ਸਤਿਗੁਰ ਪਿਛੈ ਭਜਿ ਪਵਹਿ

Humbly request you to share with all you know on the planet!

ਬਾਬਾ ਨੰਦ ਸਿੰਘ ਸਾਹਿਬ ਨੇ ਇੱਕ ਪਾਵਨ ਬਚਨ ਕੀਤਾ-

ਗੁਰੂ ਨਾਨਕ ਪਾਤਸ਼ਾਹ ਦੇ ਚਾਰ ਸਰੂਪ ਹਨ।
ਪਹਿਲਾ ਨਿਰਾਕਾਰ।
ਦੂਜਾ ਸਰਗੁਣ ਸਰੂਪ,
ਤੀਜਾ ਅੰਮ੍ਰਿਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ
ਚੌਥਾ ਨਿਮਰਤਾ ਤੇ ਗਰੀਬੀ।
 
ਪਿਤਾ ਜੀ ਇਸ ਦੇ ਪ੍ਰਤੀ ਸਮਝਾਦੇਂ ਹੋਏ ਕਹਿਣ ਲੱਗੇ ਕਿ-
 
ਜਪੁਜੀ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਚਾਰੇ ਸਰੂਪਾਂ ਦਾ ਪ੍ਰਕਾਸ਼ ਹੈ,
ਗੁਰੂ ਨਾਨਕ ਦੇ ਚਾਰੇ ਸਰੂਪਾਂ ਦੇ ਪ੍ਰਤੱਖ ਦਰਸ਼ਨ ਹਨ।
 
ਇਹ ਉਹ ਦਰਗਾਹੀ ਪਉੜੀਆਂ ਹਨ ਜਿਹੜੀਆਂ ਸਿਧੀਆਂ ਦਰਗਾਹ ਨੂੰ ਲੈ ਜਾਂਦੀਆਂ ਹਨ।
ਇਨ੍ਹਾਂ ਦਾ ਨਾ ਕੋਈ ਸ਼ੁਰੂਆਤ ਹੈ ਨਾ ਕੋਈ ਅੰਤ ਹੈ।
ਸ਼ੁਰੂ ਤੋਂ ਲੈ ਕੇ ਅਖ਼ੀਰ ਤਕ ਗੁਰੂ ਨਾਨਕ ਹੀ ਗੁਰੂ ਨਾਨਕ ਹੈ।
ਗੁਰੂ ਨਾਨਕ ਹੀ ਇਹ ਪਉੜੀਆਂ ਤੇ ਲਿਜਾਣ ਵਾਲਾ ਹੈ ਅਤੇ ਮੰਜ਼ਿਲ ਵੀ ਗੁਰੂ ਨਾਨਕ ਹੈ।
 
ਇਹ ਨਿਰੰਕਾਰ ਦੇ ਚਾਰੇ ਸਰੂਪਾਂ ਦੇ ਪ੍ਰਤੱਖ ਦਰਸ਼ਨ ਹਨ ਜਪੁਜੀ ਸਾਹਿਬ।
 
ਜਪੁਜੀ ਸਾਹਿਬ ਨੂੰ ਅਤੇ ਗੁਰੂ ਨਾਨਕ ਨਿਰੰਕਾਰ ਨੂੰ ਹੀ ਮੁੱਖ ਰੱਖ ਕੇ ਗੁਰੂ ਸਾਹਿਬਾਨ ਨੇ ਸਾਰੀ ਬਾਣੀ ਉਚਾਰੀ ਹੈ।
ਜੇ ਮੂਲਮੰਤਰ ਦਾ ਵਿਸਥਾਰ ਜਪੁਜੀ ਸਾਹਿਬ ਹੈ।
ਜਪੁਜੀ ਸਾਹਿਬ ਦਾ ਵਿਸਥਾਰ ਪੂਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ।
 
ਇਹ ਦਸੋਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਹੈ।
ਇਹ ਗੁਰੂ ਨਾਨਕ ਨਿਰੰਕਾਰ ਦੀ ਉਹ ਗੱਦੀ ਹੈ ਜਿਹੜੀ ਫਿਰ ਨਿਰੰਕਾਰ ਨੇ...ਪੋਥੀ ਪਰਮੇਸਰੁ ਕਾ ਥਾਨੁ॥.....
ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਉਤਾਰੀ ਹੈ।

ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਨੇ ਫੁਰਮਾਇਆ-

ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ॥
ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ॥
ਖਰੇ ਖਜਾਨੈ ਪਾਈਅਹਿ ਖੋਟੇ
ਸੁਟੀਅਹਿ ਬਾਹਰ ਵਾਰ॥
ਖੋਟੇ ਸਚੀ ਦਰਗਹ ਸੁਟੀਅਹਿ
ਕਿਸੁ ਆਗੈ ਕਰਹਿ ਪੁਕਾਰ॥
ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ॥
ਸਤਿਗੁਰੁ ਖੋਟਿਅਹੁ ਖਰੇ ਕਰੇ
ਸਬਦਿ ਸਵਾਰਣਹਾਰੁ॥
ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ॥
ਗਣਤ ਤਿਨਾ ਦੀ ਕੋ ਕਿਆ
ਕਰੇ ਜੋ ਆਪਿ ਬਖਸ਼ੇ ਕਰਤਾਰਿ॥

ਸਾਹਿਬ ਫੁਰਮਾਉਂਦੇ ਨੇ ਕਿ-

ਨਿਰੰਕਾਰ ਨੇ ਆਪ ਕੁਦਰਤ ਸਾਜੀ ਹੈ ਆਪ ਹੀ ਸਭ ਨੂੰ ਪਰਖ ਰਿਹਾ ਹੈ। ਜਿਹੜੇ ਖਰੇ ਹਨ ਉਨ੍ਹਾਂ ਨੂੰ ਆਪਣੇ ਖਜਾਨੇ ਵਿੱਚ ਪਾ ਲੈਂਦਾ ਹੈ, ਜਿਹੜੇ ਖੋਟੇ ਹਨ ਉਨ੍ਹਾਂ ਨੂੰ ਸੁਟ ਦਿੰਦਾ ਹੈ।
ਖੋਟੇ ਸਚੀ ਦਰਗਹ ਸੁਟੀਅਹਿ ਕਿਸੁ
ਆਗੈ ਕਰਹਿ ਪੁਕਾਰ॥

ਸਾਹਿਬ ਫੁਰਮਾਉਂਦੇ ਹਨ-

ਜਿਹੜੇ ਖੋਟੇ ਹਨ ਕਿਉਂਕਿ ਉਸ ਦੇ ਨਿਆਏ ਵਿੱਚ ਜ਼ਰਾ ਵੀ ਫਰਕ ਨਹੀਂ ਹੈ। ਨਿਆਏ ਅਨੁਸਾਰ ਖਰੇ ਖਜਾਨੇ ਪਾ ਲਵੇਗਾ ਅਤੇ ਖੋਟੇ ਸਿਟ ਦੇਵੇਗਾ। ਉਹ ਕਿਸ ਅੱਗੇ ਪੁਕਾਰ ਕਰਨ, ਫਰਿਯਾਦ ਕਰਨ?
ਸਤਿਗੁਰੁ ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ॥

ਸਾਧ ਸੰਗਤ ਜੀ ਪੂਜਯ ਪਿਤਾ ਜੀ ਨੇ ਇੱਕ ਦਿਨ ਫੁਰਮਾਇਆ-

ਨਿਰੰਕਾਰ ਦੇ, ਸਤਿਗੁਰੂ ਦੇ ਤਿੰਨ ਸਰੂਪ ਹਨ- ਤੂੰ, ਪ੍ਰੇਮ ਤੇ ਦਯਾ।
 
ਦਯਾ ਸਰੂਪ ਦਯਾ ਦਾ ਸਮੁੰਦਰ ਹੈ। ਉਹ ਦਯਾ ਰੂਪ ਸਤਿਗੁਰੂ ਦੇ ਸਰੂਪ ਵਿੱਚ ਜਿਸ ਵਕਤ ਆਉਂਦਾ ਹੈ ਵਡੇ-ਵਡੇ ਪਾਪੀਆਂ ਨੂੰ ਬਖਸ਼ ਦਿੰਦਾ ਹੈ। ਉਨ੍ਹਾਂ ਦੇ ਖੋਟ, ਉਨ੍ਹਾਂ ਦੇ ਗੁਣ ਅਵਗੁਣ, ਉਨ੍ਹਾਂ ਦੇ ਪਾਪ ਚਿਤਾਰੇ ਤਕ ਨਹੀਂ, ਜਿਹੜਾ ਵੀ ਸਾਹਮਣੇ ਆਇਆ ਹੈ ਬਖਸ਼ਦੇ ਹੀ ਗਏ। ਸਾਹਿਬ ਨੇ ਦਸ ਜੋਤਾਂ ਵਿੱਚ 239 ਸਾਲ ਖੇਡ ਖੇਡਿਆ ਹੈ। ਜੋ ਵੀ ਖੇਡ ਖੇਡਿਆ, ਜੋ ਅੰਮ੍ਰਿਤ ਬਾਣੀ ਉਚਾਰੀ ਹੈ, ਜੋ ਪੂਰਨੇ ਪਾਏ ਹਨ ਜੋ ਬਲੀਦਾਨ ਦਿੱਤੇ ਹਨ ਸਭ ਹੀ ਇਹ ਕਲਿਜੁਗੀ ਜੀਵਾਂ ਦੇ ਉੱਤੇ ਦਯਾ ਕਰਦੇ ਹੋਏ, ਉਸ ਦਯਾ ਵਿੱਚ ਆਪਣਾ ਸਭ ਕੁੱਝ ਕੁਰਬਾਨ ਕਰ ਦਿੱਤਾ।

ਸਾਧ ਸੰਗਤ ਜੀ, ਦਸਮੇਸ਼ ਪਿਤਾ ਨੇ ਜਿਸ ਵਕਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਤੇ ਬਿਰਾਜਮਾਨ ਕੀਤਾ ਹੈ ਆਪਣੇ ਸਾਰੇ ਹੀ ਸਰਬੰਸ ਦੇ ਫੁੱਲਾਂ ਦੀ ਸੇਜ ਤੇ, ਉਸ ਵੇਲੇ ਦਸੋਂ ਪਾਤਸ਼ਾਹੀਆਂ ਦੀ ਹਾਜ਼ਰ ਨਾਜ਼ਰ ਜੋਤ ਸਾਨੂੰ ਸਭ ਨੂੰ ਉਸ ਦਯਾ ਵਿੱਚ ਸਭ ਕੁੱਝ ਤੋਂਹਫੇ ਵਿੱਚ ਦੇ ਗਏ।

ਕਲਗੀਧਰ ਪਿਤਾ ਸੱਚੇ ਪਾਤਸ਼ਾਹ ਨੇ ਇੱਕ ਐੋਸੀ ਮਹਾਨ ਦਯਾ ਕੀਤੀ ਕਿ ਖੋਟੇ ਜੀਵਾਂ ਵਾਸਤੇ ਇੱਕ ਆਦਰਸ਼ ਜੀਵ ਬਣਾਇਆ ਹੈ ਜਿਸ ਦੇ ਵਿੱਚ ਇੱਕ ਵੀ ਖੋਟ ਨਹੀਂ, ਜਿਸਦੇ ਵਿੱਚ ਕੋਈ ਕਾਲਾ ਦਾਗ ਹੀ ਨਹੀਂ ਹੈ। ਇੰਨਾ ਸ਼ੁਧ, ਇੰਨਾ ਪਾਕ, ਪਵਿੱਤਰ, ਇੰਨਾ ਖਾਲਸ ਆਦਰਸ਼ ਜੀਵ ਬਣਾ ਕੇ ਉਸਦਾ ਨਾਮ 'ਖਾਲਸਾ' ਰੱਖ ਦਿੱਤਾ ਹੈ।

ਉਹ ਗੁਰੂ ਨਾਨਕ ਨਿਰੰਕਾਰ ਦੀ ਨਿਮਰਤਾ ਨੂੰ ਦਸਵੇਂ ਗੁਰੂ ਨਾਨਕ ਕਿਸ ਤਰ੍ਹਾਂ ਵਰਤ ਰਹੇ ਹਨ। ਜਿਸ ਵਕਤ ਖਾਲਸ ਜੀਵ ਸਾਜਿਆ ਹੈ, ਨਾਮ ਖਾਲਸਾ ਰੱਖਿਆ ਹੈ ਤੇ ਆਪਣਾ ਹੀ ਸੀਸ ਉਨ੍ਹਾਂ ਅੱਗੇ ਝੁਕਾ ਦਿੱਤਾ ਹੈ।

ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ॥
ਨਹੀਂ ਮੋ ਸੇ ਗਰੀਬ ਕਰੋਰ ਪਰੇ॥

ਦਯਾ ਦੀ ਅਤਿ ਹੈ। ਦਯਾ ਦਾ ਸਿਖ਼ਰ ਹੈ ਅਤੇ ਨਿਮਰਤਾ ਦੀ ਅਤਿ ਹੈ। ਨਿਮਰਤਾ ਦਾ ਸਿਖਰ ਹੈ।

ਗੁਰੂ ਨਾਨਕ ਪਾਤਸ਼ਾਹ ਜਿਹੜਾ ਦਯਾ ਦਾ ਸਮੁੰਦਰ ਹੈ ਜਿਸ ਵਕਤ ਆਪਣੇ ਕਿਸੇ ਜਨ ਨੂੰ ਭੇਜਦਾ ਹੈ, ਕਿਸੇ ਗੁਰਮੁੱਖ ਨੂੰ ਭੇਜਦਾ ਹੈ ਯਾ ਕੋਈ ਗੁਰਮੁੱਖ ਆਪ ਸਾਜਦਾ ਹੈ ਨਿਵਾਜਦਾ ਹੈ....।

ਜਨਮ ਮਰਣ ਦੁਹਹੂ ਮਹਿ ਨਾਹੀ
ਜਨ ਪਰਉਪਕਾਰੀ ਆਏ॥
ਜੀਅ ਦਾਨੁ ਦੇ ਭਗਤੀ ਲਾਇਨਿ
ਹਰਿ ਸਿਉ ਲੈਨਿ ਮਿਲਾਏ॥

ਬਾਬਾ ਨੰਦ ਸਿੰਘ ਸਾਹਿਬ ਨੂੰ ਭੇਜਿਆ ਹੈ, ਕਿਸ ਤਰ੍ਹਾਂ ਦਾ ਗੁਰਮੁੱਖ ਸਾਜਿਆ ਹੈ, ਗੁਰਮੁੱਖ ਭੇਜਿਆ ਹੈ। ਸਾਧ ਸੰਗਤ ਜੀ ਜ਼ਰ੍ਹਾ ਸੋਚ ਕੇ ਦੇਖੀਏ ਗੁਰੂ ਦਾ, ਗੁਰੂ ਨਾਨਕ ਨਿਰੰਕਾਰ ਦਾ ਅੰਤ ਕੋਈ ਲੈ ਸਕਦਾ ਹੈ ? ਜਿਸ ਗੁਰਮੁੱਖ ਨੂੰ ਭੇਜਦਾ ਹੈ, ਬਾਬਾ ਨੰਦ ਸਿੰਘ ਸਾਹਿਬ ਜਿਨ੍ਹਾਂ ਨੇ ਬਚਪਨ ਤੋਂ ਹੀ ਲੈ ਕੇ...

ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ॥

...ਗੁਰੂ ਨਾਨਕ ਨਿਰੰਕਾਰ ਦਾ ਬਖਸ਼ਿਆ ਹੋਇਆ ਨਾਮ ਜਪਿਆ ਹੈ। ਉਹ ਨਾਮ ਦੀ ਕਮਾਈ ਕੀਤੀ ਹੈ, ਸੱਤ ਕਰੋੜ ਰੋਮ ਗੁਰੂ ਨਾਨਕ ਨਿਰੰਕਾਰ ਦਾ ਬਖਸ਼ਿਆ ਹੋਇਆ ਨਾਮ ਜਪ ਰਹੇ ਹਨ ਇਸ ਤਰ੍ਹਾਂ ਦੀ ਕਮਾਈ ਕੀਤੀ ਹੈ। ਉਸ ਗੁਰਮੁੱਖ ਦਾ ਹਿਰਦਾ ਅਤੇ ਮਨ ਕਿੰਨੀ ਦਯਾ ਅਤੇ ਤਰਸ ਨਾਲ ਭਰਿਆ ਹੋਵੇਗਾ। ਉਹ ਇਹ ਕਲਿਜੁਗੀ ਜੀਵਾਂ ਵਾਸਤੇ ਕੀ ਆਦਰਸ਼ ਹੈ? ਉਹ ਗੁਰੂ ਨਾਨਕ ਨਿਰੰਕਾਰ ਦੀ, ਉਹ ਦਯਾ ਸਰੂਪ ਦੀ, ਉਹਦੇ ਵਿੱਚ ਕੀ ਝਲਕ ਪੈਂਦੀ ਹੈ?

ਗੁਰਮੁਖ ਕੋਟਿ ਉਧਾਰਦਾ ਭਾਈ ਦੇ ਨਾਵੈ ਏਕ ਕਣੀ॥

ਮੇਰੇ ਬਾਬਾ ਨੰਦ ਸਿੰਘ ਸਾਹਿਬ, ਗੁਰੂ ਨਾਨਕ ਦਾ ਬਖਸ਼ਿਆ ਹੋਇਆ ਨਾਮ ਜਿਸਦੀ ਕਮਾਈ ਕੀਤੀ ਹੈ ਕਿਸ ਤਰ੍ਹਾਂ ਉਸ ਨਾਮ ਦੀ ਇੱਕ ਇੱਕ ਕਣੀ ਬਖਸ਼ਦੇ ਹੋਏ ਸਾਰੀ ਧਰਤੀ ਨੂੰ ਭਾਗ ਲਾਈ ਜਾਂਦੇ ਹਨ, ਉਹ ਬਾਬਾ ਨੰਦ ਸਿੰਘ ਸਾਹਿਬ ਸਨ।

ਸਾਧ ਸੰਗਤ ਜੀ ਜੇ ਗੁਰਮੁਖ ਇਸ ਤਰ੍ਹਾਂ ਦਾ ਹੈ ਤੇ ਕੋਈ ਅੰਦਾਜਾ ਲਗਾ ਸਕਦਾ ਹੈ ਕਿ ਗੁਰੂ ਨਾਨਕ ਨਿਰੰਕਾਰ ਕਿਸ ਤਰ੍ਹਾਂ ਦਾ ਹੋਏਗਾ? ਫਿਰ ਬਾਬਾ ਨੰਦ ਸਿੰਘ ਸਾਹਿਬ ਨੇ ਜਿਸ ਵਕਤ ਉਸ ਗੁਰਮੁੱਖਤਾਈ ਦੇ ਵਿੱਚ ਆਪਣੇ ਸਾਰੇ ਜੀਵਨ ਦਾ, ਇੱਕ ਇੱਕ ਸਵਾਸ, ਇੱਕ ਇੱਕ ਪਲ, ਇੱਕ ਇੱਕ ਘੜੀ, ਇੱਕ ਇੱਕ ਦਿਵਸ ਉਹ ਸਾਰਾ ਹੀ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨ ਕਮਲਾਂ ਵਿੱਚ, ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲਾਂ ਵਿੱਚ ਅਰਪਣ ਕਰ ਦਿੱਤਾ ਹੈ ਉਸ ਦੇ ਬਾਅਦ ਜਿਸ ਵਕਤ ਉਹ ਨਿਰਾਕਾਰ ਨੂੰ ਆਕਾਰ ਸਰੂਪ ਵਿੱਚ ਪ੍ਰੱਤਖ ਕੀਤਾ ਹੈ, ਜਿਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਉਸ ਜਾਗਤੀ ਜੋਤ ਦੇ ਵਿੱਚੋਂ ਗੁਰੂ ਨਾਨਕ ਨਿਰੰਕਾਰ ਨੂੰ ਪ੍ਰੱਤਖ ਕੀਤਾ ਹੈ, ਉਸ ਨੂੰ ਆਕਾਰ ਸਰੂਪ ਵਿੱਚ ਬਿਠਾ ਲਿਆ ਹੈ ਉਸ ਵੇਲੇ ਸਾਧ ਸੰਗਤ ਜੀ ਇੱਕ ਚੀਜ਼ ਤਾਂ ਐਸੀ ਕਮਾਲ ਦੀ ਕੀਤੀ ਹੈ ਕਿ ਰਹਿੰਦੀ ਦੁਨੀਆਂ ਤੱਕ ਬਾਬਾ ਨੰਦ ਸਿੰਘ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ, ਗੁਰੂ ਨਾਨਕ ਪਾਤਸ਼ਾਹ ਦੇ ਪ੍ਰਤੀ ਕੋਈ ਸੰਸਾ, ਕੋਈ ਅੰਦੇਸ਼ਾ, ਕੋਈ ਸ਼ੰਕਾ ਮੂਲ ਤੋਂ ਹੀ ਪੁੱਟ ਕੇ ਰੱਖ ਦਿੱਤਾ, ਅਤੇ ਹਮੇਸ਼ਾ ਵਾਸਤੇ ਹੀ ਨਿਵਿੱਰਤ ਕਰ ਦਿੱਤਾ।

ਧੰਨ ਧੰਨ ਗੁਰੂ ਨਾਨਕ, ਤੂੰਹੀ ਨਿਰੰਕਾਰ ਇੱਕ ਤੂੰਹੀ ਨਿਰੰਕਾਰ॥

ਗੁਰਬਾਣੀ ਅੰਮ੍ਰਿਤ ਦਾ ਸਾਗਰ ਹੈ, ਪ੍ਰਕਾਸ਼ ਦਾ ਸਮੁੰਦਰ ਹੈ। ਅੱਜ ਆਪਾਂ ਇਸ ਅੰਮ੍ਰਿਤ ਪ੍ਰਕਾਸ਼ ਦੇ ਹੀ ਝਲਕ ਮਾਤਰ ਦਰਸ਼ਨ ਕੀਤੇ ਹਨ। ਪੂਜਯ ਪਿਤਾ ਜੀ ਇੱਕ ਦਿਨ ਫੁਰਮਾਉਂਣ ਲੱਗੇ-

ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ॥
ਸ੍ਰੀ ਗੁਰੂ ਰਾਮਦਾਸ ਜੀ
ਗੁਰੂ ਨਾਨਕ ਨਿਰੰਕਾਰ ਵਰਗਾ ਵੀ ਕੋਈ ਮਾਤਾ ਪਿਤਾ ਹੋ ਸਕਦਾ ਹੈ?
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਵੀ ਕੋਈ ਮਾਤਾ ਪਿਤਾ ਹੋ ਸਕਦਾ ਹੈ?
 
ਮਾਤਾ ਪਿਤਾ ਦੀ ਗੋਦ ਸਾਰੇ ਬੱਚਿਆਂ ਵਾਸਤੇ ਖੁੱਲ੍ਹੀ ਹੈ।
ਕੀ ਖਰੇ ਤੇ ਕੀ ਖੋਟੇ ਸਭ ਦਾ ਅਧਿਕਾਰ ਆਪਣੇ ਮਾਤਾ ਪਿਤਾ ਦੀ ਗੋਦ ਤੇ ਹੈ।
ਕੋਈ ਕਿੰਨਾ ਵੀ ਮੈਲਾ-ਕਚੈਲਾ ਹੋਵੇ ਮਾਤਾ ਪਿਤਾ ਦੀ ਗੋਦ ਦੇ ਅੰਦਰ ਉਸਦਾ ਵੀ ਪੂਰਾ ਅਧਿਕਾਰ ਹੈ।
ਸਾਧ ਸੰਗਤ ਜੀ ਗੁਰੂ ਨਾਨਕ ਦਯਾ ਅਤੇ ਤਰਸ ਦਾ ਸਮੁੰਦਰ ਹੈ।
ਐਡੀ ਵਿਸ਼ਾਲ ਗੋਦ ਹੈ ਕਿ ਜਿਸਦੇ ਵਿੱਚ ਨਿਰੰਕਾਰ ਦੇ ਸਾਰੇ ਹੀ ਬੱਚੇ ਸਮਾ ਸਕਦੇ ਹਨ।

ਪਿਤਾ ਜੀ ਕਹਿਣ ਲੱਗੇ ਕਿ ਬਾਬਾ ਨੰਦ ਸਿੰਘ ਸਾਹਿਬ ਦਾ ਇੱਕੋ ਹੀ ਉਹ ਮਹਾਨ ਫੁਰਮਾਣ ਚੇਤੇ ਰੱਖੋ ਕਿ-

ਸਾਡੇ ਮੂੱਧੇ ਹੋ ਕੇ ਨਿਮਾਣੇ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲਾਂ ਵਿੱਚ ਢਹਿਣ ਵਿੱਚ ਦੇਰੀ ਹੈ।
ਉਸਦੇ ਬਖਸ਼ਣ ਵਿੱਚ ਕੋਈ ਦੇਰੀ ਨਹੀਂ ਇਹ ਕੰਮ ਸਕਿੰਟਾ ਦਾ ਹੈ।
ਸਰਬ ਬੈਕੁੰਠ ਮੁਕਤਿ ਮੋਖ ਪਾਏ॥
ਏਕ ਨਿਮਖ ਹਰਿ ਕੇ ਗੁਨ ਗਾਏ॥
ਸਤਿਗੁਰ ਸਰਣੀ ਆਇਆਂ
ਬਾਹੁੜਿ ਨਹੀਂ ਬਿਨਾਸੁ॥
ਹਰਿ ਨਾਨਕ ਕਦੇ ਨ ਵਿਸਰਉ
ਏਹੁ ਜੀਉ ਪਿੰਡੁ ਤੇਰਾ ਸਾਸੁ॥
ਗੁਰੁ ਪਰਮੇਸਰੁ ਏਕ ਹੈ ਸਭ ਮਹਿ ਰਹਿਆ ਸਮਾਇ॥
ਜਿਨ ਕਉ ਪੂਰਬਿ ਲਿਖਿਆ ਸੇਈ ਨਾਮੁ ਧਿਆਇ॥
ਨਾਨਕ ਗੁਰ ਸਰਣਾ ਗਤੀ ਮਰੈ ਨ ਆਵੈ ਜਾਇ॥
ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ
ਨਾਨਕ ਜਗ ਮਾਹਿ ਪਠਾਇਆ॥
ਕਲਿਜੁਗੁ ਬਾਬੇ ਤਾਰਿਆ ਸਤਿਨਾਮੁ
ਪੜਿ ਮੰਤ੍ਰ ਸੁਣਾਇਆ॥
ਭਇਆ ਅਨੰਦ ਜਗਤੁ ਵਿਚਿ
ਕਲਿ ਤਾਰਨ ਗੁਰੁ ਨਾਨਕ ਆਇਆ॥
ਭਾਈ ਗੁਰਦਾਸ ਜੀ
ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ
ਤੂੰਹੀ ਨਿਰੰਕਾਰ, ਇੱਕ ਤੂੰਹੀ ਨਿਰੰਕਾਰ॥
ਗੁਰੂ ਨਾਨਕ ਦਾਤਾ ਬਖ਼ਸ਼ ਲੈ॥
ਬਾਬਾ ਨਾਨਕ ਬਖਸ਼ ਲੈ॥