ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ ਅੰਤੁ ਨ ਪਾਰਾਵਾਰੁ

Humbly request you to share with all you know on the planet!

ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ

ਹਰ ਜੁਗ ਦੇ ਵਿੱਚ ਨਿਰੰਕਾਰ 'ਸਤਿਗੁਰੂ' ਦਾ ਸਰੂਪ ਧਾਰ ਕੇ ਇਸ ਸੰਸਾਰ ਦੇ ਵਿੱਚ ਆਉਂਦਾ ਹੈ।

ਗੁਰੁ ਦਾਤਾ ਜੁਗ ਚਾਰੇ ਹੋਈ॥
ਸ੍ਰੀ ਗੁਰੂ ਅਰਮਦਾਸ ਜੀ
ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ॥
ਭਾਈ ਗੁਰਦਾਸ ਜੀ

ਇਸ ਘੋਰ ਅੰਧਕਾਰ ਕਲਿਜੁਗ ਦੇ ਵਿੱਚ ਨਿਰੰਕਾਰ ਗੁਰੂ ਨਾਨਕ ਪਾਤਸ਼ਾਹ ਦਾ ਸਰੂਪ ਧਾਰ ਕੇ ਇਸ ਸੰਸਾਰ ਵਿੱਚ ਆਏ ਹਨ।

ਸਾਧ ਸੰਗਤ ਜੀ ਸਾਹਿਬ ਫੁਰਮਾਉਂਦੇ ਹਨ-

ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ॥

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ -

ਕਲਿਜੁਗ ਦੇ ਸਾਰੇ ਹੀ ਸਾਧਨ ਅੱਗ ਰੂਪੀ ਹਨ, ਕਲਿਜੁਗ ਨਿਰਾ ਕੂੜ ਦਾ ਪਸਾਰਾ ਹੈ।
ਇਸ ਜੁਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਤਸ਼ਰੀਫ ਲਿਆਏ ਹਨ।
ਨਿਰੰਕਾਰ ਨੇ ਸਤਿਗੁਰੂ, ਗੁਰੂ ਨਾਨਕ ਪਾਤਸ਼ਾਹ ਦਾ ਸਰੂਪ ਧਾਰਿਆ ਹੈ।

ਆਪ ਦੇ ਨਾਲ ਸਭ ਤੋਂ ਪਹਿਲੇ ਬਾਬਾ ਨੰਦ ਸਿੰਘ ਸਾਹਿਬ ਦੇ ਅਨਮੋਲ ਬਚਨ, ਸਾਂਝੇ ਕਰਦਾ ਹਾਂ।

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ-

ਇਸ ਕਲਿਜੁਗ ਦਾ ਮਾਲਕ ਗੁਰੂ ਨਾਨਕ ਹੈ ਤੇ ਕਲਿਜੁਗ ਦਾ ਸਮਾ ਹੈ।
ਇਸ ਦੇ ਵਿੱਚ ਪਹਿਰਾ ਗੁਰੂ ਨਾਨਕ ਪਾਤਸ਼ਾਹ ਦਾ ਹੈ ਪਰ ਦੇਖਣ ਵਾਲੀਆਂ ਕੋਈ ਵਿਰਲੀਆਂ ਅੱਖਾਂ ਹਨ।

ਫਿਰ ਫੁਰਮਾਇਆ-

ਕਲਿਜੁਗ ਦੇ 'ਗੁਰੂ', ਗੁਰੂ ਨਾਨਕ ਹਨ।
ਗੁਰੂ ਨਾਨਕ ਪਾਤਸ਼ਾਹ ਦਾ ਧਿਆਨ ਧਰੋ।
ਗੁਰੂ ਨਾਨਕ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਦਾ ਪਾਠ ਕਰੋ।
ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲਾਂ ਨਾਲ ਲੱਗੇ ਰਹੋ।
ਚਰਨ ਕਮਲਾਂ ਦਾ ਚਿੰਤਨ ਕਰੋ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਬਖਸ਼ੇ ਹੋਏ ਨਾਮ ਨੂੰ ਜਪੋ।

ਹਰ ਜੁਗ ਦੇ ਵਿੱਚ ਸਤਿਗੁਰੂ ਆਉਂਦਾ ਹੈ, ਉਸਦੇ ਜੀਵਨ ਵਿੱਚ ਕਿਸੇ ਵਿਰਲੀ ਅੱਖ ਨੂੰ ਹੀ ਉਸਦਾ ਪਤਾ ਲਗਦਾ ਹੈ। ਹੌਲੀ ਹੌਲੀ ਉਸਦੀ ਪਹਿਚਾਣ ਹੁੰਦੀ ਹੈ। ਜਿਸ ਵਕਤ ਭਗਤ ਆਉਂਦੇ ਹਨ ਉਸਦੇ ਜੀਵਨ ਦੀ ਅਸਚਰਜ ਲੀਲ੍ਹਾ ਨੂੰ ਦਸਦੇ ਹਨ, ਉਸਦੇ ਅਸਚਰਜ ਗੁਣ ਦਸਦੇ ਹਨ ਅਤੇ ਉਸ ਵੇਲੇ ਉਸਦੀ ਵਿਸ਼ੇਸ਼ਤਾ ਦਾ ਪਤਾ ਲਗਦਾ ਹੈ। ਗੁਰੂ ਨਾਨਕ ਨਿਰੰਕਾਰ ਦੀ ਪਰਮ ਵਿਸ਼ੇਸ਼ਤਾ ਦਾ, ਪਰਮ ਸਰੇਸ਼ਟਤਾ ਦਾ, ਪਰਮ ਭਗਵਤਾ ਦਾ ਸਾਨੂੰ ਕਿਸ ਤਰ੍ਹਾਂ ਪਤਾ ਲਗਦਾ ਹੈ?

ਗੁਰੂ ਰਾਮ ਦਾਸ ਜੀ ਸੱਚੇ ਪਾਤਸ਼ਾਹ ਫੁਰਮਾਉਂਦੇ ਹਨ-

ਵਾਹੁ ਵਾਹੁ ਸਤਿਗੁਰੁ ਨਿਰੰਕਾਰ ਹੈ
ਜਿਸੁ ਅੰਤੁ ਨ ਪਾਰਾਵਾਰੁ॥

ਗੁਰੂ ਅਰਜਨ ਪਾਤਸ਼ਾਹ ਫੁਰਮਾਉਂਦੇ ਹਨ-

ਵਾਹੁ ਵਾਹੁ ਬਾਣੀ ਨਿਰੰਕਾਰੁ ਹੈ
ਤਿਸੁ ਜੇਵਡੁ ਅਵਰੁ ਨ ਕੋਇ॥

ਜੋ ਕੁੱਝ ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਹੈ, ਅੱਜ ਉਹਨਾਂ ਅਨਮੋਲ ਬਚਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਪ੍ਰਕਾਸ਼ ਵਿੱਚ ਸਮਝਣਾ ਹੈ। ਉਹ ਵਿਰਲੀ ਅੱਖ ਸਾਡੇ ਪਾਸ ਨਹੀਂ ਹੈ ਜਿਹੜੀ ਗੁਰੂ ਨਾਨਕ ਨੂੰ ਪਹਿਚਾਣ ਸਕੇ ਪਰ ਅਗਰ ਕੁੱਝ ਪੱਲੇ ਪੈ ਸਕਦਾ ਹੈ ਤਾਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਸਾਨੂੰ ਪ੍ਰਕਾਸ਼ ਬਖਸ਼ਦੇ ਹਨ, ਜੋ ਰਹਸ ਅਤੇ ਜੁਗਤੀਆਂ ਦਾ ਪ੍ਰਕਾਸ਼ ਸਾਡੀ ਝੋਲੀ ਪਾਂਦੇ ਹਨ ਉਹ ਆਪ ਦੇ ਨਾਲ ਸਾਂਝੇ ਕਰਦਾ ਹਾਂ।

ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ॥
ਆਠ ਪਹਰ ਨਾਨਕ ਗੁਰ ਜਾਪਿ॥
ਸਾਸਿ ਗਿਰਾਸਿ ਨ ਵਿਸਰੈ ਸਫਲੁ ਮੂਰਤਿ ਗੁਰੁ ਆਪਿ॥
ਗੁਰ ਜੇਵਡੁ ਅਵਰੁ ਨ ਦਿਸਈ ਆਠ ਪਹਰ ਤਿਸੁ ਜਾਪਿ॥
ਗੁਰੂ ਨਾਨਕ ਦਾਤਾ ਬਖ਼ਸ਼ ਲੈ॥
ਬਾਬਾ ਨਾਨਕ ਬਖਸ਼ ਲੈ ॥