ਬਾਬਾ ਨੰਦ ਸਿੰਘ ਜੀ ਮਹਾਰਾਜ
ਆਤਮਾਵਾਂ ਦੀ ਆਤਮਾ ਤੇ ਜਾਨਾ ਦੀ ਜਾਨ
ਬਾਬਾ ਜੀ ਦੇ ਸਰੀਰਕ ਵਿਛੋੜੇ ਦੀ ਖ਼ਬਰ ਸੁਣ ਕੇ ਲੱਖਾਂ ਹੀ ਸ਼ਰਧਾਲੂ ਉਨ੍ਹਾਂ ਦੇ ਆਖਰੀ ਦਰਸ਼ਨ ਕਰਨ ਲਈ ਆ ਜੁੜੇ ਸਨ । ਪਿਤਾ ਜੀ ਨੇ ਮੋਗੇ ਤੋਂ ਬੱਸਾਂ ਅਤੇ ਟਰੱਕਾਂ-ਗੱਡੀਆਂ ਦੇ ਕਾਫ਼ਲੇ ਦਾ ਪ੍ਰਬੰਧ ਕੀਤਾ ਹੋਇਆ ਸੀ । ਇਹ ਗੱਡੀਆਂ ਸੰਗਤਾਂ ਨਾਲ ਭਰੀਆਂ ਹੋਈਆਂ ਸਨ । ਇਹ ਸਾਰਾ ਕਾਫ਼ਲਾ ਦਰਿਆ ਦੇ ਉਸ ਅਸਥਾਨ ਵੱਲ ਜਾ ਰਿਹਾ ਸੀ ਜਿੱਥੇ ਪੂਜਯ ਬਾਬਾ ਜੀ ਦਾ ਪਵਿੱਤਰ ਸਰੀਰ ਜਲ ਪ੍ਰਵਾਹ ਕੀਤਾ ਜਾਣਾ ਸੀ । ਇਕ ਬਹੁਤ ਬਜ਼ੁਰਗ ਸ਼ਰਧਾਲੂ ਸੰਗਤ ਨਾਲ ਭਰੇ ਟਰੱਕ ਦੇ ਪਿੱਛੇ ਲਟਕ ਕੇ ਜਾ ਰਿਹਾ ਸੀ । ਪਿਤਾ ਜੀ ਨੇ ਉਸ ਨੂੰ ਥੱਲੇ ਉਤਰ ਜਾਣ ਲਈ ਬੇਨਤੀ ਕੀਤੀ ਤਾਂ ਕਿ ਉਹ ਚਲਦੇ ਟਰੱਕ ਵਿੱਚੋਂ ਕਿਤੇ ਡਿੱਗ ਨਾ ਪਵੇ ।
ਬਾਬਾ ਜੀ ਦਾ ਸਰੀਰਕ ਵਿਛੋੜਾ ਸਹਾਰਨਾ ਪਿਤਾ ਜੀ ਲਈ ਵੀ ਬਹੁਤ ਔਖਾ ਸੀ । ਘਰ ਵਾਪਸ ਆ ਕੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿੱਚ ਜਾ ਕੇ ਬੱਚਿਆਂ ਵਾਂਗ ਰੋਣ ਲੱਗ ਪਏ । ਵਿਛੋੜੇ ਵਿੱਚ ਇਸ ਤਰ੍ਹਾਂ ਰੋਂਦਿਆਂ ਉਨ੍ਹਾਂ ਨੂੰ ਇਕ ਅਜੀਬ ਦ੍ਰਿਸ਼ ਵਿਖਾਈ ਦਿੱਤਾ । ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਉਸ ਬਜ਼ੁਰਗ ਆਦਮੀ ਦਾ ਰੂਪ ਧਾਰ ਕੇ ਦਰਸ਼ਨ ਦਿੱਤੇ ਜਿਸ ਬਜ਼ੁਰਗ ਆਦਮੀ ਨੂੰ ਪਿਤਾ ਜੀ ਨੇ ਸੰਗਤ ਨਾਲ ਭਰੇ ਹੋਏ ਟਰੱਕ ਤੋਂ ਹੇਠਾਂ ਉਤਰ ਆਉਂਣ ਲਈ ਬੇਨਤੀ ਕੀਤੀ ਸੀ । ਪਿਤਾ ਜੀ ਨੇ ਬਾਕੀ ਸਾਰੀ ਰਾਤ ਬਹੁਤ ਬੇਚੈਨੀ ਵਿੱਚ ਕੱਟੀ । ਅਗਲੀ ਸਵੇਰ ਸਵੱਖਤੇ ਹੀ ਉਸ ਅਸਥਾਨ ਵੱਲ ਚਲ ਪਏ । ਉਨ੍ਹਾਂ ਨੇ ਇਲਾਕੇ ਦੇ ਕੁਝ ਪਤਵੰਤੇ ਸੱਜਣਾਂ ਨੂੰ ਮਿਲ ਕੇ ਤੇ ਕਾਫ਼ੀ ਤਾਲਾਸ਼ ਕਰਕੇ ਉਸੇ ਬਜ਼ੁਰਗ ਆਦਮੀ ਨੂੰ ਆਖਰ ਲੱਭ ਹੀ ਲਿਆ । ਉਨ੍ਹਾਂ ਨੇ ਸੰਗਤਾਂ ਦੀ ਹਾਜ਼ਰੀ ਵਿੱਚ ਬਹੁਤ ਨਿਮਰਤਾ ਨਾਲ ਆਪਣਾ ਸੀਸ ਉਸ ਬਜ਼ੁਰਗ ਦੇ ਚਰਨਾਂ ਵਿੱਚ ਰੱਖ ਕੇ ਆਪਣੀ ਭੁੱਲ ਦੀ ਖ਼ਿਮਾ ਮੰਗੀ ਸੀ ।
ਇਸ ਤਰ੍ਹਾਂ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਪਿਤਾ ਜੀ ਨੂੰ ਉਸ ਬ੍ਰਹਮ ਗਿਆਨ ਦਾ ਅਨੁਭਵ ਕਰਵਾਇਆ ਸੀ ਕਿ ਇਕ ਰੱਬੀ-ਸੱਤਾ ਹੀ ਸਾਰੇ ਜੀਵਾਂ ਅਤੇ ਸਾਰੀ ਸ੍ਰਿਸ਼ਟੀ ਵਿੱਚ ਪਸਰ ਰਹੀ ਹੈ । ਇਸ ਦਿਨ ਉਨ੍ਹਾਂ ਨੇ ਬਹੁਤ ਦਇਆ ਕਰਕੇ ਆਪਣੇ ਪਿਆਰੇ ਸੇਵਕ ਨੂੰ ਦਰਸ਼ਨ ਦੇ ਕੇ ਨਿਵਾਜਿਆ ਸੀ । ਇਹ ਪ੍ਰਭੂ ਨੂੰ ਹਰ ਥਾਂ, ਹਰ ਸਮੇ ਹਾਜ਼ਰ ਨਾਜ਼ਰ ਸਮਝਣ ਦੀ ਦਾਤ ਦਿੱਤੀ ਸੀ ।
ਰਾਮ ਬਿਨਾ ਕੋ ਬੋਲੈ ਰੇ ।।
ਸਤਿ ਅਤੇ ਸਮਦ੍ਰਿਸ਼ਟੀ ਇਕ ਹਨ । ਪਰਮ ਸਤਿ ਸਾਰੇ ਬ੍ਰਹਿਮੰਡ ਵਿੱਚ ਮੌਜੂਦ ਹੈ । ਰੱਬ ਦੇ ਸੱਚੇ ਭਗਤ ਨੂੰ ਸਰਬਵਿਆਪਕ ਪ੍ਰਭੂ ਦੇ ਦਰਸ਼ਨ ਹੁੰਦੇ ਹਨ, ਉਹ ਪ੍ਰਭੂ ਨਾਲ ਇਕ ਰੂਪ ਹੋ ਜਾਂਦਾ ਹੈ। ਭਗਤ ਨਾਮ ਦੇਵ ਜੀ ਨੇ ਰੱਬ ਨੂੰ ਹਰ ਵਸਤੂ ਵਿੱਚ ਵੇਖਿਆ ਸੀ । ਉਸ ਨੇ ਆਪਣੇ ਸ਼ਬਦਾਂ ਵਿੱਚ ਸਰਬਵਿਆਪਕ ਪ੍ਰਭੂ ਦੀ ਮਹਿਮਾ ਗਾਈ ਹੈ ।
ਬਹੁਤ ਸਾਰੇ ਇਸ ਸਚਾਈ ਨੂੰ ਸਿਧਾਂਤਕ ਰੂਪ ਵਿੱਚ ਜਾਣਦੇ ਹਨ ਪਰ ਉਹ ਵਿਰਲੇ ਹੁੰਦੇ ਹਨ, ਜਿਨ੍ਹਾਂ ਉਪਰ ਸਮਦ੍ਰਿਸ਼ਟੀ ਦੀ ਕਿਰਪਾ ਹੁੰਦੀ ਹੈ । ਉਹ ਕਿਸੇ ਦਾ ਹਿਰਦਾ ਦੁਖੀ ਨਹੀ ਕਰਦੇ ਅਤੇ ਸਾਰਿਆਂ ਨੂੰ ਪ੍ਰਭੂ ਪ੍ਰੇਮ ਦਾ ਦਾਨ ਦਿੰਦੇ ਹਨ । ਉਹ ਸਰਬ ਸਾਂਝੇ ਜੀਵਨ ਵਾਲੇ ਬਣ ਜਾਂਦੇ ਹਨ ।
ਪਿਤਾ ਜੀ ਨੇ ਸਭ ਵਿੱਚ ਬਾਬਾ ਜੀ ਦੀ ਆਤਮਾ ਨੂੰ ਨਿਵਾਸ ਕਰਦੇ ਤੱਕਿਆ ਹੈ । ਸੰਗਤ ਦੀ ਸੇਵਾ ਕਰਕੇ ਉਨ੍ਹਾਂ ਨੂੰ ਖੁਸ਼ੀ ਪ੍ਰ੍ਰਾਪਤ ਹੁੰਦੀ ਸੀ । ਉਹ ਦੁੱਧ ਵਰਗੀ ਚਿੱਟੀ ਦਾੜ੍ਹੀ ਨਾਲ ਸੰਗਤਾਂ ਦੇ ਜੋੜੇ ਝਾੜਦੇ ਸਨ । ਲੰਗਰ ਵਰਤਾਉਂਦੇ ਅਤੇ ਗਰੀਬਾਂ-ਦੁਖੀਆਂ ਦੀ ਸੇਵਾ ਕਰਦੇ ਸਨ । ਉਨ੍ਹਾਂ ਨੂੰ ਸਭ ਵਿੱਚ ਬਾਬਾ ਨੰਦ ਸਿੰਘ ਜੀ ਮਹਾਰਾਜ ਨਜ਼ਰ ਆਉਂਦੇ ਸਨ । ਸੇਵਾ ਕਰਕੇ ਉਨ੍ਹਾਂ ਨੂੰ ਅਥਾਹ ਖੁਸ਼ੀ ਅਤੇ ਸੰਤੁਸ਼ਟਤਾ ਮਿਲਦੀ ਸੀ ।
ਕਿਧਰੇ ਬਾਬਾ ਜੀ ਦੇ ਹਿਰਦੇ ਨੂੰ ਦੁੱਖ ਨਾ ਪਹੁੰਚੇ, ਇਸ ਲਈ ਉਹ ਕਿਸੇ ਦਾ ਵੀ ਦਿਲ ਨਹੀਂ ਦੁਖਾਉਂਦੇ ਸਨ ਅਤੇ ਨਾ ਹੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਸਨ । ਉਨ੍ਹਾਂ ਦੀ ਦ੍ਰਿਸ਼ਟੀ ਸਮਦ੍ਰਿਸ਼ਟੀ ਸੀ । ਉਨ੍ਹਾਂ ਨੇ ਸਭ ਨੂੰ ਬਰਾਬਰ ਦ੍ਰਿਸ਼ਟੀ ਨਾਲ ਵੇਖਿਆ ਸੀ । ਉਹ ਹਰ ਇਕ ਨੂੰ ਬਰਾਬਰ ਨਿਮਰਤਾ ਅਤੇ ਸ਼ਰਧਾ ਭਾਵਨਾ ਨਾਲ ਪ੍ਰੇਮ ਕਰਦੇ ਸਨ। ਇਸ ਸਮਦ੍ਰਿਸ਼ਟੀ ਦੀ ਅਵਸਥਾ ਵਿੱਚ ਜਗਿਆਸੂ ਸਾਰੀ ਸ੍ਰਿਸ਼ਟੀ ਨੂੰ ਪ੍ਰੇਮ ਕਰਦਾ ਹੈ। ਇਕ ਵਾਰ ਉਨ੍ਹਾਂ ਕਿਹਾ ਸੀ,
ਭਾਈ ਘਨੱਈਆ ਜੀ ਅਤੇ ਭਾਈ ਨੰਦ ਲਾਲ ਜੀ ਨੂੰ ਸਭਨਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੁੰਦੇ ਸਨ, ਉਨ੍ਹਾਂ ਦੀ ਦ੍ਰਿਸ਼ਟੀ ਮਹਾਨ ਸੀ । ਇਸ ਦ੍ਰਿਸ਼ਟੀ ਵਿੱਚ ਜਾਤ-ਪਾਤ, ਰੰਗ-ਰੂਪ, ਨਸਲ, ਧਰਮ ਅਤੇ ਕੌਮ ਦੇ ਸਾਰੇ ਭੇਦ ਖ਼ਤਮ ਹੋ ਚੁੱਕੇ ਸਨ ।
ਇਕ ਵਾਰ ਚਾਲੀਸਾ ਕਰਦਿਆਂ ਬਾਬਾ ਜੀ ਨੇ ਉਨ੍ਹਾਂ ਨੂੰ ਦਰਸ਼ਨ ਦੇ ਕੇ ਆਪਣੇ “ਸਵੈ-ਆਪੇ” ਦੇ ਦਰਸ਼ਨ ਕਰਵਾਏ ਸਨ । ਪਿਤਾ ਜੀ ਇਸ “ਆਪੇ” ਦੇ ਦਰਸ਼ਨਾ ਨਾਲ ਚੁੰਧਿਆ ਗਏ ਸਨ । ਇਹ ਪਰਮ ਆਨੰਦ, ਰੂਹਾਨੀ ਖੇੜਾ ਅਤੇ ਖੁਸ਼ੀ ਦਾ ਸ਼ਿਖਰ ਸੀ । ਇਸਨੂੰ ਸ਼ਬਦਾਂ ਵਿੱਚ ਨਹੀਂ ਦੱਸਿਆ ਜਾ ਸਕਦਾ। ਇਹ ਰੱਬ ਦੇ ਘਰ ਅਤੇ ਉਸ ਦੀ ਮਿਹਰ ਦੇ ਘਰ ਦੀ ਯਾਤਰਾ ਸੀ । ਚਾਲੀਸਾ ਪੂਰਾ ਹੋ ਗਿਆ, ਪਿਤਾ ਜੀ ਬਾਹਰ ਸੈਰ ਕਰਨ ਚਲੇ ਗਏ । ਬਾਬਾ ਜੀ ਨੇ ਕਿਰਪਾ ਕੀਤੀ ਤੇ ਉਨ੍ਹਾਂ ਨੂੰ “ਆਪੇ” ਦੇ ਬਾਹਰੀ ਦਰਸ਼ਨ ਕਰਵਾਏ ਜਿਹੜਾ ਹਰ ਧਰਤੀ ਦੇ ਹਰ ਪ੍ਰਾਣੀ ਦੇ ਨਾਲ ਰਹਿੰਦਾ ਹੈ। ਹਰ ਪ੍ਰਾਣੀ ਵਿੱਚ ਇਹ ਰੱਬੀ “ਆਪਾ” ਹੈ,
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ।।
ਇਨ੍ਹਾਂ ਦਰਸ਼ਨਾਂ ਰਾਹੀਂ ਬਾਬਾ ਜੀ ਨੇ ਉਨ੍ਹਾਂ ਨੂੰ ਸਰਬਵਿਆਪਕ ਪ੍ਰਭੂ ਦੀ ਰੂਹਾਨੀ ਖੇਡ ਅਤੇ ਮਹਾਨਤਾ ਦਾ ਅਹਿਸਾਸ ਕਰਵਾਇਆ ਸੀ । ਉਨ੍ਹਾਂ ਨੂੰ ਹਰ ਥਾਂ ਤੇ ਹਰ ਪ੍ਰਾਣੀ ਵਿੱਚ ਪਰਮਾਤਮਾ ਦੇ ਹੀ ਦਰਸ਼ਨ ਹੁੰਦੇ ਸਨ । ਉਨ੍ਹਾਂ ਨੂੰ ਇਹ ਅਨੁਭਵ ਸਦਾ ਹੀ ਹੁੰਦਾ ਰਿਹਾ ।