ਗੁਰ ਕੀ ਮੂਰਤਿ ਮਨ ਮਹਿ ਧਿਆਨੁ - 2
ਜਿਸ ਨੇ ਪਰਮਾਤਮਾ ਦੇ ਪਵਿੱਤਰ ਚਰਨਾਂ, ਸਤਿਗੁਰੂ ਦੇ ਸਰੂਪ ਦਾ ਅੰਮ੍ਰਿਤ ਪਾਨ ਕਰ ਲਿਆ, ਉਹ ਉਸ ਆਨੰਦ ਵਿੱਚ ਪੂਰਨ ਰੂਪ ਵਿੱਚ ਡੁੱਬਿਆ ਰਹਿੰਦਾ ਹੈ। ਉਸ ਲਈ ਸੰਸਾਰ ਦੇ ਸਾਰੇ ਸੁਆਦ ਅਤੇ ਇਛਾਵਾਂ ਨਿਰਾਰਥਕ ਹੋ ਜਾਂਦੀਆਂ ਹਨ। ਪਰਮਾਤਮਾ ਦੀ ਇਲਾਹੀ ਸੁੰਦਰਤਾ ਦੇ ਸਾਹਮਣੇ ਸੰਸਾਰਕ ਸੁੰਦਰਤਾ ਤੁਲਨਾ ਵਿੱਚ ਅਰਥਹੀਣ ਅਤੇ ਤੁੱਛ ਲਗਦੀ ਹੈ। ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਇਲਾਹੀ ਸੁੰਦਰਤਾ ਦੇ ਸ਼ਾਨਦਾਰ ਸਰੂਪ ਦਾ ਅੰਮ੍ਰਿਤ ਪਾਨ ਕੀਤਾ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਅਜਿਹੇ ਹੀ ਜਗਮਗ ਸਰੂਪ ਦਾ ਅੰਮ੍ਰਿਤ ਚਖਿਆ ਸੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦਾ ਅਤੇ ਇਸੇ ਤਰ੍ਹਾਂ ਅੱਗੇ ਇਹ ਪਰੰਪਰਾ ਜਾਰੀ ਰਹੀ।
ਸਤਿਗੁਰੂ ਦੀ ਇਲਾਹੀ ਸੁੰੰਦਰਤਾ ਅਤੇ ਚਮਕ ਨੇ ਸ਼ਰਧਾਲੂ ਸਿੱਖਾਂ ਦੇ ਧਿਆਨ ਨੂੰ ਪੂਰੀ ਤਰ੍ਹਾਂ ਆਪਣੇ ਵੱਲ ਖਿੱਚ ਲਿਆ ਸੀ। ਸਾਰੇ ਸੰਸਾਰ ਤੋਂ ਅਲਹਿਦਾ ਉਨ੍ਹਾਂ ਦੇ ਧਿਆਨ ਅਤੇ ਦ੍ਰਿਸ਼ਟੀ ਦਾ ਕੇਂਦਰ ਸਤਿਗੁਰੂ ਦਾ ਅਤਿ ਪਿਆਰਾ ਸਰੂਪ ਸੀ। ਭਾਈ ਮਤੀਦਾਸ ਜੀ ਆਪਣੇ ਅੰਤਿਮ ਸੁਆਸ ਤਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਲਾਹੀ ਸਰੂਪ ਨੂੰ ਦੇਖਦੇ ਰਹੇ ਸਨ। ਇਹ ਉਨ੍ਹਾਂ ਦੀ ਅੰਤਿਮ ਇੱਛਾ ਸੀ। ਭਾਈ ਘਨੱਈਆ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰੇਮ ਸਰੂਪ ਨੂੰ ਹਰ ਇਕ ਹਰ ਅਸਥਾਨ, ਮਿੱਤਰਾਂ ਅਤੇ ਦੁਸ਼ਮਨਾਂ ਵਿੱਚ ਇਕ ਸਮਾਨ ਦੇਖਿਆ।
ਸੱਚ ਦੇ ਸਤਿਕਾਰ ਯੋਗ ਅਭਿਲਾਸ਼ੀਓ ! ਦਾਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਸੇ ਇਲਾਹੀ ਸਰੂਪ ਅਤੇ ਸੁੰਦਰਤਾ ਦੀ ਉਪਾਸਨਾ ਕਰਦਾ ਹੈ ਅਤੇ ਉਨ੍ਹਾਂ ਦੇ ਚਰਨ-ਕਮਲਾਂ ਨੂੰ ਪੂਜਦਾ ਹੈ।
ਜਿਸ ਕਿਸੇ ਨੇ ਵੀ ਇਸ ਤਰ੍ਹਾਂ ਆਪਣੇ ਸਰੀਰ ਅਤੇ ਮਨ ਨੂੰ ਸਤਿਗੁਰੂ ਨੂੰ ਸਮਰਪਿਤ ਕੀਤਾ ਹੈ ਉਹ ਗੁਰੂ- ਚੇਤਨਾ ਵਿੱਚ ਲੀਨ ਰਹਿੰਦਾ ਹੈ। ਜਦੋਂ ਮਨ ਸਤਿਗੁਰੂ ਦੀ ਭਗਤੀ ਵਿੱਚ, ਰਸਨਾ ਉਸਦੀ ਉਸਤਤੀ ਦਾ ਗੁਣ-ਗਾਨ ਕਰਨ ਵਿੱਚ, ਅੱਖਾਂ ਉਸਦੇ ਇਲਾਹੀ ਸਰੂਪ ਨੂੰ ਨਿਹਾਰ ਕੇ ਅਤੇ ਸਰੀਰ ਅਤੇ ਹੱਥ ਉਸਦੀ ਨਿਮਰ ਸੇਵਾ ਵਿੱਚ ਲੀਨ ਹੋਣ ਤਾਂ “ਮੈਂ” ਅਤੇ “ਮੇਰੀ” ਦੀ ਭਾਵਨਾ ਪੂਰੀ ਤਰ੍ਹਾਂ ਲੁਪਤ ਹੋ ਕੇ “ਤੂੰ” ਵਿੱਚ ਬਦਲ ਜਾਂਦੀ ਹੈ।
ਭਗਵਾਨ ਕ੍ਰਿਸ਼ਨ ਨੇ ਆਪ ਵੀਰ ਅਰਜਨ ਨੂੰ ਜਦੋਂ ਰੱਬੀ ਦ੍ਰਿਸ਼ਟੀ ਪ੍ਰਦਾਨ ਕੀਤੀ ਉਦੋਂ ਹੀ ਉਹ ਭਗਵਾਨ ਕ੍ਰਿਸ਼ਨ ਦੀ ਸ਼ਾਨ ਅਤੇ ਪ੍ਰਕਾਸ਼-ਚੱਕਰ ਨੂੰ ਦੇਖ ਸਕਿਆ ਸੀ। ਭਾਈ ਘਨੱਈਆ ਜੀ ਨੂੰ ਜਦੋਂ ਵਿਸ਼ੇਸ਼ ਰੱਬੀ ਦ੍ਰਿਸ਼ਟੀ ਦਾ ਵਰਦਾਨ ਮਿਲਿਆ ਉਨ੍ਹਾਂ ਨੂੰ ਇਲਾਹੀ ਸਤਿਗੁਰੂ ਆਪਣੇ ਪ੍ਰਭੂ ਗੁਰੂ ਗੋਬਿੰਦ ਸਿੰਘ ਜੀ ਹਰ ਥਾਂ ਅਤੇ ਹਰ ਵਿਅਕਤੀ ਵਿੱਚ ਦਿਸਣੇ ਆਰੰਭ ਹੋਏ। ਰੱਬੀ ਦ੍ਰਿਸ਼ਟੀ ਪ੍ਰਾਪਤ ਕਰਕੇ ਉਨ੍ਹਾਂ ਨੇ ਹਰ ਸਮੇਂ ਹਰ ਇਨਸਾਨ ਅਤੇ ਹਰ ਥਾਂ ਤੇ ਇਲਾਹੀ ਰੂਪ ਦੇ ਇਲਾਵਾ ਹੋਰ ਕੁਝ ਨਹੀਂ ਦੇਖਿਆ।
ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਲਾਲ ਜੀ ਨੂੰ ਵੀ ਆਪਣਾ ਸੱਚਾ ਸਰੂਪ ਦਿਖਾਇਆ।
ਨੂਰ ਦਰ ਹਰ ਚਸ਼ਮ ਗੁਰੁ ਗੋਬਿੰਦ ਸਿੰਘ॥