ਹਊਮੈ ਦੀ ਸਭ ਤੋਂ ਵੱਡੀ ਤੋੜ
ਸਾਧ ਸੰਗਤ ਜੀ, ਇਹ ਦਿੱਲੀ ਦਾ ਵਾਕਿਆ ਹੈ, ਬਾਬਾ ਨੰਦ ਸਿੰਘ ਸਾਹਿਬ ਦਿੱਲੀ ਬਾਹਰ ਜੰਗਲ ਵਿੱਚ ਠਹਿਰਿਆ ਕਰਦੇ ਸਨ। ਉਸ ਜਗ੍ਹਾ ਦਾ ਨਾਮ ਉਸ ਵੇਲੇ ਖੂਨੀ ਨਾਲਾ ਪਿਆ ਹੋਇਆ ਸੀ। ਬੜਾ ਘਣਾ ਜੰਗਲ ਸੀ। ਬਾਬਾ ਨੰਦ ਸਿੰਘ ਸਾਹਿਬ ਉਸ ਜੰਗਲ ਵਿੱਚ ਜਾ ਕੇ ਕਯਾਮ (ਪੜਾਉ) ਕਰਦੇ ਸਨ ਪਰ ਦਿੱਲੀ ਦੀ ਸੰਗਤ ਉੱਥੇ ਹੁੰਮ-ਹੁੰਮਾ ਕੇ ਪਹੁੰਚ ਜਾਂਦੀ ਸੀ। ਬਹੁਤ ਦੁਨੀਆਂ ਜਾਂਦੀ ਸੀ, ਉਸ ਵੇਲੇ ਜਾਣ ਦੇ ਤਰੀਕੇ ਤਾਂ ਦੋ-ਤਿੰਨ ਹੀ ਸੀ। ਜ਼ਿਆਦਾ ਤਾਂ ਪੈਦਲ ਜਾਂਦੇ ਸੀ। ਕਈ ਸਾਈਕਲਾਂ ਤੇ ਜਾਂਦੇ ਸੀ ਅਤੇ ਕਈ ਟਾਂਗਿਆਂ ਤੇ ਜਾਂਦੇ ਸੀ। ਜਿੰਨੀ ਦੂਰ ਤਕ ਟਾਂਗਾ ਜਾ ਸਕਦਾ ਸੀ ਉੱਥੇ ਟਾਂਗਾ ਖੜ੍ਹਾ ਹੁੰਦਾ ਤੇ ਉਹ ਫਿਰ ਆਪ ਉਸ ਜੰਗਲ ਵਿੱਚ ਚਲੇ ਜਾਂਦੇ ਸੀ।
ਇਕ ਦਿਨ ਵਾਕਿਆ ਕੀ ਹੋਇਆ? ਕੁਝ ਗਭਰੂ ਜੁਆਨ ਮੁੰਡੇ ਪੈਦਲ ਤੁਰੇ ਆ ਰਹੇ ਹਨ। ਹੁਣ ਜਿਸ ਤਰ੍ਹਾਂ ਮੁੰਡਿਆਂ ਦੀ ਆਦਤ ਹੈ ਇਕ ਦੇ ਮੂੰਹੋਂ ਨਿਕਲ ਗਿਆ ਕਹਿਣ ਲਗਾ- ਇਹ ਸਾਧ ਕਾਹਦਾ ਹੈ ਜਿਹੜਾ ਨਗਰ ਵਿੱਚ ਵੜਦਾ ਨਹੀਂ, ਸ਼ਹਿਰ ਦੇ ਵਿੱਚ ਨਹੀਂ ਵੜਦਾ। ਇੰਨੀ ਤਕਲੀਫ਼ ਸਾਨੂੰ ਹੁੰਦੀ ਹੈ ਪੈਦਲ ਆਉਣ ਵੇਲੇ ਤੇ ਜੇ ਇੰਨੀ ਦੁਨੀਆਂ ਪੈਦਲ ਜਾਂ ਸਾਈਕਲਾਂ ਤੇ ਆਉਂਦੀ ਹੈ ਜੇ ਉਹ ਆਪ ਸ਼ਹਿਰ ਵਿੱਚ ਆ ਜਾਏ ਤੇ ਸਾਡੀ ਤਕਲੀਫ਼ ਬੱਚ ਸਕਦੀ ਹੈ ਇੱਦਾਂ ਦਾ ਬਚਨ ਕਰ ਰਿਹਾ ਹੈ ਅਤੇ ਦੂਜੇ ਉਸਦੇ ਨਾਲ ਉਸਦੀ ਗੱਲ ਸੁਣ ਰਹੇ ਸੀ।
ਆਪਸ ਵਿੱਚ ਵਿਚਾਰ ਕਰੀ ਜਾ ਰਹੇ ਹਨ। ਜਿਸ ਵਕਤ ਉਨ੍ਹਾਂ ਜਾ ਕੇ ਮੱਥਾ ਟੇਕਿਆ ਤਾਂ ਮੇਰੇ ਬਾਬਾ ਨੰਦ ਸਿੰਘ ਸਾਹਿਬ ਸਾਰਿਆਂ ਦੇ ਦਿਲਾਂ ਦੀ ਜਾਨਣਹਾਰ ਉਹ ਅੰਤਰਜਾਮੀ ਬਾਬਾ ਨੰਦ ਸਿੰਘ ਸਾਹਿਬ, ਉਸ ਵੇਲੇ ਬਚਨ ਕਰ ਰਹੇ ਸੀ। ਫਿਰ ਬਚਨ ਕੀ ਕਰਦੇ ਹਨ ਕਿ ਕਈਂ ਕਹਿੰਦੇ ਹਨ ਕਿ ਇਹ ਸਾਧ ਕਾਹਦਾ ਹੈ ਜਿਹੜਾ ਨਗਰ ਵਿੱਚ ਨਹੀਂ ਵੜਦਾ, ਸ਼ਹਿਰ ਤੋਂ ਛੁੱਪਦਾ ਫਿਰਦਾ ਹੈ ਅਤੇ ਦੁਨੀਆਂ ਨੂੰ ਐਨੀ ਤਕਲੀਫ਼ ਹੁੰਦੀ ਹੈ ਇਹਦੇ ਪਾਸ ਆਉਣ ਤੇ। ਉਹ ਜਿਹੜੇ ਬਚਨ ਉਨ੍ਹਾਂ ਨੇ ਕੀਤੇ ਸੀ ਬਾਬਾ ਨੰਦ ਸਿੰਘ ਸਾਹਿਬ ਉਹ ਦੌਹਰਾ ਰਹੇ ਸਨ।
ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਲੱਗੇ ਕਿ-
ਜਿਸ ਤਰ੍ਹਾਂ ਇਕ ਕੁੱਤੇ ਨੂੰ ਕੋੜ੍ਹ ਹੋ ਜਾਏ, ਉਸ ਦੇ ਮੂੰਹ ਨੂੰ ਕੋੜ੍ਹ ਹੋ ਜਾਏ ਤਾਂ, ਉਹ ਆਪਣਾ ਮੂੰਹ ਨਗਰ ਤੋਂ ਛੁਪਾਉਂਦਾ ਹੋਇਆ, ਬਾਹਰ ਬੂਝਿਆਂ ਵਿੱਚ ਲੁੱਕਦਾ ਫਿਰਦਾ ਹੈ। ਨਗਰ ਵਿੱਚ ਵੜਦਾ ਹੀ ਨਹੀਂ, ਬਾਹਰ ਬੂਝਿਆਂ ਵਿੱਚ ਮੂੰਹ ਛੁਪਾ ਰਿਹਾ ਹੈ। ਫੁਰਮਾਇਆ- ਸਾਡੀ ਹਾਲਤ ਉਹੀ ਹੈ ਅਸੀਂ ਸਾਧ ਕਾਹਦੇ, ਸਾਨੂੰ ਤਾਂ ਵਿਸ਼ੇ ਵਿਕਾਰਾਂ ਦਾ ਕੋੜ੍ਹ ਹੋਇਆ ਹੋਇਆ ਹੈ। ਸਾਡੀ ਉਸ ਕੁੱਤੇ ਵਰਗੀ ਹਾਲਤ ਹੈ ਜਿਹੜਾ ਨਗਰ ਤੋਂ ਬਾਹਰ ਬੂਝਿਆਂ ਵਿੱਚ ਆਪਣਾ ਮੂੰਹ ਛੁਪਾਉਂਦਾ ਫਿਰਦਾ ਹੈ। ਫੁਰਮਾਉਂਣ ਲੱਗੇ ਕਿ ਅਸੀਂ ਨਗਰਾਂ ਤੋਂ ਸ਼ਹਿਰਾਂ ਤੋਂ ਬਾਹਰ ਆਪਣਾ ਮੂੰਹ ਲੁਕਾਉਂਦੇ ਫਿਰਦੇ ਹਾਂ।
ਜਿਸ ਵਕਤ ਇਹ ਬਚਨ ਕੀਤੇ, ਉਹ ਮੁੰਡਿਆਂ ਦੀਆਂ ਭੁੱਬਾਂ ਨਿਕਲ ਗਈਆਂ। ਪਰ ਸਾਧ ਸੰਗਤ ਜੀ, ਜ਼ਰਾ ਸੋਚ ਕੇ ਦੇਖੋ ਉਹ ਜਿਹੜੀ ਸੰਗਤ ਪੈਦਲ ਜਾਂਦੀ ਸੀ। ਉਹ ਜਿਹੜੇ ਬਾਬਾ ਨੰਦ ਸਿੰਘ ਸਾਹਿਬ ਦੇ ਦਰਸ਼ਨਾਂ ਨੂੰ ਲੋਚਦੇ ਸੀ, ਉਸ ਜੰਗਲ ਦੇ ਵਿੱਚ, ਉਸ ਮਾਇਆ ਦੇ ਸੰਸਾਰ ਤੋਂ ਬਾਹਰ, ਉਸ ਮਾਇਆ ਦੇ ਜਗਤ ਤੋਂ ਬਾਹਰ ਕਿਹਦੇ ਦਰਸ਼ਨ ਕਰਨ ਜਾਂਦੇ ਸੀ?
ਸਾਧ ਸੰਗਤ ਜੀ ਜ਼ਰਾ ਸੋਚ ਕੇ ਦੇਖੀਏ ਕਿ ਤਿੰਨ ਚੀਜ਼ਾ ਇਹ 'ਹਉਮੈ' ਦਾ ਸਭ ਤੋਂ ਵੱਡਾ ਇਲਾਜ, ਇਹਦੀ ਸਭ ਤੋਂ ਵੱਡੀ ਤੋੜ ਕੀ ਹੈ? ਉਹ ਹੈ 'ਨਿਮਰਤਾ ਤੇ ਗਰੀਬੀ'। ਬਾਬਾ ਨੰਦ ਸਿੰਘ ਸਾਹਿਬ ਦੀ ਨਿਮਰਤਾ ਤੇ ਗਰੀਬੀ ਨੂੰ ਦੇਖੋ ਫਿਰ ਬਾਬਾ ਨੰਦ ਸਿੰਘ ਸਾਹਿਬ ਜਿਸ ਤਰ੍ਹਾਂ ਆਪਣੇ ਉੱਤੇ ਸਾਰੀ ਚੀਜ਼ ਲੈ ਕੇ ਬਿਆਨ ਕਰ ਰਹੇ ਹਨ। ਕੀ ਮਜਾਲ ਹੈ ਕਿਸੇ ਦੂਜੇ ਨੂੰ ਇਹ ਗੱਲ ਕਹਿ ਰਹੇ ਹੋਣ।
ਉਸ ਨਿਮਰਤਾ ਤੇ ਗਰੀਬੀ ਦੇ ਵਿੱਚ ਮਾਇਆ ਜਿਹੜੀ ਉਨ੍ਹਾਂ ਦੇ ਚਰਨ ਕਮਲਾਂ ਦੀ ਸੇਵਾ ਕਰਦੀ ਹੈ ਅਤੇ ਜਿਹੜਾ ਕਾਲ ਸੇਵਾ ਕਰ ਰਿਹਾ ਹੈ ਸਭ ਕੁਝ ਉਨ੍ਹਾਂ ਦੇ ਚਰਨਾਂ ਨੂੰ ਲਿੱਪਟਿਆ ਹੋਇਆ ਹੈ। ਇਕ ਤਿੱਲ ਦੀ ਤਮਾਂ ਨਾਂ ਕਰਨ ਵਾਲੇ ਬਾਬਾ ਨੰਦ ਸਿੰਘ ਸਾਹਿਬ ਉਧਰ ਧਿਆਨ ਹੀ ਨਹੀਂ ਦੇ ਰਹੇ। ਉਹ ਆਪਣੇ ਆਪ ਹੀ ਸੇਵਾ ਕਰੀ ਜਾ ਰਹੇ ਹਨ। ਹੱਥ ਜੋੜੀ ਦਰ ਤੇ ਖੜ੍ਹੇ ਹਨ, ਸੇਵਾ ਕਰ ਰਹੇ ਹਨ।
ਧੰਨ ਹਨ ਬਾਬਾ ਨੰਦ ਸਿੰਘ ਸਾਹਿਬ ਜਿਸ ਨਿਮਰਤਾ ਤੇ ਗਰੀਬੀ ਵਿੱਚ ਸਾਰੀ ਜਿੰਦਗੀ ਵਰਤੇ ਹਨ।
'ਹਉਮੈ' ਦੀ ਸਭ ਤੋਂ ਵੱਡੀ ਤੋੜ ਨਿਮਰਤਾ ਤੇ ਗਰੀਬੀ ਹੈ।
ਪਰ ਹੈ ਕਿੱਥੇ?
ਬਾਬਾ ਨੰਦ ਸਿੰਘ ਸਾਹਿਬ ਦੇ ਚਰਨ ਕਮਲਾਂ ਦੀ ਧੂੜ ਦੇ ਵਿੱਚ।
ਤਪੀ ਤਪੀਸਰ ਆਪਣਾ ਆਪਾ,
ਤੇਰੇ ਰੰਗ ਵਿਚ ਰੰਗ ਰਹੇ ਨੇ।
ਕਈ ਫਰਿਸ਼ਤੇ ਤੇਰੇ ਦਰ ਤੋਂ,
ਜੂਠੇ ਟੁੱਕੜੇ ਮੰਗ ਰਹੇ ਨੇ।
ਸੁਰ ਨਰ ਮੁਨ ਜਨ ਦੇਵਤੇ ਤੇਰਾ,
ਚਰਨ ਅੰਮ੍ਰਿਤ ਮੰਗ ਰਹੇ ਨੇ।
ਵਾਹ ਵਾਹ ਬਾਬਾ ਨੰਦ ਸਿੰਘ ਜੀ
ਤੇਰਾ ਆਉਣਾ ਨਿਆਰਾ।
ਗੁਰੂ ਗ੍ਰੰਥ ਤੇ ਘੋਲ ਘੁਮਾਇਆ
ਆਪਣਾ ਜੀਵਨ ਸਾਰਾ।
ਧੰਨ ਧੰਨ ਬਾਬਾ ਨੰਦ ਸਿੰਘ ਜੀ,
ਧੰਨ ਹੈ ਤੇਰੀ ਵਡਿਆਈ।
ਸੰਗਤ ਗਾਂਉਦੀ ਦੇਵਤੇ ਗਾਂਉਦੇ,
ਗਾਂਉਦੀ ਕੁੱਲ ਖੁਦਾਈ।
ਸੁਣੋ ਮੇਰੇ ਵੀਰ ਜੀਓ,
ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ।
ਗੁਰੂ ਨਾਨਕ ਦਾਤਾ ਬਖ਼ਸ਼ ਲੈ।
ਬਾਬਾ ਨਾਨਕ ਬਖ਼ਸ਼ ਲੈ॥