ਬਾਬਾ ਨੰਦ ਸਿੰਘ ਸਾਹਿਬ ਤੋਂ ਬਾਬਾ ਨੰਦ ਸਿੰਘ ਸਾਹਿਬ ਨੂੰ ਹੀ ਮੰਗਦਾ ਹਾਂ।

Humbly request you to share with all you know on the planet!


ਬਾਬਾ ਨੰਦ ਸਿੰਘ ਸਾਹਿਬ ਜੀ ਦੇ ਅਤੀ ਨਿਮਰਤਾ ਤੇ ਗਰੀਬੀ ਦੇ ਬਚਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਕਮਲਾਂ ਵਿੱਚ ਲੈ ਗਏ।

ਸੁਆਮੀ ਕੋ ਗ੍ਰਿਹੁ ਜਿਉ ਸਦਾ 
ਸੁਆਨ ਤਜਤ ਨਹੀ ਨਿਤ॥
ਨਾਨਕ ਇਹ ਬਿਧਿ ਹਰਿ ਭਜਉ    
ਇਕ ਮਨਿ ਹੁਇ ਇਕ ਚਿਤਿ॥

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ

ਜਿੱਦਾਂ ਕੁੱਤਾ ਆਪਣੇ ਮਾਲਕ ਦਾ ਘਰ ਕਦੀ ਵੀ ਨਹੀਂ ਛੱਡ ਕੇ ਜਾਂਦਾ। ਉਸੇ ਤਰ੍ਹਾਂ ਇਕ ਮਨ ਇਕ ਚਿੱਤ ਹੋ ਕੇ ਉਸ ਕੁੱਤੇ ਵਾਂਕਣ ਆਪਣੇ ਮਾਲਕ ਨਾਲ ਪਿਆਰ ਕਰ ਰਿਹਾ ਹੈ। ਉਸ ਵੇਲੇ ਬਾਬਾ ਨੰਦ ਸਿੰਘ ਸਾਹਿਬ ਉਹ ਬਚਨਾਂ ਤੇ ਕੁਰਬਾਨ ਹੁੰਦੇ ਹੋਏ ਫੁਰਮਾਉਂਦੇ ਕੀ ਹਨ?

ਗੁਰੂ ਨਾਨਕ ਦਾ ਪਟਾ ਪਹਿਲੋਂ ਹੀ ਆਪਣੇ ਗਲ ਵਿੱਚ ਪਾ ਲਓ।

ਉਸ ਵੇਲੇ ਪਤਾ ਲੱਗਿਆ ਕਿ ਬਾਬਾ ਨੰਦ ਸਿੰਘ ਸਾਹਿਬ ਨੇ ਤਾਂ ਉਹ ਪਟਾ ਆਪਣੇ ਗਲ ਵਿੱਚ ਪਾਇਆ ਹੋਇਆ ਸੀ ਤੇ ਸਾਧ ਸੰਗਤ ਜੀ ਉਸ ਚੀਜ਼ ਤੋਂ ਸਤਿਗੁਰੂ ਦੇ ਨਾਲ ਸਿੱਖ ਦਾ ਰਿਸ਼ਤਾ ਸਪਸ਼ਟ ਹੁੰਦਾ ਹੈ, ਆਪਣੇ ਇਸ਼ਟ ਨਾਲ ਜੋ ਸੇਵਕ ਦਾ ਰਿਸ਼ਤਾ ਹੈ ਉਹ ਸਪਸ਼ਟ ਹੁੰਦਾ ਹੈ।

ਪਿਤਾ ਜੀ ਨੇ ਜਿਸ ਵਕਤ ਵੀ ਬਾਬਾ ਨੰਦ ਸਿੰਘ ਸਾਹਿਬ ਦੇ ਚਰਨ ਕਮਲਾਂ ਵਿੱਚ ਹਾਜ਼ਰ ਹੋਣਾ, ਇਕ ਹੀ ਬੇਨਤੀ ਕਰਨੀ ਕਿ ਗਰੀਬੀ ਨਿਵਾਜ਼! ਆਪਣਾ ਕੁੱਤਾ ਬਣਾ ਲਓ !  

ਫਿਰ ਉਸ ਦੇ ਬਾਅਦ ਜਿਸ ਵਕਤ 1943 ਵਿੱਚ ਬਾਬਾ ਜੀ ਖੇਡ ਵਰਤਾ ਗਏ ਹਨ 1943 ਤੋਂ ਲੈ ਕੇ 1983 ਤਕ ਇਕ ਲੰਬਾਂ 40 ਸਾਲ ਦਾ ਚਾਲੀਸਾ, ਜਿਸ ਦੇ ਵਿੱਚ ਪਿਤਾ ਜੀ ਨੂੰ ਬਾਬਾ ਨੰਦ ਸਿੰਘ ਸਾਹਿਬ ਦੀ, ਆਪਣੇ ਮਾਲਕ ਦੀ, ਆਪਣੇ ਪ੍ਰੀਤਮ ਦੀ, ਆਪਣੇ ਇਸ਼ਟ ਦੀ ਉਸ ਬਿਰਹਾ ਦੀ ਕੁਠਾਲੀ ਵਿੱਚ ਤੜਪਦੇ ਦੇਖਿਆ ਹੈ, ਉਨ੍ਹਾਂ ਨੂੰ ਪਿਆਰ ਕਰਦੇ ਦੇਖਿਆ ਹੈ ਅਤੇ ਇਸ ਤਰ੍ਹਾਂ ਭਰੀ ਸੰਗਤ ਦੇ ਵਿੱਚ ਉਹ ਆਪਣਾ ਪਰਿਚਯ ਦਿੰਦੇ ਸੀ-

ਬਾਬਾ ਨੰਦ ਸਿੰਘ ਸਾਹਿਬ ਦਾ ਕੁੱਤਾ।
ਉਨ੍ਹਾਂ ਦੇ ਦਰ ਦਾ ਕੁੱਤਾ।
ਉਨ੍ਹਾਂ ਦੀ ਸਾਧ ਸੰਗਤ ਦਾ ਕੁੱਤਾ।
ਉਨ੍ਹਾਂ ਦੇ ਕੁੱਤਿਆਂ ਦਾ ਵੀ ਕੁੱਤਾ। 

ਅਤੇ ਸਲਾਮੀ ਦਿੰਦੇ ਹੋਏ ਇਕ ਹੀ ਬੇਨਤੀ ਕਰਨੀ ਕਿ-

ਹੇ ਬਾਬਾ ਨੰਦ ਸਿੰਘ ਸਾਹਿਬ ਤੇਰੇ ਦਰ ਦਾ ਕੁੱਤਾ।
ਤੇਰਾ ਕੁੱਤਾ,
ਤੇਰੀ ਸਾਧ ਸੰਗਤ ਦਾ ਕੁੱਤਾ,
ਤੇਰੇ ਕੁੱਤਿਆਂ ਦਾ ਵੀ ਕੁੱਤਾ ਤੇਰੇ ਕੋਲੋਂ ਸਿਰਫ਼ ਇਕ ਹੀ ਚੀਜ਼ ਮੰਗਦਾ ਹੈ,
ਇਹ ਕੁੱਤਾ ਆਪਣੇ ਮਾਲਕ ਬਗੈਰ ਨਹੀਂ ਜੀਅ ਸਕਦਾ,
ਆਪਣਾ ਮਾਲਕ ਹੀ ਮੰਗਦਾ ਹੈ।
ਬਾਬਾ ਨੰਦ ਸਿੰਘ ਸਾਹਿਬ, ਤੇਰੇ ਕੋਲੋਂ ਬਾਬਾ ਨੰਦ ਸਿੰਘ ਸਾਹਿਬ ਨੂੰ ਹੀ ਮੰਗਦਾ ਹੈ।

ਹਜ਼ਾਰਾਂ ਦੀ ਸੰਗਤ ਵਿੱਚ ਇਹ ਬੇਨਤੀ ਕਰਨੀ, ਭੁੱਬਾਂ ਮਾਰ ਕੇ ਰੋਣਾ ਅਤੇ ਸੰਗਤ ਵਿੱਚ ਕਈਆਂ ਨੇ ਰੋਣਾ ਸ਼ੁਰੂ ਕਰ ਦੇਣਾ। ਸਾਧ ਸੰਗਤ ਜੀ, 40 ਸਾਲ ਆਪਣੇ ਮਾਲਕ ਦੇ ਚਰਨ ਰੋਜ਼ ਹੰਝੂਆਂ ਨਾਲ ਧੋਂਦੇ ਸੀ, ਇਸ਼ਨਾਨ ਕਰਾਉਂਦੇ ਸੀ। ਫਿਰ ਪਾਲਤੂ ਕੁੱਤੇ ਵਾਕਣ ਕਿਉਂਕਿ ਉਹੀ ਪਟਾ ਗਲੇ ਵਿੱਚ ਹੈ ਤਾਂ ਫਿਰ ਉਨ੍ਹਾਂ ਨੂੰ ਚੱਟ ਕੇ ਸਾਫ਼ ਕਰਨਾ। ਜਿਸ ਤਰ੍ਹਾਂ ਦਾ ਪਿਆਰ ਕੀਤਾ ਹੈ ਜੋ ਨਿਮਰਤਾ ਤੇ ਗਰੀਬੀ ਦੀ ਅਵਸਥਾ ਪਿਤਾ ਜੀ ਵਿੱਚ ਉਸ ਵੇਲੇ ਆਖ਼ਰੀ ਦਮ ਤਕ ਦੇਖੀ ਹੈ ਉਸ ਵੇਲੇ ਇਹ ਪਤਾ ਲਗਦਾ ਹੈ ਕਿ ਜੇ ਬਾਬਾ ਨੰਦ ਸਿੰਘ ਸਾਹਿਬ ਦੇ ਘਰ ਦੀ ਨਿਮਰਤਾ ਤੇ ਗਰੀਬੀ ਦਾ ਪ੍ਰਕਾਸ਼, ਉਸ ਦੀ ਮਹਿਕ ਉਨ੍ਹਾਂ ਦੇ ਚਰਨ ਕਮਲਾਂ ਵਿੱਚ ਲਈ ਹੈ ਅਤੇ ਉਸ ਦੇ ਬਾਅਦ ਫਿਰ ਪਿਤਾ ਜੀ ਦੀ ਮੌਜੂਦਗੀ ਵਿੱਚ ਲਈ ਹੈ।
ਸਾਧ ਸੰਗਤ ਜੀ ਧੰਨ ਹਨ ਪੂਜਯ ਪਿਤਾ ਜੀ ਜਿਨ੍ਹਾਂ ਨੇ ਬਾਬਾ ਨੰਦ ਸਿੰਘ ਸਾਹਿਬ ਦੇ ਕੁੱਤਿਆਂ ਨਾਲ ਵੀ ਆਪਣੀ ਤੁਲਣਾ ਨਹੀਂ ਕੀਤੀ।

ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ॥
ਚਰਣੀ ਲਾਗੈ ਤਾ ਮਹਲੁ ਪਾਵੈ॥
ਸਦ ਹੀ ਨਿਰਮਲੁ ਸਹਜਿ ਸਮਾਵੈ॥

ਸ੍ਰੀ ਗੁਰੂ ਅਮਰਦਾਸ ਜੀ

ਗੁਰੂ ਨਾਨਕ ਦਾਤਾ ਬਖ਼ਸ਼ ਲੈ। 
ਬਾਬਾ ਨਾਨਕ ਬਖ਼ਸ਼ ਲੈ॥