ਰੈਣਿ ਦਿਨਸੁ ਗੁਰ ਚਰਣ ਅਰਾਧੀ
ਇਕ ਵਾਰ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਨਿਮਨ-ਲਿਖਤ ਪਵਿੱਤਰ ਘਟਨਾ ਦਾ ਵਰਣਨ ਕੀਤਾ :-
ਇਕ ਜੰਗਲ ਵਿੱਚ ਇਕ ਸ਼ਰਧਾਲੂ ਸਿੱਖ ਭਾਈ ਗੋਇੰਦਾ ਜੀ ਇਕ ਦਰਖ਼ਤ ਹੇਠਾਂ ਡੂੰਘੀ ਸਮਾਧੀ ਵਿੱਚ ਬੈਠਾ ਹੈ। ਸੱਚੀ ਭਗਤੀ ਦੀ ਅਵਸਥਾ ਵਿੱਚ ਉਹ ਦਿਨਾਂ, ਮਹੀਨਿਆਂ ਅਤੇ ਸਾਲਾਂ ਦੀ ਗਿਣਤੀ ਪੂਰੀ ਤਰ੍ਹਾਂ ਭੁੱਲ ਗਿਆ। ਉਹ ਆਪਣਾ ਆਪ ਵੀ ਭੁੱਲ ਗਿਆ ਹੈ। ਪਿਆਰ ਵਿੱਚ ਮਸਤ ਆਪਣੇ ਪ੍ਰੇਮੀ ਸਤਿਗੁਰੂ ਦੇ ਇਲਾਵਾ ਕਿਸੇ ਹੋਰ ਨੂੰ ਦ੍ਰਿਸ਼ਟੀਗੋਚਰ ਨਹੀਂ ਕਰਦਾ। ਉਹ ਗੁਰੂ-ਚੇਤਨਾ ਵਿੱਚ ਪੂਰੀ ਤਰ੍ਹਾਂ ਲੀਨ ਹੋ ਜਾਂਦਾ ਹੈ। ਉਸਦੀ ਪ੍ਰਬਲ ਇੱਛਾ ਅਤੇ ਵਿਆਕੁਲਤਾ ਇਸ ਸੀਮਾਂ ਤਕ ਪਹੁੰਚ ਚੁੱਕੀ ਹੈ ਕਿ ਸਰਬ ਪਿਆਰੇ, ਸਰਬ ਦਿਆਲੂ, ਸਰਬ ਗਿਆਤਾ ਸਤਿਗੁਰੂ ਆਪਣੇ ਆਪ ਨੂੰ ਹੋਰ ਰੋਕ ਨਹੀਂ ਸਕਦੇ। ਉਹ ਆਪਣਾ ਘੋੜਾ ਲਿਆਉਣ ਲਈ ਹੁਕਮ ਦਿੰਦੇ ਹਨ। ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਘੋੜ ਸਵਾਰੀ ਕਰਦੇ ਹੋਏ ਆਪਣੇ ਕਈ ਸਿੱਖਾਂ ਨਾਲ ਉਸ ਪਵਿੱਤਰ ਅਸਥਾਨ ਵੱਲ ਤੇਜ਼ੀ ਨਾਲ ਜਾਂਦੇ ਹਨ ਜਿੱਥੇ ਉਨ੍ਹਾਂ ਦਾ ਪਿਆਰਾ ਸਿੱਖ ਤੀਬਰਤਾ ਨਾਲ ਸ੍ਰੀ ਗੁਰੂ ਨਾਨਕ ਜੀ ਦੀ ਇਕ ਝਲਕ ਦੇ ਦਰਸ਼ਨ ਕਰਨ ਲਈ ਕਈ ਸਾਲਾਂ ਤੋਂ ਇੰਤਜ਼ਾਰ ਕਰ ਰਿਹਾ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੇ ਪਿਆਰੇ ਭਗਤ ਨੂੰ ਆਦੇਸ਼ ਦਿੰਦੇ ਹਨ ਕਿ ਜਿਸ ਪ੍ਰਬਲ ਇੱਛਾ ਲਈ ਉਸਨੇ ਇੰਤਜ਼ਾਰ ਅਤੇ ਭਗਤੀ ਵਿੱਚ ਕਈ ਸਾਲ ਬਿਤਾ ਦਿੱਤੇ ਹਨ, ਉਸਨੁੰ ਉਹ ਸੰਤੁਸ਼ਟ ਕਰਨ। ਪਵਿੱਤਰ ਸਤਿਗੁਰੂ ਦੇ ਆਦੇਸ਼ ਅਨੁਸਾਰ ਅੰਨ੍ਹੇ ਗੋਇੰਦੇ ਨੂੰ ਅੱਖਾਂ ਦੀ ਜੋਤੀ (ਦ੍ਰਿਸ਼ਨਪ) ਪ੍ਰਦਾਨ ਹੋਈ ਅਤੇ ਆਪਣੀ ਭਗਤੀ ਦੇ ਲੰਮੇ ਸਮੇਂ ਤੋਂ ਜਾਗਰਿਤ ਹੋ ਕੇ ਉਹ ਦੌੜਿਆ ਅਤੇ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਚ” ਢਹਿ ਪਿਆ। ਖੁਸ਼ੀ ਨਾਲ ਮਸਤ ਹੋਏ ਉਨ੍ਹਾਂ ਨੂੰ ਆਪਣੀ ਭਗਤੀ ਅਤੇ ਪਿਆਰ ਦੇ ਕੇਵਲ ਇਕ ਹੀ ਪ੍ਰਕਾਸ਼ਮਈ ਰੂਪ ਦੇ ਦਰਸ਼ਨ ਹੋਏ।
ਤਦ ਦਿਆਲੂ ਗੁਰੂ ਜੀ ਨੇ ਆਪਣੇ ਸੱਚੇ ਭਗਤ ਨੂੰ ਕੋਈ ਵੀ ਆਸ਼ੀਰਵਾਦ ਜਿਸਦੀ ਉਸਨੂੰ ਇੱਛਾ ਹੋਵੇ ਲੈਣ ਲਈ ਕਿਹਾ। ਭਾਈ ਗੋਇੰਦਾ ਚੁੱਪ ਰਹਿੰਦੇ ਹਨ। ਕਿਰਪਾਲੂ ਗੁਰੂ ਜੀ ਫਿਰ ਉਹੀ ਪਵਿੱਤਰ ਬਚਨ, ਮਨ-ਇੱਛਤ ਮੁਰਾਦ ਦੀ ਪ੍ਰਾਪਤੀ ਬਾਰੇ ਦੁਹਰਾਉਂਦੇ ਹਨ।
ਭਾਈ ਗੋਇੰਦਾ ਅਤਿ ਨਿਮਰਤਾ ਨਾਲ ਉੱਤਰ ਦਿੰਦੇ ਹਨ :
“ਹੇ ਦਇਆ ਨਿਧਾਨ ! ਜਿਵੇਂ ਕਿ ਤੁਸੀਂ ਆਪਣੀ ਕਿਰਪਾ ਨਾਲ ਆਪ ਆਪਣੀ ਇਕ ਝਲਕ ਦੇ ਦਰਸ਼ਨ ਕਰਾਏ ਹਨ। ਕਿਰਪਾ ਕਰਕੇ ਇਹ ਇਲਾਹੀ-ਦ੍ਰਿਸ਼ਟੀ ਸਦੀਵੀ ਰਹੇ। ਇਹ ਇਲਾਹੀ-ਦ੍ਰਿਸ਼ਟੀ ਕਿਸੇ ਹੋਰ ਦ੍ਰਿਸ਼ਟੀ ਨਾਲ ਘਟ ਨਾ ਜਾਵੇ। ਮੈਂ ਆਪਣੇ ਮਨ ਵਿੱਚ ਆਪ ਦੀ ਅਮਰ ਦ੍ਰਿਸ਼ਟੀ ਦੀ ਤਸਵੀਰ ਉਤਾਰ ਲਈ ਹੈ ਅਤੇ ਆਪ ਦੇ ਚਰਨ-ਕਮਲਾਂ ਨੂੰ ਆਪਣੀਆਂ ਅੱਖਾਂ ਵਿੱਚ ਵਸਾ ਲਿਆ ਹੈ। ਮੈਂ ਬੇਨਤੀ ਕਰਦਾ ਹਾਂ ਕਿ ਆਪਣੇ ਇਸ ਨਿਮਾਣੇ ਭਗਤ ਨੂੰ ਦੁਬਾਰਾ ਅੰਨ੍ਹੇਪਣ ਦੀ ਅਨੁਮਤੀ ਦਿਉ ਕਿਉਂਕਿ ਇਹ ਸੁਭਾਗਸ਼ਾਲੀ ਅੱਖਾਂ ਆਪ ਦੀ ਮਿਹਰ ਨਾਲ ਖੁੱਲ੍ਹੀਆਂ ਹਨ, ਹੁਣ ਇਨ੍ਹਾਂ ਨੂੰ ਸੰਸਾਰ ਵਾਸਤੇ ਹਮੇਸ਼ਾ ਲਈ ਬੰਦ ਕਰ ਦਿਉ।”
ਮੇਰੀਆਂ ਇਹ ਸੁਭਾਗਸ਼ਾਲੀ ਅੱਖਾਂ ਅਤੇ ਦਿਲ ਆਪ ਦੀ ਚਮਕਦਾਰ ਇਲਾਹੀ ਸੁੰਦਰਤਾ ਤੋਂ ਆਕਰਸ਼ਤ ਹੋਣ ਤੋਂ ਬਾਅਦ ਕਿਸੇ ਵੀ ਸੰਸਾਰਕ ਵਸਤੂ ਉੱਤੇ ਕੇਂਦਰਿਤ ਨਹੀਂ ਹੋ ਸਕਦੀਆਂ। ਮੇਰੇ ਸਾਹਿਬ ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਫਿਰ ਤੋਂ ਪੂਰਾ ਦ੍ਰਿਸ਼ਟੀਹੀਨ ਕਰ ਦਿਉ”।
ਭਾਈ ਗੋਇੰਦਾ ਜੋ ਕਿ ਪਹਿਲਾਂ ਪਰਮਾਤਮਾ ਦੀ ਇਲਾਹੀ ਸੁੰਦਰਤਾ ਦੇ ਸੁਭਾਗਸ਼ਾਲੀ ਨਜ਼ਾਰੇ ਦੀ ਕਾਮਨਾ ਕਰ ਰਹੇ ਸਨ, ਹੁਣ ਪਰਮਾਤਮਾ ਦੇ ਆਨੰਦਮਈ ਨਜ਼ਾਰੇ ਦੇ ਦਰਸ਼ਨਾਂ ਤੋਂ ਬਾਅਦ ਪੂਰੇ ਅੰਨ੍ਹੇਪਣ ਦੀ ਯਾਚਨਾ ਕਰਦੇ ਹਨ। ਆਪਣੇ ਮਨ-ਮੰਦਰ ਵਿੱਚ ਆਪਣੇ ਪ੍ਰੀਤਮ ਭਗਵਾਨ ਨੂੰ ਬਿਠਾ ਕੇ ਉਹ ਕਿਸੇ ਹੋਰ ਨੂੰ ਦੇਖਣਾ ਨਹੀਂ ਚਾਹੁੰਦੇ ਸਨ।
ਅੰਨ੍ਹਾਪਣ ਆਉਣ ਤੇ, ਸ਼ੁਕਰਗੁਜ਼ਾਰ ਭਾਈ ਗੋਇੰਦਾ ਹੌਲੀ ਹੌਲੀ ਅਲੌਕਿਕ ਦ੍ਰਿਸ਼ ਵਿੱਚ ਲੀਨ ਹੋ ਗਏ।
ਪਰਮਾਤਮਾ, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ਮਈ ਸਰੂਪ ਦੀ ਝਲਕ, ਦਰਸ਼ਨ ਅਤੇ ਇਕ ਨਜ਼ਾਰੇ ਮਾਤਰ ਦਾ ਸਹੀ ਅਰਥ ਉਸਦੇ ਸੱਚੇ ਪ੍ਰੇਮੀਆਂ ਲਈ ਹੈ।
ਅੱਖਾਂ ਦੀ ਜੋਤੀ ਮਿਲਣ ਤੇ ਭਾਈ ਗੋਇੰਦਾ ਪਵਿੱਤਰ ਚਰਨਾਂ ਵਿੱਚ ਢਹਿ ਪਏ ਅਤੇ ਫਿਰ ਸਿਰ ਚੁੱਕ ਕੇ ਸਤਿਗੁਰੂ ਦੇ ਪਵਿੱਤਰ ਨਜ਼ਾਰੇ ਦੇ ਦਰਸ਼ਨ ਕਰਦੇ ਹੋਏ ਵਿਲੱਖਣ ਅੰਮ੍ਰਿਤਪਾਨ ਕਰਨ ਲੱਗ ਪਏ।
ਨੂਰੀ ਗੁਰੂ ਉਸਦੇ ਸਮੁੱਚੇ ਸ਼ਰੀਰ ਵਿੱਚ ਵਸ ਗਏ ਸਨ। ਗੁਰੂ ਦੀ ਦ੍ਰਿਸ਼ਟੀ ਅਤੇ ਕਿਰਪਾ ਨੇ ਉਸਨੂੰ ਭਰਪੂਰ ਕਰ ਦਿੱਤਾ ਅਤੇ ਦਇਆ ਦ੍ਰਿਸ਼ਟੀ ਨਾਲ ਪ੍ਰਭੂ ਨੇ ਭਾਈ ਗੋਇੰਦਾ ਨੂੰ ਕਿਸੇ ਹੋਰ ਮਨ-ਇੱਛਤ ਬਖਸ਼ਿਸ਼ ਬਾਰੇ ਵੀ ਪੁੱਛਿਆ।
ਸਰਬ-ਸ੍ਰੇਸ਼ਟ ਦਰਸ਼ਨਾਂ ਦੇ ਬਾਅਦ ਕਿਸੇ ਹੋਰ ਵੱਲ ਦੇਖਣ ਦਾ ਮਤਲਬ ਪਵਿੱਤਰ ਦਰਸ਼ਨਾਂ ਦੀ ਪਵਿੱਤਰਤਾ ਵਿੱਚ ਘਾਟ ਲਿਆਉਣੀ ਹੈ। ਉਨ੍ਹਾਂ ਦਾ ਪੂਰਾ ਪਿਆਰ ਸਿਰੋ ਪਰਮਾਤਮਾ ਲਈ ਹੀ ਸੀ ਅਤੇ ਉਨ੍ਹਾਂ ਨੇ ਬਾਰ ਬਾਰ ਪੂਰੇ ਅੰਨ੍ਹੇਪਣ ਦਾ ਉਪਹਾਰ ਮੰਗਿਆ ਜਦ ਤਕ ਕਿ ਪ੍ਰਾਪਤ ਨਹੀਂ ਹੋ ਗਿਆ।
ਅਜਿਹੇ ਪ੍ਰੇਮੀਆਂ ਦੀਆਂ ਅੱਖਾਂ ਸਿਰੋ ਰੱਬੀ-ਦਰਸ਼ਨਾਂ ਲਈ ਹੀ ਹੁੰਦੀਆਂ ਹਨ। ਪਿਆਰੇ ਸਤਿਗੁਰੂ ਦੇ ਪਵਿੱਤਰ ਦਰਸ਼ਨ ਹੀ ਉਨ੍ਹਾਂ ਦੇ ਜੀਵਨ ਦੇ ਉਦੇਸ਼ ਦੀ ਸੱਚੀ ਪ੍ਰਾਪਤੀ ਹੈ।
ਵਿਚਿ ਅਖੀ ਗੁਰ ਪੈਰ ਧਰਾਈ॥
ਦਇਆ ਕਰਹੁ ਮੇਰੇ ਸਾਈ॥
ਨਾਨਕ ਕਾ ਜੀਉ ਪਿੰਡੁ ਗੁਰੂ ਹੈ
ਗੁਰ ਮਿਲਿ ਤ੍ਰਿਪਤਿ ਅਘਾਈ॥
ਆਪਾਂ, ਇਹ ਗੱਲ ਯਾਦ ਰੱਖੀਏ ਜਦੋਂ ਤੁਸੀਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਦੇ ਹੋ ਤਾਂ ਉਹ ਵੀ ਤੁਹਾਨੂੰ ਦੇਖਦੇ ਹਨ। ਜਦੋਂ ਤੁਸੀਂ ਉਨ੍ਹਾਂ ਦੇ ਦਰਸ਼ਨ ਕਰਦੇ ਹੋ ਤਾਂ ਸਰਬ-ਕਿਰਪਾਲੂ ਪਰਮਾਤਮਾ ਆਪਣੀ ਦਇਆ-ਦ੍ਰਿਸ਼ਟੀ ਤੁਹਾਡੇ ਉੱਤੇ ਪਾਉਂਦੇ ਹਨ। ਜਦੋਂ ਤੁਸੀਂ ਉਨ੍ਹਾਂ ਦਾ ਧਿਆਨ ਧਰਦੇ ਹੋ ਅਤੇ ਬੰਦਗੀ ਕਰਦੇ ਹੋ ਤਾਂ ਸਰਬ-ਪਿਆਰਾ ਗੁਰੂ ਦਇਆ ਭਾਵਨਾ ਨਾਲ ਤੁਹਾਨੂੰ ਆਪਣੀ ਪਵਿੱਤਰ ਸ਼ਰਣ ਵਿੱਚ ਲੈ ਲੈਂਦਾ ਹੈ। ਇਸ ਸਾਰੀ ਪਵਿੱਤਰ ਪ੍ਰਕਿਰਿਆ ਵਿੱਚ ਮਹਾਨ ਜਗਤ ਗੁਰੂ ਹਨੇਰੇ ਤੋਂ ਪ੍ਰਕਾਸ਼ ਵੱਲ, ਮੌਤ ਤੋਂ ਅਮਰ-ਜੀਵਨ ਵੱਲ ਲੈ ਜਾਂਦੇ ਹਨ।
ਉਨ੍ਹਾਂ ਦਾ ਪ੍ਰਕਾਸ਼ਮਈ ਸਰੂਪ ਚਾਰੋਂ ਪਾਸੇ ਆਨੰਦ ਹੀ ਆਨੰਦ ਬਖੇਰਦਾ ਹੈ।
ਹੇ ਸੱਚੇ ਪਾਤਸ਼ਾਹ ਜੇ ਤੁਸੀਂ ਕੁਝ ਬਖਸ਼ਿਸ਼ ਕਰਨਾ ਹੀ ਚਾਹੁੰਦੇ ਹੋ, ਤੁਸੀਂ ਤੁੱਠੇ ਹੋ ਤਾਂ ਇਸ ਗਰੀਬ ਦੀ ਇੱਕੋ ਹੀ ਜਾਚਨਾ ਹੈ, ਇੱਕੋ ਹੀ ਇੱਛਾ ਹੈ, ਇੱਕੋ ਹੀ ਮੰਗ ਹੈ।
ਇਹ ਨੇਤਰ ਤੇਰੀ ਮਿਹਰ ਨਾਲ ਤੇਰੇ ਦਰਸ਼ਨਾਂ ਵਾਸਤੇ ਖੁੱਲ੍ਹੇ ਸਨ ਇਹ ਫਿਰ ਮੁੰਦੇ ਜਾਣ। ਜਿਨ੍ਹਾਂ ਨੇਤਰਾਂ ਨੇ ਤੇਰੇ ਦਰਸ਼ਨ ਕਰ ਲਏ, ਹੁਣ ਕਿਸੇ ਹੋਰ ਨੂੰ ਨਾ ਦੇਖਣ। ਸੱਚੇ ਪਾਤਸ਼ਾਹ ਇਹ ਨੇਤਰ ਗੁਰੂ ਦੇ ਚਰਨਾਂ ਦਾ ਘਰ ਬਣ ਚੁੱਕੇ ਹਨ। ਇਨ੍ਹਾਂ ਦੇ ਵਿੱਚ ਗੁਰੂ ਦੇ ਚਰਨਾਂ ਦਾ ਹੀ ਵਾਸ ਰਹੇ ਗਰੀਬ ਨਿਵਾਜ।
ਬਾਬਾ ਨੰਦ ਸਿੰਘ ਮਹਾਰਾਜ ਜੀ ਨੇ ਫੁਰਮਾਇਆ ਕਿ ਸਿੱਖੀ ਦੀ ਕਿੱਡੀ ਵੱਡੀ ਖੇਡ ਹੈ, ਸਿੱਖੀ ਦਾ ਕਿੱਡਾ ਵੱਡਾ ਕਮਾਲ ਹੈ ਕਿ ਜਿਹੜੇ ਨੇਤਰਾਂ ਨੇ ਸਤਿਗੁਰੂ ਦੇ ਦਰਸ਼ਨ ਕੀਤੇ ਹਨ ਹੁਣ ਕਿਸੇ ਹੋਰ ਨੂੰ ਨਾ ਦੇਖਣ। ਸੱਚੇ ਪਾਤਸ਼ਾਹ ਇਹ ਦੁਨੀਆਂ ਵਾਸਤੇ ਸਦਾ ਲਈ ਮੁੰਦੇ ਜਾਣ।