ਰੂਹਾਨੀ ਗਿਆਨ
ਸ਼ੁਰੂ ਸ਼ੁਰੂ ਵਿੱਚ ਜਦੋਂ ਦਾਸ ਮਹਾਂਪੁਰਖ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਉਨ੍ਹਾਂ ਦੀ ਪਵਿੱਤਰ ਕੁਟੀਆ (ਠਾਠ) ਵਿਖੇ ਜਾਇਆ ਕਰਦਾ ਸੀ ਤਾਂ ਦਾਸ ਨੂੰ ਉਨ੍ਹਾਂ ਦੇ ਪ੍ਰਵਚਨ ਸੁਣਨ ਦਾ ਸੁਭਾਗ ਪ੍ਰਾਪਤ ਹੁੰਦਾ ਰਹਿੰਦਾ ਸੀ। ਉਸ ਵੇਲੇ ਮੈਂ ਕਾਲਿਜ ਦਾ ਵਿਦਿਆਰਥੀ ਸੀ। ਮੇਰੇ ਜ਼ਿਹਨ ਤੇ ਉਨ੍ਹਾਂ ਦੇ ਮਹਾਨ ਬਚਨਾਂ ਦੀ ਡੂੰਘੀ ਛਾਪ ਲੱਗੀ ਹੋਈ ਹੈ। ਦਾਸ ਬਾਬਾ ਜੀ ਦੇ ਬਚਨਾਂ ਦੇ ਪ੍ਰਭਾਵਾਂ ਦੇ ਦੁਰਲੱਭ ਅਨੁਭਵਾਂ ਨੂੰ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹੈ। ਮੈਨੂੰ ਆਪਣੀ ਅਸਮਰਥਾ ਦਾ ਅਹਿਸਾਸ ਹੈ ਤੇ ਮੈਂ ਉਨ੍ਹਾਂ ਦੇ ਮਹਾਨ ਬਚਨਾਂ ਨੂੰ ਪਹਿਲ-ਤਾਜ਼ਗੀ ਵਿੱਚ ਬਿਆਨ ਨਹੀਂ ਕਰ ਸਕਾਂਗਾ ਪਰ ਫਿਰ ਵੀ ਮੈਂ ਸੁਣੇ ਪ੍ਰਵਚਨਾਂ ਨੂੰ ਆਪਣੀ ਤੁਛ ਬੁੱਧੀ ਅਨੁਸਾਰ ਤੁਹਾਡੇ ਨਾਲ ਸਾਂਝੇ ਕਰਦਾ ਹਾਂ।
ਇਕ ਦੇਸ਼ ਦਾ ਰਾਜਾ ਧਰਮੀ ਹੁੰਦਾ ਸੀ। ਉਸਦੀ ਸਾਰੀ ਪਰਜਾ ਇਕਾਦਸ਼ੀ ਦਾ ਵਰਤ ਰੱਖਦੀ ਸੀ। ਇਕ ਵਾਰ ਇਸੇ ਤਰ੍ਹਾਂ ਇਕਾਦਸ਼ੀ ਦਾ ਦਿਨ ਸੀ। ਸਨਮੁਖ ਨਾ ਦੇ ਇਕ ਨਿਵਾਸੀ ਦੇ ਘਰ ਵਿੱਚੋਂ ਧੂੰਆ ਨਿਕਲ ਰਿਹਾ ਸੀ। ਰਾਜੇ ਨੇ ਉਸ ਨੂੰ ਆਪਣੇ ਦਰਬਾਰ ਵਿੱਚ ਬੁਲਵਾ ਲਿਆ ਤੇ ਉਸ ਨੂੰ ਇਕਾਦਸ਼ੀ ਦਾ ਵਰਤ ਨਾ ਰੱਖਣ ਦਾ ਕਾਰਨ ਪੁੱਛਿਆ। ਸਨਮੁਖ ਨੇ ਬਹੁਤ ਨਿਮਰਤਾ ਨਾਲ ਅਰਜ਼ ਕੀਤੀ,
ਰਾਜਾ ਸੱਚੇ ਗਿਆਨ ਦੀਆਂ ਗੱਲਾਂ ਸੁਣ ਕੇ ਬਹੁਤ ਪ੍ਰਭਾਵਤ ਹੋਇਆ। ਰਾਜੇ ਨੇ ਗੁਰੂ ਜੀ ਦੇ ਬਾਰੇ ਹੋਰ ਕਈ ਗੱਲਾਂ ਵੀ ਪੁੱਛੀਆਂ। ਸਨਮੁਖ ਨੇ ਉਸਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਨਾ ਦੱਸਿਆ। ਰਾਜੇ ਨੇ ਕਿਹਾ ਕਿ, ਕੀ ਉਸ ਦੇ ਭਾਗਾਂ ਵਿੱਚ ਵੀ ਗੁਰੂ ਜੀ ਦੇ ਦਰਸ਼ਨ ਹੋ ਸਕਦੇ ਹਨ ? ਸਨਮੁਖ ਨੇ ਕਿਹਾ ਕਿ ਸਤਿਗੁਰੂ ਜੀ ਘਟ ਘਟ ਦੇ ਦਿਲਾਂ ਦੀ ਜਾਨਣਹਾਰ ਹਨ। ਤੁਹਾਡੇ ਮਨ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਦੀ ਤੀਬਰ ਇੱਛਾ ਪੈਦਾ ਹੋਣੀ ਚਾਹੀਦੀ ਹੈ ਫਿਰ ਗੁਰੂ ਜੀ ਆਪ ਹੀ ਦਰਸ਼ਨ ਦੇਣਗ।। ਕੁਝ ਸਮੇਂ ਬਾਅਦ ਵਸੋਂ ਤੋਂ ਦੂਰ ਇਕ ਵੀਰਾਨ ਬਾਗ਼ ਵਿੱਚ ਤਿੰਨ ਸਾਧੂ ਆ ਕੇ ਠਹਿਰ ਗਏ। ਉਨ੍ਹਾਂ ਦੇ ਚਰਨ ਪਾਉਂਣ ਨਾਲ ਸੁੱਕਾ ਹੋਇਆ ਬਾਗ਼ ਫਿਰ ਹਰਾ ਭਰਾ ਹੋ ਗਿਆ। ਬਾਗ਼ ਵਿੱਚ ਇਕ ਸ਼ਾਂਤ ਸੁਹਾਵਣਾ ਅਸਥਾਨ ਬਣ ਗਿਆ। ਇਹ ਗੱਲ ਰਾਜੇ ਤੱਕ ਵੀ ਪਹੁੰਚ ਗਈ ਕਿ ਉਸਦੇ ਰਾਜ ਵਿੱਚ ਤਿੰਨ ਸਾਧੂਆਂ ਦੇ ਠਹਿਰਣ ਨਾਲ ਸੁੱਕਾ ਬਾਗ਼ ਫਿਰ ਤੋਂ ਹਰਾ ਹੋ ਗਿਆ ਹੈ। ਰਾਜੇ ਨੂੰ ਇਹ ਪਤਾ ਲੱਗਾ ਕਿ ਲੋਕ ਵਹੀਰਾਂ ਘੱਤ ਕੇ ਉਨ੍ਹਾਂ ਦੇ ਦਰਸ਼ਨ ਕਰਨ ਜਾ ਰਹੇ ਹਨ। ਸਾਰੇ ਰਾਜ ਵਿੱਚ ਕੋਈ ਅਜਿਹਾ ਵਿਅਕਤੀ ਨਹੀਂ ਰਿਹਾ ਜਿਸ ਨੇ ਮਹਾਨ ਮੁਕਤੀ ਦੇ ਦਾਤੇ ਦੇ ਦਰਸ਼ਨ ਨਹੀਂ ਕੀਤੇ ਹੋਣਗੇ।
ਰਾਜੇ ਦੇ ਮਨ ਵਿੱਚ ਸਾਧੂਆਂ ਦੀ ਸਚਾਈ ਨੂੰ ਪਰਖਣ ਦਾ ਖ਼ਿਆਲ ਆ ਗਿਆ। ਉਸ ਨੇ ਸਾਧੂਆਂ ਨੂੰ ਡੁਲਾਣ ਲਈ ਆਪਣੇ ਦਰਬਾਰ ਦੀਆਂ ਆਕਰਸ਼ਕ ਤੇ ਸੁੰਦਰ ਨਾਰੀਆਂ ਨੂੰ ਉਨ੍ਹਾਂ ਦੇ ਪਾਸ ਭੇਜਿਆ। ਪਰੰਤੂ ਜਦੋਂ “ਕਾਮ” ਦੀਆਂ ਮੂਰਤਾਂ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਪਹੁੰਚੀਆਂ, ਤਾਂ ਗੂਰੂ ਜੀ ਦੀਆਂ ਮਿਹਰ ਭਰੀਆਂ ਨਜ਼ਰਾਂ, ਭੈੜੇ ਇਰਾਦੇ ਵਾਲੀਆਂ ਔਰਤਾਂ ਤੇ ਪਈਆਂ ਤਾਂ ਉਨ੍ਹਾਂ ਨੂੰ ਗੁਰੂ ਜੀ ਦੀ ਪਵਿੱਤਰਤਾ ਤੇ ਰੂਹਾਨੀ ਨੂਰ ਦੀਆਂ ਝਰਨਾਟਾਂ ਮਹਿਸੂਸ ਹੋਈਆਂ। ਗੁਰੂ ਜੀ ਦੀ ਮਿਹਰ ਨਾਲ ਇਹ ਔਰਤਾਂ ਪਵਿੱਤਰਤਾ ਦੀਆਂ ਮੂਰਤੀਆਂ ਤੇ ਸਤਿ ਦੀਆਂ ਦੇਵੀਆਂ ਵਿੱਚ ਬਦਲ ਗਈਆਂ। ਗੁਰੂ ਸਾਹਿਬ ਦੀ ਦਇਆ-ਦ੍ਰਿਸ਼ਟੀ ਵਿੱਚ ਬੇਮਿਸਾਲ ਇਲਾਹੀ ਸ਼ਕਤੀ ਸੀ। ਇਹ ਉਹੀ ਦ੍ਰਿਸ਼ਟੀ ਸੀ ਜਿਸਨੇ ਕੌਡੇ ਰਾਖਸ਼ ਨੂੰ ਇਕ ਛਿਨ ਵਿੱਚ ਦੇਵਤਾ ਬਣਾ ਦਿਤਾ ਸੀ ਤੇ ਸੱਜਣ ਠੱਗ ਨੂੰ ਸੰਤ। ਏਸੇ ਤੱਕਣੀ ਨਾਲ ਕੌੜਾ ਰੀਠਾ ਮਿੱਠਾ ਹੋ ਗਿਆ ਸੀ ਤੇ ਦੀਪਾਲਪੁਰ ਦਾ ਕੋੜ੍ਹੀ ਨਵਾਂ ਨਰੋਆ ਹੋ ਕੇ ਨਾਮ ਦੀ ਖ਼ੁਸ਼ਬੂ ਦਾ ਮੁਜੱਸਮਾ ਬਣ ਗਿਆ ਸੀ। ਕਿੰਨੀਆ ਖੁਸ਼ਕਿਸਮਤ ਸਨ ਇਹ ਭੈੜੀਆਂ ਔਰਤਾਂ ਜਿਹੜੀਆਂ ਗੁਰੂ ਨਾਨਕ ਦੀ ਦ੍ਰਿਸ਼ਟੀ ਨਾਲ ਯਕਦਮ ਝੂਠ ਤੋਂ ਸੱਚ ਦੀਆਂ ਮੂਰਤੀਆਂ ਬਣ ਗਈਆਂ ਸਨ।
ਇਹ ਔਰਤਾਂ ਰਾਜੇ ਪਾਸ ਮੁੜ ਗਈਆਂ। ਉਨ੍ਹਾਂ ਨੇ ਆਪਣੇ ਇਸ ਭੈੜੇ ਪੇਸ਼ੇ ਨੂੰ ਤਿਆਗ ਦੇਣ ਬਾਰੇ ਰਾਜੇ ਨੂੰ ਦੱਸ ਦਿੱਤਾ। ਰਾਜਾ ਔਰਤਾਂ ਦੀ ਇਸ ਅਜੀਬ ਅਤੇ ਕੌਤਕੀ ਤਬਦੀਲੀ ਤੇ ਬਹੁਤ ਹੈਰਾਨ ਹੋਇਆ। ਉਸ ਨੂੰ ਆਪਣੀ ਝੂਠੀ ਹਉਂਮੈ ਅਤੇ ਹੰਕਾਰ ਦਾ ਬਹੁਤ ਪਛਤਾਵਾ ਹੋਇਆ। ਉਹ ਉਸੇ ਵਕਤ ਉਨ੍ਹਾਂ ਮਹਾਨ ਦਰਵੇਸ਼ਾਂ ਤੋਂ ਮੁਆਫ਼ੀ ਮੰਗਣ ਲਈ ਭੱਜ ਉੱਠਿਆ। ਉਹ ਆਪਣੇ ਨਾਲ ਭੇਟਾ ਕਰਨ ਲਈ ਕਈ ਤਰ੍ਹਾਂ ਦੇ ਪਦਾਰਥ ਅਤੇ ਸੁਗਾਤਾਂ ਵੀ ਲੈ ਗਿਆ।
ਗੁਰੂ ਜੀ ਦੇ ਚਰਨਾਂ ਵਿੱਚ ਸ਼ਾਹੀ ਚੜ੍ਹਾਵਾ ਭੇਟਾ ਕਰਦਿਆਂ ਉਸ ਨੇ ਗੁਰੂ ਜੀ ਨੂੰ ਪਰਵਾਨ ਕਰਨ ਲਈ ਅਰਜ਼ੋਈ ਕੀਤੀ। ਇਸ ਸੰਸਾਰ ਦੇ ਸਾਰੇ ਸੁੱਖ ਦੇਣ ਵਾਲੇ ਮਹਾਨ ਗੁਰੂ ਜੀ ਨੇ ਭੇਟਾਵਾਂ ਪਰਵਾਨ ਨਾ ਕੀਤੀਆਂ। ਰਾਜੇ ਨੇ ਬੜੀ ਨਿਮਰਤਾ ਨਾਲ ਗੁਰੂ ਜੀ ਨੂੰ} ਮਹਿਲਾਂ ਵਿੱਚ ਚਰਨ ਪਾਉਣ ਅਤੇ ਭੋਜਨ ਛਕਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਪੁੱਛਿਆ, ਕਿ ਉੱਥੇ ਜਾ ਕੇ ਕਿਹੜੀ ਖ਼ਾਸ ਦੱਖਿਣਾ ਦੇਵੇਂਗਾ ?ਰਾਜਾ ਸੋਚਾਂ ਵਿੱਚ ਪੈ ਗਿਆ ਫਿਰ ਉਸ ਨੇ ਗੁਰੂ ਜੀ ਅੱਗੇ ਆਪਣਾ ਤਨ ਹਾਜ਼ਰ ਕਰ ਦਿੱਤਾ। ਗੁਰੂ ਜੀ ਨੇ ਉਸ ਨੂੰ ਫਿਰ ਕਿਹਾ ਕਿ ਰਾਜਨ ਕੋਈ ਆਪਣੀ ਵਸਤੂ ਭੇਟਾ ਕਰ।
ਰਾਜੇ ਨੇ ਸੋਚਿਆ ਕਿ ਰਾਜ ਭਾਗ ਤੇ ਧਨ ਦੌਲਤ ਦੀ ਤਰ੍ਹਾਂ ਇਹ ਨਾਸ਼ਵਾਨ ਸਰੀਰ ਵੀ ਮੇਰਾ ਆਪਣਾ ਨਹੀਂ ਹੈ। ਜੇ ਆਪਣਾ ਸਰੀਰ ਵੀ ਸਾਥ ਨਹੀਂ ਨਿਭਾਉਂਦਾ ਤਾਂ ਇਸ ਦੁਨਿਆਵੀ ਧਨ-ਦੌਲਤ ਨੂੰ ਕਿਵੇਂ ਆਪਣੀ ਕਿਹਾ ਜਾ ਸਕਦਾ ਹੈ। ਮੇਰਾ ਤਾਂ ਮਨ ਵੀ ਆਪਣਾ ਨਹੀਂ, ਇਹ ਤਾਂ ਮੈਨੂੰ ਨਚਾਉਂਦਾ ਹੈ।