ਮੁਕਤੀ ਦਾਤਾ-ਸ੍ਰੀ ਗੁਰੂ ਅਮਰਦਾਸ ਜੀ
ਇਕ ਵਾਰ ਮੇਰੇ ਬਜ਼ੁਰਗ ਪਿਤਾ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਸਥਿੱਤ ਪਵਿੱਤਰ ਬਾਉਲੀ ਸਾਹਿਬ ਦੇ ਪਵਿੱਤਰ ਇਸ਼ਨਾਨ ਅਤੇ ਜਪੁਜੀ ਸਾਹਿਬ ਦੇ ਪਾਠ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ “ਚੁਬਾਰਾ ਸਾਹਿਬ” ਵਿਖੇ ਕੜਾਹ ਪ੍ਰਸ਼ਾਦ ਦੇ ਨਾਲ ਆਪਣੇ ਆਪ ਨੂੰ ਹਾਜ਼ਰ ਕੀਤਾ। ਨਿਮਰਤਾ ਅਤੇ ਭਗਤੀ ਭਾਵ ਨਾਲ ਸ੍ਰੀ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਵਿੱਚ ਇਸ ਪ੍ਰਕਾਰ ਬੇਨਤੀ ਕੀਤੀ :
ਸ੍ਰੀ ਗੁਰੂ ਅਮਰਦਾਸ ਜੀਓ !
ਇਹ ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਕੁੱਤਾ।
ਇਹ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ
ਦਰ ਦਾ ਕੁੱਤਾ।
ਇਹ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ
ਕੁੱਤਿਆਂ ਦਾ ਕੁੱਤਾ।
ਤੁਹਾਡੇ ਪਵਿੱਤਰ ਚਰਨ-ਕਮਲਾਂ ਤੋਂ ਭੀਖ ਮੰਗਦਾ ਹੈ। ਹੇ ! ਅਕਾਲ ਪੁਰਖ, ਸੱਚੇ ਪਾਤਸ਼ਾਹ, ਸਰਬ ਪਿਆਰੇ ਅਤੇ ਕਿਰਪਾਲੂ ਪਰਮਾਤਮਾ! ਤੁਸੀਂ ਆਪਣੀ ਅਸੀਮਤ ਦਿਆਲਤਾ ਅਤੇ ਕਿਰਪਾਲਤਾ ਨਾਲ ਮੇਰੇ ਵਰਗੇ ਨਿਮਾਣੇ ਕੁੱਤੇ ਲਈ ਬਾਉਲੀ ਸਾਹਿਬ ਵਿੱਚ ਇਸ਼ਨਾਨ ਕਰਨ ਅਤੇ ਜਪੁਜੀ ਸਾਹਿਬ ਦਾ ਪਾਠ ਕਰਨ ਦੀ ਸਮਰਥਾ ਪ੍ਰਦਾਨ ਕੀਤੀ ਹੈ।
ਹੇ ਕਿਰਪਾ-ਸਾਗਰ, ਆਪਣੀ ਦਇਆ ਦੀ ਮਿਹਰ ਪ੍ਰਦਾਨ ਕਰੋ ਅਤੇ ਆਪਣੇ ਇਸ ਨਿਮਾਣੇ ਸੇਵਕ ਦਾ ਪ੍ਰਸ਼ਾਦ ਸਵੀਕਾਰ ਕਰੋ ਅਤੇ ਆਪਣੇ ਮਿਹਰ ਭਰੇ “ਹੁਕਮਨਾਮੇ” ਦੀ ਬਖਸ਼ਿਸ਼ ਕਰੋ।
ਜਿਉਂ ਹੀ ਮੇਰੇ ਪਿਤਾ ਜੀ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਨਾਮ ਦਾ ਉਚਾਰਨ ਕੀਤਾ ਉਸੇ ਸਮੇਂ ਮੇਰੇ ਪਿਤਾ ਜੀ ਦੇ ਸੱਜੇ ਪਾਸੇ ਭੌਤਿਕ ਰੂਪ ਵਿੱਚ ਸੁਹਿਰਦ ਅਤੇ ਦਿਆਲੂ ਬਾਬਾ ਜੀ ਆ ਖੜ੍ਹੇ ਹੋਏ। ਆਪਣੇ ਦੋਵੇਂ ਪਵਿੱਤਰ ਕਰ-ਕਮਲਾਂ ਨੂੰ ਜੋੜ ਕੇ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੂੰ ਅਤਿ ਨਿਮਰਤਾ ਪੂਰਵਕ ਜੋਦੜੀ ਕੀਤੀ :
ਸੱਚੇ ਪਾਤਸ਼ਾਹ ਇਸ ਗਰੀਬ ਤੇ ਮਿਹਰ ਕਰੋ।
ਇਸ ਤੋਂ ਉਪਰੰਤ ਮਹਾਨ ਬਾਬਾ ਜੀ ਨੇ ਪਿਤਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਲਾਹੀ ਹੁਕਮਨਾਮਾ ਲੈਣ ਦਾ ਆਦੇਸ਼ ਦਿੱਤਾ। ਇਹ ਪੂਰਾ ਸਮਾਂ ਮੇਰੇ ਪਿਤਾ ਜੀ ਦੇ ਲਗਾਤਾਰ ਅੱਥਰੂ ਵਗਦੇ ਰਹੇ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬੈਠੇ, ਚੌਰ ਸਾਹਿਬ ਨਾਲ ਸੇਵਾ ਕੀਤੀ ਅਤੇ ਫਿਰ ਹੁਕਮਨਾਮਾ ਲਿਆ।
ਨਿਮਰਤਾ ਦੇ ਪੁੰਜ, ਕਿਰਪਾਲੂ ਪ੍ਰਭੂ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਅਨੰਤ ਅਤੇ ਅਸੀਮਤ ਇਲਾਹੀ ਕਿਰਪਾ ਨਾਲ ਮੇਰੇ ਪਿਤਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਵਿੱਤਰ ਹੁਕਮਨਾਮੇ ਨਾਲ ਵਰੋਸਾਇਆ:
ਤੂ ਪਰਬਤੁ ਮੇਰਾ ਓਲ੍ਹ ਰਾਮ॥
ਹਉ ਬਲਿ ਜਾਈ ਲਖ ਲਖ ਲਖ ਬਰੀਆ
ਜਿਨਿ ਭ੍ਰਮੁ ਪਰਦਾ ਖੋਲ੍ਹ ਰਾਮ।।
ਮਿਟੇ ਅੰਧਾਰੇ ਤਜੇ ਬਿਕਾਰੇ ਠਾਕੁਰ ਸਿਉ ਮਨੁ ਮਾਨਾ॥
ਪ੍ਰਭ ਜੀ ਭਾਣੀ ਭਈ ਨਿਕਾਣੀ
ਸਫਲ ਜਨਮੁ ਪਰਵਾਨਾ॥
ਭਈ ਅਮੋਲੀ ਭਾਰਾ ਤੋਲੀ ਮੁਕਤਿ ਜੁਗਤਿ ਦਰੁ ਖੋਲ੍ਹ ॥
ਕਹੁ ਨਾਨਕ ਹਉ ਨਿਰਭਉ ਹੋਈ ਸੋ ਪ੍ਰਭੁ ਮੇਰਾ ਓਲ੍ਹ ॥
ਪਿਤਾ ਜੀ ਪੂਰੀ ਸ਼ਰਧਾ ਨਾਲ ਝੁੱਕ ਗਏ ਅਤੇ ਜਦੋਂ ਉਨ੍ਹਾਂ ਨੇ ਆਪਣਾ ਸੀਸ ਉਠਾਇਆ ਤਾਂ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਥਾਨ ਤੇ ਪ੍ਰਕਾਸ਼ ਮਈ ਨੂਰਾਨੀ ਨੂਰ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ। ਪਿਤਾ ਜੀ ਦੀ ਨਿਮਰਤਾ ਅਤੇ ਅਥਾਹ ਭਗਤੀ ਭਾਵ ਨੂੰ ਦੇਖ ਕੇ ਉਨ੍ਹਾਂ ਦੇ (ਗੁਰੂ ਸਾਹਿਬ ਦੇ) ਪਵਿੱਤਰ ਨੇਤਰ ਵੀ ਪਿਆਰ ਦੇ ਹੰਝੂਆਂ ਨਾਲ ਭਰਪੂਰ ਸਨ।
ਪੂਰਨ ਇਲਾਹੀ ਅਵਸਥਾ ਵਿੱਚ ਬਾਬਾ ਨੰਦ ਸਿੰਘ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਇਸ਼ਾਰਾ ਕਰਦੇ ਹੋਏ ਜੋ ਕਿ ਹੁਣ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਤੱਖ ਰੂਪ ਵਿੱਚ ਬਿਰਾਜਮਾਨ ਸਨ-ਮੇਰੇ ਪਿਤਾ ਜੀ ਨੂੰ ਫੁਰਮਾ ਰਹੇ ਸਨ :
ਸ੍ਰੀ ਗੁਰੂ ਗ੍ਰੰਥ ਸਾਹਿਬ ਰੱਬੀ ਸੰਗੀਤ ਹੈ ਜੋ ਕਿ ਸ੍ਰਿਸ਼ਟੀ ਦਾ ਰਹੱਸ ਹੈ।
ਜਨ ਨਾਨਕ ਲੇਖਾ ਸਮਝਾ॥
ਜਉ ਫਾਟਿਓ ਸਗਲੋ ਲੇਖਾ॥