ਜਨਮ ਮਰਣ ਦੁਹਹੂ ਮਹਿ ਨਾਹੀ
ਜਨ ਪਰਉਪਕਾਰੀ ਆਏ ॥
ਨਾ ਆਵੈ ਨ ਜਾਇ
ਅਗਸਤ 1943 ਵਿੱਚ ਬਾਬਾ ਜੀ ਦੀ ਪਾਵਨ ਦੇਹ ਨੂੰ ਸਤਲੁਜ ਦਰਿਆ ਵਿੱਚ ਇਕ ਸੁੰਦਰ ਸਜਾਈ ਹੋਈ ਕਿਸ਼ਤੀ ਦੁਆਰਾ ਜਲ ਪ੍ਰਵਾਹ ਕੀਤਾ ਗਿਆ। ਮੁਸਲਿਮ ਗੋਤਾਖੋਰਾਂ ਨੇ ਆਪਣੀ ਅਣਥੱਕ ਕੋਸ਼ਿਸ਼ ਕੀਤੀ ਕਿ ਰਾਤ ਦੇ ਹਨੇਰੇ ਵਿੱਚ ਕਿਸ਼ਤੀ ਵਿੱਚ ਰੱਖੀਆਂ ਗਈਆਂ ਕੀਮਤੀ ਵਸਤੂਆਂ ਨੂੰ ਲੱਭ ਲਿਆਉਣ, ਪ੍ਰੰਤੂ ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਨ੍ਹਾਂ ਦੇਖਿਆ ਕਿ ਉਥੋਂ ਤਾਂ ਕਿਸ਼ਤੀ ਵੀ ਅਲੋਪ ਹੋ ਚੁੱਕੀ ਸੀ। ਹਾਰੇ, ਥੱਕੇ ਹੋਏ ਅਤੇ ਨਿਰਾਸਤਾ ਵਿੱਚ ਚੂਰ ਉਹ ਪਹੁ ਫੁੱਟਣ ਤੋਂ ਪਹਿਲਾਂ ਹੀ ਕਿਨਾਰੇ ਤੇ ਢੇਰੀ ਹੋ ਗਏ। ਉਨ੍ਹਾਂ ਦੀ ਹੈਰਾਨੀ ਦੀ ਕੋਈ ਸੀਮਾਂ ਨਾ ਰਹੀ ਜਦੋਂ ਉਨ੍ਹਾਂ ਨੇ ਦੇਖਿਆ ਕਿ ਉੱਥੇ ਹੀ ਦਰਿਆ ਦੇ ਕਿਨਾਰੇ ਬਾਬਾ ਨੰਦ ਸਿੰਘ ਜੀ ਮਹਾਰਾਜ ਟਹਿਲ ਰਹੇ ਸਨ। ਉਹ ਆਪਣੀ ਅਗਿਆਨਤਾ ਅਤੇ ਮੰਦੇ ਖਿਆਲਾਂ ਕਰਕੇ ਪਛਤਾਉਂਦੇ ਹੋਏ ਯਾ ਅੱਲ੍ਹਾ ਯਾ ਅੱਲ੍ਹਾ ਕਹਿੰਦੇ ਹੋਏ ਸਜਦੇ ਵਿੱਚ ਡਿੱਗ ਪਏ।
ਜਨ ਪਰਉਪਕਾਰੀ ਆਏ ॥
ਜੋ ਦਰਗਾਹੀ ਸ਼ਕਤੀ ਦੇ ਧਾਰਨੀ ਹਨ ਉਹ ਧਰਤੀ ਉੱਤੇ ਵੀ ਉਸੇ ਤਰ੍ਹਾਂ ਦਾ ਹੀ ਜੀਵਨ ਬਤੀਤ ਕਰਦੇ ਹਨ। ਉਹ ਪੂਜਾ ਅਸਥਾਨਾਂ ਵਾਂਗ ਹਨ। ਉਹ ਜਿੱਥੇ ਵੀ ਕਦਮ ਰੱਖਦੇ ਹਨ, ਉਹ ਪਵਿੱਤਰ ਹੋ ਜਾਂਦਾ ਹੈ। ਉਹ ਤਾਂ ਦੂਸਰਿਆਂ ਦਾ ਪਾਰ ਉਤਾਰਾ ਕਰਨ ਵਾਸਤੇ ਆਉਂਦੇ ਹਨ। ਉਹ ਤਾਂ ਈਸ਼ਵਰ ਦਾ ਵਰਦਾਨ ਲੈ ਕੇ ਆਉਂਦੇ ਹਨ ਅਤੇ ਸੰਸਾਰ ਵਿੱਚ ਆਪਣੀਆਂ ਮਿਹਰਾਂ ਵੰਡਦੇ ਹਨ।
ਮਾਨਸ ਅਵਸਥਾ ਵਿੱਚ ਵੀ ਉਹ ਨਿਰਲਿਪਤ ਰਹਿੰਦੇ ਹਨ। ਉਹ ਕਰਮਾਂ ਦੇ ਅਧੀਨ ਨਹੀਂ ਹੁੰਦੇ। ਉਹ ਕਿਸੇ ਵੀ ਬੰਧਨ ਵਿੱਚ ਨਹੀਂ ਪੈਂਦੇ ਅਤੇ ਨਾ ਹੀ ਪੈਣਗੇ। ਉਹ ਤਾਂ ਮੁਕਤ ਆਉਂਦੇ ਹਨ ਅਤੇ ਚਲੇ ਜਾਂਦੇ ਹਨ। ਉਹ ਜਨਮ ਅਤੇ ਮੌਤ ਦੇ ਚੱਕਰ ਤੋਂ ਮੁਕਤ ਹੁੰਦੇ ਹਨ। ਉਹ ਪਰਮਾਤਮਾ ਦੇ ਕੁਝ ਗਿਣੇ ਮਿੱਥੇ ਵਰੋਸਾਇਆਂ ਵਿੱਚੋਂ ਹੁੰਦੇ ਹਨ।
ਗੈਬੀ ਸ਼ਕਤੀ ਦੇ ਮਾਲਕ ਸੰਸਾਰਿਕ ਦੁਬਿਧਾ, ਜਨਮ-ਮਰਨ ਅਤੇ ਦੁੱਖ-ਸੁੱਖ ਤੋਂ ਦੂਰ ਰਹਿੰਦੇ ਹਨ। ਉਹ ਤਾਂ ਪਰਮਾਤਮਾ ਦੀ ਇੱਛਾ ਪੂਰਤੀ ਲਈ ਇਸ ਸੰਸਾਰ ਵਿੱਚ ਆਉਂਦੇ ਹਨ ਅਤੇ ਲੱਖਾਂ ਲੋਕਾਂ ਨੂੰ ਜੀਵਨ ਦਾ ਅਸਲੀ ਰਸਤਾ ਦਿਖਾਉਂਦੇ ਹਨ।