ਅਰਦਾਸ
ਅਰਦਾਸ, ਇਸ ਸ਼ੁੱਧ ਮਰਯਾਦਾ ਦਾ ਧੁਰਾ ਅਤੇ ਜੀਵਨ ਸ਼ਕਤੀ ਹੈ। ਇਸ ਅਰਦਾਸ ਵਿੱਚ ਕਦੇ ਵੀ ਦੁਨਿਆਵੀ ਖੁਸ਼ਹਾਲੀ ਦੀਆਂ ਦੁਆਵਾਂ ਨਹੀਂ ਕੀਤੀਆਂ ਜਾਂਦੀਆਂ ਸਨ। ਇਸ ਅਰਦਾਸ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਉਸਤੱਤ ਅਤੇ ਪ੍ਰੇਮਾ-ਭਗਤੀ ਦੀ ਹੀ ਵਡਿਆਈ ਕੀਤੀ ਜਾਂਦੀ ਸੀ। ਇਸ ਦੀ ਮੂਲ ਸੁਰ ਬੰਦਗੀ ਹੀ ਹੁੰਦੀ ਸੀ। ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਅਰਦਾਸ ਵਿੱਚ ਕਦੇ ਕਿਸੇ ਦਾ ਨਾਂ ਨਹੀਂ ਲਿਆ ਸੀ ਅਤੇ ਨਾ ਹੀ ਦੁਨੀਆਂਦਾਰੀ ਦੀ ਗੱਲ ਕੀਤੀ। ਕੇਵਲ ਗੁਰੂ ਨਾਨਕ ਸਾਹਿਬ ਦੇ ਵਿਸ਼ਵ ਨੂਰ ਦੀ ਪ੍ਰਾਪਤੀ ਦੀਆਂ ਜੋਦੜੀਆਂ ਹੀ ਕੀਤੀਆਂ ਜਾਂਦੀਆ ਸਨ। ਪਵਿੱਤਰਤਾ ਦੇ ਇਸ ਮਹਾਂ ਸਾਗਰ ਵਿੱਚ ਮਾਇਆ ਜਾਂ ਦੁਨੀਆਂ ਦਾ ਕੋਈ ਖ਼ਿਆਲ ਨੇੜੇ ਹੀ ਨਹੀਂ ਢੁੱਕਦਾ ਸੀ।
ਸਾਰੀ ਮਰਯਾਦਾ ਨਿਸ਼ਕਾਮ ਹੈ, ਇਸ ਸੰਪੂਰਨ ਤੇ ਸ਼ੁੱਧ ਮਰਯਾਦਾ ਦੇ ਹਰੇਕ ਪਹਿਲੂ ਵਿੱਚ ਸੱਚੀ ਸ਼ਰਧਾ ਦੇ ਦਰਸ਼ਨ ਹੁੰਦੇ ਹਨ। ਇਸ ਮਰਯਾਦਾ ਰਾਹੀਂ ਗੁਰੂ ਨਾਨਕ ਦੇ ਦਰ ਘਰ ਤੋਂ ਕੇਵਲ ਨਾਮ ਮਹਾਂ ਰਸ ਦੀ ਮੰਗ ਕੀਤੀ ਜਾਂਦੀ ਹੈ;
ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ।।
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 958
ਸੇਵਾ ਕਰਤ ਹੋਇ ਨਿਹਕਾਮੀ॥
ਤਿਸ ਕਉ ਹੋਤ ਪਰਾਪਤਿ ਸੁਆਮੀ।।
ਨਿਸ਼ਕਾਮ ਤੇ ਸੱਚੀ ਸੇਵਾ ਨਾਲ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਸਤਿਕਾਰ, ਪ੍ਰੇਮ ਅਤੇ ਪੂਜਾ ਪੂਰਨ ਤੌਰ ਤੇ ਨਿਸ਼ਕਾਮ ਹੋ ਕੇ ਸੱਚੀ ਭਾਵਨਾ ਨਾਲ ਕੀਤੀ ਜਾਂਦੀ ਸੀ।
ਪੂਰਨ ਤੌਰ ਤੇ ਨਿਰਸੁਆਰਥ ਅਤੇ ਦੁਨਿਆਂਦਾਰੀ ਲਾਲਚ ਤੋਂ ਮੁਕਤ ਪਵਿੱਤਰ ਮਾਹੌਲ ਵਿੱਚ ਅੰਮ੍ਰਿਤ ਨਾਮ ਦਾ ਅਨੁਭਵ ਹੋਣਾ ਇਕ ਅਜ਼ਮਾਈ ਹੋਈ ਅਸਲੀਅਤ ਸੀ।
ਨਿਸ਼ਕਾਮ ਸੇਵਾ, ਨਿਸ਼ਕਾਮ ਨਾਮ-ਸਿਮਰਨ, ਨਿਸ਼ਕਾਮ ਕੀਰਤਨ, ਨਿਸ਼ਕਾਮ ਅਖੰਡ ਪਾਠ ਅਤੇ ਸੰਪਟ ਅਖੰਡ ਪਾਠ, ਨਿਸ਼ਕਾਮ ਅਰਦਾਸ ਇਸ ਸਾਰੀ ਮਰਯਾਦਾ ਦਾ ਨਿਚੋੜ ਸੀ। ਸਭ ਕੁਝ ਸ਼ੁੱਧ ਅਤੇ ਨਿਰਮਲ ਸੀ। ਇਸ ਸ਼ੁੱਧ ਮਰਯਾਦਾ ਵਿੱਚ ਸੁਆਰਥ ਅਤੇ ਦੁਨੀਆਂਦਾਰੀ ਦਾ ਤਿਣਕਾ ਮਾਤਰ ਵੀ ਨਹੀਂ ਸੀ। ਇਹ ਬਾਬਾ ਨੰਦ ਸਿੰਘ ਜੀ ਮਹਾਰਾਜ ਦੁਆਰਾ ਧਰਤੀ ਤੇ ਲਿਆਂਦੀ ਇਲਾਹੀ ਦਾਤ ਸੀ।
ਝੂਠ ਨਹੀਂ ਤੁਰ ਸਕਦਾ।
ਇਹ ਸੱਚ ਦਾ ਮਾਰਗ ਹੈ, ਝੂਠ ਇਸ ਮਾਰਗ ਤੇ ਨਹੀਂ ਤੁਰ ਸਕਦਾ।
ਇਹ ਪਵਿੱਤਰਤਾ ਦਾ ਮਾਰਗ ਹੈ, ਅਪਵਿੱਤਰਤਾ ਨੇੜੇ ਨਹੀਂ ਆ ਸਕਦੀ।
ਇਸ ਮਰਯਾਦਾ ਵਿੱਚ ਪ੍ਰਾਚੀਨ ਪਵਿੱਤਰਤਾ ਝਲਕਦੀ ਹੈ। ਦੁਨਿਆਂਦਾਰੀ ਇਸ ਨੂੰ ਝੁਠਲਾ ਨਹੀਂ ਸਕਦੀ।