ਗੁਰੁ ਦਾਤਾ ਜੁਗ ਚਾਰੇ ਹੋਈ

Humbly request you to share with all you know on the planet!

ਨਿਰੰਕਾਰ, ਗੁਰੂ ਨਾਨਕ ਪਾਤਸ਼ਾਹ ਦਾ ਸਰੂਪ ਧਾਰ ਕੇ ਤੇ ਆਪਣਾ ਨਾਮ ਗੁਰੂ ਨਾਨਕ ਰਖਾ ਕੇ ਨਾਮ ਦੀ ਖ਼ੁਮਾਰੀ ਵਿੱਚ ਮਖਮੂਰ ਹੈ। ਪਰ ਨਿਮਰਤਾ ਸਰੂਪ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਆਪ ਨੂੰ ਨਿਰੰਕਾਰ ਨਹੀਂ ਕਿਹਾ। ਸ੍ਰੀ ਗੁਰੂ ਨਾਨਕ ਸਾਹਿਬ ਪਰਮ ਪਿਤਾ ਪਰਮੇਸ਼ਰ ਦੇ ਅਵਤਾਰ ਸਨ ਅਤੇ ਜਨਮ ਤੋਂ ਹੀ ਜਗਤ ਗੁਰੂ ਸਨ। ਪਾਰਬ੍ਰਹਮ ਪਰਮੇਸ਼ਰ ਗੁਰੂ ਨਾਨਕ ਨੂੰ ਪ੍ਰਗਟ ਹੋਣ ਵਾਸਤੇ ਕਿਸੇ ਦੁਨਿਆਵੀ ਗੁਰੂ ਦੀ ਲੋੜ ਨਹੀਂ ਸੀ। ਗੁਰੂ ਨਾਨਕ ਸਾਹਿਬ ਜਨਮ ਤੋਂ ਹੀ ਗੁਰੂ ਸਨ, ਜਗਤ ਗੁਰੂ ਸਨ। ਉਹ ਸੱਚਿਦਾ-ਨੰਦ ਅਤੇ ਪਰਮ ਗੁਰੂ ਸਨ। ਉਹ ਤਾਂ ਆਪ ਗੁਰੂ ਸਾਹਿਬਾਨ ਦੇ ਰਚਨਾਕਾਰਕ ਸਨ। ਉਹਨਾਂ ਨੇ ਗੁਰੂਆਂ ਦੀ ਇਕ ਅਨੁਕਰਮਿਕ ਪੰਗਤੀ ਨੂੰ ਰਚਿਆ, ਬਣਾਇਆ ਅਤੇ ਸਵਾਰਿਆ। ਉਹ ਆਪ ਹੀ ਆਦਿ ਅਤੇ ਜੁਗਾਦਿ ਗੁਰੂ ਸਨ। ਇਕ ਤੋਂ ਪਹਿਲਾਂ ਕੋਈ ਗਿਣਤੀ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਆਪ ਹੀ ਆਦਿ ਅਤੇ ਜੁਗਾਦਿ ਗੁਰੂ ਹਨ। ਜੁਗਾਂ ਜੁਗੰਤਰ ਵਿੱਚ ਪਾਰਬ੍ਰਹਮ ਪਰਮੇਸਰ ਗੁਰੂ ਨਾਨਕ ਆਪ ਹੀ ਪ੍ਰਕਾਸ਼ਮਾਨ ਹੁੰਦਾ ਰਿਹਾ ਹੈ।

ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ॥
ਭਾਈ ਗੁਰਦਾਸ ਜੀ

ਨਿਰੰਕਾਰ ਸਰੂਪ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਇਲਾਹੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਿਮਾਂ ਦਾ ਪ੍ਰਕਾਸ਼ ਸੂਰਜ ਵਾਂਗ ਬਖੇਰ ਰਹੀ ਹੈ ਅਤੇ ਗੁਰੂ ਨਾਨਕ ਸਾਹਿਬ ਦੀ ਮਹਿਮਾਂ ਦਾ ਪ੍ਰਕਾਸ਼ ਫੈਲਾ ਰਹੀ ਹੈ।

ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ॥

ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਦਸੋਂ ਪਾਤਸ਼ਾਹੀਆਂ ਦੇ ਪਾਵਨ ਸਰੂਪਾਂ ਦੇ ਵਿੱਚ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਲੌਕਿਕ ਸਰੂਪ ਵਿੱਚ ਨਿਤ ਨਵੇਂ ਰੰਗਾਂ ਵਿੱਚ ਵਿੱਚਰਦੇ ਰਹੇ ਹਨ ਤੇ ਵਿੱਚਰ ਰਹੇ ਹਨ। ਇਹ ਸਦੀਵੀ ਸੂਰਜ ਕਦੇ ਛੁਪਦਾ ਨਹੀਂ। ਸਾਧ ਸੰਗਤ ਜੀ ਇਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼, ਇਹ ਮਹਾਨ ਪਾਵਨ ਜੋਤ ਹਮੇਸ਼ਾ ਹੀ ਜਗਮਗਾਂਦੀ ਰਹੇਗੀ ਅਤੇ ਕਰੋੜਾਂ ਸੂਰਜਾਂ ਅਤੇ ਚੰਦਰਮਾਵਾਂ ਦੀ ਰੌਸ਼ਨੀ ਨੂੰ ਮੱਧਮ ਪਾਉਂਦੀ ਰਹੇਗੀ। ਇਹ ਤਾਂ ਸਾਰੇ, ਗੁਰੂ ਨਾਨਕ ਪਾਤਸ਼ਾਹ ਦੀ ਇਕ ਕਣੀ ਦੇ ਪ੍ਰਕਾਸ਼ ਨਾਲ ਚਮਕ ਰਹੇ ਹਨ। ਸ੍ਰੀ ਗੁਰੂ ਨਾਨਕ ਸਾਹਿਬ ਦਸ ਗੁਰੂ ਸਾਹਿਬਾਨਾਂ ਦੇ ਆਪ ਹੀ ਇਕ ਸਰੂਪ ਹਨ। ਪਾਰਬ੍ਰਹਮ ਗੁਰੂ ਨਾਨਕ ਸਾਹਿਬ ਹਰ ਗੁਰੂ ਸਾਹਿਬ ਦੇ ਰੂਪ ਵਿੱਚ ਆਪ ਹੀ ਰੂਪਮਾਨ ਹਨ। ਦਸ ਗੁਰੂ ਸਾਹਿਬਾਨਾਂ ਵਿੱਚੋਂ ਸ੍ਰੀ ਗੁਰੂ ਨਾਨਕ ਸਾਹਿਬ ਦੀ ਅਪੂਰਵ ਮਹਿਮਾਂ ਦਾ ਇਕ ਵਿਭਿੰਨ ਰੂਪ ਉਜਾਗਰ ਹੁੰਦਾ ਹੈ। ਗੁਰੂ ਨਾਨਕ ਸਾਹਿਬ ਇਲਾਹੀ ਗੁਣਾਂ ਦੇ ਪ੍ਰਤੱਖ ਰੂਪ ਹਨ। ਇਹ ਅਧਿਆਤਮਕ ਅਨੋਖੀ ਰੂਹਾਨੀ ਜੋਤ ਮਾਨਵਜਾਤੀ ਦੀ ਪਵਿਤਰ ਆਤਮਾ ਨੂੰ ਆਪਣੇ ਨਾਲ ਜੋੜੀ ਰੱਖਦੀ ਹੈ। ਇਹ ਪਰਮਾਤਮਾ ਦੀ ਅਦਭੁਤ ਲੀਲ੍ਹਾ ਦਾ ਇਕ ਚਮਤਕਾਰ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸਿਰਫ ਗੁਰੂ ਨਾਨਕ ਸਾਹਿਬ ਦਾ ਪਵਿਤਰ ਨਾਮ ਹੀ ਗੂੰਜਦਾ ਹੈ ਅਤੇ ਵਾਰ ਵਾਰ ਗੂੰਜਦਾ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਹੀ ਗੁਰੂ ਸਾਹਿਬਾਨ ਦੀਆਂ ਵਿਭਿੰਨ ਰਚਨਾਵਾਂ ਨੂੰ ਸਸ਼ੋਭਿਤ ਕਰਦੇ ਹਨ। ਇਸ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਹੀ ਹਨ।
 
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਹੈ, ਨੇ ਲੱਖਾਂ ਕਰੋੜਾਂ ਜਗਿਆਸੂਆਂ ਦਾ ਕਾਂਇਆਂ ਕਲਪ ਕੀਤਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰਤੱਖ ਬਿਰਾਜਮਾਨ ਅਤੇ ਪ੍ਰਕਾਸ਼ਮਾਨ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਵਿਤਰ ਬਾਣੀ ਨਾਲ ਸਰਸ਼ਾਰ ਹੈ।
 
ਰੱਬ ਜਿਸ ਵੇਲੇ ਕੋਈ ਗ੍ਰੰਥ ਲਿਖਦਾ ਹੈ,
ਤਾਂ ਆਪ ਵਿੱਚ ਸਮਾ ਜਾਂਦਾ ਹੈ।
ਇਕ ਹੰਕਾਰੇ ਹੋਏ ਵਿਅਕਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਇਕ ਕਿਤਾਬ ਹੈ।
ਇਕ ਸੇਵਕ ਲਈ ਇਹ ਪਰਮ ਪਿਤਾ ਪਰਮੇਸ਼ਰ ਦੀ ਪਹਿਚਾਣ ਹੈ।
ਇਕ ਰੱਬੀ ਆਤਮਾ ਲਈ 'ਸ੍ਰੀ ਗੁਰੂ ਗ੍ਰੰਥ ਸਾਹਿਬ' ਜਿਉਂਦਾ ਜਾਗਦਾ ਬੋਲਦਾ ਗੁਰੂ ਨਾਨਕ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੇਵਕ ਦੀ ਵਿਭਿੰਨ ਅਵਸਥਾ ਨਾਲ ਬਦਲਦਾ ਹੈ।
ਇਹ ਪ੍ਰੇਮ ਦੀ ਅਵਸਥਾ ਦੇ ਅਨੁਸਾਰ ਪ੍ਰਗਟ ਹੁੰਦਾ ਹੈ।
ਗੁਰੂ ਨਾਨਕ ਦਾਤਾ ਬਖ਼ਸ਼ ਲੈ॥
ਬਾਬਾ ਨਾਨਕ ਬਖਸ਼ ਲੈ ॥