ਨਾਮ ਦੀ ਜੋਤ
ਸਾਧ ਸੰਗਤ ਜੀ, ਅੱਗੇ ਵੱਧਣ ਤੋਂ ਪਹਿਲੋਂ ਆਪਾਂ ਥੋੜ੍ਹੀ ਜਿਹੀ ਪਿੱਛੇ ਨਜ਼ਰ ਮਾਰ ਲਈਏ। ਆਪਾਂ ਬਾਬਾ ਨੰਦ ਸਿੰਘ ਸਾਹਿਬ ਦੀ ਉਸ ਨਿਮਰਤਾ ਤੇ ਗਰੀਬੀ ਦੇ ਵਿੱਚ ਉਨ੍ਹਾਂ ਦੀ ਉਹ ਨੂਰੀ ਬਾਲ-ਲੀਲ੍ਹਾ ਦੇ ਝਲਕ ਮਾਤਰ ਪਹਿਲਾਂ ਪੜ੍ਹ ਚੁੱਕੇ ਹਾਂ। ਫਿਰ ਉਸੇ ਹੀ ਨਿਮਰਤਾ ਤੇ ਗਰੀਬੀ ਦੇ ਪ੍ਰਕਾਸ਼ ਵਿੱਚ ਉਨ੍ਹਾਂ ਦੇ ਅੰਮ੍ਰਿਤ ਮਈ ਜੀਵਨ ਦੇ ਕੁੱਛ ਪੂਰਨੇ ਉਹ ਵੀ ਆਪਾਂ ਝਲਕ ਮਾਤਰ ਪਹਿਲਾਂ ਪੜ੍ਹ ਚੁੱਕੇ ਹਾਂ। ਪਰ ਇਹ ਕੁਦਰਤਨ ਦਿਲ ਵਿੱਚ ਚਾਉ ਉੱਠਦਾ ਹੈ ਤੇ ਫਿਰ ਜਿਸ ਤਰ੍ਹਾਂ ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ
ਨਿਮਰਤਾ ਤੇ ਗਰੀਬੀ ਨਾਲ ਨਿਰੰਕਾਰ ਨੂੰ ਜਿੱਤਿਆ ਜਾ ਸਕਦਾ ਹੈ। ਜਿੱਥੇ ਉਹ ਜੇਤੂ ਨਿਮਰਤਾ ਤੇ ਗਰੀਬੀ ਦੇ ਪ੍ਰਕਾਸ਼ ਵਿੱਚ ਨਿਰੰਕਾਰ ਨੂੰ ਸਾਕਾਰ ਸਰੂਪ ਵਿੱਚ ਉਤਾਰ ਕੇ ਬੈਠਾ ਹੋਵੇ ਜਿੱਥੇ ਉਸ ਨਿਮਰਤਾ ਤੇ ਗਰੀਬੀ ਦੇ ਪ੍ਰਕਾਸ਼ ਨਾਲ ਸਤਿਗੁਰੂ ਨੂੰ ਪ੍ਰਾਪਤ ਕਰੀ ਬੈਠਾ ਹੋਵੇ, ਜਿੱਥੇ ਉਹ ਨਾਮ ਦੀ ਜੋਤ ਜਗਾਈ ਬੈਠਾ ਹੈ ਤੇ "ਨਾਮ ਦੀ ਜੋਤ" ਜਗਦੀ ਰੱਖੀ ਹੈ ਅਤੇ ਉਸ ਪ੍ਰਕਾਸ਼ ਦੇ ਨਾਲ ਉਹ ਸਾਰਾ ਵਾਤਾਵਰਨ ਮਹਿਕ ਰਿਹਾ ਹੋਵੇ ਸਾਧ ਸੰਗਤ ਜੀ ! ਫਿਰ ਕਿਹਦਾ ਦਿਲ ਨਹੀਂ ਕਰੇਗਾ ਸਾਹਿਬ ਦੇ ਉਸ ਧਾਮ ਦੇ, ਸਾਹਿਬ ਦੇ ਉਸ ਦੇਸ਼ ਦੇ, ਸਾਹਿਬ ਦੇ ਉਸ ਲੋਕ ਦੇ, ਸਾਹਿਬ ਦੇ ਉਸ ਸੁਹਾਵੇ ਥਾਨ ਦੇ ਜੇ ਦਰਸ਼ਨ ਨਸੀਬ ਹੋ ਜਾਣ।
ਸਾਧ ਸੰਗਤ ਜੀ ਇਸ ਘੋਰ ਅੰਧਕਾਰ ਕਲਿਜੁਗ ਦੇ ਵਿੱਚ, ਉਹ ਵੀ ਇਸ ਮਾਇਆ ਦੇ ਸੰਸਾਰ ਤੋਂ ਬਿਲਕੁਲ ਬਾਹਰ, ਅਲਹਿਦਾ, ਜੋ ਕੁਝ ਡਿੱਠਾ ਆਪ ਦੇ ਨਾਲ ਸਾਂਝਾ ਕਰਨ ਨੂੰ ਚਿੱਤ ਕਰਦਾ ਹੈ।
ਗੁਰੂ ਨਾਨਕ ਦਾ ਦਰਬਾਰ ਹੈ,
ਇਲਾਹੀ ਚਮਤਕਾਰ ਹੈ॥
ਸਚਖੰਡ ਹੈ ਨਿਖਾਰ ਹੈ, ਬੈਕੁੰਠ ਹੈ ਨਿਰੰਕਾਰ ਹੈ।
ਦਯਾ ਪਿਆਰ ਮੁਕਤੀ ਦੀ ਬਾਰਿਸ਼ ਬਰਸਦੀ ਏ।
ਠੰਡੀ ਠੰਡੀ ਪਉਣ ਠੰਡੇ ਨਾਮ ਦੀ ਫੁਹਾਰ ਹੈ।
ਅਨੰਦ ਰੂਪ ਬਾਬੇ ਨੰਦ ਸਿੰਘ ਚਰਨਾ 'ਚ
ਅਨੰਦ ਹੀ ਪ੍ਰਤੀਤ ਹੁੰਦਾ॥
ਦਰਗਾਹੀ ਬਖਸ਼ਿਸ਼ਾਂ ਦਾ, ਬਖਸ਼ਿਸ਼ਾਂ ਦਾ ਭੰਡਾਰ ਹੈ॥
ਖੂੰਨੀ ਪੱਤਝੜਾਂ ਨੇ ਜਹਾਨ ਸਾਰਾ ਫੂਕ ਦਿੱਤਾ॥
ਬਾਬਿਆਂ ਦੇ ਚਰਨਾਂ ਵਿੱਚ ਸਦਾ ਹੀ ਬਹਾਰ ਹੈ॥
ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ।
ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ।
ਸੁਣੋ ਮੇਰੇ ਵੀਰ ਜੀਓ ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ॥
ਬਾਬਾ ਨੰਦ ਸਿੰਘ ਸਾਹਿਬ ਦੇ ਚਰਨ ਕਮਲਾ ਵਿੱਚ ਇਸ ਮਾਇਆ ਦੇ ਸੰਸਾਰ, ਇਸ ਮਾਇਆ ਦੇ ਜਗਤ ਤੋਂ ਬਿਲਕੁਲ ਬਾਹਰ ਇਸ ਜੁਗ ਦੇ ਉਸ ਮਹਾਨ ਆਸ਼ਿਕ ਜਿਸ ਨੇ ਸਤਿਗੁਰੂ ਦੀ ਪ੍ਰਤੱਖ ਪ੍ਰਾਪਤੀ ਕਰਕੇ ਨਾਮ ਦੀ ਜੋਤ ਇਸ ਜੁਗ ਦੇ ਵਿੱਚ, ਕਲਿਜੁਗ ਵਿੱਚ ਜਗਾਈ ਹੋਈ ਹੈ ਅਤੇ ਜਗਦੀ ਰੱਖੀ ਹੈ ਉਸ ਅਸਥਾਨ ਦਾ ਇਹ ਵਾਕਿਆ ਦੇਹਰਾਦੂਨ ਦੇ ਜੰਗਲਾਂ ਦਾ ਹੈ।
ਚਕਰਾਤਾ ਰੋਡ ਤੇ ਕਾਫੀ ਦੂਰ ਦੇਹਰਾਦੂਨ ਤੋਂ ਬੜੀ ਮੁਸ਼ਕਿਲ ਨਾਲ ਬਾਬਾ ਨੰਦ ਸਿੰਘ ਸਾਹਿਬ ਦੇ ਚਰਨ-ਕਮਲਾਂ ਵਿੱਚ ਪਹੁੰਚੇ। ਬਿਸਤਰਾ, ਪ੍ਰਸ਼ਾਦ ਵਗੈਰਾ ਸੀਸ ਤੇ ਚੁੱਕ ਕੇ ਹੀ ਸਾਹਿਬ ਦੇ ਚਰਨ-ਕਮਲਾਂ ਵਿੱਚ ਉਸ ਕਠਿਨ ਰਸਤੇ ਵੱਲ ਦੀ ਜਾਣਾ ਪੈਂਦਾ ਸੀ। ਪੂਰਨਮਾਸ਼ੀ ਦਾ ਮੁਬਾਰਿਕ ਦਿਹਾੜਾ ਸੀ, ਸ਼ਾਮ ਦਾ ਦੀਵਾਨ ਸੱਜਿਆ ਹੋਇਆ ਸੀ। ਕਾਫੀ ਸੰਗਤ ਦੂਰੋਂ-ਨੇੜੇਉਂ ਪਹੁੰਚੀ ਹੋਈ ਸੀ। ਇਸ ਦੁਨੀਆਂ ਦਾ ਇਕ ਵੀ ਸੁੱਖ ਉੱਥੇ ਨਹੀਂ ਸੀ, ਇਕ ਵੀ ਆਰਾਮ ਦੀ ਸਹੂਲੀਅਤ ਨਹੀਂ ਸੀ, ਜੰਗਲ ਹੀ ਜੰਗਲ ਤੇ ਜੰਗਲੀ ਘਾਹ। ਸੰਗਤ ਨੇ ਜਿਹੜੀ ਜਗ੍ਹਾ ਸਾਫ਼ ਕੀਤੀ ਸੀ ਦੀਵਾਨ ਸੱਜਿਆ ਹੈ ਆਰੰਭ ਹੋ ਗਿਆ, ਮੌਸਮ ਇਕ-ਦਮ ਖ਼ਰਾਬ ਹੋਣਾ ਸ਼ੁਰੂ ਹੋ ਗਿਆ, ਸ਼ਬਦ-ਕੀਰਤਨ ਹੋ ਰਿਹਾ ਹੈ। ਇੰਨੀ ਦੇਰ ਨੂੰ ਬੱਦਲ ਗਰਜਣੇ ਸ਼ੁਰੂ ਹੋ ਗਏ, ਬਿਜਲੀ ਚਮਕਣੀ ਸ਼ੁਰੂ ਹੋ ਗਈ ਅਤੇ ਇੰਨੀ ਜੋਰ ਦੀ ਕੜਕ ਰਹੀ ਸੀ ਕਿ ਆਵਾਜ਼ ਸੁਣਾਈ ਨਾ ਦਏ, ਕੀਰਤਨ ਸੁਣਾਈ ਨਹੀਂ ਦਿੰਦਾ ਸੀ। ਬੜੀਆਂ ਸੋਚਾਂ ਵਿੱਚ ਪਏ ਹੋਏ ਕਿਉਂਕਿ ਉੱਥੇ ਤਾਂ ਕੋਈ ਸਹੂਲੀਅਤ ਹੈ ਹੀ ਨਹੀਂ ਸੀ।
ਬਾਬਾ ਨੰਦ ਸਿੰਘ ਸਾਹਿਬ ਦੇ ਅਸਥਾਨ ਤੇ ਤਾਂ ਪੱਕੀ ਇੱਟ ਵੀ ਕਿਤੇ ਲਗਦੀ ਨਹੀਂ ਸੀ। ਸਾਧ ਸੰਗਤ ਜੀ, ਬੱਦਲ ਗਰਜ ਰਿਹਾ ਹੈ, ਬਿਜਲੀ ਚਮਕ ਰਹੀ ਹੈ ਪਰ ਕੀ ਮਜਾਲ ਹੈ ਕਿ ਬੱਦਲ ਬਰਸੇ, ਬਰਸ ਨਹੀਂ ਰਿਹਾ ਪਰ ਆਵਾਜ਼ ਨਹੀਂ ਸੁਣਾਈ ਦੇ ਰਹੀ। ਕੀਰਤਨ ਦਾ ਭੋਗ ਪਿਆ ਹੈ। ਬਾਬਾ ਨੰਦ ਸਿੰਘ ਸਾਹਿਬ ਜੀ ਦੇ ਬਚਨਾਂ ਦਾ ਵਕਤ ਆਇਆ ਹੈ ਬਾਬਾ ਨੰਦ ਸਿੰਘ ਸਾਹਿਬ ਨੇ ਉਸ ਮਸਤ ਲੀਨਤਾ ਵਿੱਚੋਂ ਬੈਰਾਗਨ ਦੇ ਉੱਤੇ, ਆਪਣੇ ਪਾਵਨ ਨੇਤਰ ਖੋਲ੍ਹੇ ਹਨ। ਉਸ ਨਿਰੰਕਾਰ ਦੀ ਜਿਹੜੀ ਉਹ ਸਰੂਰ ਭਰੀ ਲੀਨਤਾ ਸੀ, ਉਹ ਮਸਤੀ ਉਨ੍ਹਾਂ ਦੇ ਨੇਤਰਾਂ ਵਿੱਚ ਝਲਕ ਰਹੀ ਸੀ।
ਬਾਬਾ ਜੀ ਨੇ ਆਪਣੇ ਪਾਵਨ ਨੇਤਰਾਂ ਨਾਲ ਥੋੜ੍ਹਾ ਅਸਮਾਨ ਵੱਲ ਤੱਕਿਆ ਹੈ। ਜਿਸ ਵਕਤ ਹੀ ਬਾਬਾ ਨੰਦ ਸਿੰਘ ਸਾਹਿਬ ਨੇ ਤੱਕਿਆ ਹੈ ਉਸ ਵੇਲੇ ਹੀ ਕੁਦਰਤ ਅਤੇ ਪ੍ਰਕ੍ਰਿਤੀ ਦਾ ਇਕ ਚਮਤਕਾਰ ਦੇਖਿਆ। ਸਾਧ ਸੰਗਤ ਜੀ ਜਿਹੜੇ ਉਹ ਐਡੇ ਘੰਨਘੋਰ ਬੱਦਲ ਛਾਏ ਹੋਏ ਸੀ ਅਤੇ ਗਰਜ ਰਹੇ ਸੀ, ਉਹ ਬੱਦਲ ਚੌਫਾੜ ਹੋਏ ਹਨ, ਦੇਖਦੇ ਹੀ ਉਹ ਬੱਦਲ ਚਾਰੋ ਪਾਸੇ ਇਉਂ ਵਾਪਸ ਗਏ ਹਨ ਜਿੱਦਾਂ ਗਾਇਬ ਹੀ ਹੋ ਗਏ। ਉਨ੍ਹਾਂ ਦੇ ਜਾਂਦੇ ਹੀ ਉਹ ਜਿਹੜੀ ਬਿਜਲੀ ਚਮਕ ਰਹੀ ਸੀ, ਕੜਕ ਰਹੀ ਸੀ ਉਹ ਵੀ ਖ਼ਤਮ, ਇਕ ਦਮ ਅਸਮਾਨ ਤੇ ਸੰਨਾਟਾ ਛਾ ਗਿਆ। ਬਾਬਾ ਨੰਦ ਸਿੰਘ ਸਾਹਿਬ ਨੇ ਬਚਨ ਸ਼ੁਰੂ ਕੀਤੇ। ਬੜੀ ਅਜੀਬ ਚੀਜ਼ ਦੇਖੀ, ਜਿਸ ਵਕਤ ਬਚਨ ਸ਼ੁਰੂ ਕੀਤੇ ਹਨ ਉਸ ਵੇਲੇ ਉਹ ਜਿਹੜੀ, ਪਹਾੜੀ ਨਦੀ ਨੇੜੇ ਹੀ ਵਗਦੀ ਰਹਿੰਦੀ ਸੀ, ਜਿੱਥੇ ਸੰਗਤ ਇਸ਼ਨਾਨ ਕਰਦੀ ਸੀ ਉਸ ਦੇ ਪਾਣੀ ਦੇ ਬਹਾਉ ਦੀ ਆਵਾਜ਼ ਬਿਲਕੁਲ ਹੀ ਸੁਣਾਈ ਦੇਣੀ ਬੰਦ ਹੋ ਗਈ। ਜਿਹੜੀ ਪਵਨ ਚਲਦੀ ਸੀ, ਜਿਹੜੇ ਪੱਤਿਆਂ ਦੀ ਆਵਾਜ਼ ਸੀ ਉਹ ਵੀ ਬੰਦ ਹੋ ਗਈ, ਮੈਂਡਕਾਂ ਦੀ (ਡੱਡੂਆਂ ਦੀ) ਆਵਾਜ਼ ਬੰਦ ਹੋ ਗਈ ਅਤੇ ਜੰਗਲੀ ਜਾਨਵਰਾਂ ਦੀ ਆਵਾਜ਼ ਬੰਦ ਹੋ ਗਈ।
ਸਾਧ ਸੰਗਤ ਜੀ, ਇਹ ਕੁਦਰਤ ਅਤੇ ਪ੍ਰਕ੍ਰਿਤੀ ਜਿਸ ਸੰਨਾਟੇ ਵਿੱਚ ਬਾਬਾ ਨੰਦ ਸਿੰਘ ਸਾਹਿਬ ਦੇ ਉਹ ਦਰਗਾਹੀ ਅਨਮੋਲ ਬਚਨ ਸੁਣ ਰਹੀ ਹੈ ਉਹ ਉਸ ਵੇਲੇ ਡਿੱਠਾ। ਤਕਰੀਬਨ ਡੇਡ ਘੰਟਾ ਅਨਮੋਲ ਬਚਨ ਹੋਏ ਹਨ। ਦਰਗਾਹੀ ਬਚਨ ਜਿਹੜੇ ਹੁਣ ਤਕ ਕੰਨਾਂ ਵਿੱਚ ਗੂੰਜ ਰਹੇ ਹਨ। ਮੌਕਾ ਮਿਲਿਆ ਤਾਂ ਜਰੂਰ ਸਾਂਝੇ ਕਰਾਂਗਾ। ਪਰ ਕਮਾਲ ਹੈ, ਜਿਸ ਵਕਤ ਦੀਵਾਨ ਦਾ ਭੋਗ ਪਿਆ ਹੈ, ਬਾਬਾ ਨੰਦ ਸਿੰਘ ਸਾਹਿਬ ਕੀ ਫੁਰਮਾ ਰਹੇ ਹਨ ਕਿ ਇਹ ਰਾਤ ਨੇੜੇ ਦੇ ਪਿੰਡਾਂ ਵਿੱਚ ਜਾ ਕੇ ਕੱਟ ਲਉ। ਬਸ ਇੰਨਾਂ ਹੀ ਫੁਰਮਾਇਆ ਹੈ ਜਿਹੜੇ ਨਜ਼ਦੀਕੀ ਪਿੰਡਾਂ ਦੇ ਪਹਾੜੀਏ ਸੀ। ਜੋ ਇਸ ਦਰਗਾਹ ਦੇ ਨਜ਼ਾਰੇ ਨੂੰ, ਇਸਦੀ ਮਸਤੀ ਮਾਣਨ ਵਾਸਤੇ ਉਂਥੇ ਪਹੁੰਚੇ ਸੀ ਅਤੇ ਸੰਗਤ ਵਿੱਚ ਬੈਠੇ ਹੋਏ ਸੀ ਉੱਠ ਕ ੇਹੱਥ ਜੋੜ ਕੇ ਖੜ੍ਹੇ ਹੋ ਗJ, ਸੇਵਾ ਮਿਲੀ ਹੈ ਅਤੇ ਮਿਲੀ ਵੀ ਕਿਹਦੇ ਮੁੱਖੋਂ ? ਮੇਰੇ ਬਾਬਾ ਨੰਦ ਸਿੰਘ ਸਾਹਿਬ ਦੇ ਮੁੱਖੋਂ।
ਪਿਤਾ ਜੀ ਨੇ ਉਸਦੇ ਬਾਅਦ ਸਾਰੀ ਸੰਗਤ ਦੀਆਂ ਟੋਲੀਆਂ ਬਣਾਈਆਂ ਹਨ, ਸਭ ਟੋਲੀਆਂ ਨੂੰ ਪਿੰਡਾਂ ਵਿੱਚ ਰਵਾਨਾ ਕੀਤਾ ਹੈ, ਉਸਦੇ ਬਾਅਦ ਆਖਰੀ ਟੋਲੀ ਵਿੱਚ ਪਿਤਾ ਜੀ ਆਪ ਤੁਰੇ ਹਨ ਦਾਸ ਵੀ ਨਾਲ ਸੀ ਅਤੇ ਸਾਡੇ ਨਾਲ 6-7 ਜਣੇ ਹੋਰ ਸੀ। ਜਿਸ ਵਕਤ ਅਸੀਂ ਉਸ ਪਹਾੜੀਏ ਦੇ ਘਰ ਪਹੁੰਚੇ ਹਾਂ, ਘਰ ਵਿੱਚ ਅੰਦਰ ਕਦਮ ਰੱਖਿਆ ਹੀ ਸੀ ਤੇ ਪਿਤਾ ਜੀ ਇਕ ਦਮ ਦਾਸ ਨੂੰਨੂੰਕਹਿਣ ਲੱਗੇ ਕਿ ਪੁੱਤ ਦੇਖ ਉੱਤੇ, ਜਦੋਂ ਦੇਖਿਆ ਕਿ ਉਹ ਬੱਦਲ ਇਕੱਠੇ ਹੋ ਰਹੇ ਸਨ, ਜਿਸ ਤਰ੍ਹਾਂ ਚੌਫਾੜ ਹੋਏ ਸੀ ਉਨੀ ਹੀ ਤੇਜ਼ੀ ਨਾਲ ਇਕੱਠੇ ਹੋ ਰਹੇ ਹਨ, ਮਿਲੇ ਹਨ ਅਤੇ ਉੱਦਾਂ ਹੀ ਗਰਜਨਾ ਸ਼ੁਰੂ ਹੋ ਗਏ। ਉਹੀ ਬਿਜਲੀ ਚਮਕਣੀ ਸ਼ੁਰੂ ਹੋ ਗਈ, ਗਰਜਨੀ ਸ਼ੁਰੂ ਹੋ ਗਈ ਉਸ ਵੇਲੇ ਦੇਖਿਆ ਕਿ ਹੁਣ ਇਕ ਐਸਾ ਤੂਫਾਨ ਆਉਣ ਵਾਲਾ ਹੈ ਅਤੇ ਉਹ ਤੂਫ਼ਾਨ ਸਾਰੀ ਰਾਤ ਚੱਲਿਆ ਹੈ ਅਤੇ ਉਸ ਤੂਫਾਨ ਦੇ ਵਿੱਚ ਐਸੀਂ ਮੂਸਲਾਧਾਰ ਬਾਰਿਸ਼ ਹੋਈ, ਬੜੀ ਹੈਰਾਨੀ ਹੈ।
ਜਿਹੜੀ ਇਕ ਦੂਜੀ ਅਨੋਖੀ ਚੀਜ਼ ਦੇਖੀ, ਬੜਾ ਉੱਚਾ ਜੰਗਲੀ ਘਾਹ ਸੀ, ਉਹਦੇ ਉੱਤੇ ਹੀ ਅਸੀ ਥੋੜ੍ਹੀ ਦੇਰ ਰਾਤ ਨੂੰ ਬਿਸਤਰੇ ਵਿਛਾ ਕੇ ਲੇਟ ਜਾਂਦੇ ਸੀ, ਸੌਂ ਜਾਂਦੇ ਸੀ। ਬਿਸਤਰਿਆਂ ਦੇ ਵਿੱਚ ਹੀ ਅਗਲੇ ਦਿਨ ਦੇਖਣਾ, ਮੇਰੇ ਬਿਸਤਰੇ ਵਿੱਚ ਕੰਨਖਜੂਰਾ ਵੜਿਆ ਹੋਇਆ ਸੀ, ਪਿਤਾ ਜੀ ਦੇ ਬਿਸਤਰੇ ਵਿੱਚ ਸੱਪ ਸੀ। ਇੱਦਾਂ ਹੀ ਸੰਗਤ ਦੇ ਕਈਆਂ ਦੇ ਬਿਸਤਰਿਆਂ ਵਿੱਚੋਂ ਕੁਝ ਨਾ ਕੁਝ ਨਿਕਲਦਾ ਸੀ। ਅਜੀਬ ਗੱਲ ਹੈ ਕੀ ਮਜਾਲ ਹੈ ਕਿਸੇ ਨੇ ਕਿਸੇ ਨੂੰ ਕੱਟਿਆ ਹੋਵੇ। ਸੰਗਤ ਰਾਤ ਨੂੰ ਨਦੀ ਵਿੱਚ ਇਸ਼ਨਾਨ ਕਰਨ ਜਾਂਦੀ ਸੀ। ਅੰਮ੍ਰਿਤ ਵੇਲੇ ਜਿਸ ਵਕਤ ਇਸ਼ਨਾਨ ਕਰ ਰਹੇ ਹਨ ਤੇ ਨਦੀ ਦੇ ਦੂਜੇ ਕਿਨਾਰੇ ਤੇ ਇਕ ਚੀਤਾ ਆ ਕੇ ਪਾਣੀ ਪੀ ਰਿਹਾ ਹੈ ਕੀ ਪਰ ਮਜਾਲ ਹੈ ਚੀਤੇ ਨੇ ਉਨ੍ਹਾਂ ਵੱਲ ਦੇਖਿਆ ਵੀ ਹੋਵੇ।
ਬਾਬਾ ਨੰਦ ਸਿੰਘ ਸਾਹਿਬ ਪਾਸ ਜ਼ਿਕਰ ਕੀਤਾ ਕਿ ਜੀ ਇਸ ਜੰਗਲ ਦੇ ਵਿੱਚ ਖ਼ਤਰਨਾਕ ਜਾਨਵਰ ਹਨ, ਚੀਤੇ ਦਾ ਦਸਿਆ ਫਿਰ ਸੱਪ, ਠੂੰਏ, ਕੰਨਖਜੂਰੇ ਦਾ ਦਸਿਆ ਕਿ ਇੱਦਾਂ ਬਿਸਤਰਿਆਂ ਵਿੱਚੋਂ ਨਿਕਲਦੇ ਹਨ। ਬਾਬਾ ਨੰਦ ਸਿੰਘ ਸਾਹਿਬ ਮੁਸਕਰਾ ਪਏ ਫੁਰਮਾਉਂਣ ਲੱਗੇ ਇਹ ਸਭ ਸੇਵਾ ਕਰ ਰਹੇ ਹਨ।
ਪਰ ਸਾਧ ਸੰਗਤ ਜੀ, ਉੱਥੇ ਸੇਵਾ ਕਰ ਕੌਣ ਰਿਹਾ ਸੀ? ਮਾਇਆ ਦੇ ਜਗਤ ਤੋਂ ਬਿਲਕੁਲ ਬਾਹਰ ਬਾਬਾ ਨੰਦ ਸਿੰਘ ਸਾਹਿਬ ਦੇ ਚਰਨ ਕਮਲਾਂ ਵਿੱਚ ਜਿਸ ਅਸਥਾਨ ਤੇ ਬੈਠੇ ਉੱਥੇ ਸੇਵਾ ਕੌਣ ਕਰ ਰਿਹਾ ਸੀ?
ਉੱਥੇ ਸਾਰੀ ਕੁਦਰਤ, ਇਹ ਸਾਰੀ ਪ੍ਰਕ੍ਰਿਤੀ, ਇਹ ਮਾਇਆ ਤੇ ਕਾਲ, ਯਮਰਾਜ, ਧਰਮਰਾਜ ਇਹ ਸਭ ਉੱਥੇ ਸੇਵਾ ਕਰ ਰਹੇ ਸੀ।
ਜਿਨਿ ਜਪੁ ਜਪਿਓ ਸਤਿਗੁਰ ਮਤਿ ਵਾ ਕੇ॥
ਜਮਕੰਕਰੁ ਕਾਲੁ ਸੇਵਕ ਪਗ ਤਾ ਕੇ॥
ਸ੍ਰੀ ਗੁਰੂ ਨਾਨਕ ਦੇਵ ਜੀ
ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ॥
ਚਰਣੀ ਲਾਗੈ ਤਾ ਮਹਲੁ ਪਾਵੈ॥
ਸਦ ਹੀ ਨਿਰਮਲੁ ਸਹਜਿ ਸਮਾਵੈ॥
ਹਰਿ ਹਾਰੁ ਕੰਠਿ ਜਿਨੀ ਪਹਿਰਿਆ
ਗੁਰ ਚਰਣੀ ਚਿਤੁ ਲਾਇ॥
ਤਿਨਾ ਪਿਛੈ ਰਿਧਿ ਸਿਧਿ ਫਿਰੈ
ਓਨਾ ਤਿਲੁ ਨ ਤਮਾਇ॥
ਭਗਤਾ ਨੋ ਜਮੁ ਜੋਹਿ ਨ ਸਾਕੈ
ਕਾਲੁ ਨ ਨੇੜੈ ਜਾਈ॥
ਕੇਵਲ ਰਾਮ ਨਾਮੁ ਮਨਿ ਵਸਿਆ
ਨਾਮੇ ਹੀ ਮੁਕਤਿ ਪਾਈ॥
ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ
ਗੁਰ ਕੈ ਸਹਜਿ ਸੁਭਾਈ॥
ਧਰਮ ਰਾਇ ਨੋ ਹੁਕਮੁ ਹੈ
ਬਹਿ ਸਚਾ ਧਰਮੁ ਬੀਚਾਰਿ॥
ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ॥
ਅਧਿਆਤਮੀ ਹਰਿ ਗੁਣ ਤਾਸੁ ਮਨਿ
ਜਪਹਿ ਏਕੁ ਮੁਰਾਰਿ॥
ਤਿਨ ਕੀ ਸੇਵਾ ਧਰਮ ਰਾਇ ਕਰੈ
ਧੰਨੁ ਸਵਾਰਣਹਾਰੁ॥
ਸ੍ਰੀ ਗੁਰੂ ਅਮਰਦਾਸ ਜੀ
ਜਿਨ ਕਉ ਕ੍ਰਿਪਾ ਕਰੀ ਜਗਜੀਵਨਿ
ਹਰਿ ਉਰਿ ਧਾਰਿਓ ਮਨ ਮਾਝਾ॥
ਧਰਮ ਰਾਇ ਦਰਿ ਕਾਗਦ ਫਾਰੇ
ਜਨ ਨਾਨਕ ਲੇਖਾ ਸਮਝਾ॥
ਸ੍ਰੀ ਗੁਰੂ ਰਾਮਦਾਸ ਜੀ
ਭਏ ਕ੍ਰਿਪਾਲ ਦਇਆਲ ਗੋਬਿੰਦਾ
ਅੰਮ੍ਰਿਤੁ ਰਿਦੈ ਸਿੰਚਾਈ॥
ਨਵ ਨਿਧਿ ਰਿਧਿ ਸਿਧਿ ਹਰਿ
ਲਾਗਿ ਰਹੀ ਜਨ ਪਾਈ॥
ਸੰਤਨ ਮੋ ਕਉ ਪੂੰਜੀ ਸਉਪੀ ਤਉ
ਉਤਰਿਆ ਮਨ ਕਾ ਧੋਖਾ॥
ਧਰਮ ਰਾਇ ਅਬ ਕਹਾ ਕਰੈਗੋ
ਜਉ ਫਾਟਿਓ ਸਗਲੋ ਲੇਖਾ॥
ਸਾਧਸੰਗਿ ਧਰਮ ਰਾਇ ਕਰੇ ਸੇਵਾ॥
ਸਾਧ ਕੈ ਸੰਗਿ ਸੋਭਾ ਸੁਰਦੇਵਾ॥
ਜਾ ਕਉ ਗੁਰਮੁਖਿ ਰਿਦੈ ਬੁਧਿ॥
ਤਾ ਕੈ ਕਰ ਤਲ ਨਵ ਨਿਧਿ ਸਿਧਿ॥
ਗੁਰੂ ਅਰਜਨ ਦੇਵ ਜੀ
ਗੁਰੂ ਨਾਨਕ ਦਾਤਾ ਬਖ਼ਸ਼ ਲੈ।
ਬਾਬਾ ਨਾਨਕ ਬਖ਼ਸ਼ ਲੈ॥