ਏਕੰਕਾਰੁ ਸਤਿਗੁਰ ਤੇ ਪਾਈਐ ਹਉ ਬਲਿ ਬਲਿ ਗੁਰ ਦਰਸਾਇਣਾ

Humbly request you to share with all you know on the planet!

ੴ (ਏਕੰਕਾਰੁ) ਨਿਰੰਕਾਰ ਦਾ ਨਿਰਗੁਣ ਸਰੂਪ ਹੈ।
 
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
ਜਪੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ-

 ਸਭ ਜਗ੍ਹਾ ਨਿਰੰਕਾਰ ਦੀ, ਨਿਰਾਕਾਰ ਦੀ, ਨਿਰਗੁਣ ਸਰੂਪ ਦੀ ਸ਼ਕਤੀ ਵਰਤਦੀ ਹੈ। ਪਰ ਜਿਸ ਵਕਤ ੴ ਨੇ ਕੋਈ ਕੰਮ ਕਰਨਾ ਹੋਵੇ ਤਾਂ ਸਤਿਗੁਰੂ ਦਾ ਸਰੂਪ ਧਾਰ ਕੇ ਆ ਜਾਂਦਾ ਹੈ।

ਗੁਰੁ ਦਾਤਾ ਜੁਗ ਚਾਰੇ ਹੋਈ॥
ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ॥
ਭਾਈ ਗੁਰਦਾਸ ਜੀ

ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ-

ਹਰ ਜੁਗ ਦੇ ਵਿੱਚ ਆਉਂਦਾ ਹੈ। ਨਵੇਂ ਤੋਂ ਨਵੇਂ ਅਨੋਖੇ ਰੰਗ ਭਰ ਦਿੰਦਾ ਹੈ। ਇਸ ਸੰਸਾਰ ਨੂੰ ਨਵੀਆਂ ਤੋਂ ਨਵੀਆਂ ਦਾਤਾਂ ਨਾਲ ਨਿਵਾਜਦਾ ਹੈ।
ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ॥

ਕਲਿਜੁਗ ਦੇ ਵਿੱਚ ਸਤਿਗੁਰੂ ਦਾ ਸਰੂਪ ਧਾਰ ਕੇ ਗੁਰੂ ਨਾਨਕ ਪਾਤਸ਼ਾਹ ਤਸ਼ਰੀਫ ਲਿਆਏ।

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ-

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥

ਇਹ ਮੂਲ ਮੰਤਰ ਹੈ। ੴ ਦਾ ਇਹ ਨਿਰਗੁਣ ਸਰੂਪ ਹੈ।

ਜਿਹੜਾ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੂੰ ਆਇਆ ਫਿਰ ਸ਼ੁਕਰਾਨੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਫੁਰਮਾਇਆ-

ਜਪੁ॥ ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ-

ਉਸ ਨਿਰਾਕਾਰ ਨੂੰ, ਨਿਰਗੁਣ ਨੂੰ ਨਿਰੰਕਾਰ ਨੂੰ ੴ ਕਿਹਾ ਹੈ। ਗੁਰ ਪ੍ਰਸਾਦਿ ਤਕ ਉਸੇ ਨਿਰਗੁਣ ਸਰੂਪ ਦੇ ਗੁਣ ਦਰਸਾਏ ਹਨ। ਜਿਸ ਵਕਤ ਉਹ ਆਉਂਦਾ ਹੈ ੴ ਉਹ ਦਾ ਨਿਰਗੁਣ ਸਰੂਪ ਹੈ ਤੇ ਜਦੋਂ ਸਤਿਗੁਰੂ ਦਾ ਸਰੂਪ ਧਾਰ ਕੇ ਆਉਂਦਾ ਹੈ ਉਹ ਗੁਰ ਪ੍ਰਸਾਦਿ ਸਤਿਗੁਰੂ ਦਾ ਸਰੂਪ ਧਾਰ ਕੇ ਬਖਸ਼ਿਸ਼ਾਂ ਕਰਦਾ ਹੈ।

ਗੁਰੂ ਨਾਨਕ ਪਾਤਸ਼ਾਹ ਉਸੇ ਸਰੂਪ ਨੂੰ ਸਜਦਾ ਕਰਦੇ ਹੋਏ ਫੁਰਮਾ ਰਹੇ ਹਨ-

ਜਪੁ॥ ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥

ਅੰਮ੍ਰਿਤ ਵੇਲਾ ਸੀ ਪਿਤਾ ਜੀ ਰੋਜ ਮਰਾ ਨਿਤਨੇਮ ਤੋਂ, ਸਾਹਿਬ ਦੀ ਸੇਵਾ ਤੋਂ, ਆਪਣੇ ਨਾਮ ਸਿਮਰਨ ਤੋਂ ਕਾਫੀ ਘੰਟਿਆ ਬਾਅਦ (ਦੋ ਵਜੇ ਰਾਤ ਨੂੰ ਇਸ਼ਨਾਨ ਕਰਕੇ, ਪ੍ਰਸ਼ਾਦਿ ਅਤੇ ਦੁਧ ਤਿਆਰ ਕਰਕੇ ਸਾਹਿਬ ਦੇ ਕਮਰੇ ਵਿੱਚ ਚਲੇ ਜਾਂਦੇ ਸਨ ਅਤੇ ਆਪ ਹੀ ਸਾਰੀ ਸੇਵਾ ਕਰਦੇ ਸਨ। ਚਾਰ-ਪੰਜ ਘੰਟਿਆਂ ਬਾਅਦ ਬਾਹਰ ਆਉਂਦੇ ਸਨ) ਉਸ ਵਕਤ ਜੋ ਅਨਮੋਲ ਬਚਨ ਕੀਤੇ ਆਪ ਦੇ ਨਾਲ ਸਾਂਝੇ ਕਰਦਾ ਹਾਂ।

ਫੁਰਮਾਇਆ ਕਿ-

ਬਾਬਾ ਨੰਦ ਸਿੰਘ ਸਾਹਿਬ ਨੇ ਇਹ ਸੋਝੀ ਪਾਈ ਹੈ ਕਿ ੴ ਇਕ ਸ਼ਬਦ ਹੈ। ਉਸ ਨਿਰਾਕਾਰ ਦਾ ਕੋਈ ਆਕਾਰ ਨਹੀਂ ਹੈ। ੴ ਉਸਦਾ ਆਕਾਰ ਸਰੂਪ ਹੈ। ਜਿਸ ਵਕਤ ਵੀ ਉਹ ਸਰੂਪ ਧਾਰ ਕੇ ਦੁਨੀਆਂ ਵਿੱਚ ਆਉਂਦਾ ਹੈ ਉਸ ਵਕਤ ਉਹ ਗੁਰਪ੍ਰਸਾਦਿ ਤਕ ਗੁਰੂ ਦਾ ਸਰੂਪ ਧਾਰ ਲੈਂਦਾ ਹੈ। ਉਸ ਸਰੂਪ ਦੇ ਵਿੱਚ ਫਿਰ ਦੁਨੀਆਂ ਵਿੱਚ ਵਿਚਰਦਾ ਹੈ। ੴ, ਨਿਰਾਕਾਰ ਦਾ, ਨਿਰੰਕਾਰ ਦਾ ਨਿਰਗੁਣ ਸਰੂਪ ਹੈ। ਸਤਿਗੁਰੂ ਦਾ ਇਹ (ੴ) ਜੋਤ ਸਰੂਪ ਹੈ। ਇਹ ਪਰਮਜੋਤ ਦੇ ਵਿੱਚੋਂ ਹੀ ਇਕ ਨਾਮ ਤੇ ਸ਼ਰੀਰ ਲੈ ਕੇ ਸਤਿਗੁਰੂ ਪ੍ਰਗਟ ਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਦਾ ਨਾਮ ਤੇ ਸ਼ਰੀਰ ਧਾਰ ਕੇ ਕਲਿਯੁਗ ਵਿੱਚ ਪ੍ਰਗਟ ਹੋਇਆ ਹੈ। ਦੁਨੀਆਂ ਦੇ ਸ਼ੁਰੂ ਤੋਂ ਹੀ ੴ ਦੀ ਹੀ ਅਰਾਧਨਾ ਹੋ ਰਹੀ ਹੈ, ਜੁਗਾਂ-ਜੁਗਾਂ ਵਿੱਚ ਹੁੰਦੀ ਹੈ ਅਤੇ ਹੁੰਦੀ ਰਹੇਗੀ। ਗੁਰੂ ਨਾਨਕ ਪਾਤਸ਼ਾਹ ਉਸਦੀ ਸਿਫ਼ਤ ਸਲਾਹ ਦੇ ਵਿੱਚ ਉਸ ਨੂੰ ਸਲਾਹ ਕਿਸ ਤਰ੍ਹਾਂ ਕਰ ਰਹੇ ਹਨ।

ਜਪੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥

ਇਹੀ ਮਹਾਨ ਸਚ ਹੈ ਜੋ ਆਦਿ ਸਚੁ, ਸ਼ੁਰੂ ਤੋ ਸਚ ਹੈ, ਜੁਗਾਦਿ ਸਚੁ॥ ਜੁਗਾਂ-ਜੁਗਾਂ ਦੇ ਵਿੱਚ ਸਚ ਹੀ ਸਚ ਹੈ। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥

ਪਿਤਾ ਜੀ ਕਹਿਣ ਲੱਗੇ ਕਿ-

 ਇਹ ਉਹ ਮਹਾਨ ਸੱਚ ਹੈ ਜਿਸਨੂੰ ਦੁਨੀਆਂ ਦੀ ਕੋਈ ਤਾਕਤ, ਕੋਈ ਸ਼ਕਤੀ ਝੁੱਠਲਾ ਨਹੀਂ ਸਕਦੀ। ੴ ਨੇ, ਇਸ ਨਿਰਗੁਣ ਨੇ ਹੀ ਸਰਗੁਣ ਦਾ ਸਰੂਪ ਧਾਰਿਆ ਹੈ।

ਗੁਰੂ ਅਰਜਨ ਪਾਤਸ਼ਾਹ ਫੁਰਮਾਉਂਦੇ ਹਨ-

ਏਕੰਕਾਰੁ ਸਤਿਗੁਰ ਤੇ ਪਾਈਐ
ਹਉਬਲਿ ਬਲਿ ਗੁਰ ਦਰਸਾਇਣਾ॥

ਹਰ ਇਕ ਸ਼ਬਦ ਦੇ ਅੱਗੇ ਫੁਰਮਾਉਂਦੇ ਹਨ "ੴ ਸਤਿਗੁਰ ਪ੍ਰਸਾਦਿ"। ਸ਼ਬਦ ਦਾ ਸ਼ਰੂ ਇਸ ਤਰ੍ਹਾਂ ਕਰਦੇ ਹਨ।

ਪਿਤਾ ਜੀ ਨੇ ਫੁਰਮਾਇਆ ਕਿ-

ਸਿਰਫ਼ ਸਤਿਗੁਰੁ ਰਾਹੀ ਹੀ ੴ ਦੀ ਪ੍ਰਾਪਤੀ ਹੋ ਸਕਦੀ ਹੈ। ਸਤਿਗੁਰੂ ਹੀ ੴ ਤਕ ਲੈ ਜਾ ਸਕਦਾ ਹੈ। ਸਤਿਗੁਰੂ ਹੀ ੴ ਦੇ ਵਿੱਚ ਲੈ ਜਾ ਕੇ ਫਿਰ ਉਸ ਨਿਰਾਕਾਰ, ਨਿਰੰਕਾਰ ਦੇ ਵਿੱਚ ਸਮਾ ਦਿੰਦਾ ਹੈ। ਇਹ ਸਿਰਫ਼ ਸਤਿਗੁਰੂ ਹੀ ਕਰ ਸਕਦਾ ਹੈ ਹੋਰ ਕੋਈ ਨਹੀਂ ਕਰ ਸਕਦਾ ਕਿਉਂਕਿ ਸਤਿਗੁਰੂ ਉਸਦੇ ਵਿੱਚੋਂ ਹੀ ਸਰੂਪ ਲੈ ਕੇ ਉਤਪਨ ਹੋਇਆ ਹੈ।

ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ੴ ਦੇ ਪ੍ਰਕਾਸ਼ ਨੂੰ, ੴ ਦੇ ਪ੍ਰਸ਼ਾਦ ਨੂੰ ਅੰਮ੍ਰਿਤ ਬਾਣੀ ਦੁਆਰਾ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਬਖਸ਼ ਰਹੇ ਹਨ।

ਏਕਮ ਏਕੰਕਾਰੁ ਨਿਰਾਲਾ॥
ਅਮਰੁ ਅਜੋਨੀ ਜਾਤਿ ਨ ਜਾਲਾ॥
ਅਗਮ ਅਗੋਚਰੁ ਰੂਪੁ ਨਰੇਖਿਆ॥
ਖੋਜਤ ਖੋਜਤ ਘਟਿ ਘਟਿ ਦੇਖਿਆ॥
ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ॥
ਗੁਰ ਪਰਸਾਦਿ ਪਰਮ ਪਦੁ ਪਾਈ॥
ਕਿਆ ਜਪੁ ਜਾਪਉ ਬਿਨੁ ਜਗਦੀਸੈ॥
ਗੁਰ ਕੈ ਸਬਦਿ ਮਹਲੁ ਘਰੁ ਦੀਸੈ॥
ਸਾਹਾ ਗਣਹਿ ਨ ਕਰਹਿ ਬੀਚਾਰੁ॥
ਸਾਹੇ ਊਪਰਿ ਏਕੰਕਾਰੁ॥
ਜਿਸੁ ਗੁਰੁ ਮਿਲੈ ਸੋਈ ਬਿਧਿ ਜਾਣੈ॥
ਗੁਰਮਤਿ ਹੋਇ ਤ ਹੁਕਮੁ ਪਛਾਣੈ॥
ਜਿਨ ਕੈ ਹਿਰਦੈ ਏਕੰਕਾਰੁ॥
ਸਰਬ ਗੁਣੀ ਸਾਚਾ ਬੀਚਾਰੁ॥
ਗੁਰ ਕੈ ਭਾਣੈ ਕਰਮ ਕਮਾਵੈ॥
ਨਾਨਕ ਸਾਚੇ ਸਾਚਿ ਸਮਾਵੈ॥
ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸ੍ਰਿਸਟਿ ਸਬਾਈ॥
ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ॥
ਆਦਿ ਨਿਰੰਜਨੁ ਨਿਰਮਲੁ ਸੋਈ॥
ਅਵਰੁ ਨ ਜਾਣਾ ਦੂਜਾ ਕੋਈ॥
ਏਕੰਕਾਰੁ ਵਸੈ ਮਨਿ ਭਾਵੈ ਹਉਮੈਂ' ਗਰਬੁ ਗਵਾਇਦਾ॥
ਤੂ ਏਕੰਕਾਰੁ ਨਿਰਾਲਮੁ ਰਾਜਾ॥
ਤੂ ਆਪਿ ਸਵਾਰਹਿ ਜਨ ਕੇ ਕਾਜਾ॥
ਅਮਰੁ ਅਡੋਲੁ ਅਪਾਰੁ ਅਮੋਲਕੁ
ਹਰਿ ਅਸਥਿਰ ਥਾਨਿ ਸੁਹਾਇਆ॥
ਦੇਹੀ ਨਗਰੀ ਊਤਮ ਥਾਨਾ॥
ਪੰਚ ਲੋਕ ਵਸਹਿ ਪਰਧਾਨਾ॥
ਊਪਰਿ ਏਕੰਕਾਰੁ ਨਿਰਾਲਮ ਸੁੰਨ ਸਮਾਧਿ ਲਗਾਇਆ॥
ਹਰਿ ਸਿਮਰਿ ਏਕੰਕਾਰੁ ਸਾਚਾ
ਸਭੁ ਜਗਤੁ ਜਿੰਨਿ ਉਪਾਇਆ॥
ਪਉਣੁ ਪਾਣੀ ਅਗਨਿ ਬਾਧੇ
ਗੁਰਿ ਖੇਲੁ ਜਗਤਿ ਦਿਖਾਇਆ॥
ਗੁਰੂ ਨਾਨਕ ਦਾਤਾ ਬਖ਼ਸ਼ ਲੈ॥ 
ਬਾਬਾ ਨਾਨਕ ਬਖਸ਼ ਲੈ॥