ਗੁਰ ਕੀ ਮੂਰਤਿ ਮਨ ਮਹਿ ਧਿਆਨੁ
ਸ੍ਰੀ ਗੁਰੂ ਨਾਨਕ ਸਾਹਿਬ ਦੇ ਸੱਚੇ ਸ਼ਰਧਾਲੂਆਂ ਲਈ ਉਨ੍ਹਾਂ ਦੇ ਦਰਸ਼ਨ ਹੋਣੇ ਅੱਖੀਆਂ ਵਾਸਤੇ ਸਭ ਤੋਂ ਵੱਡੀ ਖੁਸ਼ੀ ਅਤੇ ਉਨ੍ਹਾਂ ਦੀਆਂ ਆਤਮਾਵਾਂ ਲਈ ਰੂਹਾਨੀ ਖੁਸ਼ੀ ਵਾਲੀ ਗੱਲ ਹੈ। ਉਹ ਆਪਣੀ ਆਤਮਾ ਦੀ ਆਤਮਾ, ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਬਗ਼ੈਰ ਇਕ ਪਲ ਵੀ ਜਿਉਂਦੇ ਨਹੀਂ ਰਹਿ ਸਕਦੇ।
ਪਿਆਰੇ ਗੁਰੂ ਨਾਨਕ ਸਾਹਿਬ ਆਪਣੇ ਸੇਵਕਾਂ ਨੂੰ ਇੰਦਰੀਆਂ ਦੇ ਦੁਨਿਆਵੀ ਪਦਾਰਥਾਂ ਵਿੱਚੋਂ ਮਿਲਦੇ ਝੂਠੇ ਆਨੰਦ ਤੋਂ ਛੁਟਕਾਰਾ ਦਿਵਾਉਂਦੇ ਹਨ। ਮੋਹ ਅਤੇ ਹੰਕਾਰ ਤੋਂ ਨਵਿਰਤੀ ਕਰਵਾਉਂਦੇ ਹਨ।
ਸ੍ਰੀ ਗੁਰੂ ਨਾਨਕ ਸਾਹਿਬ ਦੇ ਜੋਤ ਸਰੂਪ ਦਰਸ਼ਨ ਕਰਨ ਨਾਲ ਅੰਤਮ ਸੱਚ ਦਾ ਗਿਆਨ ਹੁੰਦਾ ਹੈ। ਇਸ ਨਾਲ ਸੰਸਾਰਕ ਅਤੇ ਅਸਥਾਈ ਬੰਧਨਾਂ ਦੀਆ ਤੰਦਾਂ ਆਸਾਨੀ ਨਾਲ ਹੀ ਟੁੱਟ ਜਾਂਦੀਆਂ ਹਨ।
ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਨਾਲ ਵਰੋਸਾਏ ਅਜਿਹੇ ਸੇਵਕ ਆਪਣੇ ਹਿਰਦਿਆਂ ਵਿੱਚ ਉਨ੍ਹਾਂ ਦੀ ਮੂਰਤ ਵਸਾਉਂਦੇ ਹਨ। ਉਹ ਆਪਣੇ ਪ੍ਰਭੂ ਪ੍ਰੀਤਮ ਦੇ ਚਰਨ-ਕਮਲਾਂ ਦੀ ਸ਼ਰਨ ਵਿੱਚ ਆ ਗਏ ਹੁੰਦੇ ਹਨ। ਉਹ ਗੁਰੂ ਨਾਨਕ ਸਾਹਿਬ ਦੇ ਚਰਨ-ਕਮਲਾਂ ਦਾ ਆਸਰਾ ਨਹੀ ਛੱਡਦੇ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਆਪਣੇ ਪਿਆਰੇ ਸੇਵਕਾਂ ਨੂੰ ਨਹੀਂ ਭੁਲਾਉਂਦ।
ਸ੍ਰੀ ਗੁਰੂ ਨਾਨਕ ਸਾਹਿਬ ਰੂਹਾਨੀਅਤ ਦੇ ਪੁੰਜ ਹਨ। ਉਹ ਪਰਮ ਸਤਿ ਅਤੇ ਮਹਾਨ ਅਧਿਆਤਮਕ ਦਰਸ਼ਨ ਦੀ ਮੂਰਤ ਹਨ। ਸੱਚੇ ਸੇਵਕ ਹੀ ਉਨ੍ਹਾਂ ਦੇ ਨੂਰਾਨੀ ਰੂਪ ਦੇ ਦਿੱਬ ਗੁਣਾਂ ਨੂੰ ਪਛਾਣਦੇ ਹਨ। ਸਤਿਗੁਰੂ ਜੀ ਦਾ ਨਿਰੰਤਰ ਸਿਮਰਨ ਕਰਨ ਨਾਲ ਹਿਰਦੇ ਪਵਿੱਤਰ ਹੋ ਜਾਂਦੇ ਹਨ ਅਤੇ ਅਭਿਆਸੀ ਤੇ ਜਗਿਆਸੂ ਜਨਾਂ ਦੇ ਚਿਹਰੇ ਤੇ ਰੱਬੀ ਨੂਰ ਝਲਕਣ ਲੱਗ ਪੈਂਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਨ ਅਤੇ ਦਿੱਬ ਗੁਣਾਂ ਦੀ ਖਾਨ ਹਨ। ਉਹ ਸਾਰੇ ਰੂਹਾਨੀ ਸਦਗੁਣਾਂ ਅਤੇ ਵਡਿਆਈਆਂ ਦੇ ਖਜ਼ਾਨੇ ਹਨ। ਅਸੀਂ ਉਨ੍ਹਾਂ ਕੋਲੋਂ ਆਪਣੇ ਰੋਜ਼ਾਨਾ ਜੀਵਨ ਲਈ ਪ੍ਰੇਰਨਾ ਅਤੇ ਮਾਰਗ ਰੌਸ਼ਨ ਕਰਨ ਵਾਲਾ ਪ੍ਰਕਾਸ਼ ਪ੍ਰਾਪਤ ਕਰਦੇ ਹਾਂ। ਉਨ੍ਹਾਂ ਦੇ ਰੂਹਾਨੀ ਸਦਗੁਣਾਂ ਅਤੇ ਵਡਿਆਈਆਂ ਦਾ ਸਦਕਾ ਸਾਡਾ ਜੀਵਨ ਰੂਹਾਨੀਅਤ ਨਾਲ ਭਰਪੂਰ ਅਤੇ ਅਧਿਆਤਮਵਾਦੀ ਬਣ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਇਸ ਧਰਤੀ ਤੇ ਪਰਮ ਆਦਰਸ਼ ਹਨ, ਉਹ ਆਦਰਸ਼, ਜਿਸ ਦਾ ਸਿਮਰਨ ਕਰਨ ਨਾਲ ਸਾਡੇ ਜੀਵਨ ਦੀ ਕਾਇਆਂ ਕਲਪ ਹੋ ਜਾਂਦੀ ਹੈ। ਸ਼ਰਧਾਲੂ ਲੋਕ ਪ੍ਰੇਮ ਦੇ ਸਰਵਉੱਚ ਪੈਗੰਬਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਇਸ ਰੂਹਾਨੀ ਸੂਰਤ ਦਾ ਧਿਆਨ ਧਰ ਕੇ ਸਿਮਰਨ ਕਰਦੇ ਹਨ। ਸ਼ਰਧਾਲੂ ਜਨ ਸ੍ਰੀ ਗੁਰੂ ਨਾਨਕ ਸਾਹਿਬ ਦੇ ਚਰਨ-ਕਮਲ ਅਤੇ ਚਮਕਦੀ ਨੂਰਾਨੀ ਸੂਰਤ ਵਿੱਚੋਂ ਵਹਿੰਦੇ ਅੰਮ੍ਰਿਤ ਨੂੰ ਆਪਣੀਆਂ ਜਿਸਮਾਨੀ, ਮਾਨਸਕ ਅਤੇ ਆਤਮਕ ਅੱਖਾਂ ਨਾਲ ਤੱਕ-ਤੱਕ ਕੇ ਆਪਣੀ ਰੂਹਾਨੀ ਪਿਆਸ ਅਤੇ ਭੁੱਖ ਨੂੰ ਬੁਝਾਉਂਦੇ ਹਨ।
ਉਹ ਸਵਾਸ, ਉਹ ਘੜੀਆਂ ਅਤੇ ਉਹ ਸਮਾਂ ਵਡਭਾਗਾ ਹੈ ਜਿਹੜਾ ਮਿਹਰਾਂ ਦੇ ਸਾਗਰ ਅਤੇ ਬਖਸ਼ਣਹਾਰ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਿਮਰਨ ਵਿੱਚ ਗੁਜ਼ਰਦਾ ਹੈ।
ਪੂਰਨ ਕਰਮੁ ਹੋਇ ਪ੍ਰਭ ਮੇਰਾ॥
ਇਸ ਨਾਲ ਮੇਰੇ ਜੀਵਨ ਦੇ ਭਾਗ ਖੁਲ੍ਹਦੇ ਹਨ।
ਨਿਰਗੁਣ ਪਰਮਾਤਮਾ ਸਾਡੀ ਪਦਾਰਥਵਾਦੀ ਅਤੇ ਬੌਧਿਕ ਪਹਿਚਾਣ ਤੋਂ ਬਾਹਰ ਹੈ। ਪਰੰਤੂ ਇਕ ਸੱਚੇ ਸੇਵਕ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਦੇ ਨੂਰਾਨੀ ਦਰਸ਼ਨ ਹੋਣੇ ਬਹੁਤ ਵੱਡੀ ਕਿਰਪਾ ਹੈ।
ਸ੍ਰੀ ਗੁਰੂ ਨਾਨਕ ਸਾਹਿਬ ਆਪ ਨਿਰਗੁਣ ਪਰਮਾਤਮਾ ਹਨ। ਉਹ ਜੋਤ ਰੂਪ ਅਤੇ ਰੱਬ ਦੀ ਪ੍ਰਤੱਖ ਮੂਰਤ ਹਨ।
ਉਨ੍ਹਾਂ ਦਾ ਨਿਰੰਕਾਰੀ ਜੋਤ ਸਰੂਪ, ਸਾਰੀਆਂ ਰੂਹਾਨੀ ਵਡਿਆਈਆਂ ਅਤੇ ਸਦਗੁਣਾਂ ਨਾਲ ਭਰਪੂਰ ਹੈ। ਸ੍ਰੀ ਗੁਰੂ ਨਾਨਕ ਸਾਹਿਬ ਇਸ ਬ੍ਰਹਿਮੰਡ ਦੇ ਮਾਲਕ ਹਨ। ਉਨ੍ਹਾਂ ਦਾ ਨਿਰੰਕਾਰੀ ਜੋਤ ਸਰੂਪ ਸਦੀਵੀ ਬਖਸ਼ਿਸ਼ ਅਤੇ ਨਦਰ ਦਾ ਸਰੋਵਰ ਹੈ। ਸ੍ਰੀ ਗੁਰੂ ਨਾਨਕ ਸਾਹਿਬ ਦਾ ਜੋਤ ਸਰੂਪ ਸਦੀਵੀ ਬਖਸ਼ਿਸ਼ ਅਤੇ ਨਦਰ ਦਾ ਸਰੋਵਰ ਹੈ। ਸ੍ਰੀ ਗੁਰੂ ਨਾਨਕ ਸਾਹਿਬ ਦਾ ਜੋਤ ਸਰੂਪ ਆਦਿ ਕਾਲ ਤੋਂ ਸੱਚ ਹੈ ਅਤੇ ਸੱਚ ਹੀ ਰਹੇਗਾ। ਉਨ੍ਹਾਂ ਦੀ ਨੂਰਾਨੀ ਜੋਤ ਜੁਗਾਂ ਜੁਗਾਂਤਰਾਂ ਤੱਕ ਮਨੁੱਖਤਾ ਦਾ ਮਾਰਗ ਰੋਸ਼ਨ ਕਰਦੀ ਰਹੇਗੀ।
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਦੁਨੀਆਂ ਵਿੱਚ ਸਰੀਰਕ ਰੂਪ ਵਿੱਚ ਆਉਂਣਾ ਅਤੇ ਅਲੋਪ ਹੋ ਜਾਣਾ ਰੂਹਾਨੀ ਪ੍ਰਕ੍ਰਿਆ ਦਾ ਇਕ ਹਿੱਸਾ ਹੈ ਅਤੇ ਇਹ ਮਨੁੱਖੀ ਸਮਝ ਤੋਂ ਪਰੇ ਦੀ ਗੱਲ ਹੈ, ਮਨੁੱਖ ਦੀ ਤੁੱਛ ਬੁੱਧੀ ਇਸ ਦੀ ਥਾਹ ਨਹੀਂ ਪਾ ਸਕਦੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਪ੍ਰੇਮੀ ਦਾ ਸਾਰਾ ਧਿਆਨ ਉਨ੍ਹਾਂ ਦੇ ਪ੍ਰੇਮ ਦੀ ਆਰਾਧਨਾ ਵੱਲ ਹੁੰਦਾ ਹੈ। ਭਾਈ ਘਨੱਈਆ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਏਨੀ ਸ਼ਿੱਦਤ ਨਾਲ ਪ੍ਰੇਮ ਕਰਦੇ ਸਨ ਕਿ ਉਨ੍ਹਾਂ ਨੂੰ ਮਿੱਤਰਾਂ ਅਤੇ ਦੁਸ਼ਮਣਾਂ-ਸਭ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਹੁੰਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੱਚੇ ਸੇਵਕ ਭਾਈ ਨੰਦ ਲਾਲ ਜੀ ਗੁਰੂ ਜੀ ਨੂੰ ਸਾਰੀ ਸ੍ਰਿਸ਼ਟੀ ਵਿੱਚ ਵੇਖਦੇ ਸਨ।
ਨੂਰ ਦਰ ਹਰ ਚਸ਼ਮ ਗੁਰੁ ਗੋਬਿੰਦ ਸਿੰਘ॥
ਭਾਈ ਮਤੀ ਦਾਸ ਜੀ ਨੇ ਆਪਣੇ ਆਖ਼ਰੀ ਸਵਾਸ ਤੱਕ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੱਚਾ ਸੇਵਕ ਜ਼ਿੰਦਗੀ ਭਰ ਗੁਰੂ ਜੀ ਦੇ ਨੂਰਾਨੀ ਰੂਪ ਦੇ ਦਰਸ਼ਨ ਕਰਦੇ ਰਹਿਣਾ ਚਾਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨੂਰਾਨੀ ਜੋਤ ਅਜਿਹੇ ਭਗਤਾਂ ਅਤੇ ਜਗਿਆਸੂਆਂ ਦੇ ਮਾਨਸਕ ਤੇ ਆਤਮਕ ਮੰਡਲ ਵਿੱਚ ਝਲਕਦੀ ਤੇ ਇਲਾਹੀ ਧਰਵਾਸ ਦਿੰਦੀ ਰਹਿੰਦੀ ਹੈ। ਉਨ੍ਹਾਂ ਦੇ ਹਿਰਦਿਆਂ ਵਿੱਚ ਪ੍ਰਭੂ ਦਾ ਵਾਸਾ ਰਹਿੰਦਾ ਹੈ ਤੇ ਉਹ ਸਦਾ ਆਤਮਕ ਖੇੜੇ ਦੀ ਅਵਸਥਾ ਵਿੱਚ ਰਹਿੰਦੇ ਹਨ,
ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ॥
ਜਦੋਂ ਤਕ ਗੁਰੂ-ਲਿਵ ਵਿੱਚ ਤਾਰੀਆਂ ਨਹੀਂ ਲਾਈਆਂ ਜਾਂਦੀਆਂ, ਜਦੋਂ ਤੱਕ ਹਿਰਦਾ ਗੁਰੂ-ਲਿਵ ਨਾਲ ਭਰਪੂਰ ਨਹੀਂ ਹੋ ਜਾਂਦਾ, ਜਦੋਂ ਸਿੱਖ ਦਾ ਪ੍ਰੇਮ ਅਤੇ ਉਸਦੀ ਆਪਣੀ ਹੋਂਦ ਪੂਰੀ ਤਰ੍ਹਾਂ ਸਤਿਗੁਰੂ ਜੀ ਦੇ ਚਰਨ-ਕਮਲਾਂ ਵਿੱਚ ਲੀਨ ਨਹੀਂ ਹੋ ਜਾਂਦੀ, ਤੱਦ ਤੱਕ ਉਹ ਬਾਣੀ ਦੀ ਮੂਲ ਪ੍ਰਵਿਰਤੀ ਅਤੇ ਰਹੱਸ ਨੂੰ ਸਮਝ ਲੈਣ ਦਾ ਦਾਅਵਾ ਨਹੀਂ ਕਰ ਸਕਦਾ।
ਸਾਰੀਆਂ ਅੰਦਰੂਨੀ, ਬਾਹਰੀ, ਸਰੀਰਕ, ਮਾਨਸਕ ਅਤੇ ਆਤਮਕ ਸ਼ਕਤੀਆਂ ਨਿਰੰਤਰ ਲਿਵ ਦੀ ਪ੍ਰਾਪਤੀ ਵੱਲ ਜੁਟਾ ਦੇਣੀਆ ਚਾਹੀਦੀਆਂ ਹਨ। ਇਸ ਪਰਮ ਪਦ ਦੀ ਪ੍ਰਾਪਤੀ ਵਾਸਤੇ ਬਾਹਰੀ ਅਤੇ ਅੰਦਰੂਨੀ ਪੂਜਾ ਦੇ ਸੰਗਮ ਦੀ ਲੋੜ ਹੈ।
ਇਸ ਮਹਾਨ ਬਾਣੀ ਦੀ ਮੂਲ ਪ੍ਰਵਿਰਤੀ ਅਤੇ ਵਿਸ਼ਾ-ਨਿਰੰਤਰ ਰੂਹਾਨੀ ਰੰਗ ਵਿੱਚ ਰਹਿਣਾ ਹੈ। ਸੱਚ ਖੰਡ ਵਿੱਚ ਗੁਰੂ ਦੇ ਚਰਨ-ਕਮਲਾਂ ਵਿੱਚ ਆਦਰਯੋਗ ਥਾਂ ਪ੍ਰਾਪਤ ਕਰਨ ਲਈ ਨਿਰੰਤਰ ਗੁਰੂ-ਲਿਵ ਦੀ ਕਮਾਈ ਕਰਨੀ ਪਹਿਲੀ ਲੋੜ ਹੈ। ਗੁਰੂ-ਲਿਵ ਵਿੱਚ ਰਹਿਣ ਦੀ ਅਵਸਥਾ ਬਹੁਤ ਉੱਚੀ ਹੁੰਦੀ ਹੈ। ਇਹ ਆਤਮਕ ਅਵਸਥਾ ਸਦਾ ਬਣੀ ਰਹਿੰਦੀ ਹੈ ਅਤੇ ਗੁਰੂ ਦੀ ਮਿਹਰ ਨਾਲ ਇਸ ਵਿੱਚ ਕਦੇ ਵਿਘਨ ਨਹੀਂ ਪੈਂਦਾ। ਇਸ ਅਵਸਥਾ ਵਿੱਚ ਆਤਮ ਸਮਰਪਣ ਅਤੇ ਪ੍ਰੇਮਾ ਭਗਤੀ ਸੰਪੂਰਨ ਹੋ ਜਾਂਦੀ ਹੈ ਅਤੇ ਸਿੱਖ ਸਤਿਗੁਰੂ ਦੀ ਹਜ਼ੂਰੀ ਵਿੱਚ ਰਹਿੰਦਾ ਹੈ।
ਸਿੱਖ ਨੇ ਪ੍ਰੇਮ ਅਤੇ ਸੇਵਾ ਰਾਹੀਂ ਆਪਣਾ ਤਨ ਅਤੇ ਆਤਮਾ ਗੁਰੂ ਨੂੰ ਸੌਂਪ ਦਿੱਤਾ ਹੁੰਦਾ ਹੈ। ਉਸ ਦੇ ਤਨ, ਮਨ ਵਿੱਚ ਗੁਰੂ ਦਾ ਵਾਸਾ ਹੋ ਜਾਂਦਾ ਹੈ। ਉਸ ਦੇ ਸਰੀਰ ਦਾ ਰੋਮ ਰੋਮ ਜਾਪ ਕਰਦਾ ਹੈ। ਅਜਿਹੇ ਸੱਚੇ ਸਿੱਖ ਦੇ ਸਾਰੇ ਕੰਮਾਂ ਵਿੱਚੋਂ ਸਤਿਗੁਰੂ ਜੀ ਦੇ ਦਰਸ਼ਨ ਹੁੰਦੇ ਹਨ।
ਸੱਚਾ ਸਿੱਖ ਆਪਣੀਆਂ ਕੀਮਤੀ ਗਿਆਨ ਇੰਦਰੀਆਂ-ਨੇਤਰਾਂ, ਕੰਨਾ ਤੇ ਰਸਨਾ ਰਾਹੀਂ ਆਪਣੇ ਸਤਿਗੁਰੂ ਦੇ ਪ੍ਰੇਮ ਦਾ ਅੰਮ੍ਰਿਤ ਲਗਾਤਾਰ ਚੱਖਣ ਦੀ ਲੋਚਾ ਰਖਦਾ ਹੈ। ਉਸ ਦੀਆਂ ਗਿਆਨ ਇੰਦਰੀਆਂ ਮਨੁੱਖੀ ਜਾਮਾ ਬਖਸ਼ਣ ਵਾਲੇ ਸਤਿਗੁਰੂ ਦੇ ਸ਼ੁਕਰ ਸ਼ੁਕਰਾਨੇ ਵਿੱਚ ਰਹਿੰਦੀਆਂ ਹਨ।
ਉਹ ਨੇਤਰ ਪਵਿੱਤਰ ਤੇ ਧੰਨ ਹਨ ਜਿਹੜੇ ਗੁਰੂ ਨਾਨਕ ਦਾ ਦਰਸ਼ਨ ਕਰਨ ਨਾਲ ਰਜਦੇ ਨਹੀਂ! ਉਹ ਕੰਨ ਧੰਨ ਹਨ ਜਿਹੜੇ ਹਰਿ-ਜਸ ਸੁਣਨ ਤੋਂ ਅੱਕਦੇ ਨਹੀਂ! ਉਹ ਜੀਹਭਾ ਧੰਨ ਹੈ ਜਿਹੜੀ ਗੁਰਬਾਣੀ ਪੜ੍ਹਣ-ਸੁਣਨ ਤੋਂ ਥੱਕਦੀ ਨਹੀਂ।
ਬਾਬਾ ਨਾਨਕ ਬਖਸ਼ ਲੈ॥