ਬਾਬਾ ਜੀ ਦਾ ਹੋਤੀ ਮਰਦਾਨ ਜਾਣਾ
ਇਕ ਵਾਰ ਬਾਬਾ ਜੀ ਹੋਤੀ ਮਰਦਾਨ ਗਏ ਸਨ। ਇੱਥੇ ਪ੍ਰਸਿੱਧ ਸੰਤ ਬਾਬਾ ਕਰਮ ਸਿੰਘ ਜੀ ਰਹਿੰਦੇ ਸਨ। ਗਰਮੀਆਂ ਦੇ ਦਿਨ ਸਨ, ਬਹੁਤ ਸਾਰੇ ਸੇਵਕ ਵੱਡੇ ਸੁੱਕੇ ਚੋਅ ਵਿੱਚ ਆਰਾਮ ਕਰ ਰਹੇ ਸਨ। ਜਦੋਂ ਕਦੇ ਉਪਰਲੇ ਪਹਾੜਾਂ ਤੇ ਮੀਂਹ ਪੈਂਦਾ ਤਾਂ ਇਸ ਚੋਅ ਵਿੱਚ ਹੜ੍ਹ ਆ ਜਾਂਦਾ ਸੀ। ਬਾਬਾ ਜੀ ਜੁਆਨ ਅਵਸਥਾ ਵਿੱਚ ਇੱਕਲੇ ਰਹਿੰਦੇ ਸਨ। ਉਨ੍ਹਾਂ ਨੂੰ ਇਸ ਚੋਅ ਦਾ ਇਕਾਂਤ ਵਾਤਾਵਰਣ ਪਸੰਦ ਸੀ। ਇਸ ਲਈ ਬਾਬਾ ਜੀ ਇਥੇ ਰਾਤ ਸਮੇਂ ਬੰਦਗੀ ਵਿੱਚ ਜੁੜਿਆ ਕਰਦੇ ਸਨ।
ਰੱਬ ਦੀ ਕਰਨੀ ਇਕ ਵਾਰ ਉੱਪਰ ਪਹਾੜਾਂ ਵਿੱਚ ਬਹੁਤ ਬਾਰਸ਼ ਪੈਣ ਕਾਰਨ ਚੋਅ ਵਿੱਚ ਹੜ੍ਹ ਆ ਗਿਆ। ਚੋਅ ਵਿੱਚ ਹੜ੍ਹ ਦਾ ਪਾਣੀ ਚੜ੍ਹ ਗਿਆ। ਪਾਣੀ ਦਾ ਵਹਿਣ ਪਹਾੜਾਂ ਤੋਂ ਹੇਠਾਂ ਵੱਲ ਨੂੰ ਹੋਣ ਕਾਰਨ ਪਾਣੀ ਦਾ ਵਹਾਓ ਬਹੁਤ ਤੇਜ਼ ਸੀ ਅਤੇ ਇਸ ਦੀਆਂ ਛੱਲਾਂ ਨਾਲ ਭਿਆਨਕ ਸ਼ੋਰ ਪੈਦਾ ਹੋ ਰਿਹਾ ਸੀ।
ਇਹ ਭਿਆਨਕ ਸ਼ੋਰ ਸੁਣਦਿਆਂ ਸਾਰ ਸਾਰੇ ਸੇਵਕ ਚੋਅ ਵਿੱਚੋਂ ਭੱਜ ਕੇ ਬਾਹਰ ਆ ਗਏ। ਉਨ੍ਹਾਂ ਨੇ ਵੇਖਿਆ ਕਿ ਇਹ ਨਵਾਂ ਰੱਬ ਦਾ ਪਿਆਰਾ ਅਜੇ ਵੀ ਉੱਥੇ ਹੀ ਹੈ, ਐਸਾ ਨਾ ਹੋਵੇ ਕਿ ਹੜ੍ਹ ਦਾ ਪਾਣੀ ਉਸਨੂੰ ਰੋੜ੍ਹ ਕੇ ਲੈ ਜਾਵੇ। ਉਨ੍ਹਾਂ ਬਾਬਾ ਜੀ ਨੂੰ ਬਾਹਰ ਆਉਂਣ ਲਈ ਅਵਾਜ਼ਾਂ ਮਾਰੀਆਂ ਪਰ ਬਾਬਾ ਜੀ ਤਾਂ ਡੂੰਘੀ ਸਮਾਧੀ ਵਿੱਚ ਲੀਨ ਸਨ। ਇੰਨੇ ਨੂੰ ਹੜ੍ਹ ਦਾ ਪਾਣੀ ਸਾਰੇ ਪਾਸੇ ਚੜ੍ਹ ਗਿਆ। ਪਾਣੀ ਛੇ ਫੁੱਟ ਉੱਚਾ ਚੜ੍ਹ ਗਿਆ, ਸੇਵਕ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਪਾਣੀ ਬਾਬਾ ਜੀ ਦੇ ਆਲੇ-ਦੁਆਲੇ ਤਾਂ ਹੈ ਪਰ ਪਾਣੀ ਉਨ੍ਹਾਂ ਦੇ ਸਰੀਰ ਨੂੰ ਛੋਂਹਦਾ ਨਹੀਂ ਹੈ। ਜਿੰਨੀ ਦੇਰ ਬਾਬਾ ਜੀ ਸਮਾਧੀ ਵਿੱਚ ਜੁੜੇ ਰਹੇ, ਪਾਣੀ ਉਸੇ ਤਰ੍ਹਾਂ ਤੇਜ਼ ਵਹਾਓ ਵਿੱਚ ਵਹਿੰਦਾ ਰਿਹਾ। ਪਾਣੀ ਨੇ ਬਾਬਾ ਜੀ ਨੂੰ ਘੇਰਾ ਤਾਂ ਪਾਇਆ ਹੋਇਆ ਸੀ, ਪਰ ਬਾਬਾ ਜੀ ਦੇ ਸਤਿਕਾਰ ਵਿੱਚ ਉਨ੍ਹਾਂ ਤੋਂ ਕੁਝ ਦੂਰ ਸੀ। ਕੁਝ ਚਿਰ ਬਾਅਦ ਬਾਬਾ ਜੀ ਨੇ ਆਪਣੀ ਸਮਾਧੀ ਖੋਲ੍ਹੀ ਤੇ ਕਿਨਾਰੇ ਵੱਲ ਨੂੰ ਤੁਰ ਪਏ। ਖਾੜ ਖਾੜ ਵਗਦੇ ਹੜ੍ਹ ਦੇ ਪਾਣੀ ਨੇ ਉਨ੍ਹਾਂ ਨੂੰ ਰਸਤਾ ਦੇ ਦਿੱਤਾ ਤੇ ਪਾਣੀ ਨੀਂਵਾ ਹੋ ਕੇ ਵਗਣ ਲਗ ਪਿਆ। ਬਾਬਾ ਜੀ ਕਿਨਾਰੇ ਪੁੱਜ ਗਏ ਤਾਂ ਪਾਣੀ ਫਿਰ ਚੜ੍ਹ ਗਿਆ। ਇਹ ਸਪਸ਼ਟ ਨਜ਼ਰ ਆਉਂਦਾ ਸੀ ਕਿ ਪਾਣੀ ਉਨ੍ਹਾਂ ਦੇ ਪਵਿੱਤਰ ਚਰਨਾਂ ਦਾ ਇਸ਼ਨਾਨ ਕਰਨ ਦੀ ਲੋਚਾ ਰੱਖਦਾ ਸੀ। ਪੂਰੇ ਜੋਬਨ ਤੇ ਵਗਣ ਵਾਲੇ ਹੜ੍ਹ ਦੇ ਪਾਣੀ ਨੇ ਮਹਾਨ ਬਾਬਾ ਜੀ ਨੂੰ ਲਾਂਘਾ ਦੇਣ ਬਾਅਦ ਫਿਰ ਉਸੇ ਵਹਿਣ ਵਿੱਚ ਵਗਣਾ ਸ਼ੁਰੂ ਕਰ ਦਿੱਤਾ।
ਪ੍ਰਕ੍ਰਿਤੀ ਮਹਾਂਪੁਰਖ ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਰਹਸਮਈ ਢੰਗਾਂ ਨਾਲ ਸਤਿਕਾਰ ਕਰਦੀ ਸੀ। ਤੇਜ ਵਹਿਣ ਤੇ ਠਾਠਾਂ ਮਾਰਦੇ ਹੜ੍ਹ ਦਾ ਪਾਣੀ ਇਕ ਦਮ ਹਲੀਮੀ ਵਿੱਚ ਨੀਵਾਂ ਹੋ ਗਿਆ ਤੇ ਬਾਬਾ ਜੀ ਦੇ ਪਵਿੱਤਰ ਚਰਨਾਂ ਦਾ ਬੋਸਾ ਲੈਣ ਲਈ ਸ਼ਾਂਤ ਹੋ ਕੇ ਵਗਣ ਲਗ ਪਿਆ ਸੀ।
ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੁਦਰਤ ਆਪਣੇ ਕਾਦਰ ਨੂੰ ਸਜਦੇ ਵਿੱਚ ਝੁੱਕ ਕੇ ਉਨ੍ਹਾਂ ਦੇ ਪਵਿੱਤਰ ਚਰਨਾ ਵਿੱਚ ਇਸ਼ਨਾਨ ਕਰਨ ਲਈ ਇਸ ਸੁਨਹਿਰੀ ਮੌਕੇ ਦਾ ਲਾਭ ਉਠਾ ਰਹੀ ਹੋਵੇ। ਬਾਬਾ ਕਰਮ ਸਿੰਘ ਜੀ ਦੇ ਸੇਵਕ ਇਸ ਅਜੀਬ ਕੌਤਕ ਨੂੰ ਵੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਗ਼ੈਬੀ ਸਮਰੱਥਾ ਅੱਗੇ ਸਿਰ ਝੁਕਾਇਆ। ਇਹ ਸੇਵਕ ਆਪਣੇ ਰੂਹਾਨੀ ਰਹਿਬਰ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਪਾਸ ਗਏ ਤੇ ਉਨ੍ਹਾਂ ਨੂੰ ਇਸ ਅੱਖੀਂ ਡਿੱਠੇ ਕੌਤਕ ਦੀ ਸਾਰੀ ਵਾਰਤਾ ਸੁਣਾਈ। ਬਾਬਾ ਕਰਮ ਸਿੰਘ ਜੀ ਨੇ ਆਪਣੇ ਸੇਵਕਾਂ ਨੂੰ ਦੱਸਿਆ ਕਿ ਇਹ ਉਹੀ ਬਾਬਾ ਨੰਦ ਸਿੰਘ ਜੀ ਮਹਾਰਾਜ ਹਨ, ਜਿਨ੍ਹਾਂ ਦਾ ਨਾਮ ਸੌ ਸਾਖੀ ਵਿੱਚ ਸਭ ਤੋਂ ਸ਼ਰੋਮਣੀ ਹੈ। ਜਦੋਂ ਸੇਵਕ ਸਤਿਕਾਰ ਨਾਲ ਬਾਬਾ ਨੰਦ ਸਿੰਘ ਜੀ ਮਹਾਰਾਜ ਨੂੰ ਲੈਣ ਵਾਸਤੇ ਉਸ ਜਗ੍ਹਾ ਤੇ ਵਾਪਸ ਆਏ ਤਾਂ ਵਡਿਆਈ ਦੇ ਬੇਮੁਹਤਾਜ ਬਾਬਾ ਨੰਦ ਸਿੰਘ ਜੀ ਮਹਾਰਾਜ ਉਸ ਅਸਥਾਨ ਨੂੰ ਤਿਆਗ ਗਏ ਸਨ।
ਭੈ ਵਿਚਿ ਚਲਹਿ ਲਖ ਦਰੀਆਉ॥
ਭੈ ਵਿਚਿ ਅਗਨਿ ਕਢੈ ਵੇਗਾਰਿ॥
ਭੈ ਵਿਚਿ ਧਰਤੀ ਦਬੀ ਭਾਰਿ॥
ਭੈ ਵਿਚਿ ਇੰਦੁ ਫਿਰੈ ਸਿਰ ਭਾਰਿ॥
ਭੈ ਵਿਚਿ ਰਾਜਾ ਧਰਮ ਦੁਆਰੁ।।
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥
ਕੋਹ ਕਰੋੜੀ ਚਲਤ ਨ ਅੰਤੁ॥
ਭੈ ਵਿਚਿ ਸਿਧ ਬੁਧ ਸੁਰ ਨਾਥ॥
ਭੈ ਵਿਚਿ ਆਡਾਣੇ ਆਕਾਸ॥
ਭੈ ਵਿਚਿ ਜੋਧ ਮਹਾਬਲ ਸੂਰ॥
ਭੈ ਵਿਚਿ ਆਵਹਿ ਜਾਵਹਿ ਪੂਰ॥
ਸਗਲਿਆ ਭਉ ਲਿਖਿਆ ਸਿਰਿ ਲੇਖੁ॥
ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ॥
ਪਰਮਾਤਮਾ ਦੇ ਡਰ (ਹੁਕਮ) ਵਿੱਚ ਇਹ ਹਵਾਵਾਂ ਵਗਦੀਆਂ ਹਨ।
ਇਹ ਲੱਖਾਂ ਦਰਿਆ ਵੀ ਪਰਮਾਤਮਾ ਦੇ ਡਰ ਨਾਲ ਵਹਿੰਦੇ ਹਨ।
ਪ੍ਰਭੂ ਦੇ ਡਰ ਵਿੱਚ ਹੀ ਅੱਗ ਬੇਗਾਰ ਕੱਢਦੀ ਹੈ।
ਪਰਮਾਤਮਾ ਦੇ ਡਰ ਭੈ ਨਾਲ ਹੀ ਧਰਤੀ ਨੇ ਭਾਰ ਚੁੱਕਿਆ ਹੋਇਆ ਹੈ।
ਸੁਆਮੀ ਦੇ ਡਰ ਵਿੱਚ ਹੀ ਬੱਦਲ ਹੇਠਾਂ ਉੱਪਰ, ਏਧਰ-ਓਧਰ ਘੁੰਮ ਰਹੇ ਹਨ।
ਪਰਮਾਤਮਾ ਦੇ ਡਰ ਨਾਲ ਹੀ ਧਰਮਰਾਜ ਉਨ੍ਹਾਂ ਦੇ ਦਰ ਅੱਗੇ ਖੜ੍ਹਾ ਹੇ।
ਸੂਰਜ ਅਤੇ ਚੰਦਰਮਾ ਪ੍ਰਭੂ ਦੇ ਭੈ ਵਿੱਚ ਚਲਦੇ ਹਨ ਤੇ ਹਜ਼ਾਰਾਂ ਲੱਖਾਂ ਕ੍ਰੋੜਾਂ ਮੀਲਾਂ ਦਾ ਪੰਧ ਤਹਿ ਕਰਦੇ ਹਨ।
ਸਿੱਧ, ਕਰਾਮਾਤੀ ਪੁਰਖ, ਦੇਵੀ ਦੇਵਤੇ ਅਤੇ ਜੋਗੀ ਪਰਮਾਤਮਾ ਦੇ ਡਰ ਵਿੱਚ ਹਨ।
ਪਰਮਾਤਮਾ ਦੇ ਭੈ ਨਾਲ ਹੀ ਆਕਾਸ਼ ਫੈਲਿਆ ਤੇ ਅਟਕਿਆ ਹੋਇਆ ਹੈ।
ਯੋਧੇ ਅਤੇ ਵੱਡੇ-ਵੱਡੇ ਸੂਰਮੇ, ਬੀਰ ਸਭ ਪ੍ਰਭੂ ਦੇ ਭੈ-ਹੁਕਮ ਵਿੱਚ ਰਹਿੰਦੇ ਹਨ।
ਪ੍ਰਭੂ ਦੇ ਡਰ ਵਿੱਚ ਪੂਰਾਂ ਦੇ ਪੂਰ ਆਉਂਦੇ ਜਾਂਦੇ ਹਨ।
ਪ੍ਰਭੂ ਦਾ ਇਹ ਡਰ ਸਾਰਿਆਂ ਵਿੱਚ ਵਸਿਆ ਹੋਇਆ ਹੈ, ਸਾਰੇ ਉਸਦੇ ਡਰ ਅੰਦਰ ਆਉਂਦੇ ਹਨ।
(ਗੁਰੂ) ਨਾਨਕ ਕੇਵਲ, ਸੱਚਾ ਪਰਮਾਤਮਾ ਹੀ, ਸਤਿ ਸਰੂਪ ਹੀ ਇਸ ਡਰ ਤੋਂ ਬਾਹਰਾ ਹੈ, ਨਿਡੱਰ ਹੈ।