ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਕਮਲਾਂ ਦਾ ਪ੍ਰੇਮ ਪ੍ਰਕਾਸ

Humbly request you to share with all you know on the planet!

ਬਾਬਾ ਨੰਦ ਸਿੰਘ ਸਾਹਿਬ ਸੰਗਤ ਵਿੱਚ ਫੁਰਮਾ ਰਹੇ ਹਨ-

ਗੁਰੂ ਨਾਨਕ ਪਾਤਸ਼ਾਹ ਦੇ ਚਾਰ ਸਰੂਪ ਹਨ।

  • ਨਿਰੰਕਾਰ! ਪਹਿਲਾ ਸਰੂਪ,
    ਦੂਜਾ ਜਿਸ ਸਰੂਪ ਦੇ ਵਿੱਚ ਸਾਹਿਬ ਆਪ ਤਸ਼ਰੀਫ਼ ਲਿਆਏ ਹਨ।
    ਅੰਮ੍ਰਿਤ ਬਾਣੀ, ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਨ੍ਹਾਂ ਦਾ ਤੀਜਾ ਸਰੂਪ ਹੈ।
    ਚੌਥਾ ਸਰੂਪ ਨਿਮਰਤਾ ਤੇ ਗਰੀਬੀ ਹੈ।

ਗੁਰੂ ਨਾਨਕ ਪਾਤਸ਼ਾਹ ਨਿਮਰਤਾ ਤੇ ਗਰੀਬੀ ਦੇ ਅਵਤਾਰ ਸਨ।

ਸਾਧ ਸੰਗਤ ਜੀ ਇਕ ਦਫ਼ਾ ਦਾ ਜ਼ਿਕਰ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਉੱਤਸਵ ਸੀ। ਪਿਤਾ ਜੀ ਨਾਲ ਬਾਬਾ ਨੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੋਏ। ਉਸ ਪ੍ਰਕਾਸ਼ਮਈ, ਅੰਮ੍ਰਿਤਮਈ ਫਿਜ਼ਾ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀਆਂ ਧੁਨੀਆਂ ਗੂੰਜ ਰਹੀਆਂ ਸਨ। ਸ਼ਬਦ ਕੀਰਤਨ ਹੋ ਰਿਹਾ ਸੀ-

ਧੰਨ ਗੁਰੂ ਨਾਨਕ ਤੂੰ ਹੀਂ ਨਿਰੰਕਾਰ।
ਧੰਨ ਗੁਰੂ ਨਾਨਕ ਤੂੰ ਹੀਂ ਨਿਰੰਕਾਰ।

ਸ਼ਬਦ ਕੀਰਤਨ ਵਿੱਚ ਸਾਰੀ ਸੰਗਤ ਝੂਮ ਰਹੀ ਸੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਚਾਰੋਂ ਪਾਸੇ ਗੁਰੂ ਨਾਨਕ ਪਾਤਸ਼ਾਹ ਦੇ ਸਰੂਪ ਹਨ ਅਤੇ ਬਾਬਾ ਨੰਦ ਸਿੰਘ ਸਾਹਿਬ ਆਪਣੇ ਨਿਮਰਤਾ ਦੇ ਆਸਨ ਤੇ ਬਿਰਾਜਮਾਨ ਹਨ। ਨਿਮਰਤਾ ਦਾ ਆਸਣ! ਸਾਧ ਸੰਗਤ ਜੀ ਕਿਹੜੀ ਨਿਮਰਤਾ ਅਤੇ ਗਰੀਬੀ ਦੇ ਵਿੱਚ ਬਾਬਾ ਨੰਦ ਸਿੰਘ ਸਾਹਿਬ ਵਰਤ ਰਹੇ ਸਨ ਅਤੇ ਸਾਰੀ ਜ਼ਿੰਦਗੀ ਵਰਤੇ ਹਨ। ਸੰਗਤ ਦੇ ਚਰਨਾਂ ਦੇ ਸਤਹ (ਲੈਵਲ) ਤੋਂ ਵੀ ਥੱਲੇ ਇਕ ਟੋਆ ਪੁੱਟਿਆ ਹੋਇਆ ਸੀ ਜਿਹਦੇ ਵਿੱਚ ਉਹ ਆਸਨ ਲਾਉਂਦੇ ਸਨ। ਕਿੱਥੇ? ਜਿੱਥੇ ਸਾਰੀ ਸੰਗਤ ਦੇ ਚਰਨਾਂ ਦੀ ਧੂੜ ਉੱਡ ਕੇ ਉਨ੍ਹਾਂ ਤੇ ਪੈਂਦੀ ਸੀ। ਬਾਬਾ ਨੰਦ ਸਿੰਘ ਸਾਹਿਬ ਉਸ ਲੀਨਤਾ ਵਿੱਚ ਮਗਨ ਸਨ।

ਸ਼ਬਦ ਕੀਰਤਨ ਦਾ ਭੋਗ ਪਿਆ ਹੈ, ਉਸ ਵੇਲੇ ਬਾਬਾ ਨੰਦ ਸਿੰਘ ਸਾਹਿਬ ਜੀ ਦੀ ਅਰਦਾਸ ਦਾ ਵਕਤ ਆਇਆ ਕਿਉਂਕਿ ਪੂਰਨਮਾਸ਼ੀ ਵਾਲੇ ਦਿਨ ਸਾਹਿਬ ਆਪ ਅਰਦਾਸ ਕਰਦੇ ਸਨ। ਜਿਸ ਨਿਮਰਤਾ ਗਰੀਬੀ ਅਤੇ ਨੀਚਤਾ ਦੇ ਵਿੱਚ ਬਾਬਾ ਨੰਦ ਸਿੰਘ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਗਦੀ ਜੋਤ ਨੂੰ ਸੱਦ ਮਾਰ ਰਹੇ ਹਨ, ਜਿਸ ਤਰ੍ਹਾਂ ਗੁਰੂ ਨਾਨਕ ਨਿਰੰਕਾਰ ਨੂੰ ਬੁਲਾ ਰਹੇ ਹਨ, ਉਸ ਨਿਮਰਤਾ ਤੇ ਗਰੀਬੀ ਨੂੰ ਬਿਆਨ ਕਰਨਾ ਬੜਾ ਮੁਸ਼ਕਿਲ ਹੈ।

ਨੀਚਹੁ ਨੀਚੁ ਨੀਚੁ ਅਤਿ ਨਾਨੑਾ ਹੋਇ ਗਰੀਬੁ ਬੁਲਾਵਉ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 529

ਗੁਰੂ ਅਰਜਨ ਪਾਤਸ਼ਾਹ ਜੀ ਫੁਰਮਾਉਂਦੇ ਹਨ ਕਿ ਸਾਹਿਬ ਨੂੰ ਬੁਲਾਉਣਾ ਕਿੱਦਾਂ ਹੈ, ਸੱਦ ਕਿਸ ਤਰ੍ਹਾਂ ਮਾਰਨੀ ਹੈ ਅਤੇ ਕਿੱਦਾਂ ਸੱਚੇ ਪਾਤਸ਼ਾਹ ਨੂੰ ਯਾਦ ਕਰਨਾ ਹੈ।

ਨੀਚ ਤੇ ਨੀਚੁ ਅਤਿ ਨੀਚੁ ਹੋਇ ਕਰਿ ਬਿਨਉ ਬੁਲਾਵਉ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 812

ਜੇ ਉਨ੍ਹਾਂ ਦੇ ਅੱਗੇ ਹੱਥ ਜੋੜ ਕੇ ਬੁਲਾ ਰਹੇ ਹੋ ਤਾਂ ਕਿਸ ਤਰ੍ਹਾਂ ਬੁਲਾਉਣਾ ਹੈ, ਕਿੰਨੀ ਕੁ ਨੀਚਤਾ 'ਚ ਉਨ੍ਹਾਂ ਦੇ ਅੱਗੇ ਬੇਨਤੀ ਕਰਨੀ ਹੈ, ਆਪ ਦਸ ਰਹੇ ਹਨ। ਉਸ ਨੀਚਤਾ ਦੇ ਵਿੱਚ ਜਿਹੜੀ ਮੁੱਦਰਾ 'ਚ ਉਸ ਵੇਲੇ ਉਨ੍ਹਾਂ ਨੂੰ ਗੁਰੂ ਨਾਨਕ ਨਿਰੰਕਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਗਦੀ ਜੋਤ ਨੂੰ ਸੰਬੋਧਿਤ ਕਰਦੇ ਦੇਖਿਆ ਹੈ। ਸਾਧ ਸੰਗਤ ਜੀ ਉਸ ਵੇਲੇ ਉਹ ਇਕ ਨਜ਼ਾਰਾ ਸੀ। ਉਸ ਵੇਲੇ ਕਿਸ ਤਰ੍ਹਾਂ ਸੱਚੇ ਪਾਤਸ਼ਾਹ ਨਾਲ ਮੁਖ਼ਾਤਿਬ ਹੋਏ ਹਨ, ਕਿਸ ਤਰ੍ਹਾਂ ਰੂ-ਬ-ਰੂ, ਸਨਮੁੱਖ ਹੋਏ ਹਨ, ਜਿਸ ਸਾਹਿਬ ਨੂੰ ਸਾਕਾਰ ਸਰੂਪ ਵਿੱਚ ਪ੍ਰਾਪਤ ਕਰੀ ਬੈਠੇ ਹਨ। ਉਸ ਵੇਲੇ ਉਹ ਮੰਜ਼ਰ ਦੇਖਿਆ ਕਿ ਸਾਹਿਬ ਸਿੱਧੇ ਜਿਹੜੀ ਗੱਲਬਾਤ ਕਿਹਦੇ ਨਾਲ ਕਰ ਰਹੇ ਹਨ? ਆਪਣੇ ਹੀ ੴ   (ਇਕ ਉਂਕਾਰ) ਨਾਲ, ਆਪਣੇ ਹੀ ਨਿਰੰਕਾਰ ਨਾਲ ਅਤੇ ਆਪਣੇ ਹੀ ਗੁਰੂ ਨਾਨਕ ਨਾਲ। ਉਸ ਵੇਲੇ ਉਹ ਨਜ਼ਾਰਾ ਯਾਦ ਆਉਂਦਾ ਹੈ ਜੇ ਗੁਰੂ ਨਾਨਕ ਪਾਤਸ਼ਾਹ ਨਾਲ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਪਿਆਰ ਕੀਤਾ ਹੈ, ਜੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਸੇਵਾ ਕੀਤੀ ਹੈ....,

ਸੇਵਾ ਕਰਤ ਹੋਇ ਨਿਹਕਾਮੀ॥
ਤਿਸ ਕਉ ਹੋਤ ਪਰਾਪਤਿ ਸੁਆਮੀ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 286

ਗੁਰੂ ਨਾਨਕ ਪਾਤਸ਼ਾਹ ਦੇ ਵਿਛੋੜੇ ਵਿੱਚ ਜਿਸ ਤਰ੍ਹਾਂ ਰੋਏ ਹਨ। ਜਿਸ ਤਰ੍ਹਾਂ ਉਨ੍ਹਾਂ ਵੈਰਾਗ ਕੀਤਾ ਹੈ, ਤੜਪੇ ਹਨ ਅਤੇ ਫਿਰ ਫੁਰਮਾਇਆ-

ਜਿਸੁ ਪਿਆਰੇ ਸਿਉ ਨੇਹੁ
ਤਿਸੁ ਆਗੈ ਮਰਿ ਚਲੀਐ॥
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 83

ਦਸਮੇਸ਼ ਪਿਤਾ ਫੁਰਮਾ ਰਹੇ ਹਨ-

ਸਾਚ ਕਹੋਂ ਸੁਨ ਲੇਹੁ ਸਭੈ
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ॥


ਸਾਰੇ ਸੱਚਾਂ 'ਚੋਂ ਤੁਹਾਨੂੰ ਮਹਾਨ ਸੱਚ ਦਸ ਰਿਹਾ ਹਾਂ ਕਿ ਜਿਸ ਨੇ ਉਸ ਨਾਲ ਪ੍ਰੇਮ ਕੀਤਾ ਹੈ ਉਸ ਨੇ ਹੀ ਉਸ ਨੂੰ ਪ੍ਰਾਪਤ ਕੀਤਾ ਹੈ।

ਸਾਧ ਸੰਗਤ ਜੀ ਉਸ ਦਿਨ ਉਹ ਨਜ਼ਾਰਾ ਸੀ, ਜਿਸਦੇ ਵਿੱਚ ਨਿਮਰਤਾ ਗਰੀਬੀ ਅਤੇ ਨੀਚਤਾ ਦੇਖੀ ਹੈ, ਉਹ ਪਿਆਰ ਦੇਖਿਆ ਹੈ। ਇਕ ਚੀਜ਼ ਮੈਂ ਵਾਝੇ ਕਰ ਦੇਨਾ ਚਾਹੁੰਦਾ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਦਾ ਇਹ ਮਹਾਨ ਆਸ਼ਿਕ ਹੈ ਕੌਣ?

ਜਿਸ ਵਕਤ ਇਹ ਪੰਜ ਸਾਲ ਦਾ ਬੱਚਾ ਜਿਸ ਤਰ੍ਹਾਂ ਪਿਆਰ ਕਰ ਰਿਹਾ ਹੈ, ਪੂਰਨ ਤੌਰ ਤੇ ਬੇਮੁਹਤਾਜ ਤੇ ਬੇਪਰਵਾਹ ਮੌਤ ਦੀ ਧੇਲੇ ਦੀ ਪਰਵਾਹ ਨਾ ਕਰਦਾ ਹੋਇਆ ਖੂਹ ਦੀ ਮਣ ਦੇ ਉੱਤੇ ਬੈਠਾ, ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਬੈਠਾ ਉਸ ਪ੍ਰੇਮ ਸਮਾਧੀ ਵਿੱਚ ਲੀਨ ਹੈ। ਕਿਸ ਤਰ੍ਹਾਂ ਦਾ ਪ੍ਰੇਮ ਸੀ? ਜੇ ਛੇ ਸਾਲ ਦੀ ਉਮਰ ਵਿੱਚ ਸਾਹਿਬ ਫੁਰਮਾਉਂਦੇ ਹਨ ਕਿ ''ਨੰਦ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਵਲ ਕਦੀ ਵੀ ਪਿੱਠ ਨਹੀਂ ਕਰ ਸਕਦਾ "।

ਜਿਸ ਤਰ੍ਹਾਂ ਦੇ ਪੂਰਨੇ ਇਹ ਬੱਚਾ ਪਾ ਰਿਹਾ ਹੈ, ਜਿਸ ਤਰ੍ਹਾਂ ਦੀ ਸੇਵਾ ਕਮਾ ਕੇ ਦਸੀ ਹੈ, ਸਾਧ ਸੰਗਤ ਜੀ ਇੱਕ ਚੀਜ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਇਹ ਹੈ ਕੋਣ? ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਦਾ ਪੇਮ ਪ੍ਰਕਾਸ਼ ਹੈ, ਕਿਹੜਾ ਪ੍ਰੇਮ ਪ੍ਰਕਾਸ਼? ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲ, ਉਹੀ ਅਸਲੀ ਅੰਮ੍ਰਿਤ ਕੁੰਡ ਹੈ।

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ-

  • ਉਹ ਅੰਮ੍ਰਿਤ ਕੁੰਡ ਹੈ। ਉਸ ਅੰਮ੍ਰਿਤ ਕੁੰਡ 'ਚੋਂ, ਚਰਨ ਕਮਲਾਂ 'ਚੋਂ ਕੀ ਕੁਝ ਪ੍ਰਾਪਤ ਹੁੰਦਾ ਹੈ? ਦਾਸਿਆ ਭਾਵ, ਨਿਮਰਤਾ ਤੇ ਗਰੀਬੀ।
  • ਉਨ੍ਹਾਂ ਚਰਨ ਕਮਲਾਂ ਦੀ ਸੁਗੰਧੀ ਕੀ ਹੈ? ਉਹ ਹੈ ਨਿਮਰਤਾ ਤੇ ਗਰੀਬੀ।

ਇਹ ਚਰਨ ਕਮਲਾਂ ਦਾ ਪ੍ਰੇਮ ਪ੍ਰਕਾਸ਼ ਤਾਂ ਬਚਪਨ ਤੋਂ ਹੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਵਿੱਚ ਲਿੱਪਟਿਆ ਆਇਆ ਸੀ। ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲਾਂ ਦਾ ਪ੍ਰਕਾਸ਼ ਬੋਲ ਰਿਹਾ ਹੈ, ਅਰਦਾਸ ਕਰ ਰਿਹਾ ਹੈ। ਉਨ੍ਹਾਂ ਦੇ ਚਰਨਾਂ ਕਮਲਾਂ ਦਾ ਪ੍ਰੇਮ ਪ੍ਰਕਾਸ਼ ਕੀ ਅਰਦਾਸ ਕਰ ਰਿਹਾ ਹੈ ?

ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਦਾ ਪਹਿਲਾ ਸਰੂਪ 'ਨਿਰੰਕਾਰ' ਹੈ। ਉਸ ਨਿਰੰਕਾਰ ਦੇ ਅੱਗੇ ਉਹਨਾਂ ਦੇ ਹੀ ਚਰਨ ਕਮਲਾਂ ਦਾ ਪ੍ਰੇਮ ਪ੍ਰਕਾਸ਼ ਅਰਦਾਸ ਕੀ ਕਰ ਰਿਹਾ ਹੈ?

ਗੁਰੂ ਨਾਨਕ ਪਾਤਸ਼ਾਹ ਦਯਾ ਅਤੇ ਤਰਸ ਦੇ ਸਮੁੰਦਰ ਹਨ। ਉਹ ਆਇਆ ਹੀ ਇਸ ਕਲ ਤਾਰਨ ਨੂੰ ਅਤੇ ਫਿਰ ਵੱਡੇ ਵੱਡੇ ਪਾਪੀਆਂ ਨੁੰ ਬਖਸ਼ਦਾ ਹੀ ਗਿਆ ਹੇ ਉਨ੍ਹੇ ਕਿਸੇ ਦੇ ਵੀ ਪਾਪ, ਗੁਣ-ਅਵਗੁਣ ਨਹੀਂ ਚਿਤਾਰੇ, ਸਭ ਨੂੰ ਹੀ ਬਖਸ਼ਦਾ ਗਿਆ ਹੈ ਅਤੇ ਕਿੱਥੇ ਕਿੱਥੇ ਜਾਕੇ ਵੱਡੇ-ਵੱਡੇ ਪਾਪੀਆਂ ਨੂੰ ਬਖਸ਼ਿਆ ਹੈ।

ਅੱਜ ਉਨ੍ਹਾਂ ਦੇ ਅੱਗੇ ਉਨ੍ਹਾਂ ਦੇ ਹੀ ਚਰਨ ਕਮਲਾਂ ਦੀ ਜਿਹੜੀ ਨਿਮਰਤਾ ਦੀ ਸੁਗੰਧੀ ਹੈ ਹੱਥ ਜੋੜੀ ਖੜ੍ਹੀ ਹੈ। ਗਿੜ-ਗੜਾ ਕੇ ਆਪਣੇ ਹੀ ਸਰਤਾਜ ਦੇ ਚਰਨਾਂ 'ਚ ਇਕ ਅਰਦਾਸ ਕਰ ਰਹੀ ਹੈ। ਜਿਸ ਨਿਮਰਤਾ ਤੇ ਗਰੀਬੀ'ਚ ਕੀਤੀ ਹੈ,

ਇਹ ਤੇਰੇ ਦਰ ਦਾ ਨਿੱਤ ਦਾ ਮੰਗਦਾ ਸੱਚੇ ਪਾਤਸ਼ਾਹ ਤੇਰੇ ਅੱਗੇ ਝੋਲੀ ਅੱਡੀ ਖੜ੍ਹਾ ਹੈ। ਸੱਚੇ ਪਾਤਸ਼ਾਹ ਤੇਰੇ ਚਰਨ ਕਮਲਾਂ 'ਚ ਇਕ ਹੀ ਬੇਨਤੀ ਕਰਦਾ ਹੈ ਕਿ ਜਦੋਂ ਦੁਨੀਆਂ ਦੇ ਬਾਦਸ਼ਾਹ ਦਾ ਜਨਮ ਦਿਨ ਹੁੰਦਾ ਹੈ ਉਸ ਵੇਲੇ ਕੈਦੀਆਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ। ਹੇ ਦੀਨ ਦੁਨੀਂ ਦੇ ਵਾਲੀ, ਸਚਖੰਡ ਦੇ ਮਾਲਿਕ ਮੇਰੇ ਨਿਰੰਕਾਰ ਗੁਰੂ ਨਾਨਕ ਅੱਜ ਤਾਂ ਤੇਰਾ ਪ੍ਰਕਾਸ਼ ਉੱਤਸਵ ਹੈ। ਸੱਚੇ ਪਾਤਸ਼ਾਹ ਤੇਰੇ ਚਰਨ ਕਮਲਾਂ 'ਚ ਇਸ ਪ੍ਰਕਾਸ਼ ਉੱਤਸਵ ਤੇ ਜਿਹੜਾ ਵੀ ਜੀਅ-ਜੰਤ ਹਾਜ਼ਰ ਹੈ ............

ਇਕ ਕੰਬਨੀ ਜਿਹੀ ਸ਼ੁਰੂ ਹੋ ਗਈ ਕਿ ਬਾਬਾ ਜੀ ਸਾਡੀ-ਹਾਜ਼ਰੀ ਨਿਰੰਕਾਰ ਦੇ ਚਰਨਾਂ ਵਿੱਚ ਕਿਸ ਨਿਮਰਤਾ 'ਚ ਲਗਵਾ ਰਹੇ ਹਨ।

ਜਿਹੜਾ ਵੀ ਜੀਅ-ਜੰਤ ਹਾਜ਼ਰ ਹੈ ਫਿਰ ਅੱਗੇ ਸੁਣ ਕੀ ਰਹੇ ਹਾਂ, ਜਿਹੜਾ ਵੀ ਪਸ਼ੂ-ਪੰਛੀ ਹਾਜ਼ਰ ਹੈ, ਜਿਹੜਾ ਵੀ ਪੰਖੀ-ਪਖੇਰੂ ਹਾਜ਼ਰ ਹੈ, ਜਿਹੜਾ ਵੀ ਕੀਟ-ਪਤੰਗਾ ਹਾਜ਼ਰ ਹੈ ਸੱਚੇ ਪਾਤਸ਼ਾਹ ਸਾਰੇ ਬੰਦੀਆਂ ਨੂੰ ਰਿਹਾ ਕਰ ਦੇ"।
ਉਸ ਵੇਲੇ ਗੁਰੂ ਨਾਨਕ ਦੇ ਆਪਣੇ ਹੀ ਚਰਨ ਕਮਲ, ਉਸ ਦਯਾ, ਤਰਸ ਤੇ ਬਖਸ਼ਿਸ਼ ਦੇ ਸਮੁੰਦਰ ਨੂੰ ਅਰਦਾਸ ਕੀ ਕਰ ਰਹੇ ਹਨ।


ਜੀ ਆਇਆਂ ਨੂੰ, ਜੀ ਆਇਆਂ ਨੂੰ,
ਜੀ ਆਇਆਂ ਨੂੰ।
ਬਾਬਾ ਨੰਦ ਸਿੰਘ ਜੀ,
ਜੀ ਆਇਆਂ ਨੂੰ, ਜੀ ਆਇਆਂ ਨੂੰ।

ਦੱਖਣ ਦੀ ਪਥਰੀਲੀ ਧਰਤੀ,
ਕਿਤਨਾ ਹੈ ਅਸਥਾਨ ਸੁਹਾਇਆ।
ਪਿੱਪਲਾ ਤੇ ਬੋਹੜਾਂ ਦੀ ਛਾਵੇਂ,
ਕਿੰਨ ਜੰਗਲ ਵਿੱਚ ਮੰਗਲ ਲਾਇਆ।

ਧੰਨ ਧੰਨ ਬਾਬਾ ਨੰਦ ਸਿੰਘ ਜੀ,
ਤੂੰ ਨਾਮ ਦੀ ਕੀਤੀ ਏ ਰੁਸ਼ਨਾਈ।
ਗੁਰੂ ਨਾਨਕ ਦਾ ਨਾਮ ਜਪਾ ਕੇ,
ਸੜਦੀ ਧਰਤੀ ਸੀਤਲ ਪਾਈ।

ਧੰਨ ਧੰਨ ਬਾਬਾ ਨੰਦ ਸਿੰਘ ਜੀ,
ਤੇਰੀ ਮਹਿਮਾ ਕਹੀ ਨਾ ਜਾਏ।
ਦੇਵਤਿਆਂ ਨੇ ਫੁੱਲ ਵਰਸਾਏ,
ਚੁੰਮਣ ਚਰਨ ਫਰਿਸ਼ਤੇ ਆਏ।

ਬਾਬਾ ਜੀ ਤੇਰੇ ਆਉਣ ਨਾਲ,
ਕੂੜ ਜਹਾਨੋ ਉੱਡ ਗਿਆ।
ਸੱਚ ਦਾ ਪਹਿਰਾ ਆ ਗਿਆ,
ਪ੍ਰਕਾਸ਼ ਦੁਨੀਆਂ ਤੇ ਛਾ ਗਿਆ।

ਬਾਬਾ ਜੀ ਤੇਰੀ ਸੇਵਾ ਦੇ ਵਿੱਚ ,
ਚੰਦ ਕਿਰਨਾਂ ਦਾ ਚੌਰ ਝੂਲਦਾ।
ਧਰਤੀ ਜਿਸਦੀ ਕਰੇ ਆਰਤੀ,
ਅੰਬਰ ਅਨਹਦ ਸ਼ਬਦ ਬੋਲਦਾ।

ਜੀ ਆਇਆਂ ਨੂੰ, ਜੀ ਆਇਆਂ ਨੂੰ,
ਜੀ ਆਇਆਂ ਨੂੰ।
ਬਾਬਾ ਨੰਦ ਸਿੰਘ ਜੀ,
ਜੀ ਆਇਆਂ ਨੂੰ, ਜੀ ਆਇਆਂ ਨੂੰ।

ਬਾਬਾ ਜੀ ਦੇ ਚਰਨਾਂ ਤੇ ਜਿਹਦਾ,
ਸੱਚੇ ਦਿਲੋਂ ਸੀਸ ਝੁੱਕ ਜਾਂਦਾ ਏ।
ਧਰਮਰਾਜ ਦੀ ਵਹੀਂਆਂ ਉੱਤੇ
ਜਨਮਾਂ ਦਾ ਲੇਖਾ ਮਿੱਟ ਜਾਂਦਾ ਏ।

ਬਾਬਾ ਜੀ ਦੇ ਦਰਸ਼ਨ ਜਦ ਏ,
ਦੋ ਨੈਨਾਂ ਨੂੰ ਹੋ ਜਾਂਦੇ ਨੇ।
ਸਾਰੇ ਪਾਪ ਉਮਰ ਦੇ ਕੀਤੇ,
ਅੱਥਰੂ ਬਣ ਕੇ ਚੋ ਜਾਂਦੇ ਨੇ।

ਜੀ ਆਇਆਂ ਨੂੰ, ਜੀ ਆਇਆਂ ਨੂੰ,
ਜੀ ਆਇਆਂ ਨੂੰ।
ਬਾਬਾ ਨੰਦ ਸਿੰਘ ਜੀ,
ਜੀ ਆਇਆਂ ਨੂੰ, ਜੀ ਆਇਆਂ ਨੂੰ।

  • ਸਾਰੀ ਉਮਰ ਆਪਣਾ ਨਾਮ ਵਿੱਚ ਨਹੀਂ ਆਉਣ ਦਿੱਤਾ।
  • ਸਾਰੀ ਵਡਿਆਈ ਗੁਰੂ ਨਾਨਕ ਨਿਰੰਕਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ। 
  • ਆਪਣੀ ਪਕੜ  ਕੋਈ ਨਹੀਂ ਸੀ।
  • ਕਿਸੇ ਕੋਲੋਂ ਆਪਣੇ ਚਰਨਾਂ ਦੇ ਉੱਤੇ ਮੱਥਾ ਤਕ ਨਹੀਂ ਟਿਕਵਾਇਆ। ਉਸ ਵੇਲੇ ਸਾਰੀ ਵਡਿਆਈ ਗੁਰੂ ਨਾਨਕ ਨਿਰੰਕਾਰ ਨੂੰ ਦੇ ਰਹੇ ਹਨ।

ਉਹ ਬਾਬਾ ਨੰਦ ਸਿੰਘ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲਾਂ ਦੇ ਪ੍ਰਕਾਸ਼ ਸੀ, ਜਿਸ ਨਿਮਰਤਾ ਗਰੀਬੀ ਵਿੱਚ ਉਹ ਵਰਤ ਰਹੇ ਸਨ। ਸਾਰੀ ਵਡਿਆਈ ਸ੍ਰੀ ਗੁਰੂ ਗੁੰਥ ਸਾਹਿਬ ਅਤੇ ਗੁਰੂ ਨਾਨਕ ਨੂੰ ਦੇ ਕੇ ਸਾਰੀ ਦੁਨੀਆਂ ਦਾ ਕਲਿਆਣ ਕਰਾਈ ਜਾ ਰਹੇ ਹਨ। ਬਾਬਾ ਨੰਦ ਸਿੰਘ ਸਾਹਿਬ, ਜਿਨ੍ਹਾਂ ਨੇ ਇਸ ਮਾਇਆ ਦੇ ਸੰਸਾਰ ਦਾ ਪੂਰਨ ਤਿਆਗ ਕੀਤਾ ਹੋਇਆ ਸੀ, ਇਕ ਵੀ ਮਾਇਆ ਦਾ ਸੁੱਖ ਸਾਰੀ ਜਿੰਦਗੀ ਵਿੱਚ ਨਹੀਂ ਮਾਣਿਆ।

ਸਾਧ ਸੰਗਤ ਜੀ ਬਾਬਾ ਨੰਦ ਸਿੰਘ ਸਾਹਿਬ ਪੂਰਨ ਤੌਰ ਤੇ ਇੱਛਾ ਰਹਿਤ ਸਨ। ਇਕ ਵੀ ਫੁਰਨਾ ਨਹੀਂ ਸੀ, ਨਿਸ਼ਕਾਮਤਾ ਦੇ ਵਿੱਚ ਪੂਰਨ ਪ੍ਰਕਾਸ਼ ਸਨ। ਇਕ ਵੀ ਚੀਜ਼ ਸਾਹਿਬ ਤੋਂ ਕਦੀ ਨਹੀਂ ਮੰਗੀ ਅਗਰ ਜੇ ਮੰਗੀ ਹੈ ਤਾਂ ਅੱਜ ਮੰਗ ਕੀ ਰਹੇ ਹਨ। ਬਾਬਾ ਨੰਦ ਸਿੰਘ ਸਾਹਿਬ, ਗੁਰੂ ਨਾਨਕ ਪਾਤਸ਼ਾਹ ਤੋਂ ਸਾਰੇ ਸੰਸਾਰ ਦਾ ਨਿਸਤਾਰਾ ਮੰਗ ਰਹੇ ਹਨ।

ਸਾਧ ਸੰਗਤ ਜੀ ਅੱਜ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਉਸ ਨਿਮਰਤਾ ਤੇ ਗਰੀਬੀ ਦੇ ਦਰਸ਼ਨ ਕਰ ਰਹੇ ਸੀ ਜਿਹੜਾ ਗੁਰੂ ਨਾਨਕ ਪਾਤਸ਼ਾਹ ਤੋਂ ਸਾਰੀਆਂ ਬਖਸ਼ਿਸ਼ਾਂ ਇਸ ਸੰਸਾਰ ਦੇ ਉੱਤੇ ਲੁਟਾ ਰਿਹਾ ਹੈ।


ਫੁੱਲਾਂ ਵਿੱਚ ਵੀ ਹੈ ਖੁਸ਼ਬੂ ਤੇਰੀ,
ਖਿੜ੍ਹੇ ਪੱਥਰਾਂ ਵਿੱਚ ਵੀ ਪਿਆਰ ਤੇਰਾ।
ਅਰਸ਼ ਕੁਰਸ਼ ਦੇ ਮਾਲਕਾ ਕੀ ਦਸਾਂ,
ਸਾਰੀ ਪ੍ਰਿਥਵੀ ਵਿੱਚ ਪਸਾਰ ਤੇਰਾ।

ਕਲਿਜੁਗੀ ਮਨੁੱਖ ਵੀ ਅੰਬਰਾਂ ਤੋਂ,
ਆਏ ਦੇਵਤੇ ਕਰਣ ਦੀਦਾਰ ਤੇਰਾ।
ਤੂੰ ਤਾਂ ਯਮਾਂ ਦਾ ਵਾਰ ਨਹੀਂ ਹੋਣ ਦਿੱਤਾ,
ਗਾਵਾਂ ਜੱਸ ਕਿਉਂ ਨਾ ਵਾਰ ਵਾਰ ਤੇਰਾ।

ਜੀ ਆਇਆਂ ਨੂੰ, ਜੀ ਆਇਆਂ ਨੂੰ,
ਜੀ ਆਇਆਂ ਨੂੰ।
ਬਾਬਾ ਨੰਦ ਸਿੰਘ ਜੀ,
ਜੀ ਆਇਆਂ ਨੂੰ, ਜੀ ਆਇਆਂ ਨੂੰ।

ਗੁਰੂ ਨਾਨਕ ਦੇ ਪਿਆਰੇ ਬਾਬਾ ਜੀ,
ਜਸ ਗਾ ਰਿਹਾ ਏ ਸੰਸਾਰ ਤੇਰਾ।
ਡਿੱਗੇ ਤੇਰੀ ਦਹਲੀਜ਼ ਤੇ ਵਰਣ ਚਾਰੇ,
ਬਣਿਆ ਕੁੱਲ ਆਲਮ ਸੇਵਾਦਾਰ ਤੇਰਾ।

ਭਵਸਾਗਰ ਤੋਂ ਉਹ ਤਰ ਗਿਆ ਸੀ,
ਜਿੰਨ੍ਹੇ ਦੀਦਾਰ ਬਾਬਿਆਂ ਦਾ ਕੀਤਾ।
ਲੱਖਾਂ ਹੀ ਸ਼ਰਧਾਲੂ ਇੱਥੋਂ,
ਨਾਮ ਦਾ ਅੰਮ੍ਰਿਤ ਪੀਤਾ।

ਜੀ ਆਇਆਂ ਨੂੰ, ਜੀ ਆਇਆਂ ਨੂੰ,
ਜੀ ਆਇਆਂ ਨੂੰ।
ਬਾਬਾ ਨੰਦ ਸਿੰਘ ਜੀ,
ਜੀ ਆਇਆਂ ਨੂੰ, ਜੀ ਆਇਆਂ ਨੂੰ।

ਮੇਰੇ ਬਾਬਾ ਜੀ, ਮੇਰੇ ਬਾਬਾ ਜੀ,
ਬਾਬਾ ਨੰਦ ਸਿੰਘ ਜੀ
ਮੇਰੇ ਬਾਬਾ ਜੀ, ਮੇਰੇ ਬਾਬਾ ਜੀ,
ਬਾਬਾ ਨੰਦ ਸਿੰਘ ਜੀ

ਗੁਰੂ ਨਾਨਕ ਦਾਤਾ ਬਖ਼ਸ਼ ਲੈ। 
ਬਾਬਾ ਨਾਨਕ ਬਖ਼ਸ਼ ਲੈ॥