ਪੈਦਾਇਸ਼ੀ ਜਗਤ ਗੁਰੂ
ਸ੍ਰੀ ਗੁਰੂ ਨਾਨਕ ਸਾਹਿਬ ਨੇ ਆਪਣੇ ਬਚਪਨ ਵਿੱਚ ਹੀ ਈਸ਼ਵਰ ਦੇ ਹੈਰਾਨੀਦਾਇਕ ਸ਼ਬਦਾਂ ਨਾਲ ਸੰਸਾਰ ਵਿੱਚ ਇਲਾਹੀ ਗਿਆਨ ਦੇ ਦਰਵਾਜ਼ੇ ਖੋਲ੍ਹਣੇ ਅਰੰਭ ਕਰ ਦਿੱਤੇ ਸਨ। ਗੁਰੂਆਂ ਦੇ ਗੁਰੂ ਨੇ ਪੰਡਤਾਂ ਅਤੇ ਮੌਲਵੀਆਂ ਦੇ ਮਨਾਂ ਵਿੱਚ ਸੱਚੇ ਗਿਆਨ ਦੀ ਰੌਸ਼ਨੀ ਜਗਾ ਦਿੱਤੀ। ਉਹ ਸੰਸਾਰੀ ਅਧਿਆਪਕ ਜੋ ਹਾਲੇ ਤਕ ਵੀ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੇ ਸਨ, ਨੇ ਜਦੋਂ ਇਸ ਬਾਲਕ ਗੁਰੂ ਦੇ ਚਿਹਰੇ ਦਾ ਨੂਰ ਦੇਖਿਆ ਤਾਂ ਉਹ, ਉਹਨਾਂ ਦੇ ਚਰਨਾ ਤੇ ਡਿਗ ਪਏ।
ਈਸ਼ਵਰ ਦੇ ਪਵਿੱਤਰ ਸ਼ਬਦਾਂ ਨਾਲ ਸ੍ਰੀ ਗੁਰੂ ਨਾਨਕ ਸਾਹਿਬ ਨੇ ਰੱਬੀ ਗਿਆਨ ਦੀ ਝਲਕ ਸਾਰਿਆਂ ਉਪਰ ਛੱਡੀ ਅਤੇ ਲੋਕਾਂ ਨੂੰ ਇਸ ਰਹੱਸ ਤੋਂ ਜਾਣੂ ਕਰਵਾਇਆ ਕਿ ਬ੍ਰਹਮ-ਗਿਆਨ, ਸੰਸਾਰਕ ਗਿਆਨ ਅਥਵਾ ਭੌਤਿਕ ਗਿਆਨ ਦੇ ਮੁਕਾਬਲੇ ਕਿੰਨਾਂ ਅਸਚਰਜ ਹੈ ਅਤੇ ਉਹਨਾਂ ਤੋਂ ਕਿੰਨਾਂ ਉਪਰ ਅਤੇ ਮਹਾਨ ਹੈ।
ਆਪਣੇ ਮਨ ਵਿੱਚ ਜੋਤ ਜਗਾਉਣ ਤੋਂ ਬਿਨਾਂ ਦੂਸਰੇ ਦੇ ਮਨ ਦੀ ਜੋਤ ਕਦੇ ਵੀ ਜਗਾਈ ਨਹੀਂ ਜਾ ਸਕਦੀ। ਇਸ ਅਧਿਆਤਮਿਕ ਗਿਆਨ ਤੋਂ ਬਿਨਾਂ ਕੋਈ ਵਿਅਕਤੀ ਵੀ ਚਿਰ ਸਥਾਈ ਅਨੰਦ ਅਤੇ ਮਨ ਦੀ ਸ਼ਾਂਤੀ ਨਹੀਂ ਗ੍ਰਹਿਣ ਕਰ ਸਕਦਾ। ਜਿਹੜਾ ਇਲਾਹੀ ਗਿਆਨ ਰੱਬੀ ਬਾਲਕ ਦੇ ਚੇਹਰੇ ਤੇ ਝਲਕਾਂ ਮਾਰਦਾ ਸੀ, ਅੱਜ ਵੀ ਉਹ ਆਤਮਾ ਤ੍ਰਿਪਤ ਕਰਦਾ ਹੈ ਅਤੇ ਆਤਮਾ ਨੂੰ ਰੋਸ਼ਨਾਈ ਪ੍ਰਦਾਨ ਕਰਦਾ ਹੈ। ਇਹੀ ਗਿਆਨ ਨੈਤਿਕਤਾ ਦਾ ਆਧਾਰ ਹੈ। ਇਹ ਸੁਚੱਜੇ ਜੀਵਨ ਦੀ ਬੁਨਿਆਦ ਹੈ। ਸੁੱਚਾ ਚਰਿਤੱਰ ਬਣਾਉਣ ਦਾ ਸੋਮਾ ਹੈ ਅਤੇ ਸੰਸਾਰ ਦੀ ਮੁਕਤੀ ਦੀ ਇਹੀ ਕਾਨ ਹੈ। ਇਹ ਸਾਨੂੰ ਸਭ ਨੂੰ ਆਤਮਿਕ ਗਿਆਨ, ਆਤਮਿਕ ਨਿਰੀਖਣ ਅਤੇ ਸਵੈ ਵਿਸ਼ਲੇਸ਼ਣਤਾ ਪ੍ਰਤੀ ਝਾਤੀ ਮਾਰਨ ਲਈ ਪ੍ਰੇਰਤ ਕਰਦਾ ਹੈ। ਇਹ ਬਾਕੀ ਅਨੇਕ ਪ੍ਰਕਾਰ ਦੀਆਂ ਸਿਖਿਆਵਾਂ ਤੋਂ ਅਲੱਗ ਹੈ। ਇਸ ਦਾ ਸਮੇਂ ਨਾਲ ਕੋਈ ਸਬੰਧ ਨਹੀਂ ਅਤੇ ਨਾ ਹੀ ਇਹ ਸਿਰਫ ਰੋਜ਼ੀ, ਰੋਟੀ ਕਮਾਉਣ ਦਾ ਤਰੀਕਾ ਹੈ। ਇਹ ਤਾਂ ਚਿਰ ਸਥਾਈ ਆਨੰਦ ਅਤੇ ਸ਼ਾਂਤੀ ਪ੍ਰਾਪਤ ਕਰਨ ਦਾ ਮਾਧਿਅਮ ਹੈ।
ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਦੂਸਰੇ ਅਧਿਆਪਕਾਂ ਨੂੰ ਸੁਧਾਰਨਾ ਸ਼ੁਰੂ ਕਰ ਦਿਤਾ। ਬਚਪਨ ਤੋਂ ਹੀ ਉਹਨਾਂ ਨੂੰ ਆਪਣੇ ਇਸ ਮਹਾਨ ਕਾਰਜ ਦਾ ਗਿਆਨ ਸੀ। ਹਜੂਰ ਨੇ ਦੂਸਰੇ ਅਧਿਆਪਕਾਂ ਨੂੰ ਅਦੁੱਤੀ ਗਿਆਨ ਅਤੇ ਜੀਵਨ ਦੀਆਂ ਅਟੁੱਟ ਸਚਾਈਆਂ ਦਾ ਗਿਆਨ ਬਖ਼ਸ਼ਿਆ। ਤਾਰਨਹਾਰ ਨੇ ਦੂਸਰੇ ਅਧਿਆਪਕਾਂ ਨੂੰ ਸਿੱਧੇ ਰਸਤੇ ਪਾਉਣ ਲਈ ਅਵਤਾਰ ਧਾਰਿਆ ਸੀ। ਇਸ ਰੱਬੀ ਬਾਲ ਦਾ ਪ੍ਰਕਾਸ਼ ਘੋਰ ਅਗਿਆਨਤਾ, ਅੰਧਵਿਸ਼ਵਾਸ ਅਤੇ ਘੋਰ ਅੰਧਕਾਰ ਨੂੰ ਦੂਰ ਕਰਨ ਲਈ ਹੀ ਸੰਸਾਰ ਵਿੱਚ ਪ੍ਰਗਟ ਹੋਇਆ ਸੀ।
ਸੱਚੀ ਸਿਖਿਆ ਹੀ ਇਨਸਾਨ ਨੂੰ ਪਸ਼ੂ ਬਿਰਤੀ ਤੋਂ ਉਪਰ ਉਠਾ ਕੇ ਉਸਨੂੰ ਸਹੀ ਅਰਥਾਂ ਵਿੱਚ ਪੂਰਨ ਇਨਸਾਨ ਬਣਾਉਂਦੀ ਹੈ।
ਫਿਰ ਇਨਸਾਨ ਨੂੰ ਉਸ ਪਰਮਾਤਮਾ ਨਾਲ ਮਿਲਾ ਦਿੰਦੀ ਹੈ।
ਇਸ ਰੱਬੀ ਬਾਲਕ ਦੀ ਚਮਤਕਾਰੀ ਸ਼ਕਤੀ ਦਾ ਗਿਆਨ ਹੌਲੀ ਹੌਲੀ ਉਹਨਾਂ ਦੇ ਬਚਪਨ ਵਿੱਚ ਹੀ ਬਾਕੀਆਂ ਨੂੰ ਸਿਧ ਹੋਣ ਲਗ ਪਿਆ ਸੀ। ਇਹ ਸਪਸ਼ਟ ਹੋਣ ਲਗ ਪਿਆ ਸੀ ਕਿ ਅੰਧਕਾਰ ਕਲਯੁਗ ਵਿੱਚ ਇਕ ਸਾਰੇ ਸੰਸਾਰ ਦੇ ਪੈਗੰਬਰ, ਸੰਸਾਰ ਦਾ ਅਧਿਆਪਕ ਅਤੇ ਸੰਸਾਰ ਦੇ ਮਸੀਹੇ ਨੇ ਅਵਤਾਰ ਧਾਰਿਆ ਹੈ।
ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲੇ ਅਧਿਆਪਕਾਂ ਦੇ ਮਨਾਂ ਵਿੱਚ ਸ਼ਰਧਾ ਦੀ ਲਹਿਰ ਦੌੜ ਪਈ ਅਤੇ ਉਹ ਨਿਮਰਤਾ ਸਹਿਤ ਰੱਬੀ ਬਾਲ ਦੇ ਚਰਨਾ ਤੇ ਡਿਗ ਪਏ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਛੋਟੀ ਉਮਰ ਤੋਂ ਹੀ ਆਪਣੇ ਮੁਖਾਰਬਿੰਦ ਵਿੱਚੋਂ ਗੁਰਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ ਅਤੇ ਸੰਸਾਰ ਨੂੰ ਉਹਨਾਂ ਦੀ ਪਵਿੱਤਰ ਉਪਸਥਿਤੀ ਦਾ ਬੋਧ ਹੋਣ ਲਗ ਪਿਆ।
ਨਿਰੰਕਾਰ ਸਰੂਪ ਬਾਲਕ ਨੇ ਰੱਬੀ ਗਿਆਨ ਦੀ ਸ਼ੁਧ ਧਾਰਾ ਨਾਲ ਸਾਰੀ ਮਨੁੱਖ ਜਾਤੀ ਨੂੰ ਪਵਿਤਰ ਬਣਾ ਦਿਤਾ। ਇਸ ਨਾਲ ਹਨੇਰੇ ਦੇ ਬੱਦਲ ਉਡਣੇ ਸ਼ੁਰੂ ਹੋ ਗਏ ਅਤੇ ਸਾਰੀ ਮਨੁੱਖ ਜਾਤੀ ਨੂੰ ਸੱਚੀ ਰੌਸ਼ਨੀ ਨਾਲ ਭਰਨਾ ਸ਼ੁਰੂ ਕਰ ਦਿੱਤਾ।
ਉਹ ਸੰਸਾਰ ਨੂੰ ਇਕ ਸੱਚਾ ਗਿਆਨ ਪ੍ਰਦਾਨ ਕਰਨ ਵਾਲੇ ਹਨ। ਉਹਨਾਂ ਦਾ ਇਕ ਇਕ ਸ਼ਬਦ ਅਧਿਆਤਮਿਕ ਭਾਵ ਦਾ ਸੋਮਾਂ ਹੈ।
ਉਹਨਾਂ ਨੇ ਸੱਚਾ ਜੀਵਨ ਬਸਰ ਕਰਨ ਉਤੇ ਜ਼ੋਰ ਦਿੱਤਾ ਹੈ। ਆਪਣੀ ਛੋਟੀ ਉਮਰ ਵਿੱਚ ਹੀ ਉਹ ਦੂਸਰਿਆਂ ਨੂੰ ਮਿਲਵਰਤਣ, ਮਿਲ ਜੁਲ ਕੇ ਰਹਿਣ ਅਤੇ ਸੱਚਾ ਅਤੇ ਸਾਦਾ ਜੀਵਨ ਬਿਤਾਉਣ ਲਈ ਸਿਖਿਆ ਦੇਣ ਲਗ ਪਏ। ਉਹਨਾਂ ਦਾ ਸਾਰਿਆਂ ਨੂੰ ਮਿਲ-ਜੁਲ ਕੇ ਰਹਿਣ, ਆਪਸ ਵਿੱਚ ਪ੍ਰੇਮ-ਭਾਵਨਾ, ਸਹਿਨਸ਼ੀਲਤਾ ਬਾਰੇ ਉਪਦੇਸ਼, ਸੰਸਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਪ੍ਰਤੱਖ ਹੈ। ਧੰਨ ਹਨ ਗੁਰੂ ਨਾਨਕ ਪਾਤਸ਼ਾਹ ਜੀ ਤੇ ਧੰਨ ਹਨ ਗੁਰੂ ਅਰਜਨ ਪਾਤਸ਼ਾਹ ਜੀ ਜਿਹਨਾਂ ਨੇ ਗੁਰਮੁਖੀ ਦੀ ਪੂਰੀ ਜਬਾਨ, ਗੁਰਮੁਖੀ ਦੇ ਹਰ ਇਕ ਅੱਖਰ, ਗੁਰਮੁਖੀ ਦੇ ਹਰ ਇਕ ਸ਼ਬਦ ਨੂੰ ਨਿਰੰਕਾਰ ਦੇ ਪ੍ਰਕਾਸ਼ ਨਾਲ ਭਰ ਦਿਤਾ ਹੈ। ਇਕ-ਇਕ ਅੱਖਰ, ਇਕ-ਇਕ ਲਫਜ਼, ਇਕ-ਇਕ ਸ਼ਬਦ ਸਦੀਵੀ ਅੰਮ੍ਰਿਤ ਦੇ ਛਿਟੇ ਦੇ ਰਿਹਾ ਹੈ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿਰਾ ਪ੍ਰਕਾਸ਼ ਹੀ ਪ੍ਰਕਾਸ਼ ਹਨ।
ਸਾਖਸ਼ਾਤ ਪ੍ਰੇਮ ਹੀ ਪ੍ਰੇਮ ਹਨ, ਬਸ ਅਗੇ ਕੀ ਕਹਾਂ, ਨਿਰੰਕਾਰ ਹਨ।
ਧੰਨ ਹਨ ਗੁਰੂ ਨਾਨਕ ਪਾਤਸ਼ਾਹ ਜੀ ਤੇ ਧੰਨ ਹੈ ਉਹਨਾਂ ਦਾ ਸਾਖਸ਼ਾਤ ਸਰੂਪ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
ਬਾਬਾ ਨਾਨਕ ਬਖਸ਼ ਲੈ ॥