ਸਿੱਖ ਧਰਮ ਪਤੀਵਰਤਾ ਧਰਮ ਹੈ ।
ਸਿੱਖ ਧਰਮ ਪਤੀਵਰਤਾ ਧਰਮ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਧਰਮ ਅਨੁਸਾਰ ਇਕ ਸਿੱਖ ਵਿਸ਼ੇਸ਼ ਤੌਰ ਤੇ ਸਤਿਗੁਰੂ ਦਾ ਉਪਾਸ਼ਕ ਹੁੰਦਾ ਹੈ। ਆਪਣੇ ਸਰਬ ਵਿਆਪਕ ਭਗਵਾਨ ਦੇ ਸੱਚੇ ਸੁੱਚੇ ਪਿਆਰ ਵਿੱਚ, ਦੂਸਰੇ ਅਧਿਆਤਮਕ ਮਾਰਗਾਂ, ਦੂਸਰੇ ਪੂਜਾ ਅਸਥਾਨਾਂ ਲਈ ਵੀ ਆਦਰ ਅਤੇ ਪਿਆਰ ਰੱਖਦਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਰਮਾਤਮਾ ਦੇ ਸਾਰੇ ਭਗਤਾਂ ਦਾ, ਉਨ੍ਹਾਂ ਦੇ ਰੰਗ ਰੂਪ, ਧਰਮ, ਜਾਤ, ਵਰਗ ਦਾ ਬਗੈਰ ਕਿਸੇ ਭਿੰਨ ਭੇਦ ਦੇ ਇੱਕੋ ਜਿਹਾ ਸਤਿਕਾਰ ਅਤੇ ਇਜ਼ਤ ਹੈ ।
ਇਕ ਸਿੱਖ ਪੂਜਾ ਅਤੇ ਪ੍ਰਾਥਨਾ ਦੇ ਸਾਰੇ ਤਰੀਕਿਆਂ ਦਾ ਸਨਮਾਨ ਕਰਦਾ ਹੈ ।
ਇਨ੍ਹਾਂ ਸਥੂਲ ਅੱਖਾਂ ਨਾਲ ਸਾਰੇ ਰੱਬੀ ਸਰੂਪਾਂ ਦੀ ਸੱਚੀ ਸ਼ਾਨ ਨੂੰ ਦੇਖਣਾ ਅਸੰਭਵ ਹੈ ਪਰੰਤੂ ਜਦੋਂ ਕਿਸੇ ਉੱਤੇ ਇਲਾਹੀ ਦ੍ਰਿਸ਼ਟੀ ਦੀ ਕਿਰਪਾ ਹੁੰਦੀ ਹੈ ਤਾਂ ਉਹ ਇਹ ਦ੍ਰਿਸ਼ਟੀਗੋਚਰ ਕਰਦਾ ਹੈ ਕਿ ਸਾਰੇ ਸਰੂਪ ਇੱਕੋ ਹੀ ਸਰਵਉਤਮ ਸਰੋਤ ^ਚੋਂ ਪ੍ਰਗਟ ਹੋਏ ਹਨ।
ਇਕ ਸੱਚਾ ਸਿੱਖ ਆਪਣੇ ਪ੍ਰੀਤਮ ਸਤਿਗੁਰੂ ਦੇ ਵਿੱਰੁਧ ਇਕ ਵੀ ਸ਼ਬਦ ਨਹੀਂ ਸੁਣ ਸਕਦਾ । ਉਹ ਆਪ ਵੀ ਅਜਿਹਾ ਇਕ ਵੀ ਸ਼ਬਦ ਕਿਸੇ ਦੂਸਰੇ ਦੇ ਵਿਸ਼ਵਾਸ, ਧਾਰਮਿਕ ਮਾਰਗਾਂ, ਗ੍ਰੰਥਾਂ ਅਤੇ ਪੂਜਾ ਅਸਥਾਨਾਂ ਦੇ ਬਰਖ਼ਿਲਾਫ ਨਹੀਂ ਬੋਲਦਾ ਜਿਸ ਨਾਲ ਕਿਸੇ ਦੂਸਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ।