ਮੌਤ ਨੂੰ ਸਦਾ ਚੇਤੇ ਰੱਖੋ (ਬਾਬਾ ਜੀ ਜ਼ੋਰ ਦੇ ਕੇ ਕਹਿੰਦੇ ਸਨ)
ਜਿਹੜਾ ਮਨੁੱਖ ਮੌਤ ਨੂੰ ਸਦਾ ਚੇਤੇ ਰੱਖਦਾ ਹੈ, ਕੇਵਲ ਉਹ ਹੀ ਇਸ ਜੀਵਨ ਵਿੱਚ ਮਿਲੇ ਗਿਣੇ-ਮਿਥੇ ਸੁਆਸਾਂ ਦੀ ਦੌਲਤ ਦੀ ਕੀਮਤ ਨੂੰ ਜਾਣਦਾ ਹੈ । ਇਕ ਵਾਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ ਇਕ ਰਾਜਾ ਆਇਆ । ਰਾਜੇ ਨੇ ਇਲਾਹੀ ਦਰਬਾਰ ਦਾ ਰਸ ਮਾਨਣ ਉਪਰੰਤ ਅਤਿ ਸੁੰਦਰ ਤੇ ਸੂਰਬੀਰ ਯੋਧੇ ਵੇਖ ਕੇ ਦਸ਼ਮੇਸ਼ ਪਿਤਾ ਜੀ ਨੂੰ ਇਕ ਸਿੱਧਾ ਪੱਧਰਾ ਪ੍ਰਸ਼ਨ ਕਰ ਦਿੱ ਤਾ ਕਿ ਸੰਗਤ ਵਿੱਚ ਸੁੰਦਰ ਔਰਤਾਂ ਦੀ ਹਾਜ਼ਰੀ, ਮਨੁੱਖ ਦੇ ਵਿੱਚਾਰਾਂ ਤੇ ਕੀ ਅਸਰ ਪਾਉਂਦੀ ਹੈ? ਗੁਰੂ ਜੀ ਨੇ ਬੜੇ ਧੀਰਜ ਨਾਲ ਉਸਦਾ ਪ੍ਰਸ਼ਨ ਸੁਣਿਆ । ਦਸਮੇਸ਼ ਪਿਤਾ ਜੀ ਨੇ ਰਾਜੇ ਨੂੰ ਦੱਸਿਆ ਕਿ ਸੱਤਵੇਂ ਦਿਨ ਤੇਰੀ ਮੌਤ ਹੋ ਜਾਵੇਗੀ । ਜਾਹ, ਜਾ ਕੇ ਆਪਣੇ ਸੰਸਾਰਕ ਕੰਮ ਅਤੇ ਆਪਣੇ ਰਹਿੰਦੇ ਚਾਅ ਪੂਰੇ ਕਰ ਲੈ, ਤਾਂ ਜੋ ਤੂੰ ਸੁੱਖ ਦੀ ਮੌਤ ਮਰ ਸਕੇਂ । ਰਾਜਾ ਆਪਣੇ ਮਹਿਲਾਂ ਨੂੰ ਵਾਪਸ ਚਲਾ ਗਿਆ । ਜਦੋਂ ਸੱਤਵਾਂ ਦਿਨ ਆਇਆ ਤਾਂ ਉਸ ਨੇ ਮਰਨ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਲਈ ਬੇਨਤੀਆਂ ਕੀਤੀਆਂ । ਗੁਰੂ ਗੋਬਿੰਦ ਸਾਹਿਬ ਨੇ ਦਰਸ਼ਨ ਦਿਤੇ ਅਤੇ ਰਾਜੇ ਨੂੰ ਪੁੱਛਿਆ ਕਿ, ਕੀ ਉਸ ਨੇ ਆਪਣੀਆਂ ਇੱਛਾਵਾਂ ਭੋਗ ਲਈਆਂ ਹਨ? ਰਾਜਾ ਫੁੱਟ ਫੁੱਟ ਕੇ ਰੋਣ ਲੱਗ ਪਿਆ ਤੇ ਕਹਿਣ ਲੱਗਾ ਕਿ ਉਸ ਦੇ ਸਿਰ ਤੇ ਮੌਤ ਦਾ ਡਰ ਮੰਡਰਾਉਂਦਾ ਰਹਿਣ ਕਾਰਨ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਉਸ ਦੇ ਨੇੜੇ ਹੀ ਨਹੀਂ ਆਏ । ਇਹ ਸੁਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੱਚਾ ਸਿੱਖ ਮੌਤ ਨੂੰ ਹਮੇਸ਼ਾ ਯਾਦ ਰੱਖਦਾ ਹੈ । ਗੁਰੂ ਜੀ ਦੀ ਪਵਿੱਤਰ ਸੰਗਤ ਵਿੱਚ ਕਾਮ ਕ੍ਰੋਧ ਆਦਿ ਉਸਦੇ ਨੇੜੇ ਨਹੀ ਢੁੱਕ ਸਕਦੇ। ਮੌਤ ਤਾ ਖ਼ਿਆਲ ਅਮਰ ਜੀਵਨ ਪਦ ਦੀ ਪ੍ਰਾਪਤੀ ਵਾਸਤੇ ਕੁੰਜੀ ਹੈ ।
ਇਹ ਸਰੀਰ ਸਾਡੇ ਜੀਵਨ ਦੀ ਆਧਾਰ-ਜੋਤ ਦਾ ਇਕ ਪ੍ਰਤੀਬਿੰਬ ਹੈ, ਸੰਸਾਰੀ ਲੋਕ ਸਾਰਾ ਜੀਵਨ ਅਗਿਆਨਤਾ ਵਿੱਚ ਰਹਿੰਦੇ ਹਨ । ਫਲਸਰੂਪ ਉਹ ਸਾਰੇ ਜੀਵਨ ਦੀ ਆਧਾਰ ਸ਼ਕਤੀ ਤੋਂ ਅਨਜਾਣ ਤੇ ਬੇਖ਼ਬਰ ਰਹਿ ਜਾਂਦੇ ਹਨ । ਉਹ ਆਪਣੇ ਨਾਸ਼ਵਾਨ ਸਰੀਰ, ਅਤੇ ਮਨ ਦੀ ਹਉਂਮੈ ਦੀ ਪੂਰਤੀ ਦੇ ਯਤਨਾ ਵਿੱਚ ਸਾਰੀ ਸ਼ਕਤੀ ਫਜ਼ੂਲ ਗਵਾ ਲੈਂਦੇ ਹਨ ।
ਇਹ ਜੀਵਨ ਇਕ ਸੁਪਨਾ ਹੈ, ਮੌਤ ਇਕ ਸੱਚ ਅਤੇ ਠੋਸ ਸਚਾਈ ਹੈ :-
ਜਾਣੈ ਨਾਹੀ ਮਰਣੁ ਵਿਚਾਰਾ ।।
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 676
ਮਨੁੱਖ ਇਨ੍ਹਾਂ ਦਾਤਾਂ ਨੂੰ ਪ੍ਰੇਮ ਕਰਦਾ ਹੈ, ਸੱਚੇ ਦਾਨੀ ਸਤਿਗੁਰੂ ਜੀ ਨੂੰ ਭੁੱਲ ਜਾਂਦਾ ਹੈ, ਕਿਉਂ ਜੋ ਉਸ ਨੇ ਮੌਤ ਦੀ ਸਚਾਈ ਨੂੰ ਭੁਲਾ ਦਿੱਤਾ ਹੁੰਦਾ ਹੇ ।
ਇੰਦਰਿਆਵੀ ਲੋੜਾਂ ਅਤੇ ਸੁੱਖਾਂ ਵਿੱਚ ਲਗਾਤਾਰ ਮਨੁੱਖ ਦੁਨੀਆਂਦਾਰੀ ਲਾਭਾਂ ਅਤੇ ਸੁੱਖਾਂ ਦੀ ਭਾਲ ਵਿੱਚ ਭਟਕਦਾ ਰਹਿੰਦਾ ਹੈ । ਇਸ ਤਰ੍ਹਾਂ ਅਸੀਂ ਰੂਹਾਨੀਅਤ ਦੀ ਦਾਤ ਅਤੇ ਰੂਹਾਨੀ ਮੰਡਲ ਤੋਂ ਦੂਰ ਰਹਿੰਦੇ ਹਾਂ, ਮੌਤ ਦੀ ਯਾਦ ਹੀ ਸਾਡਾ ਬਚਾਓ ਕਰ ਸਕਦੀ ਹੈ ।
ਮਾਇਆ ਦੀ ਮੱਦ ਦੇ ਨਸ਼ੇ ਵਿੱਚ ਇਹ ਨਾਸ਼ਵਾਨ ਜੀਵ ਮੌਤ ਨੂੰ ਭੁਲਾ ਦਿੰਦਾ ਹੈ ਅਤੇ ਉਸ ਨੂੰ ਇਹ ਵੀ ਪਤਾ ਨਹੀਂ ਲਗਦਾ ਕਿ ਉਹ ਕਿਹੜੀਆਂ ਗੱਲਾਂ ਕਰਦਾ ਹੈ ।
ਕੇਵਲ ਮੂਰਖ ਲੋਕ ਹੀ ਮੌਤ ਨੂੰ ਯਾਦ ਨਹੀਂ ਰੱਖਦੇ । ਸਾਨੂੰ ਗਿਣਵੇਂ ਸੁਆਸ ਮਿਲੇ ਹਨ । ਇਸ ਸਰੀਰ ਅਤੇ ਜੀਵਨ ਦੀਆਂ ਅਸਥਾਈ ਲੋੜਾਂ ਦੀ ਪੂਰਤੀ ਵਿੱਚ ਹਰ ਰੋਜ਼ ਹਜ਼ਾਰਾ ਕੀਮਤੀ ਸੁਆਸ ਵਿਅਰਥ ਚਲੇ ਜਾਂਦੇ ਹਨ । ਪੰਜਾਂ ਤੱਤਾਂ ਤੋਂ ਬਣੇ ਇਸ ਨਾਸ਼ਵਾਨ ਸਰੀਰ ਨਾਲ ਮੋਹ ਕਰਨਾ ਵਿਅਰਥ ਹੈ ।
ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨ ।।
ਇਹ ਨਾਸ਼ਵਾਨ ਸਰੀਰ ਪੰਜਾਂ ਤੱਤਾਂ-ਅਕਾਸ਼, ਹਵਾ, ਅੱਗ, ਪਾਣੀ, ਧਰਤੀ ਤੋਂ ਬਣਿਆ ਹੋਇਆ ਹੈ । ਮੌਤ ਤੋਂ ਬਾਅਦ ਇਹ ਪੰਜੇ ਤੱਤ ਖ਼ਤਮ ਹੋ ਜਾਂਦੇ ਹਨ । ਜਿੰਨਾ ਕੋਈ ਇਸ ਸੰਸਾਰ ਤੋਂ ਨਿਰਲੇਪ ਰਹਿੰਦਾ ਹੈ ਓਨਾ ਹੀ ਗੁਰੂ ਅਤੇ ਪਰਮੇਸ਼ਰ ਜੀ ਦੀ ਇਲਾਹੀ ਗੋਦ ਵਿੱਚ ਸਮਾਇਆ ਰਹਿੰਦਾ ਹੈ । ਜਿੰਨਾ ਅਸੀ ਨਾਸ਼ਵਾਨ ਸਰੀਰ ਦੇ ਬੰਧਨਾਂ ਤੇ ਹਉਂਮੈ ਤੋਂ ਆਜ਼ਾਦ ਹੋਵਾਂਗੇ, ਓਨੀ ਹੀ ਵਧੇਰੇ ਸਾਡੀ ਸੁਰਤ ਪ੍ਰਭੂ ਨਾਮ ਦੀ ਸਿਮਰਨ ਵਿੱਚ ਲੀਨ ਹੋਵੇਗੀ ।
ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ।।
ਸੁਆਸ ਸੁਆਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ । ਇਹ ਸਾਡੇ ਜੀਵਨ ਦਾ ਆਸਰਾ ਹੈ, ਸਾਡਾ ਨਿਸ਼ਾਨਾ ਹੈ ਅਤੇ ਸਾਡਾ ਅਸਲੀ ਜੀਵਨ ਹੈ । ਜਿਵੇਂ ਅਸੀਂ ਪ੍ਰਾਣਾਂ ਤੋਂ ਬਗ਼ੈਰ ਨਹੀ ਰਹਿ ਸਕਦੇ, ਇਸੇ ਤਰ੍ਹਾਂ ਅਸੀ ਨਾਮ ਤੋਂ ਬਗ਼ੈਰ ਨਹੀਂ ਜੀਅ ਸਕਦ।
ਨਾਮ ਸਾਡੇ “ਸਦੀਵੀ ਜੀਵਨ ਦਾ ਸੁਆਸ” ਹੈ । ਰੱਬ ਦਾ ਨਾਮ ਹਰੇਕ ਸੁਆਸ ਦਾ ਅਨਿਖੜਵਾਂ ਅੰਗ ਬਣਾ ਲੈਣਾ ਚਾਹੀਦਾ ਹੈ । ਗਿਣਵੇਂ ਸੁਆਸਾਂ ਦੀ ਇਸ ਸਭ ਤੋਂ ਕੀਮਤੀ ਪੂੰਜੀ ਪ੍ਰੇਮ ਰੂਪੀ ਪ੍ਰਭੂ ਦੀ ਪਵਿੱਤਰ ਯਾਦ ਵਿੱਚ ਖਰਚਣੀ ਚਾਹੀਦੀ ਹੈ ।
ਜੋ ਵੀ ਪੈਦਾ ਹੋਇਆ ਹੈ, ਉਸ ਦਾ ਅੰਤ ਮੌਤ ਹੈ । ਇਸ ਲੋਕ ਤੇ ਪਰਲੋਕ ਵਿੱਚ ਕੇਵਲ ਪਰਮੇਸ਼ਰ ਦਾ ਨਾਮ ਹੀ ਸਹਾਈ ਹੋਵੇਗਾ । ਨਾਮ ਦੇ ਸਹਾਰੇ ਹੀ ਅਸੀਂ ਇਹ ਭਿਆਨਕ ਸਾਗਰ ਪਾਰ ਕਰ ਸਕਦੇ ਹਾਂ, ਪ੍ਰਭੂ ਨਾਲ ਲਿਵ ਜੋੜ ਸਕਦੇ ਹਾਂ ।
ਜੀਵ ਇਸ ਸੰਸਾਰ ਵਿੱਚ ਇਕੱਲਾ ਹੀ ਆਉਂਦਾ ਹੈ ਅਤੇ ਇਕੱਲਾ ਹੀ ਚਲਾ ਜਾਂਦਾ ਹੈ । ਕੇਵਲ ਪ੍ਰਭੂ ਦਾ ਅੰਮ੍ਰਿਤ ਨਾਮ ਹੀ ਜੀਵ ਦੀ ਸਹਾਇਤਾ ਕਰਕੇ ਉਸਨੂੰ ਜਨਮ ਮਰਨ ਤੋਂ ਬਚਾ ਸਕਦਾ ਹੈ ।
ਮੌਤ ਨੂੰ ਸਦਾ ਯਾਦ ਰਖਣ ਵਾਲਾ ਵਿਅਕਤੀ ਰੱਬ ਵੱਲੋਂ ਮਿਲੇ ਗਿਣਵੇਂ ਸੁਆਸਾਂ ਦੀ ਦੌਲਤ ਦੀ ਦੁਰਲੱਭਤਾ ਅਤੇ ਕੀਮਤ ਨੂੰ ਜਾਣਦਾ ਹੈ । ਇਹ ਕੋਈ ਅਜਿਹੀ ਵਸਤੂ ਨਹੀਂ ਜਿਸ ਨੂੰ ਧਨ ਨਾਲ ਖਰੀਦਿਆ ਜਾ ਵੇਚਿਆ ਜਾ ਸਕਦਾ ਹੈ।