ਰੂਹਾਨੀ ਖੇਡ ਅਤੇ ਅਪਾਰ ਲੀਲ੍ਹਾ
ਬਾਬਾ ਨੰਦ ਸਿੰਘ ਜੀ ਮਹਾਰਾਜ ਬਾਲ-ਅਵਸਥਾ ਤੋਂ ਲੈ ਕੇ ਅੰਤ ਤੱਕ ਪਰਮਾਤਮਾ ਵਿੱਚ ਲੀਨ ਰਹੇ ਸਨ। ਉਹ ਪਹਿਲੇ ਧਰਮਾਤਮਾ ਪੁਰਖ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਨੂੰ ਰੂ-ਬ-ਰੂ ਵੇਖਣਾ ਚਾਹਿਆ ਸੀ। ਉਹ ਆਪਣੇ ਪ੍ਰਭੂ-ਪ੍ਰੀਤਮ ਨਾਲ ਵਿਅਕਤੀਗਤ ਰੂਪ ਵਿੱਚ ਗੱਲਾਂ ਕਰਨੀਆਂ ਤੇ ਉਨ੍ਹਾਂ ਦੀ ਸੇਵਾ ਕਰਨੀ ਚਾਹੁੰਦੇ ਸਨ। ਉਹ ਸਿਧਾਂਤ ਅਤੇ ਮਨੌਤ ਨਾਲ ਹੀ ਸਤੁੰਸ਼ਟ ਨਹੀਂ ਸਨ। ਉਨ੍ਹਾਂ ਦੀ ਬਾਲ-ਅਵਸਥਾ ਵਿੱਚੋਂ ਪ੍ਰਭੂ-ਪ੍ਰਾਪਤੀ ਦੀ ਲੋਚਾ ਪ੍ਰਤੱਖ ਨਜ਼ਰ ਆਉਂਦੀ ਹੈ। ਬਾਬਾ ਜੀ ਨਿਰੰਤਰ ਰੱਬ ਦੇ ਸਿਮਰਨ ਅਤੇ ਭਗਤੀ ਦੀ ਅਵਸਥਾ ਵਿੱਚ ਹੀ ਲੀਨ ਰਹਿੰਦੇ ਸਨ।
ਪਿਛਲੇ ਕਈ ਸੌ ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਸਹਿਤ ਕੜਾਹ ਪ੍ਰਸਾਦ ਭੇਟਾ ਕੀਤਾ ਜਾਂਦਾ ਹੈ। ਬਾਬਾ ਜੀ ਕੇਵਲ ਕੜਾਹ ਪ੍ਰਸਾਦ ਭੇਟਾ ਕਰਨ ਤੱਕ ਹੀ ਸੀਮਤ ਨਹੀਂ ਸਨ। ਉਹ ਇਸ ਦੀ ਵਿਵਹਾਰਕ ਅਤੇ ਯਕੀਨੀ ਪਰਵਾਨਗੀ ਦੀ ਚੇਸ਼ਟਾ ਰਖਦੇ ਸਨ। ਉਹ ਨਿਰੀ ਕਲਪਨਾ ਜਾ ਨਿਰੇ ਕਰਮ-ਕਾਂਡ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਵਿਸ਼ਵ ਗੁਰੂ ਦੇ ਪ੍ਰਤੱਖ ਦਰਸ਼ਨ ਕਰਨਾ ਚਾਹੁੰਦੇ ਸਨ। ਉਹ ਪਰਮਾਤਮਾ ਨੂੰ ਜੀਵਿਤ ਸੱਚ ਵਜੋਂ ਪ੍ਰੇਮ ਕਰਦੇ ਸਨ, ਕੇਵਲ ਕਾਲਪਨਿਕ ਸੋਚਣੀ ਵਿੱਚ ਨਹੀਂ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਸ਼ਵ ਨੂਰ ਨੂੰ ਹਾਜ਼ਰ ਨਾਜ਼ਰ ਤੇ ਸਦੀਵੀ ਗੁਰੂ ਵੱਜੋਂ ਹੋਣ ਦੇ ਵਿਸ਼ਵਾਸ ਨੂੰ ਇਸ ਕਦਰ ਪਰਪੱਕ ਕੀਤਾ ਸੀ ਕਿ ਅੱਜ ਇਹ ਧਾਰਨਾ ਬਹੁਤ ਵੱਡੀ ਪੱਧਰ ਤੇ ਸਾਰੀ ਦੁਨੀਆਂ ਵਿੱਚ ਆਪਣੀ ਰੂਹਾਨੀ ਰੰਗਤ ਦੇ ਰਹੀ ਹੈ।
ਇਹ ਬਹੁਤ ਨਿਰਾਲੀ, ਅਨੋਖੀ ਅਤੇ ਵਿਸ਼ੇਸ਼ ਗੱਲ ਹੈ ਕਿ ਪੂਜਯ ਬਾਬਾ ਜੀ ਵਿੱਚ, ਬਾਲ-ਅਵਸਥਾ ਤੋਂ ਹੀ ਰੱਬੀ ਸ਼ਕਤੀ ਅਤੇ ਨੂਰ ਮੌਜੂਦ ਸੀ। ਰੂਹਾਨੀਅਤ ਦੇ ਸਮੁੰਦਰ ਬਾਬਾ ਜੀ ਨੇ ਸਾਰੀ ਮਾਨਵਜਾਤੀ ਉੱਪਰ ਆਪਣੀਆਂ ਮਿਹਰਾਂ ਅਤੇ ਬਖਸ਼ਿਸ਼ਾਂ ਦਾ ਮੀਂਹ ਵਰਸਾਇਆ ਸੀ। ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਅਪਾਰ ਮਿਹਰਾਂ ਦੇ ਵਿਸ਼ਾਲ ਖੇਤਰ ਅਤੇ ਬਖਸ਼ਿਸ਼ਾਂ ਦੇ ਖਜ਼ਾਨੇ ਹੋਣਾ, ਇਸ ਗੱਲ ਦਾ ਸੰਕੇਤ ਹੈ ਕਿ ਰੱਬ ਆਪ ਸਰੀਰਕ ਰੂਪ ਧਾਰ ਕੇ ਧਰਤੀ ਤੇ ਵਿੱਚਰ ਰਿਹਾ ਸੀ। ਉਨ੍ਹਾਂ ਇਸ ਸ੍ਰਿਸ਼ਟੀ ਦੇ ਜੀਵਾਂ ਨੂੰ ਅਨੇਕਾਂ ਬੰਧਨਾ ਤੋਂ ਮੁਕਤ ਕੀਤਾ ਸੀ। ਇਹ ਪਵਿੱਤਰ ਕਾਜ ਮਹਾਨ ਮਸੀਹਾ ਅਤੇ ਪ੍ਰੇਮ ਦਾ ਪੈਗ਼ਬੰਰ ਹੀ ਕਰ ਸਕਦਾ ਸੀ।
ਦਾਸ ਨੇ ਭਾਰੀ ਸੰਗਤਾਂ ਦੇ ਇਕੱਠ ਵਿੱਚ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਵਰਤਦੀ ਰੂਹਾਨੀ ਸ਼ਕਤੀ ਦੇ ਕਈ ਵਾਰ ਦਰਸ਼ਨ ਕੀਤੇ ਹਨ। ਉਨ੍ਹਾਂ ਦੀਆਂ ਨਜ਼ਰਾਂ ਜੰਗਲੀ ਜੀਵਾਂ ਤੇ ਵੀ ਪੈਂਦੀਆਂ ਸਨ। ਦਾਸ ਨੇ ਬਾਬਾ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਵੱਡੇ ਵੱਡੇ ਰੂਹਾਨੀ ਕੌਤਕ ਅਤੇ ਕ੍ਰਿਸ਼ਮੇ ਵੇਖੇ। ਮੈਨੂੰ ਉਨ੍ਹਾਂ ਸ਼ੰਕਾਵਾਦੀ ਲੋਕਾਂ ਤੇ ਹੈਰਾਨੀ ਹੁੰਦੀ ਹੈ ਜਿਹੜੇ ਸਾਡੇ ਮਹਾਨ ਸਤਿਗੁਰੂ, ਸ੍ਰੀ ਗੁਰੂ ਨਾਨਕ ਜੀ ਦੇ ਰੂਹਾਨੀ ਚਮਤਕਾਰਾਂ ਅਤੇ ਕੌਤਕਾਂ ਤੇ ਵੀ ਸ਼ੰਕਾ ਕਰਦੇ ਹਨ।
ਬਾਬਾ ਜੀ ਦੀ ਆਤਮਕ ਸ਼ਕਤੀ ਅਤੇ ਤਾਣ ਉਸ ਆਤਮ-ਸਿਧੀ ਨਾਲੋਂ ਬਿਲਕੁਲ ਵੱਖਰਾ ਹੈ ਜਿਹੜਾ ਆਮ ਸੰਤ ਜਾਂ ਫ਼ਕੀਰ ਲੋਕ ਪ੍ਰਾਪਤ ਕਰ ਲੈਂਦੇ ਹਨ। ਬਾਬਾ ਜੀ ਇਹ ਰੱਬੀ ਸ਼ਕਤੀ ਤੇ ਨੂਰ ਧੁਰੋਂ ਹੀ ਲੈ ਕੇ ਆਏ ਸਨ। ਬਾਬਾ ਜੀ ਜਿੱਥੇ ਵੀ ਗਏ, ਜਿਹੜੇ ਵੀ ਜੀਅ ਉਨ੍ਹਾਂ ਨੂੰ ਮਿਲੇ, ਸਭ ਦਾ ਉੱਧਾਰ ਕੀਤਾ। ਉਨ੍ਹਾਂ ਨੂੰ ਜੀਅ ਦਾਨ ਦੇ ਕੇ ਹਰੇ ਭਰੇ ਕੀਤਾ। ਉਨ੍ਹਾਂ ਦੀ ਹਜ਼ੂਰੀ ਦੇ ਸੂਰਜ ਦੀਆਂ ਕਿਰਨਾਂ ਜਿਹੜੀਆਂ ਵੀ ਰੂਹਾਂ ਅਤੇ ਹਿਰਦਿਆਂ ਉੱਤੇ ਪੈਂਦੀਆ ਸਨ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਨਾਮ ਨਾਲ ਰੰਗੀਆਂ ਜਾਂਦੀਆਂ ਸਨ। ਉਨ੍ਹਾਂ ਦੇ ਮੁਖਾਰਬਿੰਦ ਤੋਂ “ਅਸੀਂ” ਜਾਂ “ਸਾਡਾ” ਸ਼ਬਦ ਕਦੇ ਨਹੀਂ ਨਿਕਲਿਆ ਸੀ। ਪੂਰੀ ਸ਼ਰਧਾ ਅਤੇ ਅਰਪਿਤ ਜੀਵਨ ਵਿੱਚ “ਆਪਾ” ਕਦੇ ਵੀ ਪ੍ਰਧਾਨ ਨਹੀ ਹੁੰਦਾ। ਮੇਰਾ ਨਿਸ਼ਚਾ ਹੈ ਕਿ ਇਸ ਸੰਸਾਰ ਵਿੱਚ ਬਾਬਾ ਜੀ ਵਰਗੀ ਆਤਮ ਤਿਆਗ ਅਤੇ ਆਤਮ ਸੰਜਮ ਦੀ ਉਦਾਹਰਣ ਹੋਰ ਕਿਧਰੇ ਨਹੀਂ ਮਿਲ ਸਕਦੀ।
ਨਮਸਕਾਰ ਹੈ ਉਨ੍ਹਾਂ ਦੀ ਮਹਾਨ ਸਾਧਨਾ ਨੂੰ।
ਨਮਸਕਾਰ ਹੈ ਉਨ੍ਹਾਂ ਦੀ ਮਰਯਾਦਾ ਨੂੰ।
ਨਮਸਕਾਰ ਹੈ ਉਨ੍ਹਾਂ ਦੇ ਆਤਮ ਸੰਜਮ ਨੂੰ।
ਸੱਚੀ ਭਗਤੀ ਲਈ ਪੂਰਨ ਵੈਰਾਗ ਅਤੇ ਪੂਰਨ ਤਿਆਗ ਦੀ ਲੋੜ ਹੈ। ਬਾਬਾ ਨੰਦ ਸਿੰਘ ਜੀ ਮਹਾਰਾਜ ਤਿਆਗ ਤੇ ਵੈਰਾਗ ਦੀਆਂ ਸਾਰੀਆਂ ਸੰਭਵ ਸੀਮਾਵਾਂ ਤੋਂ ਪਾਰ ਸਨ। ਉਹ ਤਨੋ ਮਨੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹੋਏ ਸਨ। ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭਗਤੀ ਦਾ ਸ੍ਰੇਸ਼ਟ ਨਮੂਨਾ ਅਤੇ ਗੁਰੂ ਨਾਨਕ ਭਗਤੀ ਮਾਰਗ ਦੇ ਇਲਾਹੀ ਦੂਤ ਸਨ।