ਨਿਮਰਤਾ ਤੇ ਗਰੀਬੀ ਦੇ ਪ੍ਰਕਾਸ਼ ਦੇ ਖੁੱਲ੍ਹੇ ਦਰਸ਼ਨ

Humbly request you to share with all you know on the planet!

ਸਾਧ ਸੰਗਤ ਜੀ, ਪਿਤਾ ਜੀ ਨੇ ਇਕ ਅਨਮੋਲ ਚੀਜ਼ ਦਸੀ।

ਕੁਦਰਤ, ਪ੍ਰਕ੍ਰਿਤੀ, ਮਾਇਆ, ਸ਼ਕਤੀ, ਕਾਲ, ਸਮਾਂ ਨਿਰੰਕਾਰ ਨੇ ਇਹ ਸਭ ਚੀਜ਼ਾਂ ਬਣਾਈਆਂ ਹਨ, ਜਿਹੜੀ ਨਿਮਰਤਾ ਤੇ ਗਰੀਬੀ ਨਿਰੰਕਾਰ ਨੂੰ ਜਿੱਤ ਸਕਦੀ ਹੈ ਤੇ ਫਿਰ ਕੀ ਇਹ ਚੀਜ਼ਾਂ ਉਸ ਜਿੱਤ ਤੋ ਬਾਹਰ ਰਹਿ ਗਈਆਂ? ਨਿਰੰਕਾਰ ਤੋਂ ਬਾਹਰ ਰਹਿ ਗਈਆਂ?

ਸਾਧ ਸੰਗਤ ਜੀ ਜਿੱਤ ਤਾਂ ਇਹ ਨਿਮਰਤਾ ਗਰੀਬੀ ਸਭ ਕੁਝ ਲੈਂਦੀ ਹੈ ਪਰ ਪਿਤਾ ਜੀ ਨੇ ਇਸ ਨੂੰ ਹੋਰ ਢੰਗ ਨਾਲ ਸਮਝਾਇਆ ਕਿ-

ਇਹ ਸਭ ਤਾਕਤਾਂ, ਇਹ ਸਭ ਸ਼ਕਤੀਆਂ ਜਿਸ ਵਕਤ ਨਿਰੰਕਾਰ ਦੀ ਕਲਾ ਵਰਤਦੀ ਹੈ ਉਸ ਵੇਲੇ ਬਾਬਾ ਨੰਦ ਸਿੰਘ ਸਾਹਿਬ ਵਰਗੀ ਇਕ ਮਹਾਨ ਹਸਤੀ ਪੈਦਾ ਹੋ ਜਾਂਦੀ ਹੈ, ਪ੍ਰਗਟ ਹੋ ਜਾਂਦੀ ਹੈ ਅਤੇ ਇਹ ਜਿੰਨੀਆਂ ਬਣਾਈਆਂ ਹੋਈਆਂ ਚੀਜ਼ਾਂ ਹਨ ਇਹ ਕੁਦਰਤ, ਇਹ ਪ੍ਰਕ੍ਰਿਤੀ, ਮਾਇਆ, ਸ਼ਕਤੀ, ਕਾਲ, ਸਮਾਂ, ਮਿਹਰ ਇਹ ਸਭ ਚੀਜ਼ਾਂ ਜਾ ਕੇ ਉਸ ਦੇ ਚਰਨ ਕਮਲਾਂ ਨੂੰ ਲਿਪਟ ਜਾਂਦੀਆਂ ਹਨ।

ਸਾਧ ਸੰਗਤ ਜੀ, ਮਾਇਆ ਦੇ ਸੰਸਾਰ ਤੋਂ ਬਾਹਰ ਉਸ ਧਾਮ ਦੇ ਵਿੱਚ ਜਿਹੜਾ ਉੱਥੇ ਪ੍ਰਕਾਸ਼ ਹੈ, ਉਸ ਨਿਮਰਤਾ ਤੇ ਗਰੀਬੀ ਦੇ ਪ੍ਰਕਾਸ਼ ਦੇ ਖੁਲ੍ਹੇ ਦਰਸ਼ਨ ਕੀਤੇ ਹਨ ਅਤੇ ਉਸ ਧਾਮ ਤੇ, ਉਸ ਦੇਸ਼ ਵਿੱਚ ਜਿੱਥੇ ਉਹ ਹਸਤੀ, ਉਹ ਜੇਤੂ ਨਿਮਰਤਾ ਤੇ ਗਰੀਬੀ ਦੀ ਮੁਦਰਾ ਵਿੱਚ ਉਸ ਨਿਰੰਕਾਰ ਦੇ ਚਰਨ ਕਮਲਾਂ 'ਚ ਬੈਠਾ ਸੀ। ਸਾਧ ਸੰਗਤ ਜੀ ਨਿਮਰਤਾ ਤੇ ਗਰੀਬੀ ਦੀ ਡੂੰਘਾਈ ਤਕ ਤਾਂ ਅਸੀਂ ਕਿੱਥੇ ਪਹੁੰਚ ਸਕਦੇ ਹਾਂ ਪਰ ਜਿਸ ਵਕਤ ਇਹ ਦੇਖਿਆ ਕਿ ਉਹ ਜੇਤੂ ਤਾਂ ਸੰਗਤ ਦੇ ਚਰਨਾਂ ਦੀ ਸਤਹ (ਲੇਵਲ) ਤੋਂ ਵੀ ਥੱਲੇ ਟੋਇਆ ਪੁੱਟੀ ਬੈਠਾ ਹੈ। ਉਹ ਤਾਂ ਗੁਰੂ ਨਾਨਕ ਦੀ ਸੰਗਤ ਦੀ ਵੀ ਬਰਾਬਰੀ ਨਹੀਂ ਕਰ ਰਿਹਾ। ਉੱਥੇ ਅਸੀਂ ਉਸ ਨਿਮਰਤਾ ਤੇ ਗਰੀਬੀ ਦੀਆਂ ਬਖਸ਼ਿਸ਼ਾਂ ਦੀ ਲੁੱਟ ਪਈ ਦੇਖੀ ਹੈ। ਉੱਥੇ ਉਹ ਚੀਜ਼ਾਂ, ਉਹ ਪ੍ਰਕਾਸ਼ ਜਿਸ ਦਾ ਆਨੰਦ ਹੋਰ ਕਿਧਰੇ ਮਿਲ ਹੀ ਨਹੀਂ ਸਕਦਾ, ਉਸ ਧਾਮ ਤੇ ਮਿਲਦਾ ਦੇਖਿਆ ਹੈ। ਸਾਧ ਸੰਗਤ ਜੀ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਨੂੰ ਉੱਥੇ ਆਉਂਦੇ ਦੇਖਿਆ ਹੈ ਤੇ ਉਨ੍ਹਾਂ ਦੀ ਹਰ ਇਕ ਚੀਜ਼ ਦੀ, ਇਹ ਸੇਵਾ ਕਰਨੀ ਇਹ ਮਾਇਆ ਪ੍ਰਬੰਧ ਕਿਸ ਤਰ੍ਹਾਂ ਕਰਦੀ ਸੀ, ਦੇਖਿਆ ਹੈ।

ਦੁਨੀਆਂ ਦੇ ਵਿੱਚ ਤਾਂ ਪਹਿਲੀ ਵਾਰੀ ਇਹ ਇਕ ਨਕਸ਼ਾ ਦੇਖਿਆ ਹੈ। ਜਿਸ ਜਗ੍ਹਾ ਵੀ ਬਾਬਾ ਨੰਦ ਸਿੰਘ ਸਾਹਿਬ ਗਏ ਹਨ ਕੀ ਮਜਾਲ ਹੈ ਕਿਸੇ ਨੂੰ ਕੋਈ ਚਿੱਠੀ ਗਈ ਹੋਵੇ, ਕੋਈ ਪਤਾ ਗਿਆ ਹੋਵੇ ਕਿ ਬਾਬਾ ਨੰਦ ਸਿੰਘ ਸਾਹਿਬ ਉਸ ਜੰਗਲ ਵਿੱਚ ਜਾ ਬੈਠੇ ਹਨ। ਪਰ ਫਿਰ ਵੀ ਦੁਨੀਆਂ ਉੱਥੇ ਪਰਸ਼ਾਦੇ ਲੈ ਕੇ ਪਹੁੰਚਦੀ ਸੀ।  ਅੱਜ ਤਕ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਇਹ ਸੇਵਾ ਕਰਦਾ ਕੌਣ ਸੀ?


ਬਾਬੇ ਨੰਦ ਸਿੰਘ ਜੀ ਦੇ ਦਰ ਤੇ,
ਅਣਗਿਣਤ ਸੰਗਤਾਂ ਆਈਆਂ ਨੇ।
ਉਥੇ ਕੋਈ ਚੁਲ੍ਹਾ ਤੱਪਦਾ ਨਹੀਂ,
ਨਾ ਅੱਗ ਦੀਆਂ ਰੁਸ਼ਨਾਈਆਂ ਨੇ।

ਤਪੇ ਬਾਬਿਆਂ ਦੇ ਦਰ ਤੇ ਲੋਅ ਕੋਈ ਨਾ,
ਕੀ ਬਣਤ ਬਨਾ ਕੇ ਰੱਖ ਗਏ ਨੇ।
ਚੰਹੁ ਜੁਗਾਂ ਦਾ ਚੌਂਕੇ ਵਿੱਚ ਲੰਗਰ,
ਬਾਬੇ ਆਪ ਪਕਾ ਕੇ ਰੱਖ ਗਏ ਨੇ।

ਵਾਹ ਨੂਰੀ ਬਾਬਾ ਨੰਦ ਸਿੰਘ ਜੀ
ਇਹ ਤੇਰੀਆਂ ਧੰਨ ਕਮਾਈਆਂ ਨੇ।
ਅਰਸ਼ਾ ਤੋ ਅੰਨ ਪਕਾਵਨ ਲਈ
ਹੂਰਾਂ ਨੇ ਤਵੀਆਂ ਤਾਈਆਂ ਨੇ।
ਨਾ ਹੋਈ ਨਾ ਹੋਸੀ,
ਇਕ ਅਨਹੋਣੀ ਰੀਤ ਚਲਾਈ ਏ।

ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ,
ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ।

ਸੁਣੋ ਮੇਰੇ ਵੀਰ ਜੀਓ,
ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ॥

ਗੁਰੂ ਨਾਨਕ ਦਾਤਾ ਬਖ਼ਸ਼ ਲੈ। 
ਬਾਬਾ ਨਾਨਕ ਬਖ਼ਸ਼ ਲੈ॥