ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਵਿਤਰ ਚਰਨ ਕਮਲ
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨ-ਕਮਲ ਹੀ ਪੂਰਨ ਰੱਬੀ-ਸ਼ਕਤੀ, ਅਧਿਆਤਮਿਕਤਾ ਅਤੇ ਕਿਰਪਾ ਦਾ ਸੋਮਾਂ ਹਨ। ਜਿੱਥੇ ਵੀ ਉਹਨਾਂ ਨੇ ਪਵਿਤਰ ਚਰਨ ਰਖੇ, ਉੱਥੇ-ਉੱਥੇ ਹੀ ਪਵਿੱਤਰ ਧਾਰਮਿਕ ਅਸਥਾਨ ਖੜ੍ਹੇ ਹੋ ਗਏ। ਉਹਨਾਂ ਦੇ ਪਾਵਨ ਚਰਨ-ਕਮਲ ਸਾਰੇ ਤੀਰਥ ਅਸਥਾਨਾਂ ਦਾ ਆਸਰਾ ਹਨ।
ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ॥
ਆਪਣੇ ਆਪ ਨੂੰ ਇਹਨਾ ਪਾਵਨ ਪਵਿਤਰ ਚਰਨਾ ਵਿੱਚ ਭੇਟ ਕਰਕੇ ਅਸੀਂ ਆਪਣੇ ਜੀਵਨ ਦੇ ਸਾਰੇ ਭਾਰਾਂ ਅਤੇ ਫ਼ਿਕਰਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਫਿਰ ਜੀਵਨ ਦੀ ਛੋਟੀ ਜਿਹੀ ਯਾਤਰਾ ਬਿਕਰ ਤੇ ਹਲਕੇ ਫੁਲਕੇ ਹੋ ਕੇ ਇਹਨਾਂ ਚਰਨ ਕਮਲਾਂ ਦੀ ਛਤਰ-ਛਾਇਆ ਹੇਠਾਂ ਤਹਿ ਕਰ ਸਕਦੇ ਹਾਂ।
ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਆਪਣਾ ਆਪ ਸੰਪੂਰਨ ਰੂਪ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਕਰ ਦਿੱਤਾ ਅਤੇ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਉਹਨਾਂ ਵਿੱਚ ਪ੍ਰਗਟ ਹੋ ਗਏ। ਗੁਰੂ ਅਮਰਦਾਸ ਜੀ ਨੇ ਦੂਸਰੇ ਗੁਰੂ ਨਾਨਕ ਦੇ ਚਰਨਾ ਵਿੱਚ ਆਪਾ ਭੇਟ ਕਰ ਦਿੱਤਾ ਅਤੇ ਗੁਰੂ ਨਾਨਕ ਪਾਤਸ਼ਾਹ ਉਹਨਾਂ ਵਿੱਚ ਪ੍ਰਗਟ ਹੋ ਗਏ। ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣਾ ਆਪ ਤੀਸਰੇ ਗੁਰੂ ਨਾਨਕ ਦੇ ਸਨਮੁਖ ਅਰਪਣ ਕਰ ਦਿੱਤਾ ਅਤੇ ਉਹ ਚੌਥੇ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਵਿੱਚ ਪ੍ਰਗਟ ਹੋ ਗਏ। ਇਸ ਤਰ੍ਹਾਂ ਇਹ ਮਹਾਨ ਕੰਮ ਚਲਦਾ ਰਿਹਾ। ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਆਪਣੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਵਿੱਚ ਪੂਰਨ ਭਾਂਤ ਅਰਪਿਤ ਕਰ ਦਿੱਤਾ ਅਤੇ ਨਾਮ ਕੇ ਜਹਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ, ਬਾਬਾ ਨੰਦ ਸਿੰਘ ਜੀ ਮਹਾਰਾਜ ਵਿੱਚ ਪ੍ਰਗਟ ਹੋ ਗਏ। ਅਜ ਵੀ ਉਹ ਗੁਰੂ ਸਾਹਿਬ ਦੇ ਅਧਿਆਤਮਕ ਪ੍ਰਕਾਸ਼ ਨਾਲ ਸਿਖਰ ਦੇ ਉਤੇ ਪ੍ਰਕਾਸ਼ਮਈ, ਜਲਵਾ ਫਰੋਜ਼ ਸੂਰਜ ਵਾਂਗ ਚਮਕ ਰਹੇ ਹਨ।
ਇਸੇ ਤਰ੍ਹਾਂ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਆਪਣੇ ਚਰਨਾ ਨਾਲ ਲਾ ਕੇ, ਸੱਚੇ ਮਨ ਵਿੱਚ ਨਾਮ ਦਾ ਬੂਟਾ ਲਾਉਂਦੇ ਹਨ ਤਾਂ ਉਹ ਵਿਅਕਤੀ ਵੀ ਪਵਿਤਰ ਬਣ ਜਾਂਦਾ ਹੈ। ਜਿਸ ਧਰਤੀ ਨੂੰ ਵੀ ਗੁਰੂ ਚਰਨਾ ਨੇ ਭਾਗ ਲਾਏ ਉਸ ਧਰਤੀ ਦੇ ਉਤੇ ਸਾਡੇ ਸਭ ਤੋਂ ਵੱਡੇ ਤੀਰਥ ਅਸਥਾਨ ਅਤੇ ਧਰਮ ਅਸਥਾਨ ਸੁਸ਼ੋਬਿਤ ਹਨ।
ਜਿਸ ਹਿਰਦੇ ਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾ ਨੇ ਸਦੀਵੀ ਨਿਵਾਸ ਕਰ ਲਿਆ ਹੋਵੇ ਉਹ ਮਹਾਨ ਵਿਅਕਤੀ ਤਾਂ ਇਕ ਚਲਦਾ ਫਿਰਦਾ ਹਰਿ ਮੰਦਰ ਹੈ ਅਤੇ ਜਿਧਰ ਦੀ ਵੀ ਲੰਘ ਜਾਂਦਾ ਹੈ ਧਰਤੀ ਨੂੰ ਭਾਗ ਲਾਈ ਜਾਂਦਾ ਹੈ। ਕੇਵਲ ਉਹ ਮਹਾਨ ਵਿਅਕਤੀ ਹੀ ਸੱਚਾ-ਸੰਤ ਜਾਂ ਬ੍ਰਹਮ ਗਿਆਨੀ, ਗੁਰਮੁਖ, ਭਗਤ ਕਹਿਲਾਉਣ ਦੇ ਯੋਗ ਬਣਦਾ ਹੈ ਅਤੇ ਉਹ ਪੂਰੇ ਸੰਸਾਰ ਲਈ ਇਕ ਵਰਦਾਨ ਦਾ ਰੂਪ ਧਾਰ ਲੈਂਦਾ ਹੈ।
ਪੇਖਨ ਕਉ ਚਰਣਾ ਰਾਮ॥
ਗੁਰੂ ਨਾਨਕ ਦਾਤਾ ਬਖ਼ਸ਼ ਲੈ॥
ਬਾਬਾ ਨਾਨਕ ਬਖਸ਼ ਲੈ ॥