ਮਨ ਨੀਵਾਂ ਮੱਤ ਉੱਚੀ
ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ॥
ਚਰਣੀ ਲਾਗੈ ਤਾ ਮਹਲੁ ਪਾਵੈ॥
ਸਦ ਹੀ ਨਿਰਮਲੁ ਸਹਜਿ ਸਮਾਵੈ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 231
ਪੂਰਨਮਾਸ਼ੀ ਦਾ ਭਰਿਆ ਦੀਵਾਨ ਸੀ। ਬਾਬਾ ਨੰਦ ਸਿੰਘ ਸਾਹਿਬ ਬਚਨ ਕਰ ਰਹੇ ਸਨ।
ਪੁੱਛਿਆ- ਰੱਬ ਨਾਲੋਂ ਵੀ ਕੋਈ ਵੱਡਾ ਹੈ ?
ਸਾਰੇ ਚੁੱਪ, ਸ਼ਸ਼ੋਪੰਜ ਦੇ ਵਿੱਚ ਕਿ ਰੱਬ ਨਾਲੋਂ ਕੌਣ ਵੱਡਾ ਹੋ ਸਕਦਾ ਹੈ ਤਾਂ ਇਕ ਨਿਜੀ ਸੰਗੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਗਰੀਬ ਨਿਵਾਜ ! ਆਪ ਹੀ ਬਖਸ਼ਿਸ਼ ਕਰੋ। ਬਾਬੇ ਫੁਰਮਾਉਂਣ ਲੱਗੇ ਕਿ ਜੇਤੂ ਵੱਡਾ ਹੈ ਜਾਂ ਜਿਸ ਨੂੰ ਜਿੱਤ ਲਿਆ ਜਾਵੇ ? ਸਾਰੇ ਬੋਲੇ ਕਿ ਜੀ ਜੇਤੂ।
ਫੁਰਮਾਉਂਣ ਲੱਗੇ ਕਿ- ਨਿਮਰਤਾ ਤੇ ਗਰੀਬੀ ਰੱਬ ਨੂੰ ਵੀ ਜਿੱਤ ਲੈਂਦੀ ਹੈ, ਇਸ ਕਰਕੇ ਨਿਮਰਤਾ ਤੇ ਗਰੀਬੀ ਉਸ ਤੋਂ ਵੀ ਵੱਡੀ ਹੈ।
ਇਹ ਅੰਮ੍ਰਿਤ ਵੇਲਾ ਸੀ ਜਦੋਂ ਪੂਜਯ ਪਿਤਾ ਜੀ (ਬਾਬਾ ਨਰਿੰਦਰ ਸਿੰਘ) ਨੇ ਇਹ ਬਚਨ ਸ਼ੁਰੂ ਕੀਤੇ। ਫੁਰਮਾਉਂਣ ਲੱਗੇ ਕਿ-
ਨਿਰੰਕਾਰ ਤਾਂ ਬੇਅੰਤ ਹੈ ਪਰ ਜਿਹੜੀ ਨਿਰੰਕਾਰ ਨੂੰ ਜਿੱਤ ਲੈਂਦੀ ਹੈ ਉਸ ਦਾ ਵੀ ਕੋਈ ਅੰਤ ਹੈ, ਨਿਮਰਤਾ ਤੇ ਗਰੀਬੀ ਦਾ ਵੀ ਕੋਈ ਅੰਤ ਹੈ? ਜੇ ਨਿਰੰਕਾਰ ਦਾ ਅੰਤ ਕੋਈ ਨਹੀਂ ਪਾ ਸਕਦਾ ਤਾਂ ਇਸ ਜੇਤੂ ਦਾ ਅੰਤ ਪਾ ਲਏਗਾ? ਨਿਮਰਤਾ ਤੇ ਗਰੀਬੀ ਤਕ, ਉਸ ਦੀ ਇੰਨਤਹਾ ਤਕ, ਉਸ ਦੀ ਤਹਿ ਤਕ ਪਹੁੰਚਣਾ ਬਹੁਤ ਹੀ ਕਠਿਨ ਹੈ।
ਮਨ ਵਿੱਚ ਕਿੰਨੀ ਕੁ ਨਿਮਰਤਾ ਤੇ ਗਰੀਬੀ ਹੋਣੀ ਚਾਹੀਦੀ ਹੈ। ਅਰਦਾਸ ਦੇ ਵਿੱਚ, ਮਨ ਨੀਵਾਂ ਮੱਤ ਉੱਚੀ ਕਹਿੰਦੇ ਹਨ ਪਰ ਮਨ ਨੀਵਾਂ ਦਾ ਮਤਲਬ ਕੀ ਹੈ? ਫਿਰ ਆਪ ਹੀ ਕਹਿਣ ਲੱਗੇ ਕਿ-
ਗੁਰੁ ਪੂਰਾ ਭੇਟਿਓ ਵਡਭਾਗੀ
ਮਨਹਿ ਭਇਆ ਪਰਗਾਸਾ॥
ਕੋਇ ਨ ਪਹੁਚਨਹਾਰਾ ਦੂਜਾ
ਅਪਨੇ ਸਾਹਿਬ ਕਾ ਭਰਵਾਸਾ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 609
ਜਦੋਂ ਗੁਰੂ ਨਾਨਕ ਪਾਤਸ਼ਾਹ ਤੁੱਠਦੇ ਹਨ, ਜਦੋਂ ਗੁਰੂ ਤੁੱਠਦਾ ਹੈ, ਉਸ ਵੇਲੇ ਇਸ ਮਨ ਨੂੰ ਪ੍ਰਕਾਸ਼ਿਤ ਕਰ ਦਿੰਦਾ ਹੈ। ਜਿਸ ਮਨ ਦੇ ਵਿੱਚ ਗੁਰਮੁਖ, ਗੁਰੂ ਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਬਿਠਾਈ ਬੈਠਾ ਹੈ, ਪ੍ਰੇਮ ਕਰ ਰਿਹਾ ਹੈ, ਉਹਦੀ ਅਰਾਧਨਾ ਕਰ ਰਿਹਾ ਹੈ, ਉਹਦਾ ਧਿਆਨ ਧਰ ਰਿਹਾ ਹੈ, ਕਹਿੰਦੇ ਤੁੱਠਾ ਹੈ ਗੁਰੂ, ਉਸ ਨੇ ਪ੍ਰਕਾਸ਼ ਨਾਲ ਉਹ ਮਨ ਭਰ ਦਿੱਤਾ ਹੈ।
ਫਿਰ ਮਨ ਕਿੰਨਾਂ ਕੁ ਨੀਵਾਂ ਹੋਣਾ ਚਾਹੀਦਾ ਹੈ? ਫਿਰ ਫੁਰਮਾਇਆ ਕਿ-
ਤਿੰਨਾਂ ਲੋਕਾਂ ਦਾ ਪ੍ਰਕਾਸ਼ ਪੂਰਾ ਦਾ ਪੂਰਾ ਮਨ ਦੇ ਅੰਦਰ ਹੋਵੇ, ਤ੍ਰੈ ਭਵਨਾਂ ਦਾ ਪ੍ਰਕਾਸ਼ (ਗੁਰੂ ਦਾ ਬਖਸ਼ਿਆ ਹੋਇਆ ਪ੍ਰਕਾਸ਼ ਮਨ ਦੇ ਅੰਦਰ ਹੋਵੇ ਅਤੇ ਇਸ ਚਿਹਰੇ ਦੇ ਉੱਤੇ ਪੂਰਨ ਅੰਧਕਾਰ ਹੋਵੇ ਉਸ ਦਾ ਮਨ ਨੀਵਾਂ ਹੈ। ਉਸ ਦਾ ਮਨ ਨਿਮਰਤਾ ਤੇ ਗਰੀਬੀ ਵਿੱਚ ਭਿਜਿਆ ਪਿਆ ਹੈ, ਉਹ ਉਸ ਵੇਲੇ ਪੂਰੀ ਗੁਰਮਤ ਵਿੱਚ ਹੈ।
ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ॥
ਗੁਰ ਕੀ ਆਗਿਆ ਮਨਿ ਮਹਿ ਸਹੈ॥
ਆਪਸ ਕਉ ਕਰਿ ਕਛੁ ਨ ਜਨਾਵੈ॥
ਹਰਿ ਹਰਿ ਨਾਮੁ ਰਿਦੈ ਸਦ ਧਿਆਵੈ॥
ਲੇਸ ਮਾਤਰ ਵੀ ਉਹਦੇ ਅੰਦਰ ਉਸ ਪ੍ਰਕਾਸ਼ ਦਾ ਦਿਖਾਵਾ ਨਹੀਂ ਹੋਵੇਗਾ, ਉਸ ਪ੍ਰਕਾਸ਼ ਦਾ ਇਕ ਲੇਸ ਮਾਤਰ ਵੀ ਉਹਨੂੰ 'ਮਾਨ' ਨਹੀਂ ਹੋਏਗਾ, ਉਹ ਹੈ ਮਨ ਨੀਵਾਂ।
ਗੁਰੂ ਨਾਨਕ ਦਾਤਾ ਬਖ਼ਸ਼ ਲੈ।
ਬਾਬਾ ਨਾਨਕ ਬਖ਼ਸ਼ ਲੈ॥