ਵਿਦਾਇਗੀ ਦਾ ਇਲਾਹੀ ਤੋਹਫ਼ਾ
ਅਗਸਤ 1943 ਵਿੱਚ ਮਹਾਨ ਬਾਬਾ ਜੀ ਦੇ ਸਰੀਰਕ ਰੂਪ ਵਿੱਚ ਅਲੋਪ ਹੋਣ ਸਮੇਂ ਅਸੀਂ ਪਵਿੱਤਰ ਠਾਠ ਤੇ ਹਾਜ਼ਰ ਸੀ । ਬਾਬਾ ਜੀ ਦੀ ਪਵਿੱਤਰ ਦੇਹ ਨੂੰ ਅੰਤਿਮ ਪਵਿੱਤਰ ਦਰਸ਼ਨਾਂ ਲਈ ਬਾਰਾਂਦਰੀ ਵਿੱਚ ਰੱਖਿਆ ਹੋਇਆ ਸੀ । ਮੇਰੇ ਸਤਿਕਾਰ ਯੋਗ ਪਿਤਾ ਜੀ ਅਤੇ ਪਰਿਵਾਰ ਦੇ ਬਾਕੀ ਜੀਅ ਵੀ ਨੇੜੇ ਹੀ ਖੜ੍ਹੇ ਸਨ। ਸਵੇਰ ਦਾ ਵਕਤ ਸੀ ਅਤੇ ਅਸੀਂ ਸਾਰਾ ਪਰਿਵਾਰ ਤੜਕੇ ਹੀ ਉੱਥੇ ਪਹੁੰਚ ਗਏ । ਸੰਗਤ ਅਜੇ ਦਰਸ਼ਨਾਂ ਵਾਸਤੇ ਅੰਦਰ ਆਉਣੀ ਸ਼ੁਰੂ ਨਹੀਂ ਹੋਈ ਸੀ । ਆਪਣੇ ਪਿਆਰੇ ਮਾਲਕ ਤੋਂ ਵਿਛੜਣ ਦੀ ਅਕਿਹ ਅਤੇ ਅਸਹਿ ਪੀੜ ਸਾਡੇ ਸਭ ਲਈ ਅਤਿਅੰਤ ਦੁਖਦਾਈ ਸੀ ਅਤੇ ਸਾਡੇ ਸਭ ਦੀਆਂ ਅੱਖਾਂ ਵਿੱਚ ਅੱਥਰੂ ਸਨ । ਖਾਸ ਕਰਕੇ ਮੇਰੇ ਪਿਤਾ ਜੀ ਦੀ ਹਾਲਤ ਤਰਸਯੋਗ ਸੀ । ਉਹ ਇਕ ਬੱਚੇ ਵਾਂਗ ਵਿਲਕਦੇ ਹੋਏ ਵਿਰਲਾਪ ਕਰ ਰਹੇ ਸਨ । ਉਨ੍ਹਾਂ ਲਈ ਇਸ ਸਰੀਰਕ ਵਿਛੋੜੇ ਦਾ ਦੁੱਖ ਅਸਹਿ ਸੀ । ਉਨ੍ਹਾਂ ਲਈ ਹੁਣ ਜ਼ਿੰਦਗੀ ਮੌਤ ਤੋਂ ਵੀ ਜ਼ਿਆਦਾ ਦੁਖਦਾਈ ਸੀ ਅਤੇ ਉਹ ਮੌਤ ਦੇ ਕਿਨਾਰੇ ਬੈਠੇ ਲਗਦੇ ਸਨ ਅਤੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਪਵਿੱਤਰ ਸ਼ਬਦ ਦਾ ਅਲਾਪ ਕਰ ਰਹੇ ਸਨ :
ਤਿਸੁ ਆਗੈ ਮਰਿ ਚਲੀਐ ।।
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ।।
ਇਹ ਬਿਲਕੁਲ ਸਪਸ਼ਟ ਸੀ ਕਿ ਮੇਰੇ ਪੂਜਯ ਪਿਤਾ ਜੀ ਬਾਬਾ ਨੰਦ ਸਿੰਘ ਜੀ ਮਹਾਰਾਜ ਜੋ ਕਿ ਉਨ੍ਹਾਂ ਦੇ ਸਰਬ-ਉਚ ਪ੍ਰੇਮ, ਪੂਜਾ, ਭਗਤੀ ਅਤੇ ਪ੍ਰਸ਼ੰਸਾ ਦਾ ਆਦਰਸ਼ ਸਨ, ਤੋਂ ਬਗੈਰ ਜੀਵਤ ਨਹੀਂ ਰਹਿ ਸਕਦੇ ਸਨ ।
ਪਿਤਾ ਜੀ ਦੀ ਇਸ ਦੁਖਭਰੀ ਅਤਿਅੰਤ ਔਖੀ ਘੜੀ ਵਿੱਚ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਅਚਾਨਕ ਆਪਣੇ ਦਿਆਲੂ ਪਵਿੱਤਰ ਨੇਤਰ ਖੋਲ੍ਹੇ ਅਤੇ ਅੰਿਮ੍ਰਤ ਦੇ ਇਨ੍ਹਾਂ ਝਰਨਿਆਂ ”ਚੋਂ ਦਇਆ ਦਾ ਅੰਮ੍ਰਿਤ ਉਨ੍ਹਾਂ ਦੇ ਅਤਿ ਪਿਆਰੇ ਸੇਵਕ ਵੱਲ ਵਹਿ ਤੁਰਿਆ ਅਤੇ ਇਸ ਤਰ੍ਹਾਂ ਉਨ੍ਹਾਂ ਤੇ ਇਲਾਹੀ ਸਹਾਨੁਭੂਤਿ (ਕਿਰਪਾ) ਦਾ ਮੀਂਹ ਵਰ੍ਹ ਗਿਆ ਜਿਸ ਦੀ ਕਿ ਪਿਤਾ ਜੀ ਨੂੰ ਸਖ਼ਤ ਜ਼ਰੂਰਤ ਸੀ। ਬਾਬਾ ਜੀ ਨੇ ਫਿਰ ਆਪਣੇ ਸੱਜੇ ਹੱਥ ਨਾਲ ਆਪਣੇ ਜੋੜਿਆਂ ਵੱਲ ਇਸ਼ਾਰਾ ਕੀਤਾ ਜਿਹੜੇ ਕਿ ਉਨ੍ਹਾਂ ਦੇ ਕੋਲ ਸੱਜੇ ਪਾਸੇ ਥੱਲੇ ਪਏ ਹੋਏ ਸਨ ।
ਮੇਰੇ ਪਿਤਾ ਜੀ ਨੇ ਇਸੇ ਤਰ੍ਹਾਂ ਮੈਨੂੰ ਇਸ਼ਾਰਾ ਕੀਤਾ। ਮੈਂ ਮਹਾਨ ਬਾਬਾ ਜੀ ਦੇ ਪਵਿੱਤਰ ਜੋੜਿਆਂ ਨੂੰ ਉਠਾਇਆ ਅਤੇ ਆਪਣੀ ਦਸਤਾਰ ਵਿੱਚ ਲਪੇਟ ਕੇ ਆਪਣੇ ਸਿਰ ਉੱਤੇ ਰੱਖ ਲਏ। ਪਿਤਾ ਜੀ ਨੇ ਉੱਥੇ ਹਾਜ਼ਰ ਸੇਵਾਦਾਰਾਂ ਨੂੰ ਇਸ ਪ੍ਰਤੀ ਸੂਚਿਤ ਕੀਤਾ ਅਤੇ ਫਿਰ ਆਗਿਆ ਲੈ ਕੇ ਇਨ੍ਹਾਂ ਪਵਿੱਤਰ ਜੋੜਿਆਂ ਨੂੰ ਆਪਣੇ ਨਾਲ ਲੈ ਆਏ ।
ਬਾਬਾ ਨਰਿੰਦਰ ਸਿੰਘ ਜੀ ਲਈ ਆਪਣੇ ਪਿਆਰੇ ਮਾਲਿਕ ਦੇ ਪਵਿੱਤਰ ਜੋੜੇ ਹੀ ਉਨ੍ਹਾਂ ਦੀ ਜਿੰਦਗੀ ਬਣ ਗਏ ਸਨ । ਬਾਕੀ ਸਾਰਾ ਜੀਵਨ ਉਨ੍ਹਾਂ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਜੋੜਿਆਂ ਦੀ ਹੀ ਪੂਜਾ ਕੀਤੀ । ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਇਹ ਪਵਿੱਤਰ ਜੋੜੇ ਬਾਬਾ ਨਰਿੰਦਰ ਸਿੰਘ ਜੀ ਦੇ ਜੀਵਨ ਦੀ ਸੱਭ ਤੋਂ ਵੱਡੀ ਉਪਲਬਧੀ ਸੀ ਅਤੇ ਇਹ ਪ੍ਰਾਪਤੀ ਸਵਰਗ ਅਤੇ ਧਰਤੀ ਦੇ ਕਿਸੇ ਵੀ ਰਾਜ ਤੋਂ ਵੱਧ ਕੀਮਤੀ ਸੀ ।
ਬਾਬਾ ਜੀ ਦੇ ਜੋੜਿਆਂ ਲਈ ਉਨ੍ਹਾਂ ਦੀ ਭਗਤੀ, ਪੂਜਾ ਅਤੇ ਪ੍ਰੇਮ ਉਨ੍ਹਾਂ ਦੇ ਅੱਥਰੂ ਸਨ, ਜਿਹੜੇ ਕਿ ਅਮੁੱਕ ਨਦੀਆਂ ਦੀ ਤਰ੍ਹਾਂ ਵਹਿੰਦੇ ਸਨ ।
ਮੇਰੇ ਪੂਜਯ ਪਿਤਾ ਜੀ ਅਤਿ ਵਿਸਮਾਦ ਵਿੱਚ ਵਿਖਿਆਨ ਕਰਿਆ ਕਰਦੇ ਸਨ ਕਿ ਕਿਵੇਂ ਭਰਤ ਜੀ ਨੇ ਆਪਣੇ ਵੱਡੇ ਭਰਾ ਭਗਵਾਨ ਰਾਮ ਜੀ ਦੀ ਗੈਰਹਾਜ਼ਰੀ ਵਿੱਚ ਚੌਹਦਾਂ ਸਾਲ ਤਕ ਉਨ੍ਹਾਂ ਦੀਆਂ ਪਵਿੱਤਰ ਖੜਾਵਾਂ ਦੀ ਪੂਜਾ ਕੀਤੀ ਸੀ । ਇਸੇ ਤਰ੍ਹਾਂ ਅਮੀਰ ਖੁਸਰੋ ਦੀ ਕੀਤੀ ਗਈ ਉਸ ਮਹਾਨ ਕੁਰਬਾਨੀ ਦਾ ਦ੍ਰਿਸ਼ਟਾਂਤ ਜੋ ਕਿ ਹਜ਼ਰਤ ਨਿਜ਼ਾਮੁਦੀਨ ਔਲੀਆਂ ਦਾ ਵਿਸ਼ੇਸ਼ ਸ਼ਰਧਾਲੂ ਸੀ ਉਨ੍ਹਾਂ ਨੇ ਆਪਣੀ ਸਾਰੀ ਦੌਲਤ ਦੇ ਬਦਲੇ ਆਪਣੇ ਪੀਰ ਮੁਰਸ਼ਦ (ਹਜ਼ਰਤ ਨਿਜ਼ਾਮੁਦੀਨ ਔਲੀਆ) ਦੇ ਪੁਰਾਣੇ ਅਤੇ ਟੁੱਟੇ ਜੋੜਿਆਂ ਨੂੰ ਇਕ ਨਿਰਾਸ਼ ਸ਼ਰਧਾਲੂ ਤੋਂ ਖਰੀਦ ਲਿਆ ਸੀ ।
ਜਦੋਂ ਦਾਸ ਉਨ੍ਹਾਂ ਦੇ ਮੁਬਾਰਕ ਮੁਖਾਰਬਿੰਦ ਤੋਂ ਉਪਰੋਕਤ ਘਟਨਾਵਾਂ ਸੁਣਦਾ ਸੀ ਤਾਂ ਮੈਨੂੰ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਜੋੜਿਆਂ ਪ੍ਰਤੀ ਪ੍ਰਸ਼ੰਸਾਯੋਗ ਇਲਾਹੀ ਪ੍ਰੇਮ ਦਾ ਅਨੁਭਵ ਹੋ ਜਾਂਦਾ ਸੀ ।
ਮਾਰਚ 1983 ਨੂੰ ਆਪਣੀ ਭੌਤਿਕ ਉਪਸਥਿਤੀ ਦੇ ਅੰਤਿਮ ਪਲਾਂ ਦੌਰਾਨ ਮੇਰੇ ਪਿਤਾ ਜੀ ਨੇ ਮੇਰੀ ਵੱਡੀ ਭੈਣ ਬੀਬੀ ਅਜੀਤ ਕੌਰ ਨੂੰ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਜੋੜਿਆਂ ਨੂੰ ਲਿਆਉਣ ਵਾਸਤੇ ਕਿਹਾ । ਇਨ੍ਹਾਂ ਜੋੜਿਆਂ ਨੂੰ ਲਿਆਉਣ ਤੇ ਮੇਰੇ ਪੂਜਯ ਪਿਤਾ ਜੀ ਨੇ ਲੇਟੇ ਲੇਟੇ ਹੀ ਆਪਣੇ ਚਮਕਦੇ ਚੌੜੇ ਮੱਥੇ ਉੱਤੇ ਅਤਿ ਸ਼ਰਧਾ ਨਾਲ ਇਨ੍ਹਾਂ ਨੂੰ ਸੁਸ਼ੋਭਿਤ ਕੀਤਾ ਅਤੇ ਆਪਣੀ ਆਖ਼ਰੀ ਨਿਮਰ ਸ਼ਰਧਾਂਜਲੀ ਭੇਂਟ ਕਰਦੇ ਹੋਏ ਉਹ ਅਲੋਪ ਹੋ ਗਏ ਅਤੇ ਆਪਣਾ ਆਖਰੀ ਸਵਾਸ ਇਨ੍ਹਾਂ ਦੇ ਸਨਮੁਖ ਲੈਂਦੇ ਹੋਏ ਇਨ੍ਹਾਂ ਪਵਿੱਤਰ ਜੋੜਿਆਂ ਵਿੱਚ ਵਿਲੀਨ ਹੋ ਗਏ ।
ਇਸ ਤਰ੍ਹਾਂ ਉਨ੍ਹਾਂ ਨੇ ਆਨੰਦਤ ਹੋ ਕੇ ਆਪਣੇ ਜੀਵਨ ਦਾ ਅੰਤਿਮ ਸਵਾਸ ਵੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨ-ਕਮਲਾਂ ਦੇ ਪਵਿੱਤਰ ਜੋੜਿਆਂ ਵਿੱਚ ਲਿਆ । ਉਨ੍ਹਾਂ ਨੇ ਆਪਣੇ ਆਪ ਨੂੰ ਅਤਿ-ਪਵਿੱਤਰ ਚਰਨ-ਧੂੜ ਵਿੱਚ ਸਮਾ ਦਿੱਤਾ ਜਿਸ ਵਿੱਚ ਕਿ ਉਹ ਆਪਣਾ ਸੰਪੂਰਨ ਜੀਵਨ ਵਿੱਚਰਦੇ ਰਹੇ ਸਨ । ਉਹ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਚਰਨ-ਕਮਲਾਂ ਵਿੱਚ ਸਰੀਰਕ, ਮਾਨਸਿਕ ਅਤੇ ਆਤਮਿਕ ਰੂਪ ਵਿੱਚ ਅਭੇਦ ਹੋ ਗਏ । ਇਹ ਚਰਨ ਉਨ੍ਹਾਂ ਲਈ ਅਤਿ ਪਿਆਰੇ ਅਤੇ ਸਰਬ ਉੱਚ ਅਸਥਾਨ ਰੱਖਦੇ ਸਨ ।
ਉਸ ਸਮੇਂ ਇਹ ਪ੍ਰਤੀਤ ਹੁੰਦਾ ਸੀ ਕਿ ਉਹ ਬਾਬਾ ਨੰਦ ਸਿੰਘੰ ਜੀ ਮਹਾਰਾਜ ਦੇ ਪਵਿੱਤਰ ਚਰਨ-ਕਮਲਾਂ ਵਿੱਚ ਹੀ ਵਿਲੀਨ ਹੋ ਗਏ ਸਨ ਜਿਹੜੇ ਕਿ ਉਨ੍ਹਾਂ ਦੇ ਆਪਣੇ ਜੀਵਨ ਦਾ ਅਸਲੀ ਸੋਮਾਂ ਸਨ । ਇਸ ਤਰ੍ਹਾਂ ਵੀ ਲਗਦਾ ਸੀ ਕਿ ਉਨ੍ਹਾਂ ਨੇ ਆਖਰੀ ਪਵਿੱਤਰ ਇਸ਼ਨਾਨ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਦੀ ਧੂੜ ਵਿੱਚ ਕੀਤਾ ।
ਬਾਬਾ ਨਰਿੰਦਰ ਸਿੰਘ ਜੀ ਨੇ ਆਪਣਾ ਸਰੀਰਕ ਚੋਲਾ ਤਿਆਗਣ ਤੋਂ ਪਹਿਲਾਂ ਇਹ ਕਾਮਨਾ ਕੀਤੀ ਸੀ ਕਿ ਉਨ੍ਹਾਂ ਦੇ ਪਵਿੱਤਰ ਸਰੀਰ ਨੂੰ ਪੰਜ ਦਿਨਾਂ ਤਕ ਹੱਥ ਨਾ ਲਗਾਇਆ ਜਾਵੇ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਸਰੀਰ ਨੰਗਲ ਵਿੱਚ ਬਿਭੌਰ ਸਾਹਿਬ ਵਿਖੇ ਸਤਲੁਜ ਦਰਿਆ ਵਿੱਚ ਜਲ-ਪ੍ਰਵਾਹ ਕਰ ਦਿੱਤਾ ਜਾਵੇ । ਹੁਕਮ ਅਨੁਸਾਰ ਮਾਰਚ ਦੇ ਮਹੀਨੇ 12 ਤੋਂ 16 ਮਾਰਚ ਤਕ ਪੰਜ ਦਿਨਾਂ ਲਈ ਅਸੀਂ ਪਵਿੱਤਰ ਦੇਹ ਨੂੰ ਬਿਨਾਂ ਬਰਫ ਦੇ ਹੀ ਰੱਖਿਆ । ਇਸ ਅਰਸੇ ਵਿੱਚ ਸਰੀਰ ਦੇ ਵਿਘਟਨ ਦਾ ਕੋਈ ਵੀ ਚਿੰਨ ਨਹੀਂ ਸੀ । ਪਵਿੱਤਰ ਦੇਹ ਸਜੀਵ ਪ੍ਰਤੀਤ ਹੁੰਦੀ ਸੀ । ਰੂਹਾਨੀ ਚਮਕ ਕਰਕੇ ਉਨ੍ਹਾਂ ਦਾ ਪਵਿੱਤਰ ਚਿਹਰਾ ਸੂਰਜ ਦੇ ਪ੍ਰਕਾਸ਼ ਵਾਂਗ ਪ੍ਰਕਾਸ਼ਮਈ ਸੀ ।
ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨ-ਕਮਲਾਂ ਦੀ ਪਵਿੱਤਰ ਧੂੜ ਵਿੱਚ ਵਿਲੀਨਤਾ ਦਾ ਅਭਿਪ੍ਰਾਏ ਇਸ ਅਤਿ ਪਵਿੱਤਰ ਵਿਸਰਜਨ ਸਮੇਂ ਸਾਹਮਣੇ ਆਇਆ ।
ਇਸ ਤੋਂ ਬਾਅਦ ਇਕ ਸ਼ਾਨਦਾਰ ਇਲਾਹੀ ਜਲੂਸ ਅਰੰਭ ਹੋਇਆ ਜਿਸ ਦੀ ਅਗਵਾਈ ਕਈ ਦਰਗਾਹੀ ਬੈਂਡ ਕਰ ਰਹੇ ਸਨ । ਸਭ ਧਰਮਾਂ ਦੇ ਤੀਰਥ ਅਸਥਾਨਾਂ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਗੋਇੰਦਵਾਲ ਸਾਹਿਬ ਅਤੇ ਦੂਸਰੇ ਸਾਰੇ ਇਤਿਹਾਸਕ ਗੁਰਦੁਆਰੇ, ਮਹਾਨ ਇਤਿਹਾਸਕ ਮੰਦਰ, ਮਹਾਨ ਮੱਕਾ ਅਤੇ ਭਗਵਾਨ ਯਸੂ ਮਸੀਹ ਦੇ ਗਿਰਜਾ ਘਰਾਂ (ਚਰਚਾਂ) ਤੋਂ ਹੁੰਦਾ ਹੋਇਆ ਜਲੂਸ ਗੁਜ਼ਰ ਰਿਹਾ ਸੀ ਤਾਂ ਸਾਰੇ ਰਸਤੇ ਭਗਤੀ ਸੰਗੀਤ ਬਿਨਾਂ ਰੁਕੇ ਦਰਗਾਹੀ ਬੈਂਡ ਦੁਆਰਾ ਵਜਾਇਆ ਜਾ ਰਿਹਾ ਸੀ । ਦੇਵਤੇ ਅਤੇ ਫਰਿਸ਼ਤੇ ਖੁਸ਼ਬੂਦਾਰ ਫੁੱਲਾਂ ਦੀ ਲਗਾਤਾਰ ਬਰਖਾ ਕਰ ਰਹੇ ਸਨ । ਇਹ ਪਵਿੱਤਰ ਜਲੂਸ 16 ਮਾਰਚ 1983 ਨੂੰ ਸੱਚ ਖੰਡ ਵਿਖੇ ਸਮਾਪਤ ਹੋਇਆ ਜਦੋਂ ਕਿ ਪਵਿੱਤਰ ਸਰੀਰ ਨੂੰ ਜਲ-ਪ੍ਰਵਾਹ ਕੀਤਾ ਗਿਆ ।
ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਇਕ ਸੱਚੇ ਪ੍ਰੇਮੀ ਦੇ ਲਈ ਐਸੀ ਇਕ ਵਿਸ਼ਾਲ ਸ਼ੋਭਾ ਯਾਤਰਾ ਦਾ ਪ੍ਰਬੰਧ ਸੀ । ਪਿਤਾ ਜੀ ਨੂੰ ਇਕ ਸੁੰਦਰ ਪ੍ਰਕਾਸ਼ ਦੀ ਪਾਲਕੀ, ਜਿਹੜੀ ਦਰਗਾਹੀ ਹੀਰਿਆਂ ਅਤੇ ਜਵਾਹਰਾਤਾਂ ਨਾਲ ਸਜੀ ਹੋਈ ਸੀ, ਵਿੱਚ ਸੁਸ਼ੋਭਿਤ ਕੀਤਾ ਗਿਆ । ਸ਼ੋਭਾ-ਯਾਤਰਾ ਦੀ ਅਗਵਾਈ ਦਰਗਾਹੀ ਬੈਂਡ ਭਗਤੀ ਸੰਗੀਤ ਦੀਆਂ ਧੁਨਾਂ ਅਲਾਪਦੇ ਹੋਏ ਕਰ ਰਹੇ ਸਨ ਅਤੇ ਫਰਿਸ਼ਤਿਆਂ ਦਾ ਸਮੂਹ ਉਨ੍ਹਾਂ ਦਾ ਅਨੁਸਰਣ ਕਰ ਰਿਹਾ ਸੀ। ਇਕਮੱਤ ਹੋਈ ਇਲਾਹੀ ਆਵਾਜ਼ ਗੂੰਜੀ ਅਤੇ ਰੱਬੀ ਆਤਮਾ ਨੇ ਸਮੁੱਚੇ ਵਾਤਾਵਰਣ ਨੂੰ ਆਪਣੀ ਗਰਜ ਨਾਲ ਪ੍ਰਭਾਵਿਤ ਕੀਤਾ।
ਢੋਲ ਦੀ ਤਾਲ ਨਾਲ ਤਾਲ ਮਿਲਾਉਂਦੇ ਹੋਏ ਬੈਂਡ ਵਜ ਰਹੇ ਸਨ। ਢਾਡੀ ਗਾ ਰਹੇ ਸਨ ਅਤੇ ਧਾਰਮਿਕ ਵਿਅਕਤੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਸ਼ਾਨ ਦੀ ਮਹਿਮਾਂ ਦਾ ਵਿਖਿਆਨ ਇਕਮੱਤ ਹੋ ਕੇ ਕਰ ਰਹੇ ਸਨ :
ਅਨੰਦਿਤ, ਅਨੋਖੇ ਵਿਸਮਾਦ ਵਿੱਚ ਉਨ੍ਹਾਂ ਸਭ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਮਹਿਮਾਂ ਦਾ ਗੁਣ-ਗਾਇਨ ਕੀਤਾ ।
ਆਪਣੇ ਪਿਆਰੇ ਨਾਲ ਲੱਗਾ ਦਿਲ ਅਤੇ ਦਿਮਾਗ ਸਿਰਫ ਇਕ ਹੀ ਆਸ ਤੇ ਨਿਰਭਰ ਕਰ ਸਕਦਾ ਹੈ ਤੇ ਉਹ ਹੈ ਆਪਣੇ ਪਿਆਰੇ ਪਰਮਾਤਮਾ ਨਾਲ ਮਿਲਾਪ । ਨਹੀਂ ਤਾਂ ਕੋਈ ਵੀ ਆਪਣੀ ਮੌਤ ਰੂਪੀ ਦੁੱਖ ਤੋਂ ਛੁਟਕਾਰਾ ਨਹੀਂ ਪਾ ਸਕਦਾ । ਸਰੀਰ ਵਿੱਚ ਕੈਦ ਹੋਈ ਆਤਮਾ ਦਾ ਆਪਣੇ ਪਿਆਰੇ ਨੂੰ ਭੌਤਿਕ ਰੂਪ ਵਿੱਚ ਮਿਲਣਾ ਹੀ ਸਭ ਕੁਝ ਹੈ ।
ਇਸ ਤਰ੍ਹਾਂ ਬਾਬਾ ਨੰਰਿਦਰ ਸਿੰਘ ਜੀ ਮਹਾਰਾਜ ਸਰੀਰਕ ਰੂਪ ਤੋਂ ਇਸ ਸੰਸਾਰ ਤੋਂ ਵਿਦਾ ਹੋਏ ਤਾਂ ਕਿ ਉਹ ਆਪਣੇ ਪਰਮ ਪਿਆਰੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨ-ਕਮਲਾਂ ਵਿੱਚ ਹਮੇਸ਼ਾ ਲਈ ਰਹਿ ਸਕਣ ।
ਤੇਰੀ ਜੈ ਹੋਵੇ ਤੇਰੀ ਜੈ ਹੋਵੇ ।
ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪ੍ਰਮੁੱਖ ਰੱਬੀ ਪ੍ਰੇਮੀ ਦੀ ਇਸ ਤਰ੍ਹਾਂ ਇਹ ਅਦਭੁਤ ਅੰਤਿਮ ਅਲੌਕਿਕ ਯਾਤਰਾ ਸੀ । ਇਹ ਧਰਤੀਂ ਤੋਂ ਆਕਾਸ਼ ਵੱਲ ਸਭ ਤੋਂ ਪ੍ਰਸ਼ੰਸਾ ਯੋਗ ਅਲੌਕਿਕ ਉਡਾਣ ਸੀ । ਇਹ ਧਰਤੀ ਤੋਂ ਰੱਬੀ ਮੰਜ਼ਿਲ ਵੱਲ ਮਨ ਨੂੰ ਹਿਲਾ ਦੇਣ ਵਾਲੀ ਇਕ ਇਲਾਹੀ ਪਰਵਾਜ਼ ਸੀ ।
ਤੇਰੀ ਜੈ ਹੋਵੇ ਤੇਰੀ ਜੈ ਹੋਵੇ ।