ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਮਹਿਕ
ਚਰਨ-ਕਮਲ ਇਕ ਸੱਚੇ ਅਭਿਲਾਸ਼ੀ ਭਗਤ ਅਤੇ ਸ਼ਰਧਾਲੂ ਦੇ ਹੰਕਾਰ ਨੂੰ ਖ਼ਤਮ ਕਰ ਦਿੰਦੇ ਹਨ । ਚਰਨ-ਕਮਲਾਂ ਵਿੱਚ ਡੰਡੌਤ ਬੰਦਨਾ, ਚਰਨ-ਕਮਲਾਂ ਵਿੱਚ ਤਿਆਗ ਅਭਿਪ੍ਰਾਏ “ਹਉਮੈ” ਦਾ ਤਿਆਗ ਹੈ ।
ਸੱਚੇ ਸੇਵਕਾਂ ਦਾ (ਅਤਿ ਕੀਮਤੀ) ਬਹੁਮੁੱਲਾ ਖਜ਼ਾਨਾ ਅਤੇ ਪ੍ਰਾਪਤੀਆਂ ਉਨ੍ਹਾਂ ਦੇ ਪਿਆਰੇ ਸਤਿਗੁਰੂ ਦੇ ਪਵਿੱਤਰ ਚਰਨਾਂ ਦਾ ਪਿਆਰ ਹੈ। ਸਤਿਗੁਰੂ ਆਪਣੇ ਪਵਿੱਤਰ ਚਰਨਾਂ ਦਾ ਕਿਰਪਾ ਪੂਰਬਕ ਆਸਰਾ ਦਿੰਦੇ ਹਨ। ਇਸ ਰੱਬੀ ਸਹਾਰੇ ਤੇ ਨਿਰਭਰ ਹੋ ਕੇ ਬ੍ਰਹਿਮੰਡ ਦੇ ਮਾਇਆ ਜਾਲ ਰੂਪੀ ਸਾਗਰ ਵਿੱਚ ਡੁੱਬਣ ਤੋਂ ਬਚਿਆ ਜਾ ਸਕਦਾ ਹੈ ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ-ਕਮਲ ਸਮੁੱਚੇ ਬਹਿਮੰਡ ਦੀ ਆਤਮਾ ਹਨ । ਇਸ ਤਰ੍ਹਾਂ ਪਿਆਰੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਧੂੜ ਬਣ ਜਾਵੋ ਅਤੇ ਸਾਰੀ ਸ੍ਰਿਸ਼ਟੀ ਨਾਲ ਜੁੜ ਕੇ ਸੱਚੀ ਨਿਮਰਤਾ ਤੋਂ ਮਿਲਣ ਵਾਲੇ ਪੂਰਨ ਆਨੰਦ ਵਿੱਚ ਖੁਸ਼ੀ ਮਨਾਉ ।
ਝੂਠ ਸੱਚ ਦੇ ਰਸਤੇ ਤੇ ਨਹੀਂ ਚਲ ਸਕਦਾ । ਪਰਮਾਤਮਾ ਦੇ ਪਵਿੱਤਰ ਰਾਜ ਵਿੱਚ ਅਸ਼ੁਧਤਾ ਪਰਵੇਸ਼ ਕਰਨ ਦਾ ਸਾਹਸ ਨਹੀਂ ਕਰ ਸਕਦੀ । ਹਉਮੈ ਦੀ ਅਪਵਿੱਤਰਤਾ “ਨਿਮਰਤਾ, ਅੰਮ੍ਰਿਤ ਨਾਮ” ਦੇ ਨਾਲ ਨਹੀਂ ਰਹਿ ਸਕਦੀ। ਇਕ ਦਿਲ ਵਿੱਚ ਅਸ਼ੁਧ ਹਉਮੈ ਅਤੇ ਪਵਿੱਤਰ ਨਾਮ ਇਕੱਠੇ ਨਹੀਂ ਰਹਿ ਸਕਦੇ । ਪਰਮ-ਆਨੰਦ-ਪੂਰਨ ਵਿਸ਼ਵਾਸ ਅਥਵਾ ਪਰਮਾਤਮਾ ਦੇ ਰਾਜ ਵਿੱਚ ਪਰਵੇਸ਼ ਨਿਮਰਤਾ ਦੀਆਂ ਡੂੰਘਾਈਆਂ ਅਤੇ ਤੁੱਛਤਾ (ਅਣਹੋਂਦ) ਦੀਆਂ ਗਹਿਰਾਈਆਂ ਨਾਲ ਹੁੰਦਾ ਹੈ ।