ਗੁਰੂ ਨਾਨਕ ਸਾਹਿਬ ਦੀ ਪ੍ਰੇਮਾ-ਭਗਤੀ ਦਾ ਸਿਖਰ
ਇਕ ਵਾਰ ਦਾ ਵਾਕਿਆ ਹੈ ਕਿ ਇਕ ਦਿਨ ਅੱਧੀ ਰਾਤ ਨੂੰ ਘਰ ਵਾਲਿਆਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਬਾਲ ਘਰੋਂ ਗਾਇਬ ਹੈ। ਉਸ ਸਮੇ ਬਾਲ ਦੀ (ਬਾਬਾ ਜੀ) ਉਮਰ ਪੰਜ ਵਰ੍ਹਿਆਂ ਤੋਂ ਵੀ ਘਟ ਸੀ। ਆਂਢ-ਗੁਆਂਢ ਵਿੱਚ ਭਾਲ ਕਰਨ ਬਾਅਦ ਉਹ ਕੁਝ ਵਡੇ-ਵਡੇਰਿਆਂ ਨੂੰ ਨਾਲ ਲੈ ਕੇ ਪਿੰਡ ਤੋਂ ਬਾਹਰ ਬਾਲ ਦੀ ਭਾਲ ਕਰਨ ਚਲੇ ਗਏ। ਇਹ ਬਾਲ ਅੱਧੀ ਰਾਤ 12 ਵਜੇ ਪਿੰਡ ਦੇ ਬਾਹਰ ਇਸ਼ਨਾਨ ਕਰਕੇ ਖੂਹ ਦੇ ਇਕ ਛੋਟੇ ਜਿਹੇ ਮੌਣ ਉਪਰ ਸਮਾਧੀ ਵਿੱਚ ਜੁੜਿਆ ਹੋਇਆ ਸੀ। ਉਹ ਚੌਕੜਾ ਮਾਰ ਕੇ ਇਸ ਘੋਰ ਇਕਾਂਤ ਵਿੱਚ ਤਿੰਨ ਘੰਟਿਆਂ ਤੋਂ ਸਮਾਧੀ ਇਸਥਿਤ ਸੀ। ਨੀਂਦ ਦੇ ਇਕ ਮਾਮੂਲੀ ਝੌਂਕੇ ਨਾਲ ਹੀ ਬਾਲ ਖੂਹ ਵਿੱਚ ਗਿਰ ਸਕਦਾ ਸੀ। ਹੈਰਾਨੀ ਵਾਲੀ ਗੱਲ ਹੈ ਕਿ ਇਹੀ ਕਾਰਨ ਸੀ ਕਿ ਉਸ ਰੱਬੀ ਬਾਲ ਨੇ ਇਸ ਥਾਂ ਨੂੰ ਸਮਾਧੀ ਲੀਨ ਹੋਣ ਲਈ ਚੁਣਿਆ ਸੀ।
ਇੰਜ ਲਗ ਰਿਹਾ ਸੀ ਜਿਵੇਂ ਧਰੂ ਭਗਤ ਆਪਣੇ ਉੱਚੇ ਰੂਹਾਨੀ ਤਖ਼ਤ ਤੋਂ ਉਤਰ ਕੇ ਫਿਰ ਬੰਦਗੀ ਤੇ ਘੋਰ ਤਪੱਸਿਆ ਕਰਨ ਲਈ ਇਕ ਛੋਟੇ ਬਾਲ ਦਾ ਰੂਪ ਧਾਰ ਕੇ ਆ ਗਿਆ ਹੋਵੇ ਫ਼ਰਕ ਕੇਵਲ ਇੰਨਾ ਹੀ ਹੈ ਕਿ ਹੁਣ ਉਸ ਨੇ ਸਾਰੀ ਉਮਰ ਬੰਦਗੀ ਵਿੱਚ ਲੰਘਾਉਣੀ ਸੀ। ਬਜ਼ੁਰਗਾਂ ਨੇ ਉਸ ਨੂੰ ਡੂੰਘੀ ਸਮਾਧੀ ਅਤੇ ਪਰਮਾਤਮਾ ਨਾਲ ਸੁਰਤ ਜੋੜੀ ਬੈਠੇ ਹੋਏ ਵੇਖਿਆ। ਉਹ ਮਲਕੜੇ ਜਿਹੇ ਉਸ ਦੇ ਕੋਲ ਗਏ ਅਤੇ ਡੂੰਘੇ ਖੂਹ ਵਿੱਚ ਅਚਾਨਕ ਗਿਰ ਜਾਣ ਤੋਂ ਬਚਾਉਂਣ ਲਈ ਬਾਲ ਨੂੰ ਉਥੋਂ ਚੁੱਕ ਲਿਆਏ। ਜਦੋਂ ਉਸ ਰੱਬੀ ਬਾਲ ਨੂੰ ਇਹ ਪੁੱਛਿਆ ਗਿਆ ਕਿ ਉਸ ਨੇ ਬੰਦਗੀ ਕਰਨ ਲਈ ਇਸ ਖ਼ਤਰਨਾਕ ਥਾਂ ਨੂੰ ਕਿਉਂ ਚੁਣਿਆ ਸੀ, ਜਿਸ ਨਾਲ ਕਿ ਉਸ ਦੀ ਜਾਨ ਨੂੰ ਵੀ ਖ਼ਤਰਾ ਸੀ। ਤਾਂ ਉਸ ਰੱਬੀ ਬਾਲ ਨੇ ਉੱਤਰ ਦਿੱਤਾ:-
“ਜੇ ਗੁਰੂ ਨਾਨਕ ਸਾਹਿਬ ਦੀ ਪ੍ਰੇਮਾ-ਭਗਤੀ ਕਰਦਿਆਂ ਸਮਾਧੀ ਵਿੱਚ ਨੀਂਦ ਆ ਜਾਵੇ ਤਾਂ ਫਿਰ ਜੀਉਣ ਨਾਲੋਂ ਤਾਂ ਖੂਹ ਵਿੱਚ ਡਿੱਗ ਕੇ ਮਰ ਜਾਣਾ ਹੀ ਚੰਗਾ ਹੈ।”
ਇਸ ਪਵਿੱਤਰ ਬਾਲ ਦੇ ਹਿਰਦੇ ਵਿੱਚ ਰੱਬ ਦੀ ਬੰਦਗੀ ਕਰਨ ਦੀ ਅਥਾਹ ਲੋਚਾ ਅਤੇ ਸਦਾਕਤ ਸੀ। ਇਹ ਛੋਟੀ ਉਮਰ ਵਿੱਚ ਰੂਹਾਨੀ-ਤੌਰ ਤੇ ਜਾਗ੍ਰਤ ਹੋਣ ਦੀ ਨਿਸ਼ਾਨੀ ਸੀ। ਪੰਜਾਂ ਸਾਲਾਂ ਦੀ ਇਸ ਛੋਟੀ ਉਮਰ ਵਾਲੇ ਰੂਹਾਨੀ ਸ਼ੇਰ ਵਿੱਚ ਇੰਨਾ ਸਿਦਕ ਅਤੇ ਨਿਸ਼ਚਾ ਸੀ।
ਇਹ ਸਚਮੁੱਚ ਹੈਰਾਨੀ ਵਾਲੀ ਗੱਲ ਹੈ ਕਿ ਇਕ ਪੰਜਾ ਵਰ੍ਹਿਆਂ ਦਾ ਬਾਲ, ਜਿਸ ਨੂੰ ਕਿਸੇ ਸਾਧੂ-ਸੰਤ ਜਾਂ ਕਿਸੇ ਹੋਰ ਪਾਸੋਂ ਕੋਈ ਅਧਿਆਤਮਕ ਸਿਖਿਆ ਜਾਂ ਦੀਖਿਆ ਵੀ ਨਹੀਂ ਮਿਲੀ ਸੀ, ਉਹ ਰੂਹਾਨੀ ਚੇਸ਼ਟਾ ਲਈ ਕਿਵੇਂ ਆਪਣਾ ਤਨ ਮਨ ਵਾਰ ਰਿਹਾ ਸੀ। ਅਧਿਆਤਮਕ ਸਾਹਿਤ ਵਿੱਚ ਇਸ ਤਰ੍ਹਾਂ ਦੀ ਕੋਈ ਹੋਰ ਉਦਾਹਰਣ ਨਹੀਂ ਮਿਲਦੀ। ਏਨੀ ਛੋਟੀ ਉਮਰ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਲਈ ਏਨੀ ਸ਼ਰਧਾ ਅਤੇ ਵਿਸ਼ਵਾਸ ਦਾ ਪੈਦਾ ਹੋਣਾਂ ਇਕ ਪਰਾ-ਮਨੁੱਖੀ ਕ੍ਰਿਸ਼ਮਾ ਹੈ। ਕਈ ਸਾਧੂ ਸੰਤ ਆਪਣੀ ਸਾਰੀ ਜ਼ਿੰਦਗੀ ਵਿੱਚ ਵੀ ਪਰਮਾਤਮਾ ਵਿੱਚ ਇੰਨਾ ਡੂੰਘਾ ਵਿਸ਼ਵਾਸ ਪੈਦਾ ਨਹੀਂ ਕਰ ਸਕੇ। ਸਾਫ਼ ਨਜ਼ਰ ਆਉਂਦਾ ਹੈ ਕਿ ਪ੍ਰੇਮਾ-ਭਗਤੀ ਹੀ ਇਸ ਪਵਿੱਤਰ ਬਾਲ ਦੇ ਰੂਪ ਵਿੱਚ ਪ੍ਰਗਟ ਹੋ ਗਈ ਸੀ।
ਇੰਜ ਚੌਕੜਾ ਮਾਰ ਕੇ ਡੂੰਘੀ ਸਮਾਧੀ ਵਿੱਚ ਲੀਨ, ਅਜਿੱਤ ਨੂੰ ਜਿੱਤਣ ਦੇ ਨਿਸ਼ਚੇ ਨਾਲ ਉਨ੍ਹਾਂ ਨੇ ਨੀਂਦ ਅਤੇ ਮੌਤ, ਸੰਸਾਰੀ ਤ੍ਰਿਸ਼ਨਾਵਾਂ ਅਤੇ ਸੁੱਖ-ਆਰਾਮਾਂ ਤੇ ਫ਼ਤਹਿ ਹਾਸਲ ਕਰ ਲਈ ਸੀ। ਹਸਣਾ, ਖੇਡਣਾ, ਸੌਣਾ, ਖਾਣਾ, ਦੁਨੀਆਂਦਾਰੀ ਬੰਧਨਾਂ ਅਤੇ ਲਾਲਚਾਂ ਤੋਂ ਆਪ ਬਿਲਕੁਲ ਬੇਖ਼ਬਰ ਸਨ। ਉਹ ਕਦੇ ਕਿਸੇ ਨਾਲ ਗੱਲ ਨਹੀਂ ਕਰਦੇ ਸਨ। ਆਪ ਸਦਾ ਹੀ ਪ੍ਰਭੂ-ਪ੍ਰੀਤਮ ਦੀ ਡੂੰਘੀ ਯਾਦ ਵਿੱਚ ਰੂਹਾਨੀ ਇਸ਼ਨਾਨ ਕਰਦੇ ਰਹਿੰਦੇ ਸਨ। ਸੰਸਾਰੀ ਵਸਤਾਂ ਵਲੋਂ ਉਨ੍ਹਾਂ ਦਾ ਮਨ ਉੱਕਾ ਹੀ ਉਪਰਾਮ ਰਹਿੰਦਾ ਸੀ। ਇਹੋ ਜਿਹੇ ਸਨ ਬਾਬਾ ਨੰਦ ਸਿੰਘ ਜੀ ਮਹਾਰਾਜ ! ਜਿਨ੍ਹਾਂ ਵਰਗਾ ਕੋਈ ਹੋਰ ਨਹੀਂ ਹੋ ਸਕਦਾ। ਇਲਾਹੀ-ਪ੍ਰੇਮ ਦਾ ਅਵਤਾਰ ਹੋਣ ਕਾਰਨ ਇਹ ਬਾਲ ਮੌਤ, ਨੀਂਦ ਅਤੇ ਹੋਰ ਸੁੱਖ ਸਹੂਲਤਾਂ ਦੀ ਪਰਵਾਹ ਕੀਤੇ ਬਿਨਾਂ ਪ੍ਰਭੂ ਪ੍ਰੇਮ ਦੇ ਸਾਗਰ ਵਿੱਚ ਤਾਰੀਆਂ ਲਾ ਰਿਹਾ ਸੀ। ਇਸ ਘਟਨਾ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਚੌਕਸ ਰਹਿਣ ਲਗ ਪਿਆ ਪਰ ਜਦੋਂ ਵੀ ਉਹ ਰਾਤ ਨੂੰ ਉੱਠ ਕੇ ਇਸ ਬਾਲ ਨੂੰ ਵੇਖਦੇ ਤਾਂ ਉਹ ਉਸ ਨੂੰ ਆਪਣੇ ਰੂਹਾਨੀ ਰਹਿਬਰ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਵਾਂਗ ਮੰਜੇ ਉਪਰ ਡੂੰਘੀ ਸਮਾਧੀ ਲਾਈ ਬੈਠੇ ਹੀ ਵੇਖਦੇ ਸਨ।
ਉਹ ਆਪਣੇ ਜੀਵਨ ਵਿੱਚ ਕਦੇ ਸੁੱਤੇ ਨਹੀਂ ਸਨ। ਕਦੀ ਵੀ ਉਨ੍ਹਾਂ ਨੂੰ ਕਿਸੇ ਨੇ ਸੁੱਤਿਆਂ ਨਹੀਂ ਵੇਖਿਆ ਸੀ। ਉਨ੍ਹਾਂ ਨੇ ਬਚਪਨ ਵਿੱਚ ਹੀ ਨੀਂਦ ਤੇ ਕਾਬੂ ਪਾ ਲਿਆ ਸੀ। ਹਰ ਵਕਤ ਪਰਮਾਤਮਾ ਦੀ ਹਜ਼ੂਰੀ ਵਿੱਚ ਰਹਿਣ ਵਾਲੇ ਸੱਚੇ ਬ੍ਰਹਮ ਗਿਆਨੀ ਨੂੰ ਨੀਂਦ ਦੀ ਕੋਈ ਇੱਛਾ ਹੀ ਨਹੀਂ ਹੁੰਦੀ। ਗੁਰੂ ਅਰਜਨ ਪਾਤਸ਼ਾਹ ਸੁਖਮਨੀ ਸਾਹਿਬ ਵਿੱਚ ਫੁਰਮਾਉਂਦੇ ਹਨ, “ਬ੍ਰਹਮ ਗਿਆਨੀ ਸਦਾ ਸਦ ਜਾਗਤ”।। ਬਾਬਾ ਨੰਦ ਸਿੰਘ ਜੀ ਮਹਾਰਾਜ ਜਨਮ - ਸਿੱਧ ਬ੍ਰਹਮ ਗਿਆਨੀ ਅਤੇ ਜਨਮ-ਸਿੱਧ ਮਹਾਂਪੁਰਖ ਸਨ। ਬਾਬਾ ਨੰਦ ਸਿੰਘ ਜੀ ਮਹਾਰਾਜ ਸਦਾ ਰੂਹਾਨੀ ਵਿਸਮਾਦ ਵਿੱਚ ਰਹਿੰਦੇ ਸਨ। ਉਹ ਚੜ੍ਹਦੀ ਕਲਾ ਵਿੱਚ ਤੇ ਉੱਚੇ ਰੂਹਾਨੀ ਪਦ ਦੇ ਆਸਣ ਤੇ ਬਿਰਾਜਮਾਨ ਰਹਿੰਦੇ ਸਨ। ਸੰਸਾਰੀ ਲੋਕ ਇਸ ਦੁਨੀਆਂ ਵਿੱਚ ਆਪਣੀ ਨੀਂਦ ਤੇ ਭੁੱਖ ਦੀ ਪੂਰਤੀ ਕਰਨ ਵਿੱਚ ਅਮੋਲਕ ਜੀਵਨ ਬਤੀਤ ਕਰ ਦਿੰਦੇ ਹਨ।
ਬਚਪਨ ਦੇ ਇਨ੍ਹਾਂ ਨਿਰਾਲੇ ਕੌਤਕਾਂ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਦੇ ਪੁਨਰ-ਜਨਮ ਦੀ ਇਲਾਹੀ ਸ਼ਾਨ ਝਲਕਾਂ ਮਾਰਦੀ ਹੈ। ਇਸ ਵਿੱਚ ਕੋਈ ਦੂਜੀ ਗੱਲ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਸ਼ਾਨ ਦੀ ਪਹਿਲ-ਤਾਜ਼ਗੀ ਅਤੇ ਵੱਡ ਪਰਤਾਪ ਦਾ ਜਸ ਗਾਇਨ ਕਰਨ ਲਈ ਗੁਰੂ ਨਾਨਕ ਸਾਹਿਬ ਦੀ ਰੱਬੀ ਸ਼ਕਤੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਰੂਪ ਵਿੱਚ ਫਿਰ ਪ੍ਰਗਟ ਹੋ ਗਈ ਸੀ।
ਉਸ ਸਮੇਂ ਇਸ ਪਵਿੱਤਰ ਬਾਲ ਦੀ ਰੂਹਾਨੀ ਵਡਿਆਈ ਗੁੱਝੇ ਰੂਪ ਵਿੱਚ ਵਿੱਚਰ ਰਹੀ ਸੀ। ਇਹ ਘਟਨਾ ਉਸ ਰੂਹਾਨੀ ਤਪ ਤੇਜ਼ ਦੀ ਇਕ ਝਲਕ ਹੈ ਜਿਹੜੀ ਕਿ ਧੁਰ ਦਰਗਾਹੀ ਬਖਸ਼ਿਸ਼ ਨੇ ਉਨ੍ਹਾਂ ਦੇ ਬਰਕਤ ਭਰੇ ਜੀਵਨ ਦਾ ਅੰਗ ਬਣਾਈ ਸੀ ਜਨ ਪਰਉਪਕਾਰੀ ਆਏ ਦੇ ਮਹਾਂਵਾਕ ਅਨੁਸਾਰ ਉਨ੍ਹਾਂ ਦੇ ਜੀਵਣ ਦਾ। “ਪਰਉਪਕਾਰੀ ਮਿਸ਼ਨ” ਬਾਲ ਅਵਸਥਾ ਤੋਂ ਹੀ ਜ਼ਾਹਰ ਹੋ ਰਿਹਾ ਸੀ।
ਬਾਬਾ ਜੀ ਦੇ ਬਚਪਨ ਦੀ ਇਸ ਸਾਖੀ ਤੋਂ ਇਹ ਭਲੀ ਭਾਂਤ ਸਪਸ਼ਟ ਹੋ ਜਾਂਦਾ ਹੈ ਕਿ ਬਾਬਾ ਨੰਦ ਸਿੰਘ ਜੀ ਮਹਾਰਾਜ ਤਿਆਗ ਅਤੇ ਵੈਰਾਗ ਦੀ ਮਹਾਨ ਮੂਰਤ ਸਨ। ਉਨ੍ਹਾ ਦੇ ਪਾਕ ਜੀਵਨ ਦੀਆਂ ਹੋਰ ਸਾਖੀਆਂ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਨੇ “ਤਿਆਗ” ਸਮੇਤ ਸਭ ਕੁਝ ਤਿਆਗ ਦਿੱਤਾ ਹੋਇਆ ਸੀ। ਉਨ੍ਹਾਂ ਨੇ ਆਪਣੇ ਸਾਰੇ ਜੀਵਨ ਕਾਲ ਵਿੱਚ ਨਾ ਹੀ ਕਿਸੇ ਵਸਤੂ ਦਾ ਲਾਲਚ ਕੀਤਾ ਅਤੇ ਨਾ ਹੀ ਸੰਸਾਰਕ ਵਸਤੂਆਂ ਉਪਰ ਕੋਈ ਟੇਕ ਰੱਖੀ ਸੀ। ਅਜਿਹਾ ਤਿਆਗ ਆਪਣੀ ਮਿਸਾਲ ਆਪ ਸੀ। ਆਪ ਜਨਮ ਤੋਂ ਹੀ ਤਿਆਗੀ ਅਤੇ ਪ੍ਰਭੂ ਪ੍ਰੇਮ ਦੇ ਸਤਿਪੁਰਖ ਸਨ। ਬਚਪਨ ਦੇ ਦਿਨਾਂ ਤੋਂ ਹੀ ਉਨ੍ਹਾਂ ਦੇ ਅੰਦਰ ਇੱਕੋ ਇੱਕ ਲੋਚਾ ਆਪਣੇ ਪਿਆਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਤੀਤੀ ਅਤੇ ਉਨ੍ਹਾਂ ਦੇ ਪ੍ਰਤੱਖ ਦਰਸ਼ਨ ਕਰਨ ਦੀ ਸੀ। ਉਹ ਸੰਸਾਰਕ ਮੋਹ ਦਾ ਤਿਆਗ ਕਰਕੇ ਕੇਵਲ ਸ੍ਰੀ ਗੁਰੂ ਨਾਨਕ ਸਾਹਿਬ ਦੀ ਹੀ ਅਰਾਧਨਾ ਵਿੱਚ ਦਿਨ ਬਤੀਤ ਕਰਦੇ ਸਨ। ਆਪ ਨੇ ਆਪਣੀ ਬਾਲ-ਅਵਸਥਾ ਤੋਂ ਹੀ ਪ੍ਰਭੂ ਗੁਰੂ ਨਾਨਕ ਸਾਹਿਬ ਪ੍ਰਤੀ ਅਥਾਹ ਪ੍ਰੇਮ ਦੀ ਪਵਿੱਤਰ ਭਾਵਨਾ ਵਿੱਚ ਸਭ ਕੁਝ ਕੁਰਬਾਨ ਕਰ ਦਿੱਤਾ ਸੀ।
(ਜ਼ਬਾਨੀ ਭਾਈ ਰਤਨ ਸਿੰਘ ਜੀ ਕਲੇਰਾਂ, ਜੋ ਕਿ ਹਜ਼ੂਰ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਅਨਿਨ ਸ਼ਰਧਾਲੂ ਸਨ ਤੇ ਜੀਵਨ ਭਰ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਰਹੇ ਸਨ।)
ਚੜਿਆ ਦਸਵੈ ਆਕਾਸਿ॥
ਤਿਥੈ ਊਂਘ ਨਾ ਭੁਖ ਹੈ ਹਰਿ
ਅੰਮ੍ਰਿਤ ਨਾਮੁ ਸੁਖ ਵਾਸੁ॥
ਨਾਨਕ ਦੁਖੁ ਸੁਖੁ ਵਿਆਪਤ ਨਹੀ
ਜਿਥੈ ਆਤਮ ਰਾਮ ਪ੍ਰਗਾਸੁ॥
ਗੁਰੂ ਅਮਰਦਾਸ ਜੀ ਨੇ ਸਹਿਜ ਅਵਸਥਾ ਵਾਲੇ ਗੁਰਮੁਖ ਦੀਆਂ ਆਤਮਕ ਅਵਸਥਾਵਾਂ ਬਾਰੇ ਫੁਰਮਾਇਆ ਹੈ ਕਿ ਗੁਰਮੁਖ ਸਹਿਜ ਅਤੇ ਵਿਸਮਾਦ ਵਿੱਚ ਰਹਿੰਦੇ ਹਨ। ਗੁਰਮੁਖ ਬਖਸ਼ਿਸ਼ ਦੇ ਮੰਡਲ ਵਿੱਚ ਰਹਿੰਦੇ ਹਨ।
ਇਸ ਅਵਸਥਾ ਵਿੱਚ ਨੀਂਦ ਅਤੇ ਭੁੱਖ ਨਹੀਂ ਸਤਾਉਂਦੀ, ਜੀਵ ਪਰਮਾਤਮਾ ਦੇ ਨਾਮ ਦੀ ਅੰਮ੍ਰਿਤ ਰੂਪੀ ਫੁਹਾਰ ਵਿੱਚ ਅਨੰਦਿਤ ਰਹਿੰਦਾ ਹੈ।
ਉਨ੍ਹਾਂ ਗੁਰਮੁਖਾਂ ਨੂੰ ਦੁੱਖ-ਸੁੱਖ ਡੁਲਾਉਂਦੇ ਨਹੀਂ ਜਿਹੜੇ ਆਤਮਾ ਦੀ ਰੂਹਾਨੀ ਗੁਲਜ਼ਾਰ ਵਿੱਚ ਅਨੰਦ ਮਗਨ ਰਹਿੰਦੇ ਹਨ।
ਇਕ ਸੱਚੇ ਸੰਤ ਦੀ ਆਤਮਾ ਅੰਮ੍ਰਿਤ ਨਾਮ ਦੇ ਅਨੰਦ ਵਿੱਚ ਜੁੜੀ ਹੁੰਦੀ ਹੈ। ਉਨ੍ਹਾਂ ਦਾ ਆਤਮ ਰੱਬ ਦੇ ਨੂਰ ਨਾਲ ਖਿੜਿਆ ਹੁੰਦਾ ਹੈ। ਉਹ ਪਰਮਾਤਮਾ ਨਾਲ ਇਕ ਰੂਪ ਹੋ ਚੁੱਕੇ ਹੁੰਦੇ ਹਨ। ਜਿਵੇਂ ਪਰਮਾਤਮਾ ਨੀਂਦ ਤੇ ਭੁੱਖ ਤੋਂ ਉੱਪਰ ਹੈ, ਇਸੇ ਤਰ੍ਹਾਂ ਉਸ ਨਾਲ ਇਕ-ਰੂਪ ਹੋਏ ਗੁਰਮੁੱਖ ਵੀ ਇਸੇ ਅਵਸਥਾ ਵਿੱਚ ਰਹਿੰਦੇ ਹਨ। ਪਰਮਾਤਮਾ ਨੂੰ ਦੁੱਖ ਸੁੱਖ ਨਹੀਂ ਪੋਂਹਦਾ, ਇਸੇ ਤਰ੍ਹਾਂ ਉਸ ਵਿੱਚ ਲੀਨ ਗੁਰਮੁਖ, ਜਿਨ੍ਹਾਂ ਦੇ ਆਤਮੇ ਪ੍ਰਕਾਸ਼ ਹੋ ਚੁੱਕਾ ਹੁੰਦਾ ਹੈ, ਪਰਮਾਤਮਾ ਦੇ ਨੂਰ ਨਾਲ ਵਿਸਮਾਦ ਦੀ ਅਵਸਥਾ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਕੋਈ ਦੁੱਖ-ਸੁੱਖ ਨਹੀਂ ਵਿਆਪਦਾ।
ਪਰਮਾਤਮਾ ਨਾਲ ਸਦੀਵੀ ਤੌਰ ਤੇ ਜੁੜੇ ਸੱਚੇ ਪੂਰਨ ਸੰਤ ਸਰੀਰਕ ਸੁੱਖਾਂ ਤੋਂ ਉਪਰ ਉੱਠ ਚੁੱਕੇ ਹੁੰਦੇ ਹਨ। ਨੀਂਦ ਅਤੇ ਭੁੱਖ, ਹਰਖ ਤੇ ਸੋਗ, ਸੁੱਖ ਅਤੇ ਦੁੱਖ ਉਨ੍ਹਾਂ ਦੇ ਨੇੜੇ ਨਹੀਂ ਆਉਂਦੇ ਹਨ। ਬਾਬਾ ਹਰਨਾਮ ਸਿੰਘ ਜੀ ਮਹਾਰਾਜ ਅਤੇ ਬਾਬਾ ਨੰਦ ਸਿੰਘ ਜੀ ਮਹਾਰਾਜ-ਜਨਮ ਤੋਂ ਹੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ।
ਅੰਮ੍ਰਿਤ - ਨਾਮ ਅਤੇ ਆਤਮ ਪ੍ਰਕਾਸ਼ ਦੇ ਵਿਸਮਾਦੀ ਅਨੰਦ ਨਾਲ ਸਬਰ-ਸ਼ੁਕਰ, ਤ੍ਰਿਪਤੀ ਅਤੇ ਸੰਤੋਖ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਇਸ ਨਿਰਾਲੀ ਅਤੇ ਜੀਅ-ਦਾਨ ਦੇਣ ਵਾਲੀ ਰੂਹਾਨੀ ਅਵਸਥਾ ਵਿੱਚ ਨੀਂਦ ਜਾਂ ਭੁੱਖ, ਹਰਖ ਜਾਂ ਸੋਗ, ਸੁੱਖ ਜਾਂ ਦੁੱਖ ਕਦੇ ਵਿਆਪਦੇ ਹੀ ਨਹੀਂ।
ਨਾਮ-ਰਸ ਅਤੇ ਆਤਮ-ਰਸ ਦਾ ਵਿਸਮਾਦ ਸਵੈ-ਸੰਤੋਖ ਦੇ ਰੂਹਾਨੀ ਮੰਡਲ ਦੀ ਅਵਸਥਾ ਹੈ। ਇਸ ਵਿਸਮਾਦ ਤੋਂ ਜਿਸਮਾਨੀ ਵਜੂਦ ਨੂੰ ਮਿਲਦੀ ਆਤਮਕ ਖ਼ੁਰਾਕ ਦੀ ਸਰੀਰਕ ਅਰਾਮ ਨਾਲ ਕਿਣਕਾ ਮਾਤਰ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ।
ਗੁਰਮੁਖ ਵਹਿਮਾਂ-ਭਰਮਾਂ ਦੀ ਦਲਦਲ ਤੋਂ ਪਾਰ ਲੰਘ ਚੁੱਕੇ ਹੁੰਦੇ ਹਨ। ਇਸ ਅਵਸਥਾ ਵਿੱਚ ਮਾਇਆ ਉਨ੍ਹਾਂ ਨੂੰ ਭਰਮਾ ਨਹੀਂ ਸਕਦੀ, ਕਿਉਂ ਜੋ ਉਨ੍ਹਾਂ ਨੇ ਮਾਇਆ ਦਾ ਪਰਦਾ ਹਟਾ ਦਿੱਤਾ ਹੁੰਦਾ ਹੈ।
ਨਾਮ ਰਸ ਦੀ ਪਵਿੱਤਰ ਲੋਚਾ ਅਤੇ ਆਤਮ ਰਸ, ਸ਼ੁਭ ਚਿੰਤਨ ਅਤੇ ਪ੍ਰੇਮ ਰਸ ਦੀ ਸੱਚੀ ਭਾਵਨਾ ਨਾਲ ਸਾਰੀਆਂ ਸੰਸਾਰਕ ਭੁੱਖਾਂ ਅਤੇ ਤ੍ਰਿਸ਼ਨਾਵਾਂ ਦਾ ਸਮਾਧਾਨ ਹੋ ਜਾਂਦਾ ਹੈ।
ਸਤਿ ਮਾਰਗ ਦੇ ਪਾਂਧੀ ਨਾਮ ਅਭਿਆਸ ਕਮਾਈ ਵਾਸਤੇ ਭੋਜਨ ਅਤੇ ਨੀਂਦ ਦੇ ਸਖ਼ਤ ਨਿਯਮਾਂ ਦੀ ਪਾਲਣਾ ਕਰਦੇ ਹਨ। ਸੁਆਦ ਦੀਆਂ ਤ੍ਰਿਸ਼ਨਾਵਾਂ ਅਤੇ ਇੰਦਰਿਆਵੀ ਸੁੱਖਾਂ ਉਪਰ ਕਾਬੂ ਪਾਉਂਣ ਲਈ ਕਈ ਕਈ ਜੀਵਨ ਘਾਲਣਾਵਾਂ ਘਾਲਣੀਆਂ ਪੈਂਦੀਆ ਹਨ। ਇਕ ਵਾਰ ਇਨ੍ਹਾਂ ਨੂੰ ਦਬਾ ਲੈਣ ਬਾਅਦ ਵੀ ਇਹ ਦੱਬੀਆ ਘੁੱਟੀਆਂ ਰਹਿੰਦੀਆਂ ਹਨ ਅਤੇ ਸਮਾਂ ਪਾ ਕੇ ਫਿਰ ਭਗਤੀ ਵਿੱਚ ਵਿਘਨ ਪਾਉਂਦੀਆਂ ਹਨ। ਕੋਈ ਗੁਰਮੁਖ ਜਾਂ ਜਗਿਆਸੂ ਗੁਰੂ ਦੀ ਮਿਹਰ ਨਾਲ ਇਨ੍ਹਾਂ ਨੂੰ ਸਦਾ ਵਾਸਤੇ ਕਾਬੂ ਕਰਕੇ ਨਾਮ-ਰਸ ਅਤੇ ਆਤਮ-ਰਸ ਦਾ ਅਨੰਦ ਮਾਣ ਸਕਦਾ ਹੈ।
ਗੁਰਮੁਖ ਦੇ ਨੂਰਾਨੀ ਚਿਹਰੇ ਤੇ ਚਮਕਦੀ ਸ਼ਾਂਤੀ, ਅਡੋਲਤਾ, ਸਹਿਜ, ਨਾਮ-ਰਸ ਅਤੇ ਆਤਮ-ਰਸ ਦੇ ਪਰਤਾਪ ਸਦਕਾ ਸੱਚੇ ਜਗਿਆਸੂਆਂ ਦੇ ਮਨਾਂ ਵਿੱਚੋਂ ਸੰਸਾਰਕ ਤ੍ਰਿਸ਼ਨਾਵਾਂ ਆਪਣੇ ਆਪ ਅਲੋਪ ਹੋ ਜਾਂਦੀਆਂ ਹਨ। ਇਹ ਸਤਿ ਪੁਰਖਾਂ ਦੇ ਨੂਰਾਨੀ ਚਿਹਰਿਆਂ ਤੇ ਚਮਕਦੀ ਰੂਹਾਨੀਅਤ ਦੀ ਵਿਲੱਖਣ ਸ਼ਕਤੀ ਹੈ।
ਜਦੋਂ ਕੋਈ ਜਗਿਆਸੂ ਇਕ ਵਾਰ ਇਸ ਪਰਮ ਪਦ ਦੀ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ ਤਾਂ ਫਿਰ ਇਹ ਅਵਸਥਾ ਕਦੇ ਘੱਟਦੀ ਨਹੀਂ, ਸਗੋਂ ਪ੍ਰਭੂ-ਪ੍ਰੀਤਮ ਵਿੱਚ ਅਭੇਦਤਾ ਦੀ ਇਹ ਅਵਸਥਾ ਸਦੀਵ ਕਾਲ ਤਕ ਬਣੀ ਰਹਿੰਦੀ ਹੈ।
ਸੂਰਜ ਕਦੇ ਡੁੱਬਦਾ ਨਹੀਂ, ਇਸੇ ਤਰ੍ਹਾਂ ਸੱਚੇ ਗੁਰਮੁਖ ਦੇ ਹਿਰਦੇ ਵਿੱਚ ਨਾਮ ਰਸ ਅਤੇ ਆਤਮ-ਰਸ ਦਾ ਪ੍ਰਕਾਸ਼ ਸਦਾ ਬਣਿਆ ਰਹਿੰਦਾ ਹੈ। ਨਾਮ-ਰਸ ਚੱਖਣ ਅਤੇ ਰੂਹਾਨੀ ਸਰੋਵਰ ਵਿੱਚ ਨਿੱਤ ਚੁੱਭੀਆਂ ਲਾਉਂਣ ਵਾਲਾ ਗੁਰਮੁਖ ਸਦਾ ਜਾਗਤ ਅਵਸਥਾ ਵਿੱਚ ਰਹਿੰਦਾ ਹੈ, ਜਦ ਕਿ ਦੁਨੀਆਂਦਾਰੀ ਕੰਮਾਂ ਵਿੱਚ ਹੁਸ਼ਿਆਰੀ ਨਾਲ ਕਮਾਈ ਕਰਨ ਵਾਲਾ ਮਨੁੱਖ ਅਸਲ ਵਿੱਚ ਸੁੱਤਾ ਤੇ ਆਤਮਕ ਤੌਰ ਤੇ ਮਰ ਚੁੱਕਾ ਹੁੰਦਾ ਹੈ।
ਬਾਬਾ ਨਾਨਕ ਬਖਸ਼ ਲੈ॥