ਨਿਮਰਤਾ ਤੇ ਗਰੀਬੀ ਦਾ ਪ੍ਰਕਾਸ਼

Humbly request you to share with all you know on the planet!

ਬਾਬਾ ਨੰਦ ਸਿੰਘ ਸਾਹਿਬ ਇਕ ਟੋਏ ਦੇ ਵਿੱਚ ਬਿਰਾਜਮਾਨ ਹਨ। ਭੋਰਿਆਂ ਦਾ ਕੱਚਾ ਹੀ ਠਾਠ ਹੁੰਦਾ ਸੀ। ਜਿੱਥੇ ਕਦੀ ਕੋਈ ਪੱਕੀ ਇੱਟ ਤਕ ਨਹੀਂ ਲੱਗੀ। ਜਿਸ ਜਗ੍ਹਾਂ ਬੈਠਦੇ ਸਨ ਟੋਇਆ ਪੁੱਟਿਆ ਹੁੰਦਾ ਸੀ। ਗੁਰੂ ਨਾਨਕ ਦੀ ਸਾਰੀ ਸੰਗਤ ਸਭ ਉੱਚੇ ਆਸਨ ਤੇ ਹੁੰਦੀ ਸੀ। ਸਭ ਦੇ ਚਰਨਾਂ ਦੀ ਧੂੜ ਲੈਣ ਵਾਲੇ ਬਾਬਾ ਨੰਦ ਸਿੰਘ ਸਾਹਿਬ...। ਸਭ ਦੇ ਚਰਨਾਂ ਦੀ ਧੂੜ ਉੱਡ ਕੇ ਉਨ੍ਹਾਂ ਦੇ ਉੱਤੇ ਪੈਂਦੀ ਸੀ। ਨਿਮਰਤਾ ਦੀ ਉਸ ਡੁੰਗਾਈ ਦੇ ਵਿੱਚ, ਉਸ ਨੀਚਤਾ ਦੇ ਅਸਥਾਨ ਤੋਂ ਸਾਹਿਬ ਕਿਹੜਾ ਪ੍ਰਕਾਸ਼ ਪਾ ਰਹੇ ਹਨ।

ਬਚਨ ਕਰਦੇ ਹੋਏ ਪੁੱਛਦੇ ਹਨ ਕਿ-

ਕੋਈ ਨਿਰੰਕਾਰ ਤੋਂ ਵੱਡਾ ਹੈ? ਸਾਰੇ ਹੈਰਾਨ। ਕੁੱਛ ਕਹਿਣ ਲੱਗੇ ਕਿ- ਨਿਰੰਕਾਰ ਤੋਂ ਵੱਡਾ ਕੌਣ ਹੋ ਸਕਦਾ ਹੈ? 

ਫੁਰਮਾਉਂਣ ਲੱਗੇ ਕਿ- ਜੇਤੂ ਵੱਡਾ ਹੈ ਯਾ ਜਿਸ ਨੂੰ ਜਿਤ ਲਿਆ ਜਾਵੇ?

ਵਿੱਚੋਂ ਕਿਸੇ ਨੇ ਜਵਾਬ ਦਿੱਤਾ ਕਿ- ਗਰੀਬ ਨਿਵਾਜ! ਜੇਤੂ !

ਨੀਚਤਾ ਦੇ ਪ੍ਰਕਾਸ਼ ਦੇ ਰੰਗ ਵਿੱਚ ਬਾਬਾ ਨੰਦ ਸਿੰਘ ਸਾਹਿਬ ਜੁਗਤੀ ਤੇ ਰਹਸ ਦਸ ਰਹੇ ਹਨ ਕਿ ਫਿਰ ਨਿਮਰਤਾ-ਗਰੀਬੀ ਤੇ ਨੀਚਤਾ ਨਿਰੰਕਾਰ ਨੂੰ ਵੀ ਜਿਤ ਲੈਂਦੀ ਹੈ ਉਸ ਤੋਂ ਵੱਡੀ ਹੈ।

ਉਸ ਵੇਲੇ ਪਤਾ ਲਗਦਾ ਹੈ ਕਿ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜਿਸ ਵਕਤ ਉਸ ਗੁਰੂ ਨਾਨਕ ਨਿਰੰਕਾਰ ਦੀ...

ਭਾਉ ਭਗਤਿ ਕਰਿ ਨੀਚੁ ਸਦਾਏ॥
ਤਉ ਨਾਨਕ ਮੋਖੰਤਰੁ ਪਾਏ॥

...ਅੰਮ੍ਰਿਤ ਬਾਣੀ ਸੁਣਦੇ ਹਨ, ਜਿਸ ਵਿੱਚ ਉਨ੍ਹਾਂ ਨੇ ਆਪਣਾ ਪਰਿਚੈ ਹੀ ਨੀਚਤਾ ਵਿੱਚ ਦਿੱਤਾ ਹੈ। ਇਸ ਨਿਮਰਤਾ ਗਰੀਬੀ ਤੇ ਨੀਚਤਾ ਦੇ ਪ੍ਰਕਾਸ਼ ਪ੍ਰਤੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸ਼ਬਦਾਂ ਵਿੱਚ ਜੋ ਪ੍ਰਕਾਸ਼ ਵਾਜਹਿ ਕਰਦੇ ਹਨ-

ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ
ਤਿਥੈ ਨਦਰਿ ਤੇਰੀ ਬਖਸੀਸ॥

ਨੀਚਤਾ ਦੇ ਪ੍ਰਕਾਸ਼ ਦੀ ਸਿੱਖਿਆ ਸੱਚੇ ਪਾਤਸ਼ਾਹ ਜਿਸ ਤਰੀਕੇ ਨਾਲ ਦੇ ਰਹੇ ਹਨ। ਇਸ ਪ੍ਰਕਾਸ਼ ਨੂੰ ਜਿਸ ਤਰ੍ਹਾਂ ਫਿਰ ਗੁਰੂ ਅੰਗਦ ਸਾਹਿਬ ਨੇ ਆਪਣੇ ਹਿਰਦੇ ਦੀ ਦ੍ਰਿੜਤਾ ਦੇ ਨਾਲ ਗ੍ਰਹਿਣ ਕੀਤਾ ਹੈ ਉਹ ਕਮਾਲ ਹੀ ਕਮਾਲ ਹੈ। ਜਿਸ ਵਕਤ ਸੱਚੇ ਪਾਤਸ਼ਾਹ ਉਸ ਪ੍ਰਕਾਸ਼ ਦੀ ਤਹਿ ਤਕ, ਡੁੰਗਾਈ ਤਕ ਪਹੁੰਚ ਨਿਬੜੇ ਉਸ ਵਕਤ ਗੁਰੂ ਨਾਨਕ ਪਾਤਸ਼ਾਹ ਉਸ ਵਿਲੱਖਣ ਅਵਸਥਾ ਤੇ ਬਲਿਹਾਰ ਜਾਂਦੇ ਹੋਏ ਆਪਣਾ ਮਸਤਕ ਗੁਰੂ ਅੰਗਦ ਸਾਹਿਬ ਦੇ ਚਰਨ-ਕਮਲਾਂ ਤੇ ਰੱਖ ਦਿੰਦੇ ਹਨ। ਜਿਸ ਵਕਤ ਮਸਤਕ ਰਖਦੇ ਹਨ ਉਸ ਵੇਲੇ ਇਕ ਚੀਜ਼ ਤਾਂ ਸਪੱਸ਼ਟ ਹੋ ਜਾਂਦੀ ਹੈ ਕਿ ਨਿਮਰਤਾ-ਗਰੀਬੀ ਤੇ ਨੀਚਤਾ ਦਾ ਪ੍ਰਕਾਸ਼ ਇੰਨਾ ਪ੍ਰਬਲ ਹੈ ਕਿ ਨਿਰੰਕਾਰ ਨੂੰ ਵੀ ਜਿਤ ਸਕਦਾ ਹੈ।

ਮੈਂ' ਕੀਤਾ ਨ ਜਾਤਾ ਹਰਾਮਖੋਰੁ॥
ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ
ਨਾਨਕੁ ਨੀਚੁ ਕਹੈ ਬੀਚਾਰੁ॥
ਧਾਣਕ ਰੂਪਿ ਰਹਾ ਕਰਤਾਰ॥
ਸ੍ਰੀ ਗੁਰੂ ਗ੍ਰੰਥ ਸਿੰਘ ਸਾਹਿਬ, ਅੰਗ- 24
ਨਾਨਕੁ ਨੀਚੁ ਭਿਖਿਆ ਦਰਿ ਜਾਚੈ
ਮੈਂ' ਦੀਜੈ ਨਾਮੁ ਵਡਾਈ ਹੇ॥

ਗੁਰੂ ਅਰਜਨ ਪਾਤਸ਼ਾਹ ਫੁਰਮਾਉਂਦੇ ਹਨ-

ਸਾਧੂ ਧੂਰਿ ਲਾਈ ਮੁਖਿ ਮਸਤਕਿ
ਕਾਮ ਕ੍ਰੋਧ ਬਿਖੁ ਜਾਰਉ॥
ਸਭ ਤੇ ਨੀਚੁ ਆਤਮ ਕਰਿ ਮਾਨਉ
ਮਨਮਹਿ ਇਹੁ ਸੁਖੁ ਧਾਰਉ॥
ਨੀਚਹੁ ਨੀਚੁ ਨੀਚੁ ਅਤਿ ਨਾਨ੍ਹ੍ਹਾ
ਹੋਇ ਗਰੀਬੁ ਬੁਲਾਵਉ॥
ਨੀਚ ਤੇ ਨੀਚੁ ਅਤਿ ਨੀਚੁ ਹੋਇ
ਕਰਿ ਬਿਨਉ ਬੁਲਾਵਉ॥

ਗੁਰੂ ਅਰਜਨ ਪਾਤਸ਼ਾਹ ਉਸ ਨਿਮਰਤਾ-ਗਰੀਬੀ ਤੇ ਨੀਚਤਾ ਨੂੰ ਜਿਸ ਤਰ੍ਹਾਂ ਪ੍ਰਤੱਖ ਕਰਦੇ ਹਨ ਕਮਾਲ ਹੀ ਕਮਾਲ ਹੈ। ਜਿਸ ਵਕਤ ਉਹ ਆਪਣਾ ਪਰਿਚੈ ਦਸਦੇ ਹਨ ਕਿ ਸਾਡਾ ਨਿਤਨੇਮ ਕੀ ਹੈ। ਉਸ ਵੇਲੇ ਜੋ ਗੁਰੂ ਨਾਨਕ ਪਾਤਸ਼ਾਹ ਦੇ ਉੱਤੇ ਭਾਵਨਾ ਹੈ, ਜੋ ਗੁਰੂ ਨਾਨਕ ਪਾਤਸ਼ਾਹ ਨਾਲ ਪ੍ਰੇਮ ਹੈ, ਜੋ ਗੁਰੂ ਨਾਨਕ ਪਾਤਸ਼ਾਹ ਦੇ ਚਰਨ-ਕਮਲਾਂ ਵਿੱਚ ਦਾਸਿਆ ਭਾਵ ਹੈ ਇਕ ਸ਼ਬਦ ਵਿੱਚ ਹੀ ਪ੍ਰਤੱਖ ਕਰ ਦਿੰਦੇ ਹਨ ਫੁਰਮਾਉਂਦੇ ਹਨ-

ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ॥
ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ॥

ਅਖ਼ੀਰ ਤੇ ਫੁਰਮਾਉਂਦੇ ਹਨ-

ਗੁਰ ਕਾ ਸਬਦੁ ਨ ਮੇਟੈ ਕੋਇ॥
ਗੁਰੁ ਨਾਨਕੁ ਨਾਨਕੁ ਹਰਿ ਸੋਇ॥
ਮੇਰਾ 'ਗੁਰੂ' ਗੁਰੂ ਨਾਨਕ ਹੈ। ਉਹੀ ਗੁਰੂ ਨਾਨਕ ਅਕਾਲ ਪੁਰਖ ਪਾਰਬ੍ਰਹਮ, ਪ੍ਰਮੇਸ਼ਰ ਹੈ।

ਇਹ ਬਚਨ ਕਰਦੇ ਹੋਏ ਬਾਬਾ ਨੰਦ ਸਿੰਘ ਸਾਹਿਬ ਫੁਰਮਾ ਰਹੇ ਹਨ ਕਿ-

ਬੜੀਆਂ ਗੱਲਾਂ ਮਾਰਦਾ ਹੈ ਕਿ ਨਿਰੰਕਾਰ ਤਾਂ ਪੱਤੇ-ਪੱਤੇ ਕਣ-ਕਣ ਵਿੱਚ ਵਸਿਆ ਹੋਇਆ ਹੈ।
ਫੁਰਮਾਇਆ - ਨਿਰੰਕਾਰ ਪੱਤੇ-ਪੱਤੇ 'ਚ ਤੇ ਕਣ ਕਣ ਵਿੱਚ ਤਾਂ ਦਿਖਾਈ ਦਿੰਦਾ ਹੈ
ਜੇ ਸਤਿਗੁਰੂ ਦੇ ਵਿੱਚ ਹਾਲੇ ਨਿਰੰਕਾਰ ਦਿਖਾਈ ਨਹੀਂ ਦਿੰਦਾ ਤਾਂ ਤਸੱਲੀ ਰੱਖੇ ਪ੍ਰਾਪਤੀ ਬਹੁਤ ਦੂਰ ਹੈ।
ਏਕ ਨਦਰਿ ਕਰਿ ਵੇਖੈ ਸਭ ਊਪਰਿ
ਜੇਹਾ ਭਾਉ ਤੇਹਾ ਫਲੁ ਪਾਈਐ॥
ਜੇਹਾ ਸਤਗੁਰੁ ਕਰਿ ਜਾਣਿਆ ਤੇਹੋ ਜੇਹਾ ਸੁਖੁ ਹੋਇ॥
ਸਤਿਗੁਰੁ ਸੇਵੇ ਤਾ ਸਭ ਕਿਛੁ ਪਾਏ॥
ਜੇਹੀ ਮਨਸਾ ਕਰਿ ਲਾਗੈ ਤੇਹਾ ਫਲੁ ਪਾਏ॥
ਸਤਿਗੁਰੁ ਦਾਤਾ ਸਭਨਾ ਵਥੂ ਕਾ
ਪੂਰੈ ਭਾਗਿ ਮਿਲਾਵਣਿਆ॥
ਸਤਿਗੁਰੁ ਪੁਰਖੁ ਦਇਆਲੁ ਹੈ
ਜਿਸ ਨੋ ਸਮਤੁ ਸਭੁ ਕੋਇ॥
ਏਕ ਦ੍ਰਿਸਟਿ ਕਰਿ ਦੇਖਦਾ
ਮਨ ਭਾਵਨੀ ਤੇ ਸਿਧਿ ਹੋਇ॥
ਗੁਰੂ ਨਾਨਕ ਦਾਤਾ ਬਖ਼ਸ਼ ਲੈ॥ 
ਬਾਬਾ ਨਾਨਕ ਬਖਸ਼ ਲੈ॥