ਆਰਤਾ ਕੀਜੈ ਨਾਨਕ ਸ਼ਾਹ ਪਾਤਸ਼ਾਹ ਕਾ
ਗੁਰੂ ਨਾਨਕ ਪਾਤਸ਼ਾਹ ਇਕ ਲੰਬੀ ਉਦਾਸੀ ਤੋਂ ਬਾਅਦ ਪਰਤੇ । ਬਾਬਾ ਸ੍ਰੀ ਚੰਦ ਜੀ ਮਹਾਰਾਜ ਆਪਣੇ ਨਿਰੰਕਾਰ ਪਿਤਾ ਦੇ ਚਰਨਾਂ ਵਿੱਚ ਇਕ ਨਿਮਰਤਾ ਸਾਹਿਤ ਭੇਂਟ ਰੱਖਦੇ ਹਨ, ਅਰਪਨ ਕਰਦੇ ਹਨ । ਇਕ ਆਰਤਾ ਸਾਹਿਬ ਨੇ ਆਪ ਲਿਖਿਆ, ਆਪਣੇ ਨਿਰੰਕਾਰ ਪਿਤਾ ਦੇ ਚਰਨਾਂ ਵਿੱਚ ਰੱਖਿਆ । ਗੁਰੂ ਨਾਨਕ ਪਾਤਸ਼ਾਹ ਦੇ ਹੁਕਮ ਨਾਲ ਆਪ ਫਿਰ ਸੁਣਾਂਦੇ ਹਨ । ਆਰਤਾ ਪੜ੍ਹ ਕੇ ਸੁਣਾਇਆ ਗੁਰੂ ਨਾਨਕ ਪਾਤਸ਼ਾਹ ਬਹੁਤ ਪ੍ਰਸੰਨ ਹੋਏ । ਨਿਰੰਕਾਰ ਪਿਤਾ ਆਪਣੇ ਸਪੁੱਤਰ ਨੂੰ ਬਹੁਤ ਪਿਆਰ ਬਖਸ਼ਦੇ ਹਨ ਅਤੇ ਬੜੇ ਵਰ ਦਿੱਤੇ ।
ਸਾਧ ਸੰਗਤ ਜੀ ਉਹ ਆਰਤਾ ਕੀ ਸੀ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀ ਉਸਤੱਤ ਦੇ ਵਿੱਚ ਬਾਬਾ ਸ੍ਰੀ ਚੰਦ ਸਾਹਿਬ ਨੇ ਆਪਣੇ ਪਾਵਨ ਮੁਖਾਰਬਿੰਦ ਤੋਂ ਉਚਾਰਿਆ ਅਤੇ ਫਿਰ ਨਿਰੰਕਾਰ ਪਿਤਾ ਨੂੰ ਪ੍ਰਸੰਨ ਕੀਤਾ । ਗੁਰੂ ਨਾਨਕ ਸਾਹਿਬ ਨੇ ਫਿਰ ਕਮਾਲ ਦੇ ਵਰ ਬਖਸ਼ੇ । ਸਾਧ ਸੰਗਤ ਜੀ ਪਹਿਲੋਂ ਤਾਂ ਆਪਾਂ ਵੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਕੇ ਉਨ੍ਹਾਂ ਦੇ ਚਰਨ-ਕਮਲਾਂ ਵਿੱਚ ਬੈਠ ਕੇ ਇਕਾਗਰਚਿੱਤ ਹੋ ਕੇ ਉਹ ਆਰਤੇ ਵਿੱਚ ਸ਼ਾਮਿਲ ਹੋਈਏ ।
ਹਰਿ ਹਰਿ ਦੀਨ ਦੁਨੀਆਂ ਕੇ ਸ਼ਹਿਨਸ਼ਾਹ ਕਾ ॥
ਚਾਰ ਕੁੰਟ ਜਾਕੀ ਧਰਮਸਾਲਾ॥
ਸੰਗਤ ਗਾਵੈ ਸ਼ਬਦ ਰਸਾਲਾ॥
ਕੋਟ ਦੇਵੀ ਜਾਕੀ ਜੋਤ ਜਗਾਵੈ ॥
ਕੋਟ ਤੇਤੀਸ ਜਾਕੀ ਉਸਤਤਿ ਗਾਵੈ॥
ਆਰਤਾ ਕੀਜੈ ਨਾਨਕ ਸ਼ਾਹ ਪਾਤਸ਼ਾਹ ਕਾ॥
ਹਰਿ ਹਰਿ ਦੀਨ ਦੁਨੀਆਂ ਕੇ ਸ਼ਹਿਨ ਸ਼ਾਹ ਕਾ ॥
ਛਿਨਵੇ ਕ੍ਰੋੜਿ ਜਾਕੇ ਚਰਨ ਪਖਾਰੈ॥
ਚੰਦਿ ਸੂਰਜ ਜਾਕੀ ਜੋਤਿ ਉਜਾਲੇ॥
ਭਾਰਿ ਅਠਾਰਹਿ ਜਾਕੀ ਪੁਹੁਪ ਕੀ ਮਾਲਾ॥
ਪਰਮ ਜੋਤਿ ਸਤਿਗੁਰ ਦੀਨ ਦਯਾਲਾ॥
ਆਰਤਾ ਕੀਜੈ ਨਾਨਕ ਸ਼ਾਹ ਪਾਤਸ਼ਾਹ ਕਾ॥
ਹਰਿ ਹਰਿ ਦੀਨ ਦੁਨੀਆਂ ਕੇ ਸ਼ਹਿਨ ਸ਼ਾਹ ਕਾ ॥
ਰਿਖਿ ਮੁਨੀ ਜਾਕਉ ਧਿਆਨ ਲਗਾਵੈ॥
ਪੰਜ ਪ੍ਰਵਾਨ ਹੈ ਸਤਿਗੁਰੁ ਪੂਰਾ ॥
ਬਾਜੇ ਸ਼ਬਦ ਅਨਾਹਦ ਤੂਰਾ ॥
ਹਰਿ ਹਰਿ ਦੀਨ ਦੁਨੀਆਂ ਕੇ ਸ਼ਹਿਨ ਸ਼ਾਹ ਕਾ ॥
ਘੰਟਾ ਬਾਜੇ ਧੁੰਨ ਓਅੰਕਾਰਾ ॥
ਅਧਰ ਅਖੰਡ ਜਾਕੋ ਝਿਲਮਿਲ ਕਾਰਾ ॥
ਸਤਿਨਾਮ ਹੈ ਸੋਹੰਸਾਰਾ ॥
ਨਾਨਕ ਨਾਮੁ ਸੰਤਨ ਆਧਾਰਾ ॥
ਹਰਿ ਹਰਿ ਦੀਨ ਦੁਨੀਆਂ ਕੇ ਸ਼ਹਿਨ ਸ਼ਾਹ ਕਾ ॥
ਅਗਮ ਅਗਾਧ ਅਡੋਲ ਅਵਧੂਤਾ ॥
ਜੋ ਜਨ ਨਾਨਕ ਸ਼ਾਹ ਕਾ ਆਰਤਾ ਗਾਵੈ॥
ਬਸੈ ਬੈਕੁੰਠ ਪਰਮ ਗਤ ਪਾਵੈ॥
ਹਰਿ ਹਰਿ ਦੀਨ ਦੁਨੀਆਂ ਕੇ ਸ਼ਹਿਨ ਸ਼ਾਹ ਕਾ ॥
ਸਰਨ ਪਰੇ ਕੀ ਰਾਖ ਦਿਆਲਾ ॥
ਨਾਨਕ ਤੁਮਰੇ ਬਾਲ ਗੁਪਾਲਾ ॥
ਹਰਿ ਹਰਿ ਦੀਨ ਦੁਨੀਆਂ ਕੇ ਸ਼ਹਿਨਸ਼ਾਹ ਕਾ ॥
ਨਿਰੰਕਾਰ ਪਿਤਾ ਨੇ ਬਾਬਾ ਸ੍ਰੀ ਚੰਦ ਮਹਾਰਾਜ ਦਾ ਆਰਤਾ ਸੁਣਿਆ। ਬਹੁਤ ਪ੍ਰਸੰਨ ਹੋਏ, ਬਹੁਤ ਪਿਆਰ ਬਖਸ਼ਿਆ। ਆਪਣੇ ਸਾਹਿਬਜ਼ਾਦੇ ਨਾਲ ਬਹੁਤ ਪਿਆਰ ਕੀਤਾ, ਬੜੇ ਵਰ ਦਿੱਤੇ । ਸਾਧ ਸੰਗਤ ਜੀ ਐਸਾ ਲਾਸਾਨੀ ਆਰਤਾ ਜਿਸ ਦੀ ਕੋਈ ਹੋਰ ਮਿਸਾਲ ਨਹੀਂ।
ਬਾਬਾ ਸ੍ਰੀ ਚੰਦ ਜੀ ਮਹਾਰਾਜ ਇਸ ਆਰਤੇ ਦੇ ਵਿੱਚ ਕਈ ਚੀਜਾਂ ਪੜ੍ਹਦੇ ਹਨ । ਉਨ੍ਹਾਂ ਦੇ ਸਿਦਕ ਦਾ, ਉਨ੍ਹਾਂ ਦੀ ਸ਼ਰਧਾ ਦਾ, ਉਹ ਅੰਮ੍ਰਿਤ ਇਸ ਆਰਤੇ ਦੇ ਵਿੱਚ ਵਗ ਰਿਹਾ ਹੈ । ਬਾਬਾ ਸ੍ਰੀ ਚੰਦ ਜੀ ਇਸ ਆਰਤੇ ਦੇ ਵਿੱਚ ਇਹ ਸਪੱਸ਼ਟ ਕਰ ਰਹੇ ਹਨ ਕਿ ਉਨ੍ਹਾਂ ਦੇ ਗੁਰੂ ਨਾਨਕ ਪਿਤਾ ਹੀ ਨਿਰੰਕਾਰ ਹਨ, ਉਹੀ ਪਰਮਜੋਤ ਹਨ, ਉਨ੍ਹਾਂ ਦੇ ਸਤਿਗੁਰੂ ਹਨ ।
ਸਾਧ ਸੰਗਤ ਜੀ ਐਸੇ ਨਿਰੰਕਾਰ ਪਿਤਾ ਦਾ ਆਰਤਾ, ਉਸ ਕਾਦਰ ਸਰੂਪ, ਨਿਰੰਕਾਰ ਸਰੂਪ ਪਿਤਾ ਦਾ ਆਰਤਾ ਇਹ ਸਾਰੀ ਕੁਦਰਤ ਕਰ ਰਹੀ ਹੈ, ਇਹ ਸਾਰਾ ਬ੍ਰਹਮੰਡ ਕਰ ਰਿਹਾ ਹੈ । ਸੂਰਜ ਅਤੇ ਚੰਦ ਉਸ ਆਰਤੇ ਦੇ ਵਿੱਚ ਜੋਤਾਂ ਦਾ ਕੰਮ ਕਰ ਰਹੇ ਹਨ । ਪਵਨ ਰਾਇ ਨਿਰੰਕਾਰ ਨੂੰ ਚੌਰ ਕਰ ਰਹੇ ਹਨ । ਤੇਤੀਸ ਕਰੋੜ ਦੇਵਤੇ ਉਨ੍ਹਾਂ ਦੀ ਉਸਤੱਤ ਕਰ ਰਹੇ ਹਨ, ਇਹ ਸਾਰਾ ਬ੍ਰਹਮੰਡ ਹੀ ਕਰ ਰਿਹਾ ਹੈ। ਜਿੰਨੇ ਰਿਖੀ ਮੁਨੀ ਹਨ ਸਭ ਉਸੇ ਨਿਰੰਕਾਰ ਪਿਤਾ ਦਾ ਹੀ ਧਿਆਨ ਲਾਈ ਬੈਠੇ ਹਨ । ਬਾਬਾ ਸ੍ਰੀ ਚੰਦ ਸਾਹਿਬ ਉਸ ਆਰਤੇ ਦੇ ਵਿੱਚ ਸਭ ਸਪੱਸ਼ਟ ਕਰ ਦੇਂਦੇ ਹਨ ।
ਤੇਰੇ ਹੁਕਮ 'ਚ ਗੁਲਸ਼ਨ ਸਾਰਾ ਏ ।
ਤੇਰਾ ਇਕ ਇਕ ਬੋਲ ਬਾਬਾ ਸ੍ਰੀ ਚੰਦ ਜੀ
ਅੰਮ੍ਰਿਤ ਦੀ ਮਿਠੜੀ ਧਾਰਾ ਏ।
ਬਾਬਾ ਨਾਨਕ ਬਖਸ਼ ਲੈ॥