ਸਾਡੇ ਢਹਿਣ ਵਿੱਚ ਦੇਰੀ ਹੈ । ਗੁਰੂ ਨਾਨਕ ਦੇ ਬਖਸ਼ਣ ਵਿੱਚ ਕੋਈ ਦੇਰੀ ਨਹੀਂ ।
ਸੰਸਾਰਕ ਪਦਾਰਥਾਂ ਨਾਲ ਮੋਹ ਰੱਖਣ ਵਾਲੇ ਵਿਅਕਤੀਆਂ ਨਾਲ ਪਰਮਾਤਮਾ ਦੀ ਹਸਤੀ ਬਾਰੇ ਕਿਸੇ ਕਿਸਮ ਦਾ ਵੀ ਤਰਕ ਵਿਤਰਕ ਨਹੀਂ ਕਰਨਾ ਚਾਹੀਦਾ । ਇਕ ਭਰਿਸ਼ਟ ਬੁੱਧੀ ਵਾਲਾ ਇਨਸਾਨ ਸਰਬਉੱਚ ਵਾਸਤਵਿਕਤਾ ਦੇ ਸਹੀ ਪ੍ਰਤੀਬਿੰਬ ਤਕ ਦੀ ਕਲਪਣਾ ਨਹੀਂ ਕਰ ਸਕਦਾ।
ਜਿਹੜਾ ਵੀ ਵਿਅਕਤੀ ਸਤਿਗੁਰੂ ਦੀ ਪਵਿੱਤਰ ਸ਼ਰਨਾਗਤੀ ਵਿੱਚ ਆਉਂਦਾ ਹੈ, ਗੁਰੂ ਦੇ ਚਰਨ ਕਮਲਾਂ ਵਿੱਚ ਪਨਾਹ ਲੈਂਦਾ ਹੈ ਅਤੇ ਉਨ੍ਹਾਂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਹੈ ਵਾਸਤਵ ਵਿੱਚ ਗੁਰੂ ਨੇ ਉਸ ਨੂੰ ਪਹਿਲਾਂ ਹੀ ਸਵੀਕਾਰ ਕਰ ਲਿਆ ਹੁੰਦਾ ਹੈ, ਆਪਣਾ ਬਣਾ ਲਿਆ ਹੁੰਦਾ ਹੈ ।
ਇਕ ਸਿੱਖ ਜਿਹੜਾ ਆਪਣੇ ਗੁਰੂ ਨੂੰ ਕਦੇ ਵਿਸਾਰਦਾ ਨਹੀਂ, ਗੁਰੂ ਵੀ ਉਸ ਨੂੰ ਕਦੇ ਵਿਸਾਰਦਾ ਨਹੀਂ । ਜਿਹੜਾ ਸਿੱਖ ਸਤਿਗੁਰੂ ਨੂੰ ਸੱਚਾ ਪ੍ਰੇਮ ਕਰਦਾ ਹੈ, ਸਤਿਗੁਰੂ ਜਿਹੜਾ ਉਸ ਨੂੰ ਪ੍ਰੇਮ ਕਰਦਾ ਹੈ ਉਸ ਦਾ ਅੰਦਾਜਾ ਉਹ ਸਿੱਖ ਨਹੀਂ ਲਗਾ ਸਕਦਾ । ਗੁਰੂ ਦਾ ਸਿੱਖ ਜਿਵੇਂ ਹੀ ਗੁਰੂ ਦੇ ਪਵਿੱਤਰ ਚਰਨਾਂ ਵਿੱਚ ਝੁਕਦਾ ਹੈ, ਸਤਿਗੁਰੂ ਨੇ ਉਸ ਨੂੰ ਪਹਿਲਾਂ ਹੀ ਆਪਣੇ ਕਰ ਕਮਲਾਂ ਵਿੱਚ ਲੈ ਲਿਆ ਹੁੰਦਾ ਹੈ। ਇਸ ਤਰ੍ਹਾਂ ਜਿਹੜਾ ਵਿਅਕਤੀ ਪਰਮਾਤਮਾ ਦਾ ਆਸਰਾ ਲੈਂਦਾ ਹੈ, ਪਰਮਾਤਮਾ ਆਪ ਉਸ ਨੂੰ ਆਪਣੀ ਮਿਹਰ ਨਾਲ ਵਰੋਸਾਉਂਦਾ ਹੈ ।
ਆਪਣਾ ਤਨ, ਮਨ ਅਤੇ ਧੰਨ ਆਪਣੇ ਪਿਆਰੇ ਸਤਿਗੁਰੂ ਨੂੰ ਅਰਪਣ ਕਰਕੇ, ਉਸ ਦੇ ਭਾਣੇ ਅਤੇ ਹੁਕਮ ਨੂੰ ਮੰਨ ਕੇ ਸਤਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ ।
ਸਤਿਗੁਰੂ ਦੀ ਖੁਸ਼ੀ ਅਤੇ ਪ੍ਰਸੰਨਤਾ ਲਈ ਉਸ ਦੇ ਹੁਕਮ ਦੀ ਪ੍ਰਸੰਨ ਚਿਤ ਪਾਲਣਾ ਕਰਨ ਵਾਲਾ ਇਨਸਾਨ ਰੱਬੀ ਮਿਹਰ ਪ੍ਰਾਪਤ ਕਰਨ ਦੇ ਯੋਗ ਹੋ ਜਾਂਦਾ ਹੈ ।
ਜਦ ਕੋਈ ਵਿਅਕਤੀ ਆਪਣੀ ਹਉਮੈਂ, ਆਪਣੀ ਬੁੱਧੀ ਦਾ ਤਿਆਗ ਆਪਣੇ ਸਤਿਗੁਰੂ ਦੇ ਪਵਿੱਤਰ ਚਰਨਾਂ ਵਿੱਚ ਰੱਖ ਦਿੰਦਾ ਹੈ ਤਾਂ ਉਸ ਦਾ ਵਿਅਕਤੀਤਵ ਆਪਣੇ ਸੱਚੇ ਸਰੋਤ ਸਤਿਗੁਰੂ ਵਿੱਚ ਪੂਰੀ ਤਰ੍ਹਾਂ ਅਭੇਦ ਹੋ ਜਾਂਦਾ ਹੈ। ਇਸ ਤਰ੍ਹਾਂ ਪੂਰਨ ਭਾਂਤ ਉਸ ਦਾ ਰੱਬੀ ਸ਼ਕਤੀ ਨਾਲ ਮਿਲਾਪ ਹੋ ਜਾਂਦਾ ਹੈ । ਰੂਹਾਨੀ ਇੱਛਾ ਸਤਿਗੁਰੂ ਦੀ ਇੱਛਾ ਵਾਂਗ ਸਥਾਪਿਤ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਅਜਿਹੇ ਤਿਆਗ ਦਾ ਸਦਾ ਇੰਤਜ਼ਾਰ ਰਹਿੰਦਾ ਹੈ । ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਵਾਰ ਫੁਰਮਾਇਆ ਸੀ:
ਅਸਲ ਵਿੱਚ ਗੁਰੂ ਸਾਡੇ ਨਾਲੋਂ ਜ਼ਿਆਦਾ ਸਾਨੂੰ ਲੱਭਦਾ ਹੈ । ਆਓ! ਅਸੀਂ ਆਪਣੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਮਲਾਂ ਵਿੱਚ ਸਮਰਪਿਤ ਕਰ ਦੇਈਏ, ਫਿਰ ਅਸੀਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਇਲਾਹੀ ਬਖਸ਼ਿਸ਼ ਨੂੰ ਪ੍ਰਾਪਤ ਕਰ ਲਵਾਂਗੇ ।
ਸਾਡੇ ਪ੍ਰਭੂ ਗੁਰੂ ਆਪਣੇ ਫੈਲਾਏ ਹੋਏ ਹੱਥਾਂ ਨਾਲ ਆਪਣੇ ਪਵਿੱਤਰ ਪਹਿਲੂ ਵਿੱਚ ਸਮੇਟਣ ਲਈ ਸਾਡੀ ਉਡੀਕ ਕਰਦੇ ਹਨ ।
ਪੰਜ ਪਿਆਰਿਆਂ ਦਾ ਤਿਆਗ ਸੰਪੂਰਨ ਸੀ, ਇਹ ਪੂਰਨ ਅਤੇ ਮੁਕਤ ਸੀ, ਇਹ ਸੰਪੂਰਨ ਅਤੇ ਨਿਰਸੰਕੋਚ ਸੀ। ਉਨ੍ਹਾਂ ਨੇ ਆਤਮਕ ਆਨੰਦ ਅਤੇ ਖੁਸ਼ੀ ਨਾਲ ਆਪਣੇ ਪਰਮ ਪਿਆਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਾ ਤਿਆਗ ਦਿੱਤਾ ਸੀ । ਉਨ੍ਹਾਂ ਨੇ ਬਗੈਰ ਕਿਸੇ ਰੋਕ, ਸ਼ਰਤ, ਮੰਗ ਅਤੇ ਹਿਚਕਿਚਾਹਟ ਦੇ ਆਪਣੇ ਆਪ ਨੂੰ ਗੁਰੂ ਨੂੰ ਅਰਪਣ ਕਰ ਦਿੱਤਾ ਸੀ । ਉਨ੍ਹਾਂ ਨੇ ਆਪਣੀ ਕੋਈ ਪਛਾਣ ਨਹੀਂ ਬਣਾਈ ਸੀ ਕਿਉਂਕਿ ਉਹ ਪਹਿਲਾਂ ਹੀ ਆਪਣੇ ਗੁਰੂ ਦੇ ਬਣੇ ਹੋਏ ਸਨ । ਇਸ ਲਈ ਉਨ੍ਹਾਂ ਨੇ ਆਪਣੇ ਸਿਰ ਆਪਣੇ ਗੁਰੂ ਦੇ ਚਰਨਾਂ ਵਿੱਚ ਭੇਟ ਕਰ ਦਿੱਤੇ । ਉਹ ਪਿਆਰ ਦੇ ਪ੍ਰਤੀਕ ਸਨ । ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਉਨ੍ਹਾਂ ਦੇ ਇੱਕੋ ਇੱਕ ਪਿਆਰੇ ਸਨ । ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਤਿ ਪਿਆਰੇ ਹੋ ਕੇ ਉਹ ਪੰਜ ਅਨੰਤ ਕਾਲ ਤੱਕ ਅਮਰਤਾ ਵਿੱਚ ਚਮਕਦੇ ਹਨ ।
ਇਹੀ ਪੂਰਨ ਰੂਪ ਵਿੱਚ ਤਿਆਗ ਦਾ ਮਹੱਤਵ ਹੈ । ਪੂਰਨ ਸੱਚੇ ਤਿਆਗ ਵਿੱਚ ਦੁਚਿੱਤੀ ਨਾਲ ਅੱਧੀ ਪੇਸ਼ਕਸ਼ ਨਹੀਂ ਕੀਤੀ ਜਾ ਸਕਦੀ। ਉੱਥੇ ਕੁਝ ਵੀ ਅਜਿਹਾ ਨਹੀਂ ਰਹਿੰਦਾ ਜਿਸ ਨੂੰ ਅਸੀਂ ਆਪਣਾ ਕਹਿ ਸਕਦੇ ਹਾਂ ਕਿਉਂਕਿ ਅਸੀਂ ਆਪਣੇ ਆਪ ਨੂੰ ਆਪਣੀ 'ਹਉਮੈਂ' ਸਹਿਤ ਤਿਆਗ ਕੇ ਆਪਣੇ ਪਿਆਰੇ ਗੁਰੂ ਨੂੰ ਭੇਟ ਕੀਤਾ ਹੁੰਦਾ ਹੈ ।