ਮਾਇਆ ਅਤੇ ਕਾਲ
ਸਾਧ ਸੰਗਤ ਜੀ, ਜਿਹੜੀ ਇਕ ਹੋਰ ਚੀਜ਼ ਪਿਤਾ ਜੀ (ਬਾਬਾ ਨਰਿੰਦਰ ਸਿੰਘ ਜੀ) ਨੇ ਦਸੀ ਕਹਿਣ ਲੱਗੇ-
ਬਾਬਾ ਨੰਦ ਸਿੰਘ ਸਾਹਿਬ ਦੇ ਦਰ ਤੇ ਇਹ ਦੋ ਹਸਤੀਆਂ ਹੱਥ ਜੋੜ ਕੇ ਖੜੀਆਂ ਹੁੰਦੀਆਂ ਹਨ, ਇਕ ਮਾਇਆ ਤੇ ਦੂਜਾ ਕਾਲ।
ਫੁਰਮਾਇਆ-
ਹਰ ਇਕ ਜਣਾ ਸਾਹਿਬ ਪਾਸ ਅਸਲੀ ਜਾਚਕ ਨਹੀਂ ਆਉਂਦਾ, ਮਾਇਆ ਦੇ ਸੰਸਾਰ ਵਿੱਚ ਜਿਹੜਾ ਪ੍ਰਾਣੀ ਗ੍ਰਹਿਸਤ ਹੈ ਉਹ ਮਾਇਆ ਦੇ ਹੀ ਕਾਰਨ ਆਉਂਦਾ ਹੈ, ਉਹ ਮਾਇਆ ਦੇ ਹੀ ਸੁੱਖ ਭਾਲਦਾ ਹੈ। ਉਨ੍ਹਾਂ ਦਾ ਨਿਬੇੜਾ ਜਿਹੜੀ ਉਹ ਦਰ ਤੇ ਮਾਇਆ ਖੜ੍ਹੀ ਹੈ ਉਹ ਉੱਥੇ ਹੀ ਕਰ ਦਿੰਦੀ ਹੈ।
ਫਿਰ ਪਿਤਾ ਜੀ ਨੇ ਇਕ ਚੀਜ਼ ਕਹੀ, ਇਕ ਦਿਨ ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਕੀ ਲੱਗੇ-
ਇਹ ਜਲ ਹੈ, ਜਲ ਮੱਛੀ ਦਾ ਪੂਰਨ ਸਹਾਰਾ ਹੈ, ਜਲ ਹੀ ਉਸ ਦੀ ਲੀਨਤਾ ਹੈ, ਜਲ ਹੀ ਉਸ ਦਾ ਪ੍ਰੇਮ ਹੈ, ਜਲ ਹੀ ਉਸ ਦਾ ਜੀਵਨ ਹੈ, ਜਲ ਹੀ ਉਸ ਦੇ ਪ੍ਰਾਣ ਹਨ ਤੇ ਜਲ ਹੀ ਉਸਦਾ ਰੱਬ ਹੈ। ਜਿਸ ਵਕਤ ਉਹ ਮੱਛੀ ਆਪਣੇ ਉਸ ਆਸਰੇ ਤੋਂ, ਉਸ ਪ੍ਰੀਤਮ ਤੋਂ, ਉਸ ਪਿਆਰ ਤੋਂ, ਉਸ ਲੀਨਤਾ ਤੋਂ ਥੋੜ੍ਹੀ ਦੇਰ ਵਾਸਤੇ ਵੀ ਨੱਕ ਬਾਹਰ ਕੱਢਦੀ ਹੈ ਤੇ ਉਸਦਾ ਦਮ ਘੁੱਟਦਾ ਹੈ। ਜਿਹੜਾ ਮਹਾਂਪੁਰਖ ਹੁੰਦਾ ਹੈ ਉਹ ਹਰ ਵੇਲੇ ਲੀਨਤਾ ਵਿੱਚ ਰਹਿੰਦਾ ਹੈ। ਪਿਤਾ ਜੀ ਦੱਸ ਰਹੇ ਹਨ ਕਿ ਉਸ ਦੀ ਲੀਨਤਾ ਜਿੰਨੇ ਰਸਾਂ ਦਾ ਮਜੱਸਮ ਹੈ, ਸਾਹਿਬ ਸਤਿਗੁਰੂ, ਗੁਰੂ ਨਾਨਕ ਨਿਰੰਕਾਰ ਸਾਰੇ ਹੀ ਉਹ ਰਸ ਬਖਸ਼ਣ ਵਾਲਾ ਹੈ। ਜਿਹੜਾ ਆਤਮਰਸ, ਨਾਮ ਰਸ, ਪ੍ਰੇਮ ਰਸ, ਹਰਿ ਰਸ, ਸਿੱਖੀ ਰਸ ਬਖਸ਼ ਰਿਹਾ ਹੈ ਉਸਦੇ ਹੀ ਸਾਰੇ ਰਸ ਹਨ ਤੇ ਉਹ ਹੈ ਕੌਣ? ਉਹ ਬੇਅੰਤ ਹੈ, ਉਹਦੇ ਰਸ ਵੀ ਬੇਅੰਤ ਹਨ। ਉਸ ਰਸਾਂ ਦੇ ਅੰਤ ਤਕ ਨਹੀਂ ਪਹੁੰਚਿਆ ਜਾ ਸਕਦਾ। ਫਿਰ ਮਤਲਬ ਸਮਝਾ ਰਹੇ ਹਨ ਕਿ ਉਸ ਰਸ ਦਾ ਸਰੂਰ, ਉਹਦਾ ਨਸ਼ਾ, ਉਹਦੀ ਮਸਤੀ, ਉਹਦੀ ਖੁਮਾਰੀ ਹਰ ਛਿੰਨ ਵੱਧ ਰਹੀ ਹੁੰਦੀ ਹੈ ਹਰ ਵੇਲੇ ਹੀ ਨਵੇਂ ਤੋਂ ਨਵਾਂ ਸਰੂਰ ਆ ਰਿਹਾ ਹੁੰਦਾ ਹੈ। ਉਸ ਲੀਨਤਾ ਤੋਂ ਕਿਹੜਾ ਬਾਹਰ ਆਉਣਾ ਪਸੰਦ ਕਰੇਗਾ? ਉਹ ਵੀ ਮਾਇਆ ਦੇ ਸੰਸਾਰ ਦੇ ਵਿੱਚ !
ਫਿਰ ਹੁੰਦਾ ਕੀ ਹੈ? ਉਹੀ ਮਾਇਆ ਜਿਹੜੀ ਚਰਨਾਂ ਵਿੱਚ ਹੱਥ ਜੋੜ ਕੇ ਖੜੀ ਹੈ, ਉਸ ਵੇਲੇ ਫਿਰ ਆਪਣਾ ਧਿਆਨ ਕਰਕੇ ਉਹ ਚਰਨ ਕਮਲਾਂ ਦੇ ਵਿੱਚ ਜਿਨ੍ਹਾਂ ਚਰਨਾਂ ਨੂੰ ਲਿੱਪਟੀ ਹੁੰਦੀ ਹੈ, ਬੇਨਤੀ ਕਰਦੀ ਹੈ ਕਿ ਹੇ ਗਰੀਬ ਨਿਵਾਜ ਉਸ ਦਾ ਘਰ ਪੂਰਾ ਕਰਨਾ ਇਸ ਦਾਸੀ ਦੀ ਸਮਰਥਾ ਤੋਂ ਬਾਹਰ ਹੈ, ਉਹ ਜਾਚਕ ਆਪ ਦਾ ਹੈ, ਗਰੀਬ ਨਿਵਾਜ਼ ! ਆਪ ਹੀ ਪੂਰਾ ਕਰ ਸਕਦੇ ਹੋ। ਉਸ ਵੇਲੇ ਬਾਬਾ ਨੰਦ ਸਿੰਘ ਸਾਹਿਬ ਉਸ ਲੀਨਤਾ ਵਿੱਚੋਂ ਥੋੜ੍ਹੀ ਦੇਰ ਬਾਹਰ ਆਉਂਦੇ ਹਨ ਅਤੇ ਦੂਜੇ ਦਾ ਘਰ ਪੂਰਾ ਕਰ ਕੇ ਵਾਪਸ ਉਸ ਲੀਨਤਾ ਵਿੱਚ ਚਲੇ ਜਾਂਦੇ ਹਨ।
ਤੂੰ ਨਿਮਰਤਾ ਤੇ ਗਰੀਬੀ ਦਾ,
ਪ੍ਰਕਾਸ਼ ਬਾਬਾ ਨੰਦ ਸਿੰਘ ਜੀ।
ਤੂੰ ਨਾਮ ਦੀ ਵਰਖਾ ਲਾਈ,
ਮੋਲ੍ਹੇ ਧਾਰ ਬਾਬਾ ਨੰਦ ਸਿੰਘ ਜੀ।
ਧੰਨ ਧੰਨ ਬਾਬਾ ਨੰਦ ਸਿੰਘ ਜੀ,
ਧੰਨ ਹੈ ਤੇਰੀ ਵਡਿਆਈ।
ਸੰਗਤ ਗਾਉਂਦੀ ਦੇਵਤੇ ਗਾਉਂਦੇ,
ਗਾਉਂਦੀ ਕੁੱਲ ਖੁਦਾਈ।
ਸੁਣੋ ਮੇਰੇ ਵੀਰ ਜੀਓ,
ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ॥
ਗੁਰੂ ਨਾਨਕ ਦਾਤਾ ਬਖ਼ਸ਼ ਲੈ।
ਬਾਬਾ ਨਾਨਕ ਬਖ਼ਸ਼ ਲੈ॥