤੇ ਸ਼ਾਂਤੀ ਮਿਲਦੀ ਹੈ। ਜਿੰਨੀ ਵਧੇਰੇ ਨਿਮਰਤਾ ਹੋਵੇਗੀ ਓਨੀ ਹੀ ਵਧੇਰੇ ਇਸ ਪ੍ਰਵਾਹ ਦੀ ਸ਼ਕਤੀ ਹੋਵੇਗੀ। ਅਰਦਾਸ ਦੀ ਇਸ ਪ੍ਰਕ੍ਰਿਆ ਵਿੱਚ ਇਕ ਸੱਚਾ ਸਿੱਖ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਂਦਾ ਹੈ। ਉਸ ਨੂੰ ਮਨਵਾਂਛਤ ਫ਼ਲ ਪ੍ਰਾਪਤ ਹੋ ਜਾਂਦੇ ਹਨ। ਉਸ ਦੀਆਂ ਸਾਰੀਆਂ ਸੋਚਾਂ ਤੇ ਇਛਾਵਾਂ ਖ਼ਤਮ ਹੋ ਜਾਂਦੀਆਂ ਹਨ। ਉਹ ਕੇਵਲ ਸਤਿਗੁਰੂ ਜੀ ਦੀ ਹਜ਼ੂਰੀ ਹੀ ਚਾਹੁੰਦਾ ਹੈ। ਫਿਰ ਉਹ ਸੰਸਾਰਕ ਸੁੱਖਾਂ ਅਤੇ ਪਦਾਰਥਾ ਬਾਰੇ ਕਦੇ ਅਰਦਾਸ ਨਹੀਂ ਕਰਦਾ।
ਹਉਂਮੈ ਦੀ ਗ਼ੈਰਹਾਜ਼ਰੀ ਵਿੱਚ ਸੱਚਾ ਆਨੰਦ ਪ੍ਰਾਪਤ ਹੁੰਦਾ ਹੈ। ਇਹ ਸੱਚਾ ਆਨੰਦ ਗੁਰੂ ਦੇ ਚਰਨ-ਕਮਲਾਂ ਵਿੱਚ ਹਉਮੈ ਦਾ ਪੂਰਨ ਤਿਆਗ ਕਰਨ ਨਾਲ ਪੈਦਾ ਹੋਏ ਖਲਾਅ ਨੂੰ ਰੂਹਾਨੀਅਤ ਨਾਲ ਭਰਦਾ ਹੈ। ਹਉਂਮੈ ਤਿਆਗ ਦੇਣ ਨਾਲ ਹੋਰ ਕੋਈ ਮੰਗ ਹੀ ਨਹੀਂ ਰਹਿੰਦੀ, ਸਾਰੀਆਂ ਇਛਾਵਾਂ ਮਿੱਟ ਜਾਂਦੀਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਦਾ ਮਿੱਠਾ ਭਾਣਾ ਅਤੇ ਨਾਮ ਤਨ ਮਨ ਅੰਦਰ ਵਸ ਜਾਂਦਾ ਹੈ।
ਪਦਾਰਥਕ ਲੋਭ-ਲਾਲਚ ਦੀਆਂ ਇਛਾਵਾਂ ਖਾਤਰ ਪਵਿੱਤਰ ਅਰਦਾਸ ਨੂੰ ਦੂਸ਼ਿਤ ਨਹੀਂ ਕਰਨਾ ਚਾਹੀਦਾ। ਅਰਦਾਸ ਵਿੱਚ ਵਪਾਰਕ ਪ੍ਰਾਪਤੀਆਂ ਦੀ ਲੋਚਾ ਜਾਂ ਲਾਭ ਹਾਨ ਦਾ ਧਿਆਨ ਤੇ ਇੱਛਾ ਨਹੀਂ ਹੋਣੀ ਚਾਹੀਦੀ।
ਨਿਸ਼ਚੇ ਹੀ ਪਰਮਾਤਮਾ ਨੂੰ ਧਨ ਅਤੇ ਹੋਰ ਪਦਾਰਥਾਂ ਦੀ ਲੋੜ ਨਹੀਂ - ਉਹ ਤਾਂ ਇਹ ਦਾਤਾਂ ਵੰਡਦਾ ਹੈ।